ਯੂਕਰੇਨ ਰੂਸ ਜੰਗ: ਹੱਥ 'ਤੇ ਰਿਸ਼ਤੇਦਾਰ ਦਾ ਨੰਬਰ ਲਿੱਖ, ਇਹ ਬੱਚਾ ਇਕੱਲਿਆਂ ਹੀ ਯੂਕਰੇਨ ਤੋਂ 1200 ਕਿਲੋਮੀਟਰ ਦੂਰ ਸਲੋਵਾਕੀਆ ਪਹੁੰਚਿਆ

ਰੂਸੀ ਹਮਲੇ ਤੋਂ ਬਾਅਦ ਲੱਖਾਂ ਲੋਕ ਯੂਕਰੇਨ ਛੱਡ ਕੇ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲੈ ਚੁੱਕੇ ਹਨ। ਅਜੇ ਵੀ ਯੂਕਰੇਨੀ ਸ਼ਰਨਾਰਥੀ ਪੋਲੈਂਡ, ਰੋਮਾਨੀਆ, ਸਲੋਵਾਕੀਆ ਵਰਗੇ ਦੇਸ਼ਾਂ ਵਿੱਚ ਲਗਾਤਾਰ ਪਹੁੰਚ ਰਹੇ ਹਨ।

ਇਨ੍ਹਾਂ ਹੀ ਸ਼ਰਨਾਰਥੀਆਂ ਵਿੱਚ ਇੱਕ 11 ਸਾਲ ਦਾ ਬੱਚਾ ਵੀ ਸ਼ਾਮਲ ਹੈ। ਜ਼ੇਪੋਰਜ਼ੀਆ, ਯੂਕਰੇਨ ਤੋਂ ਸਲੋਵਾਕੀਆ ਤੱਕ 1,200 ਕਿਲੋਮੀਟਰ ਦਾ ਸਫ਼ਰ ਇਸ ਬੱਚੇ ਨੇ ਇਕੱਲੇ ਹੀ ਕੀਤਾ ਹੈ ਅਤੇ ਇਸੇ ਕਾਰਨ ਉਹ ਚਰਚਾ ਵਿੱਚ ਬਣਿਆ ਹੋਇਆ ਹੈ।

ਇਸ ਬੱਚੇ ਦਾ ਨਾਂ ਹਸਨ ਹੈ। ਹਸਨ ਦੀ ਮਾਂ ਉਸਦੀ ਨਾਨੀ ਨੂੰ ਇਕੱਲਾ ਨਹੀਂ ਛੱਡ ਸਕਦੀ ਸੀ, ਇਸ ਲਈ ਉਨ੍ਹਾਂ ਨੇ ਇੱਕ ਪਾਸਪੋਰਟ, ਦੋ ਛੋਟੇ ਬੈਗ ਅਤੇ ਰਿਸ਼ਤੇਦਾਰ ਦੇ ਫ਼ੋਨ ਨੰਬਰ ਨਾਲ ਆਪਣੇ ਪੁੱਤਰ ਹਸਨ ਨੂੰ ਸਰਹੱਦ ਤੱਕ ਜਾਣ ਵਾਲੀ ਰੇਲਗੱਡੀ 'ਤੇ ਚੜ੍ਹਾ ਦਿੱਤਾ ਜਿੱਥੇ ਕਸਟਮ ਅਧਿਕਾਰੀਆਂ ਨੇ ਹਸਨ ਨੂੰ ਸਲੋਵਾਕੀਆ ਪਹੁੰਚਣ ਵਿੱਚ ਮਦਦ ਕੀਤੀ।

ਇਸ ਬੱਚੇ ਨੂੰ ਬਹਾਦਰ ਦੱਸਦਿਆਂ ਅਧਿਕਾਰੀਆਂ ਨੇ ਕਿਹਾ ਕਿ ਉਸ ਦੀ ਮੁਸਕੁਰਾਹਟ ਨੇ ਲੋਕਾਂ ਦਾ ਦਿਲ ਜਿੱਤ ਲਿਆ।

ਇਹ ਬੱਚਾ ਇੱਕ ਪਲਾਸਟਿਕ ਬੈਗ, ਇੱਕ ਛੋਟਾ ਲਾਲ ਬੈਗ ਅਤੇ ਆਪਣਾ ਪਾਸਪੋਰਟ ਲੈ ਕੇ ਸਲੋਵਾਕੀਆ ਦੀ ਸਰਹੱਦ 'ਤੇ ਪਹੁੰਚਿਆ ਸੀ। ਉੱਥੇ ਵਲੰਟੀਅਰਾਂ ਨੇ ਉਸ ਨੂੰ ਖਾਣ-ਪੀਣ ਦਾ ਸਾਮਾਨ ਦਿੱਤਾ, ਸਰਹੱਦ 'ਤੇ ਮੌਜੂਦ ਅਧਿਕਾਰੀਆਂ ਨੇ ਸਲੋਵਾਕੀਆ ਦੀ ਰਾਜਧਾਨੀ ਬ੍ਰਾਤਿਸਲਾਵਾ ਵਿੱਚ ਉਸ ਦੇ ਰਿਸ਼ਤੇਦਾਰ ਨਾਲ ਸੰਪਰਕ ਕੀਤਾ।

ਸਲੋਵਾਕੀਅਨ ਪੁਲਿਸ ਦੁਆਰਾ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ, ਬੱਚੇ ਦੀ ਮਾਂ ਨੇ ਉਨ੍ਹਾਂ ਦੇ ਪੁੱਤਰ ਦੀ ਮਦਦ ਕਰਨ ਲਈ ਸਾਰਿਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਇਸ ਵੀਡੀਓ ਵਿੱਚ ਦੱਸਿਆ ਹੈ ਕਿ ਰੂਸੀ ਹਮਲੇ ਦੌਰਾਨ ਬੱਚੇ ਨੂੰ ਇੰਨਾ ਲੰਬਾ ਸਫ਼ਰ ਕਿਉਂ ਕਰਨਾ ਪਿਆ।

ਇਹ ਵੀ ਪੜ੍ਹੋ:

ਹਸਨ ਦੀ ਮਾਂ ਜੂਲੀਆ ਪਿਸੇਕਾ ਨੇ ਇਸ ਵੀਡੀਓ 'ਚ ਕਿਹਾ, ''ਮੇਰੇ ਸ਼ਹਿਰ ਦੇ ਨੇੜੇ ਇੱਕ ਪਾਵਰ ਪਲਾਂਟ ਹੈ, ਜਿੱਥੇ ਰੂਸੀ ਗੋਲਾਬਾਰੀ ਕਰ ਰਹੇ ਹਨ। ਮੈਂ ਆਪਣੀ ਮਾਂ ਨੂੰ ਨਹੀਂ ਛੱਡ ਸਕਦੀ ਅਤੇ ਉਹ ਕਿਤੇ ਜਾਣ ਦੀ ਸਥਿਤੀ ਵਿੱਚ ਨਹੀਂ ਹਨ। ਇਸ ਲਈ ਮੈਂ ਆਪਣੇ ਪੁੱਤਰ ਨੂੰ ਸਲੋਵਾਕੀਆ ਭੇਜ ਦਿੱਤਾ।"

ਜ਼ੇਪੋਰਜ਼ੀਆ ਨਿਊਕਲੀਅਰ ਪਾਵਰ ਪਲਾਂਟ ਯੂਰਪ ਵਿੱਚ ਸਭ ਤੋਂ ਵੱਡਾ ਪਲਾਂਟ ਹੈ। ਇਸ ਨੂੰ ਰੂਸੀ ਫੌਜ ਨੇ ਪਿਛਲੇ ਹਫਤੇ ਆਪਣੇ ਕਬਜ਼ੇ 'ਚ ਲੈ ਲਿਆ ਸੀ। ਪਾਵਰ ਪਲਾਂਟ 'ਤੇ ਰੂਸੀ ਹਮਲੇ ਤੋਂ ਬਾਅਦ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਚੇਤਾਵਨੀ ਦਿੱਤੀ ਕਿ ਰੂਸੀ ਗੋਲਾਬਾਰੀ ਦੇ ਨਤੀਜੇ ਵਜੋਂ ਚਰਨੋਬਲ ਹਾਦਸੇ ਤੋਂ ਵੀ ਵੱਡੀ ਤਬਾਹੀ ਹੋ ਸਕਦੀ ਹੈ।

ਇਸ ਵੀਡੀਓ 'ਚ ਜੂਲੀਆ ਨੇ ਨਮ ਅੱਖਾਂ ਨਾਲ ਬੇਨਤੀ ਕੀਤੀ ਕਿ ਯੂਕਰੇਨ ਦੇ ਬੱਚਿਆਂ ਨੂੰ ਸੁਰੱਖਿਅਤ ਥਾਂ 'ਤੇ ਰੱਖਿਆ ਜਾਵੇ।

ਸਲੋਵਾਕੀਆ ਦੇ ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਹਸਨ ਨੇ ਆਪਣੀ ਮੁਸਕੁਰਾਹਟ, ਨਿਡਰਤਾ ਅਤੇ ਦ੍ਰਿੜਤਾ ਨਾਲ ਲੋਕਾਂ ਦਾ ਦਿਲ ਜਿੱਤ ਲਿਆ।

ਗ੍ਰਹਿ ਮੰਤਰੀ ਰੋਮਨ ਮਿਕੁਲੇਕ ਨੇ ਸੋਮਵਾਰ ਨੂੰ ਹਸਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਸਦੇ ਭਰਾ ਨੇ ਪਹਿਲਾਂ ਹੀ ਅਸਥਾਈ ਸੁਰੱਖਿਆ ਦੀ ਮੰਗ ਕੀਤੀ ਸੀ।

ਸਲੋਵਾਕੀਅਆ ਦੇ ਅਧਿਕਾਰੀਆਂ ਨੇ ਬੱਚੇ ਦੀ ਮਾਂ ਅਤੇ ਨਾਨੀ ਦੀ ਮਦਦ ਕਰਨ ਦੇ ਚਾਹਵਾਨ ਲੋਕਾਂ ਤੋਂ ਸਲੋਵਾਕ ਕ੍ਰਿਸ਼ਚੀਅਨ ਯੂਥ ਐਸੋਸੀਏਸ਼ਨ 'ਚ ਦਾਨ ਦੇਣ ਦੀ ਅਪੀਲ ਕੀਤੀ ਹੈ।

ਰੂਸੀ ਹਮਲੇ ਤੋਂ ਬਾਅਦ ਯੂਕਰੇਨ ਦੇ 20 ਲੱਖ ਤੋਂ ਵੱਧ ਨਾਗਰਿਕਾਂ ਨੇ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲਈ ਹੈ। ਇਨ੍ਹਾਂ 'ਚੋਂ 12 ਲੱਖ ਤੋਂ ਵੱਧ ਲੋਕ ਇਕੱਲੇ ਪੋਲੈਂਡ 'ਚ ਸ਼ਰਨ ਲੈ ਚੁੱਕੇ ਹਨ, ਜਦਕਿ 1.4 ਲੱਖ ਲੋਕ ਸਲੋਵਾਕੀਆ ਪਹੁੰਚ ਚੁੱਕੇ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)