ਕੋਰੋਨਾਵਾਇਰਸ: ਓਮੀਕਰੋਨ BA.2 ਕੀ ਹੈ ਅਤੇ ਇਸ ਨੂੰ 'ਗੁਪਤ' ਸਬਵੇਰੀਐਂਟ ਕਿਉਂ ਕਿਹਾ ਜਾਂਦਾ ਹੈ

ਓਮੀਕਰੋਨ BA.2

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਓਮਿਕਰੋਨ BA.2, ਵਾਇਰਸ ਦੇ ਪਿਛਲੇ ਰੂਪਾਂ ਨਾਲੋਂ ਵਧੇਰੇ ਫੈਲਣ ਵਾਲਾ ਜਾਪਦਾ ਹੈ

ਕੋਰੋਨਾਵਾਇਰਸ ਦਾ ਓਮੀਕਰੋਨ ਵੇਰੀਐਂਟ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਹੁਣ ਦੁਨੀਆ ਭਰ ਵਿੱਚ ਵਾਇਰਸ ਦੀ ਲਾਗ ਦੇ ਅੱਧੇ ਤੋਂ ਜ਼ਿਆਦਾ ਮਾਮਲਿਆਂ ਲਈ ਇਹ ਜ਼ਿੰਮੇਦਾਰ ਹੈ।

ਪਰ ਓਮੀਕਰੋਨ ਸਾਰਕ-ਕੋਵ-2 (SARS-Cov-2) ਕੋਰੋਨਵਾਇਰਸ ਦੇ ਕਈ ਨਜ਼ਦੀਕੀ ਵੰਸ਼ਾਂ ਲਈ ਇੱਕ ਵਿਆਪਕ ਸ਼ਬਦ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਆਮ ਵੰਸ਼ BA.1 ਹੈ।

ਹੁਣ ਕਈ ਦੇਸ਼, ਖਾਸ ਕਰਕੇ ਏਸ਼ੀਆ ਅਤੇ ਯੂਰਪ BA.2 ਕਾਰਨ ਹੋਣ ਵਾਲੇ ਮਾਮਲਿਆਂ ਵਿੱਚ ਵਾਧਾ ਦਰਜ ਕਰ ਰਹੇ ਹਨ।

'ਗੁਪਤ' ਵੇਰੀਐਂਟ

BA.2 ਨੂੰ ਕਈ ਵਾਰ "ਗੁਪਤ'' (ਸਟੀਲਥ) ਸਬਵੇਰੀਐਂਟ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਜੈਨੇਟਿਕ ਮਾਰਕਰ ਦੀ ਘਾਟ ਹੁੰਦੀ ਹੈ, ਜਿਸਦੀ ਵਰਤੋਂ ਖੋਜਕਰਤਾ ਤੇਜ਼ੀ ਨਾਲ ਇਹ ਦੱਸਣ ਲਈ ਕਰ ਰਹੇ ਸਨ ਕਿ ਕੋਈ ਲਾਗ ਡੈਲਟਾ ਦੀ ਬਜਾਏ "ਨਿਯਮਿਤ" BA.1 ਓਮੀਕਰੋਨ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ:

ਦੂਜੇ ਰੂਪਾਂ ਵਾਂਗ BA.2 ਦੀ ਲਾਗ ਹੋਣ ਦਾ, ਲੈਟਰਲ ਫਲੋ ਅਤੇ ਪੀਸੀਆਰ ਕੋਵਿਡ ਟੈਸਟ ਕਿੱਟਾਂ ਦੁਆਰਾ ਪਤਾ ਲਗਾਇਆ ਜਾ ਸਕਦਾ ਹੈ, ਪਰ ਉਹ BA.2 ਦੇ ਡੈਲਟਾ ਤੋਂ ਵੱਖ ਹੋਣ ਬਾਰੇ ਨਹੀਂ ਦੱਸ ਸਕਦੇ। ਯਕੀਨੀ ਤੌਰ 'ਤੇ ਇਸਦੀ ਪਛਾਣ ਲਈ ਤੁਹਾਨੂੰ ਹੋਰ ਜਾਂਚਾਂ ਦੀ ਲੋੜ ਹੈ।

BA.2 ਪਿਛਲੇ ਰੂਪਾਂ ਨਾਲੋਂ ਵਧੇਰੇ ਫੈਲਣ ਵਾਲਾ ਜਾਪਦਾ ਹੈ ਪਰ ਖੁਸ਼ਕਿਸਮਤੀ ਨਾਲ, ਕੋਈ ਵੀ ਅਜਿਹਾ ਡਾਟਾ ਨਹੀਂ ਹੈ ਜੋ ਇਹ ਦਰਸਾਉਂਦਾ ਹੋਵੇ ਕਿ ਇਹ ਹੋਰ ਗੰਭੀਰ ਹੈ।

ਇਸ ਲਈ ਸਾਨੂੰ ਇਸ ਉੱਭਰ ਰਹੇ ਵੇਰੀਐਂਟ ਬਾਰੇ ਕਿੰਨਾ ਚਿੰਤਤ ਹੋਣ ਦੀ ਲੋੜ ਹੈ?

ਆਓ ਜਾਣਦੇ ਹਾਂ ਕਿ ਹੁਣ ਤੱਕ ਸਾਨੂੰ ਇਸ ਬਾਰੇ ਕੀ ਪਤਾ ਹੈ:

BA.2 ਕੀ ਹੈ?

ਜਿਵੇਂ ਕਿ ਵਾਇਰਸ ਨਵੇਂ ਰੂਪਾਂ ਵਿੱਚ ਪਰਿਵਰਤਿਤ ਹੁੰਦੇ ਹਨ, ਉਸੇ ਤਰ੍ਹਾਂ ਕਈ ਵਾਰ ਉਹ ਉਪ-ਵੰਸ਼ਾਂ ਵਿੱਚ ਵੰਡੇ ਜਾਂਦੇ ਹਨ ਜਾਂ ਉਨ੍ਹਾਂ ਦੀਆਂ ਸ਼ਾਖਾਵਾਂ ਬਣ ਜਾਂਦੀਆਂ ਹਨ। ਮਿਸਾਲ ਵਜੋਂ, ਡੈਲਟਾ ਵੇਰੀਐਂਟ ਵਿੱਚ 200 ਵੱਖ-ਵੱਖ ਸਬਵੇਰੀਐਂਟਸ ਸ਼ਾਮਲ ਹਨ।

ਓਮੀਕਰੋਨ BA.2

ਤਸਵੀਰ ਸਰੋਤ, Getty Images

ਓਮੀਕਰੋਨ ਨਾਲ ਵੀ ਅਜਿਹਾ ਹੀ ਹੈ, ਜਿਸ ਵਿੱਚ BA.1, BA.2, BA.3 ਅਤੇ B.1.1.529 ਸ਼ਾਮਲ ਹਨ।

ਜ਼ਿਆਦਾਤਰ ਮਾਮਲਿਆਂ ਵਿੱਚ BA.1 ਹੀ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਅਨੁਸਾਰ, ਗਲੋਬਲ ਜੀਆਈਐੱਸਏਆਈਡੀ (GISAID) ਡੇਟਾਬੇਸ ਵਿੱਚ (25 ਜਨਵਰੀ 2022 ਤੱਕ) ਜਮ੍ਹਾਂ ਕਰਵਾਏ ਗਏ ਵਾਇਰਲ ਡੀਐੱਨਏ ਦੇ ਲਗਭਗ 99% ਨੂੰ ਇਸ ਸਬਵੇਰੀਐਂਟ ਵਜੋਂ ਕ੍ਰਮਬੱਧ ਕੀਤਾ ਗਿਆ ਸੀ।

ਇਹ ਸਪੱਸ਼ਟ ਨਹੀਂ ਹੈ ਕਿ ਇਹ ਕਿੱਥੋਂ ਪੈਦਾ ਹੋਇਆ, ਪਰ ਇਹ ਪਹਿਲੀ ਵਾਰ ਨਵੰਬਰ ਵਿੱਚ ਫਿਲੀਪੀਨਜ਼ ਤੋਂ ਡੇਟਾਬੇਸ ਵਿੱਚ ਅਪਲੋਡ ਕੀਤੇ ਗਏ ਪਰਿਣਾਮ (ਸੀਕਵੇਂਸਿਜ਼) ਵਿੱਚ ਪਾਇਆ ਗਿਆ ਸੀ।

BA.2 ਕਿੱਥੇ ਫੈਲ ਰਿਹਾ ਹੈ?

ਲੰਘੀ ਨਵੰਬਰ ਤੋਂ 40 ਦੇਸ਼ਾਂ ਨੇ ਡੇਟਾਬੇਸ ਵਿੱਚ ਹਜ਼ਾਰਾਂ BA.2 ਪਰਿਣਾਮ (ਸੀਕਵੇਂਸਿਜ਼) ਜੋੜੇ ਹਨ।

ਡਬਲਯੂਐੱਚਓ ਦੇ ਅਨੁਸਾਰ, ਇਹ ਸਬਵੇਰੀਐਂਟ ਪਹਿਲਾਂ ਹੀ ਫਿਲੀਪੀਨਜ਼, ਨੇਪਾਲ, ਕਤਰ, ਭਾਰਤ ਅਤੇ ਡੈਨਮਾਰਕ ਵਿੱਚ ਪ੍ਰਭਾਵੀ ਹੋ ਰਿਹਾ ਹੈ। ਕੁਝ ਥਾਵਾਂ 'ਤੇ, ਇਹ ਬਹੁਤ ਤੇਜ਼ੀ ਨਾਲ ਵਧਿਆ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਡੈਨਮਾਰਕ ਦੇ ਸਟੇਟਨਜ਼ ਸੀਰਮ ਇੰਸਟੀਚਿਊਟ (ਐੱਸਐੱਸਆਈ) ਦੇ ਅਨੁਸਾਰ, ਦੇਸ਼ ਦੇ ਸਾਰੇ ਕੋਵਿਡ ਮਾਮਲਿਆਂ ਵਿੱਚੋਂ ਲਗਭਗ ਅੱਧੇ ਮਾਮਲੇ, ਨਵੇਂ BA.2 ਕਾਰਨ ਹੁੰਦੇ ਹਨ।

ਮੋਲੀਕਿਊਲਰ ਬਾਇਓਲੋਜਿਸਟ ਬਿਜਯਾ ਢਾਕਲ ਦੇ ਅਨੁਸਾਰ, ਭਾਰਤ ਵਿੱਚ ਵੀ BA.2 ਤੇਜ਼ੀ ਨਾਲ ਡੈਲਟਾ ਅਤੇ ਓਮੀਕਰੋਨ BA.1 ਵੇਰੀਐਂਟ ਦੀ ਥਾਂ ਲੈ ਰਿਹਾ ਹੈ।

ਇਹ ਪਹਿਲਾਂ ਹੀ ਦੇਸ਼ ਦੇ ਕਈ ਸੂਬਿਆਂ 'ਚ ਪ੍ਰਮੁੱਖ ਵਾਇਰਸ ਰੂਪ ਬਣਿਆ ਹੋਇਆ ਹੈ ਅਤੇ ਸੰਭਾਵਿਤ ਤੌਰ 'ਤੇ ਦੇਸ਼ ਵਿੱਚ ਕੋਵਿਡ ਲਾਗਾਂ ਦੀ ਤਾਜ਼ਾ ਤੀਜੀ ਲਹਿਰ ਲੈ ਕੇ ਆਇਆ ਹੈ।

ਫਿਲੀਪੀਨਜ਼ ਦੇ ਸਿਹਤ ਵਿਭਾਗ (ਡੀਓਐੱਚ) ਨੇ ਕਿਹਾ ਕਿ ਵਿਭਾਗ ਨੇ ਜਨਵਰੀ ਦੇ ਅੰਤ ਵਿੱਚ ਜੋ ਨਮੂਨੇ ਪ੍ਰਾਪਤ ਕੀਤੇ ਸਨ, ਉਨ੍ਹਾਂ ਵਿੱਚ BA.2 ਉਪ-ਵੰਸ਼ ਪਹਿਲਾਂ ਹੀ ਵਧੇਰੇ ਫੈਲਿਆ ਹੋਇਆ ਸੀ।

ਇੰਗਲੈਂਡ ਵਿੱਚ, ਯੂਕੇ ਦੀ ਸਿਹਤ ਸੁਰੱਖਿਆ ਏਜੰਸੀ (ਯੂਕੇਐੱਚਐੱਸਏ) ਦੇ ਅਨੁਸਾਰ, BA.2 ਦੇ 1,000 ਤੋਂ ਵੱਧ ਪੁਸ਼ਟੀ ਵਾਲੇ ਕੇਸਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ।

ਬ੍ਰਿਟਿਸ਼ ਸਿਹਤ ਅਥਾਰਟੀਆਂ ਦੁਆਰਾ ਇਸ ਨੂੰ "ਜਾਂਚ ਅਧੀਨ ਵੇਰੀਐਂਟ" ਦੇ ਤੌਰ 'ਤੇ ਦਰਜ ਕੀਤਾ ਗਿਆ ਹੈ। ਜਿਸਦਾ ਮਤਲਬ ਹੈ ਕਿ ਉਹ ਇਸ 'ਤੇ ਬਹੁਤ ਨੇੜਿਓਂ ਨਜ਼ਰ ਰੱਖ ਰਹੇ ਹਨ ਪਰ ਇਸ ਤੋਂ ਬਹੁਤ ਜ਼ਿਆਦਾ ਚਿੰਤਤ ਨਹੀਂ ਹਨ।

ਯੂਕੇਐੱਚਐੱਸਏ ਵਿੱਚ ਕੋਵਿਡ-19 ਦੇ ਨਿਰਦੇਸ਼ਕ ਡਾ. ਮੀਰਾ ਚੰਦ ਦੇ ਅਨੁਸਾਰ, ਜਰਮਨੀ ਵਿੱਚ ਵੀ BA.2 ਦੀ ਲਾਗ ਵੀ BA.1 ਅਤੇ ਡੈਲਟਾ ਨਾਲੋਂ ਵਧੇਰੇ ਤੇਜ਼ੀ ਨਾਲ ਫੈਲ ਰਹੀ ਹੈ।

ਕੀ BA.2 ਵਧੇਰੇ ਫੈਲਾਅ ਵਾਲਾ ਹੈ?

ਡੈਨਮਾਰਕ ਦੇ ਐੱਸਐੱਸਆਈ ਦੁਆਰਾ 8,500 ਘਰਾਂ ਅਤੇ 18,000 ਵਿਅਕਤੀਆਂ 'ਤੇ ਕਰਵਾਏ ਗਏ ਅਧਿਐਨ ਵਿੱਚ ਪਾਇਆ ਗਿਆ ਹੈ ਕਿ BA.2, BA.1 ਨਾਲੋਂ "ਕਾਫ਼ੀ ਹੱਦ ਤੱਕ" ਵਧੇਰੇ ਫੈਲਾਅ ਵਾਲਾ ਸੀ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਅਧਿਐਨ ਮੁਤਾਬਕ, ਪਿਛਲੇ ਵੇਰੀਐਂਟਾਂ ਦੇ ਮੁਕਾਬਲੇ ਇਹ ਵੇਰੀਐਂਟ, ਟੀਕਾਕਰਣ ਅਤੇ ਬੂਸਟਰ ਡੋਜ਼ ਵਾਲੇ ਵਿਅਕਤੀਆਂ ਨੂੰ ਵੀ ਸੰਕ੍ਰਮਿਤ ਕਰਨ ਵਿੱਚ ਤੇਜ਼ ਸੀ, ਹਾਲਾਂਕਿ ਟੀਕਾਕਰਨ ਵਾਲੇ ਲੋਕਾਂ ਵਿੱਚ ਇਸ ਨੂੰ ਹੋਰ ਅੱਗੇ ਫੈਲਾਉਣ ਦੀ ਸੰਭਾਵਨਾ ਘੱਟ ਸੀ।

ਇੱਕ ਵੱਖਰੇ ਯੂਕੇ ਅਧਿਐਨ ਵਿੱਚ, BA.1 ਦੀ ਤੁਲਨਾ ਵਿੱਚ BA.2 ਦੇ ਸੰਚਾਰਿਤ ਹੋਣ ਦੀ ਸੰਭਾਵਨਾ ਵੀ ਉੱਚ ਪਾਈ ਗਈ।

ਪਰ ਇੱਕ ਸ਼ੁਰੂਆਤੀ ਮੁਲਾਂਕਣ ਵਿੱਚ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਟੀਕੇ ਕਿਸੇ ਵੀ ਸਬਵੇਰੀਐਂਟ ਲਈ ਲੱਛਣ ਵਾਲੇ ਰੋਗ ਦੇ ਵਿਰੁੱਧ ਘੱਟ ਪ੍ਰਭਾਵਸ਼ਾਲੀ ਹੋਣਗੇ।

ਕੀ BA.2 ਵਧੇਰੇ ਖ਼ਤਰਨਾਕ ਹੈ?

ਅਜਿਹਾ ਕੋਈ ਡੇਟਾ ਨਹੀਂ ਹੈ ਜੋ ਇਹ ਸੰਕੇਤ ਦੇਵੇ ਕਿ BA.2 ਪਿਛਲੇ ਓਮੀਕਰੋਨ ਸਬਵੇਰੀਐਂਟਸ ਨਾਲੋਂ ਵਧੇਰੇ ਗੰਭੀਰ ਬਿਮਾਰੀ ਵਾਲਾ ਹੈ।

ਡਬਲਯੂਐੱਚਓ ਦੀ ਕੋਵਿਡ-19 ਰਿਸਪਾਂਸ ਟੀਮ ਦੇ ਡਾ. ਬੋਰਿਸ ਪਾਵਲਿਨ ਨੇ ਮੰਗਲਵਾਰ ਨੂੰ ਕਿਹਾ, "ਹੋਰ ਦੇਸ਼ਾਂ ਨੂੰ ਦੇਖਦੇ ਹੋਏ ਜਿੱਥੇ BA.2 ਹੁਣ [BA.1] ਨੂੰ ਪਿੱਛੇ ਛੱਡ ਰਿਹਾ ਹੈ, ਅਸੀਂ ਹਸਪਤਾਲਾਂ ਵਿੱਚ ਭਰਤੀ ਹੋਣ ਦੇ ਮਾਮਲਿਆਂ ਵਿੱਚ ਉਮੀਦ ਤੋਂ ਵੱਧ ਉਛਾਲ ਨਹੀਂ ਦੇਖ ਰਹੇ ਹਾਂ।"

ਉਨ੍ਹਾਂ ਕਿਹਾ ਕਿ ਭਾਵੇਂ BA.2, BA.1 ਦੀ ਥਾਂ ਲੈ ਲੈਂਦਾ ਹੈ, ਇਸ ਨਾਲ ਮਹਾਂਮਾਰੀ ਦੇ ਚਾਲ-ਚਲਣ ਅਤੇ ਲੋਕਾਂ ਦੇ ਇਲਾਜ ਦੇ ਤਰੀਕੇ 'ਤੇ ਬਹੁਤ ਘੱਟ ਪ੍ਰਭਾਵ ਪੈ ਸਕਦਾ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਡਾ ਪਾਵਲਿਨ ਨੇ ਕਿਹਾ, "ਇਸਦਾ ਪ੍ਰਭਾਵ ਜ਼ਿਆਦਾ ਹੋਣ ਦੀ ਸੰਭਾਵਨਾ ਨਹੀਂ ਹੈ, ਹਾਲਾਂਕਿ ਹੋਰ ਡੇਟਾ ਦੀ ਲੋੜ ਹੈ।"

ਪਿਛਲੇ ਵੇਰੀਐਂਟਾਂ ਵਾਂਗ, ਮਾਹਿਰਾਂ ਦਾ ਮੰਨਣਾ ਹੈ ਕਿ ਟੀਕੇ ਗੰਭੀਰ ਬਿਮਾਰੀ, ਹਸਪਤਾਲ ਵਿੱਚ ਭਰਤੀ ਹੋਣ ਅਤੇ ਮੌਤ ਦਰ ਦੇ ਵਿਰੁੱਧ ਬਹੁਤ ਪ੍ਰਭਾਵਸ਼ਾਲੀ ਰਹਿਣਗੇ।

ਡਾ. ਪਾਵਲਿਨ ਨੇ ਕਿਹਾ, "ਟੀਕਾਕਰਣ, ਓਮੀਕਰੋਨ ਸਮੇਤ ਗੰਭੀਰ ਬਿਮਾਰੀ ਦੇ ਵਿਰੁੱਧ ਵੱਡੀ ਸੁਰੱਖਿਆ ਹੈ।''

ਡਾ. ਚੰਦ ਮੁਤਾਬਕ, "ਹੁਣ ਤੱਕ, ਇਹ ਨਿਰਧਾਰਤ ਕਰਨ ਲਈ ਸਬੂਤ ਨਾਕਾਫ਼ੀ ਹਨ ਕਿ ਕੀ BA.2, ਓਮੀਕਰੋਨ BA.1 ਨਾਲੋਂ ਵਧੇਰੇ ਗੰਭੀਰ ਬਿਮਾਰੀ ਦਾ ਕਾਰਨ ਬਣਦਾ ਹੈ, ਪਰ ਡੇਟਾ ਸੀਮਤ ਹੈ ਅਤੇ ਯੂਕੇਐੱਸਐੱਚਏ ਜਾਂਚ ਕਰਨਾ ਜਾਰੀ ਰੱਖ ਰਿਹਾ ਹੈ।

"ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਟੀਕੇ ਲਗਵਾਉਣੇ ਚਾਹੀਦੇ ਹਨ। ਸਾਨੂੰ ਸਾਰਿਆਂ ਨੂੰ LFDs (ਲੈਟਰਲ ਫਲੋ ਡਿਵਾਈਸਿਜ਼) ਨਾਲ ਨਿਯਮਿਤ ਤੌਰ 'ਤੇ ਟੈਸਟ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਅਤੇ ਜੇ ਲੱਛਣ ਦਿਖਾਈ ਦਿੰਦੇ ਹਨ ਤਾਂ ਪੀਸੀਆਰ (ਪੋਲੀਮੇਰੇਜ਼ ਚੇਨ ਰਿਐਕਸ਼ਨ) ਟੈਸਟ ਕਰਵਾਉਣਾ ਚਾਹੀਦਾ ਹੈ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)