You’re viewing a text-only version of this website that uses less data. View the main version of the website including all images and videos.
ਉਹ ਕੁੜੀ, ਜਿਸ ਨੇ ਟਿਕਟੌਕ 'ਤੇ ਵਾਲਾਂ ਦੀ ਸੂਈ ਤੋਂ ਕਾਰੋਬਾਰ ਸ਼ੁਰੂ ਕਰ ਬਣਾ ਲਿਆ ਆਪਣਾ ਘਰ
ਕੀ ਤੁਸੀਂ ਇੱਕ ਹੇਅਰਪਿੰਨ ਵੇਚ ਕੇ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਕਰ ਸਕਦੇ ਹੋ?
ਕੁਝ ਅਜਿਹਾ ਹੀ ਕੀਤਾ ਹੈ ਡੇਮੀ ਸਕੀਪਰ ਨੇ - ਜਿਨ੍ਹਾਂ ਨੇ ਟਿਕ-ਟੋਕ 'ਤੇ ਸਮਾਨ ਖਰੀਦ-ਵੇਚ ਕੇ ਇੱਕ ਘਰ ਖਰੀਦ ਲਿਆ ਹੈ।
30 ਸਾਲਾ ਇਸ ਕੁੜੀ ਨੇ ਸਾਲ 2020 ਵਿੱਚ ਟਿਕਟੋਕ 'ਤੇ 'ਟਰੇਡ ਮੀ ਪ੍ਰੋਜੈਕਟ' ਸ਼ੁਰੂ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਬਹੁਤ ਸਾਰੀਆਂ ਚੀਜ਼ਾਂ ਦੀ ਖਰੀਦ-ਫਰੋਖਤ ਕੀਤੀ, ਜਿਨ੍ਹਾਂ ਵਿੱਚ ਕੰਨਾਂ ਦੀਆਂ ਵਾਲੀਆਂ ਤੋਂ ਲੈ ਕੇ ਆਈਫ਼ੋਨ ਅਤੇ 3 ਟਰੈਕਟਰ ਤੱਕ ਸ਼ਾਮਲ ਹਨ।
ਹੁਣ ਡੇਮੀ ਸਕੀਪਰ ਨਾਸ਼ਵਿਲ-ਟੈਨੇਸੀ ਵਿੱਚ ਇੱਕ ਘਰ ਦੀ ਮਾਲਕਨ ਹਨ।
ਇਸ ਤੋਂ ਪਹਿਲਾਂ ਸਾਲ 2006 ਵਿੱਚ ਕੇਲ ਮੈਕਡੋਨਲਡ ਨੇ ਇੱਕ ਲਾਲ ਰੰਗ ਦੀ ਪੇਪਰ ਕਲਿੱਪ ਵੇਚਣ ਤੋਂ ਆਪਣੇ ਵਪਾਰ ਦੀ ਸ਼ੁਰੂਆਤ ਕੀਤੀ ਸੀ ਅਤੇ ਘਰ ਖਰੀਦਣ ਤੱਕ ਦਾ ਆਪਣਾ ਸਫ਼ਰ ਤੈਅ ਕੀਤਾ ਸੀ।
ਉਨ੍ਹਾਂ ਤੋਂ ਹੀ ਪ੍ਰੇਰਨਾ ਲੈ ਕੇ ਹੁਣ ਸਕੀਪਰ ਨੇ ਸਭ ਤੋਂ ਪਹਿਲਾਂ ਇੱਕ ਹੇਅਰਪਿੰਨ ਬਦਲੇ ਕੰਨਾਂ ਦੇ ਸਸਤੇ ਇਅਰ ਰਿੰਗਜ਼ ਖਰੀਦੇ ਹਨ।
ਉਸ ਤੋਂ ਬਾਅਦ ਉਨ੍ਹਾਂ ਦੀ ਇਸ ਸੂਚੀ ਵਿੱਚ ਮਾਰਗਰੀਟਾ ਦੇ ਚਾਰ ਗਲਾਸ ਅਤੇ ਇੱਕ ਵੈਕਿਉਮ ਕਲੀਨਰ ਵੀ ਸ਼ਾਮਲ ਹੋ ਗਏ। ਗਾਹਕਾਂ ਨੂੰ ਭਾਲਣ ਲਈ ਉਨ੍ਹਾਂ ਨੇ ਈਬੇਅ, ਫੇਸਬੁੱਕ ਮਾਰਕੀਟ ਪਲੇਸ ਅਤੇ ਕ੍ਰੇਗਜ਼ਲਿਸਟ ਆਦਿ ਦਾ ਰੁਖ ਕੀਤਾ।
ਉਨ੍ਹਾਂ ਨੇ ਪਹਿਲੀਆਂ ਕੁਝ ਵਪਾਰਕ ਡੀਲਜ਼ ਵਿਅਕਤੀਗਤ ਤੌਰ 'ਤੇ ਸੈਨ ਫਰਾਂਸਿਸਕੋ ਦੇ ਨੇੜੇ-ਤੇੜੇ ਹੀ ਕੀਤੀਆਂ।
ਇਸ ਤੋਂ ਬਾਅਦ ਉਨ੍ਹਾਂ ਨੇ ਸੜਕ ਮਾਰਗ ਰਾਹੀਂ ਅਮਰੀਕਾ ਦੇ ਕਈ ਖੇਤਰਾਂ ਵਿੱਚ ਵਪਾਰ ਕੀਤਾ।
ਇਸ ਦੌਰਾਨ ਉਹ ਟਿਕਟੌਕ ਅਤੇ ਇੰਸਟਾਗ੍ਰਾਮ 'ਤੇ ਵੀਡੀਓਜ਼ ਅਪਲੋਡ ਕਰਕੇ ਲੋਕਾਂ ਨੂੰ ਲੈਣ-ਦੇਣ ਵਾਲਾ ਇਹ ਵਪਾਰ ਕਰਨ ਲਈ ਵੀ ਕਹਿੰਦੇ ਰਹੇ ਅਤੇ ਨਾਲ ਹੀ ਇਹ ਵੀ ਦੱਸਦੇ ਰਹੇ ਕਿ ਉਨ੍ਹਾਂ ਦਾ ਸੁਪਨਾ ਇੱਕ ਘਰ ਖਰੀਦਣ ਦਾ ਹੈ।
ਇਹ ਵੀ ਪੜ੍ਹੋ:
ਗੱਡੀ ਬਦਲੇ ਮਿਲਿਆ ਸਸਤਾ ਹਾਰ
ਹੌਲੀ-ਹੌਲੀ ਉਨ੍ਹਾਂ ਦੇ ਵੈਕਿਉਮ ਕਲੀਨਰ ਦੀ ਥਾਂ ਸਨੋਬੋਰਡ ਨੇ ਲੈ ਲਈ, ਫਿਰ ਹੈੱਡਫੋਨਜ਼ ਨੇ, ਉਸ ਤੋਂ ਬਾਅਦ ਲੈਪਟੌਪ ਅਤੇ ਫਿਰ ਇੱਕ ਕੈਮਰਾ ਉਨ੍ਹਾਂ ਕੋਲ ਆ ਗਿਆ।
ਫਿਰ ਉਨ੍ਹਾਂ ਨੇ ਨਾਈਕੀ ਦੇ ਸਮਾਨ ਤੋਂ ਲੈ ਕੇ ਆਈਫੋਨ ਤੱਕ ਹਾਸਿਲ ਕੀਤਾ ਅਤੇ 2008 ਵਿੱਚ ਉਹ ਇੱਕ ਕੈਰਾਵੈਨ ਖਰੀਦਣ ਵਿੱਚ ਕਾਮਯਾਬ ਰਹੇ।
ਉਸ ਗੱਡੀ ਦਾ ਮਾਲਕ ਆਪ ਉਹ ਕੈਰਾਵੈਨ ਚਲਾ ਕੇ ਸੈਨ ਫਰਾਂਸਿਸਕੋ ਪਹੁੰਚਿਆ ਤੇ ਇਸ ਤਰ੍ਹਾਂ ਨਾਲ ਸਕੀਪਰ ਦਾ 'ਟਰੇਡ ਮੀ ਪ੍ਰੋਜੈਕਟ' ਲੋਕਾਂ ਵਿੱਚ ਹੋਰ ਵੀ ਮਸ਼ਹੂਰ ਹੁੰਦਾ ਗਿਆ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਵਧਦੇ ਗਏ।
ਕੈਰਾਵੈਨ ਦੇ ਬਦਲੇ ਸਕੀਪਰ ਨੇ ਇੱਕ ਮਿਨੀ ਕੂਪਰ ਗੱਡੀ ਖਰੀਦੀ ਅਤੇ ਉਸ ਤੋਂ ਕੁਝ ਹਫਤਿਆਂ ਬਾਅਦ ਉਸ ਦੇ ਬਦਲੇ ਇੱਕ ਹਾਰ ਖਰੀਦ ਲਿਆ, ਜੋ ਕਿ ਪਹਿਲਾਂ ਉਨ੍ਹਾਂ ਨੂੰ ਲੱਗਾ ਸੀ ਕਿ 20 ਹਜ਼ਾਰ ਡਾਲਰ ਦਾ ਹੋਵੇਗਾ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਦੀ ਕੀਮਤ 2 ਹਜ਼ਾਰ ਡਾਲਰ ਤੋਂ ਵੀ ਘੱਟ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਮੁਫ਼ਤ ਭੋਜਨ
ਦੋ ਹਫਤਿਆਂ ਤੱਕ ਪਰੇਸ਼ਾਨ ਰਹਿਣ ਤੋਂ ਬਾਅਦ ਅਤੇ ਬਹੁਤ ਲੱਭਣ ਤੋਂ ਬਾਅਦ ਉਨ੍ਹਾਂ ਨੇ ਇਸ ਹਾਰ ਨੂੰ 1800 ਡਾਲਰ ਦੀ ਇੱਕ ਪੇਲੋਟੋਨ ਐਕਸਰਸਾਈਜ਼ ਬਾਈਕ ਦੇ ਬਦਲੇ ਦੇ ਦਿੱਤਾ।
ਇਸ ਬਾਈਕ ਮਗਰੋਂ ਉਨ੍ਹਾਂ ਨੇ ਇੱਕ ਮੁਸਤੈਂਗ (ਗੱਡੀ) ਲੈ ਲਈ ਅਤੇ ਲੰਘੇ ਸਾਲ ਦਸੰਬਰ ਮਹੀਨੇ ਤੱਕ ਇਸੇ ਤਰ੍ਹਾਂ ਦਾ ਵਪਾਰ ਕਰਦੇ-ਕਰਦੇ ਉਨ੍ਹਾਂ ਨੇ ਵੂਡਲੈਂਡ ਦਾ ਇੱਕ ਛੋਟਾ ਕੈਬਿਨ ਖਰੀਦ ਲਿਆ।
ਇਹ ਕੈਬਿਨ ਫਿਰ ਹੋਂਡਾ ਸੀਵੀਆਰ ਕਾਰ ਵਿੱਚ ਬਦਲਿਆ, ਫਿਰ ਤਿੰਨ ਟਰੈਕਟਰਾਂ ਵਿੱਚ ਅਤੇ ਇਸ ਤੋਂ ਬਾਅਦ ਇੱਕ ਚਿਪੋਟਲੇ ਸੈਲੀਬ੍ਰਿਟੀ ਕਾਰਡ ਨਾਲ ਉਨ੍ਹਾਂ ਨੂੰ ਸਾਲ ਭਰ ਲਈ ਮੁਫ਼ਤ ਭੋਜਨ ਅਤੇ ਪਾਰਟੀ ਦੀ ਡੀਲ ਮਿਲੀ।
ਸਕੀਪਰ ਨੇ ਇਸ ਕਾਰਡ ਦੇ ਬਦਲੇ ਟੇਸਲਾ ਪਾਵਰਹਾਲ ਨਾਲ 40 ਹਜ਼ਾਰ ਡਾਲਰ ਦਾ ਟ੍ਰੇਲਰ (ਟਰਾਲਾ) ਲੈ ਲਿਆ ਅਤੇ ਫਿਰ ਆਖ਼ਰੀ ਵਪਾਰ ਕਰਦੇ ਹੋਏ ਇਸ ਟਰਾਲੇ ਦੀ ਥਾਂ ਆਪਣਾ ਨਾਸ਼ਵਿਲ ਵਾਲਾ ਘਰ ਖਰੀਦ ਲਿਆ।
ਉਨ੍ਹਾਂ ਨੇ ਇੱਕ ਵੀਡੀਓ ਵੀ ਅਪਲੋਡ ਕੀਤਾ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਆਪਣੇ ਘਰ ਨੂੰ ਪਹਿਲੀ ਵਾਰ ਦੇਖ ਕੇ ਉਹ ਕਿਵੇਂ ਖੁਸ਼ ਹੋਏ।
ਘਰ ਖਰੀਦਣ ਦੀ ਇਸ ਪੂਰੀ ਯਾਤਰਾ ਇਸ ਦੌਰਾਨ ਉਨ੍ਹਾਂ ਨੂੰ 5 ਮਿਲੀਅਨ ਤੋਂ ਵੀ ਜ਼ਿਆਦਾ ਲੋਕਾਂ ਨੇ ਫੌਲੋ ਕੀਤਾ।
ਸਕੀਪਰ ਅਤੇ ਉਨ੍ਹਾਂ ਦੇ ਪਤੀ ਜਨਵਰੀ ਮਹੀਨੇ ਵਿੱਚ ਕੈਲੀਫੋਰਨੀਆ ਤੋਂ ਟੈਨੇਸੀ ਜਾ ਕੇ ਆਪਣੇ ਨਵੇਂ ਘਰ ਵਿੱਚ ਰਹਿਣ ਦੀ ਤਿਆਰੀ ਕਰ ਰਹੇ ਹਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ: