ਟਵਿੱਟਰ ਨੇ ਪਰਾਗ ਅਗਰਵਾਲ ਨੂੰ ਬਣਾਇਆ ਨਵਾਂ ਸੀਈਓ, ਭਾਰਤ ਵਿੱਚ ਕਿੱਥੇ ਪੜ੍ਹੇ ਸਨ

ਟਵਿੱਟਰ ਦੇ ਬੌਸ ਜੈਕ ਡੌਰਸੀ ਨੇ ਕੰਪਨੀ ਦੇ ਸੀਈਓ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਪਰਾਗ ਅਗਰਵਾਲ ਨੂੰ ਟਵਿੱਟਰ ਦੇ ਨਵੇਂ ਸੀਈਓ ਵਜੋਂ ਥਾਪਿਆ ਹੈ।

ਡੋਰਸੀ ਨੇ ਆਪਣੇ ਅਸਤੀਫ਼ੇ ਅਤੇ ਪਰਾਗ ਅਗਰਵਾਲ ਦੇ ਚੁਣੇ ਜਾਣ ਦੀ ਜਾਣਕਾਰੀ ਟਵਿੱਟਰ ਰਾਹੀਂ ਦਿੱਤੀ।

ਪਰਾਗ ਅਗਰਵਾਲ ਆਈਆਈਟੀ ਬੌਂਬੇ ਤੋਂ ਗ੍ਰੈਜੁਏਟ ਹਨ ਅਤੇ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ, "ਜੈਕ ਅਤੇ ਸਾਡੀ ਪੂਰੀ ਟੀਮ ਨੂੰ ਦਿਲੋਂ ਸ਼ੁਕਰੀਆ।"

ਇਸ ਦੇ ਨਾਲ ਹੀ ਜੈਕ ਨੇ ਇਹ ਵੀ ਦੱਸਿਆ ਕਿ ਪਰਾਗ ਨੂੰ ਕਿਹੜੀਆਂ ਖ਼ੂਬੀਆਂ ਕਰਕੇ ਸੀਈਓ ਬਣਾਇਆ ਗਿਆ ਹੈ।

ਡੋਰਸੀ ਨੇ ਟਵਿੱਟਰ 'ਤੇ ਪੋਸਟ ਕੀਤੀ ਗਈ ਚਿੱਠੀ ਵਿੱਚ ਲਿਖਿਆ, "ਕਰੀਬ 16 ਸਾਲ ਤੱਕ ਕੰਪਨੀ ਵਿੱਚ ਸਹਿ-ਸੰਸਥਾਪਕ, ਸੀਈਓ, ਚੇਅਰਮੈਨ, ਕਾਰਜਕਾਰੀ ਚੇਅਰਮੈਨ, ਅੰਤਰਿਮ ਚੇਅਰਮੈਨ ਆਦਿ ਦੀਆਂ ਭੂਮਿਕਾਵਾਂ ਨਿਭਾਉਣ ਤੋਂ ਬਾਅਦ ਤੈਅ ਕੀਤਾ ਹੈ ਕਿ ਇਹ ਮੇਰੇ ਜਾਣ ਦਾ ਵੇਲਾ ਹੈ। ਪਰ ਕਿਉਂ?"

"ਪਹਿਲੀ ਗੱਲ ਇਹ ਹੈ ਕਿ ਪਰਾਗ ਅਗਰਵਾਲ ਸੀਈਓ ਬਣ ਰਹੇ ਹਨ। ਸਾਡੀ ਕੰਪਨੀ ਦੇ ਬੋਰਡ ਨੇ ਸਾਰੇ ਬਦਲ ਖੰਗਾਲਣ ਤੋਂ ਬਾਅਦ ਸਰਬਸੰਮਤੀ ਨਾਲ ਇਸ ਲਈ ਪਰਾਗ ਨੂੰ ਚੁਣਿਆ।"

"ਉਹ ਕੰਪਨੀ ਅਤੇ ਉਸ ਦੀਆਂ ਜ਼ਰੂਰਤਾਂ ਨੂੰ ਕਾਫੀ ਡੂੰਘਾਈ ਨਾਲ ਸਮਝਦੇ ਹਨ, ਇਸ ਲਈ ਕਾਫੀ ਸਮੇਂ ਤੋਂ ਮੇਰੀ ਵੀ ਪਸੰਦ ਰਹੇ ਹਨ।"

ਇਹ ਵੀ ਪੜ੍ਹੋ:

ਪਰਾਗ ਦੀਆਂ ਗਿਣਾਈਆਂ ਖ਼ੂਬੀਆਂ

ਡੋਰਸੀ ਨੇ ਦੱਸਿਆ ਹੈ ਕਿ ਕੰਪਨੀ ਦੇ ਹਰ ਅਹਿਮ ਫ਼ੈਸਲੇ ਦੇ ਪਿੱਛੇ ਪਰਾਗ ਰਹੇ ਹਨ। ਉਹ ਕਾਫੀ ਉਤਸ਼ਾਹਿਤ, ਖੋਜਬੀਨ ਵਾਲੇ, ਤਾਰਕਿਕ, ਰਚਨਾਤਮਕ, ਜਾਗਰੂਕ ਅਤੇ ਨਿਮਰ ਹਨ।

ਉਨ੍ਹਾਂ ਨੇ ਲਿਖਿਆ, "ਉਹ ਦਿਲ ਅਤੇ ਆਤਮਾ ਨਾਲ ਟੀਮ ਦੀ ਅਗਵਾਈ ਕਰਦੇ ਹਨ। ਉਹ ਅਜਿਹੇ ਹਨ ਕਿ ਮੈਂ ਉਨ੍ਹਾਂ ਕੋਲੋਂ ਰੋਜ਼ ਕੁਝ ਸਿਖਦਾ ਹਾਂ। ਸੀਈਓ ਵਜੋਂ ਮੇਰਾ ਉਨ੍ਹਾਂ 'ਤੇ ਬਹੁਤ ਭਰੋਸਾ ਹੈ।"

ਡੌਰਸੀ ਮੁਤਾਬਕ, ਉਨ੍ਹਾਂ ਦਾ ਅਸਤੀਫ਼ਾ ਦੇਣ ਦਾ ਦੂਜਾ ਕਾਰਨ ਇਹ ਹੈ ਕਿ ਬ੍ਰੈਟ ਟੇਲਰ ਕੰਪਨੀ ਦੇ ਬੋਰਡ ਦੇ ਚੇਅਰਮੈਨ ਬਣਨ ਨੂੰ ਤਿਆਰ ਹੋਏ ਹਨ।

ਉਨ੍ਹਾਂ ਨੇ ਲਿਖਿਆ, "ਜਦੋਂ ਮੈਂ ਸੀਈਓ ਬਣਿਆ ਤਾਂ ਉਨ੍ਹਾਂ ਨੇ ਬੋਰਡ ਨੂੰ ਜੁਆਇਨ ਕਰਨ ਨੂੰ ਕਿਹਾ ਸੀ ਅਤੇ ਉਹ ਹਰ ਲਿਹਾਜ਼ ਨਾਲ ਸ਼ਾਨਦਾਰ ਹਨ।

"ਮੈਨੂੰ ਉਨ੍ਹਾਂ ਦੀ ਅਗਵਾਈ 'ਤੇ ਪੂਰਾ ਭਰੋਸਾ ਹੈ। ਤੁਹਾਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਇਹ ਕੰਮ ਦੇਣ ਨਾਲ ਮੈਨੂੰ ਕਿੰਨੀ ਖੁਸ਼ੀ ਹੋਈ ਹੈ।"

ਉਨ੍ਹਾਂ ਨੇ ਅੱਗੇ ਦੱਸਿਆ, "ਤੀਜਾ ਕਾਰਨ ਤੁਸੀਂ ਸਾਰੇ ਹੋ। ਇਸ ਟੀਮ ਨਾਲ ਸਾਡੇ ਬਹੁਤ ਸੁਫ਼ਨੇ ਹਨ ਅਤੇ ਇਸ ਦੀ ਸਮਰੱਥਾ ਨੂੰ ਲੈ ਕੇ ਕਾਫੀ ਭਰੋਸਾ ਹੈ।"

ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਹੁਣ ਉਹ ਕੰਪਨੀ ਦੇ ਬੋਰਡ ਵਿੱਚ ਆਪਣੇ ਕਾਰਜਕਾਲ ਤੱਕ ਕੰਮ ਕਰਨਗੇ ਤਾਂ ਜੋ ਪਰਾਗ ਅਤੇ ਬ੍ਰੈਟ ਦੀ ਮਦਦ ਹੋ ਸਕੇ। ਉਸ ਤੋਂ ਬਾਅਦ ਉਹ ਵੀ ਛੱਡ ਦੇਣਗੇ।

ਉਨ੍ਹਾਂ ਨੇ ਕਿਹਾ, "ਮੇਰਾ ਮੰਨਣਾ ਹੈ ਕਿ ਮੈਂ ਪਰਾਗ ਨੂੰ ਟੀਮ ਦੀ ਅਗਵਾਈ ਕਰਨ ਦਾ ਮੌਕਾ ਦਿਆਂ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪਰਾਗ ਅਗਰਵਾਲ ਨੇ ਕੀ ਕਿਹਾ

"ਮੈਂ ਇਸ ਕੰਪਨੀ ਨਾਲ 10 ਸਾਲ ਪਹਿਲਾ ਉਦੋਂ ਜੁੜਿਆ ਸੀ, ਜਦੋਂ ਇਸ ਵਿੱਚ ਇੱਕ ਹਜ਼ਾਰ ਤੋਂ ਘੱਟ ਕਰਮੀ ਸਨ। ਬੇਸ਼ੱਕ ਹੀ ਇਹ ਇੱਕ ਦਹਾਕੇ ਪਹਿਲਾਂ ਦੀ ਗੱਲ ਹੈ ਪਰ ਮੈਂ ਇਹ ਕੱਲ੍ਹ ਵਰਗਾ ਹੀ ਹੈ।"

"ਮੈਂ ਇਸ ਦੌਰਾਨ ਕਈ ਉਤਰਾਅ-ਚੜਾਅ, ਚੁਣੌਤੀਆਂ, ਜਿੱਤ ਅਤੇ ਗ਼ਲਤੀਆਂ ਦੇਖੀਆਂ। ਪਰ ਉਦੋਂ ਵੀ ਅਤੇ ਹੁਣ ਵੀ ਮੈਂ ਟਵਿੱਟਰ ਦਾ ਬੇਹੱਦ ਸ਼ਾਨਦਾਰ ਅਸਰ ਅਤੇ ਇਸ ਦਾ ਵਿਕਾਸ ਦੇਖਦਾ ਹਾਂ।"

ਪਰਾਗ ਅਗਰਵਾਲ ਨੇ ਲਿਖਿਆ, "ਅਸੀਂ ਆਪਣੇ ਉਦੇਸ਼ ਨੂੰ ਪਾਉਣ ਲਈ ਆਪਣੀ ਰਣਨੀਤੀ ਨੂੰ ਹਾਲ ਹੀ ਵਿੱਚ ਅਪਡੇਟ ਕੀਤਾ ਹੈ।"

"ਪਰ ਸਾਹਮਣੇ ਚੁਣੌਤੀ ਹੈ ਕਿ ਉਸ ਨੂੰ ਲਾਗੂ ਕਿਵੇਂ ਕਰੀਏ ਅਤੇ ਨਤੀਜੇ ਹਾਸਿਲ ਕਰ ਸਕੀਏ ਤਾਂ ਜੋ ਟਵਿੱਟਰ ਨੂੰ ਆਪਣੇ ਉਪਭੋਗਤਾਵਾਂ, ਸ਼ੇਅਰਧਾਰਕਾਂ ਅਤੇ ਤੁਹਾਡੇ ਸਾਰਿਆਂ ਲਈ ਸਭ ਤੋਂ ਬਿਹਤਰ ਬਣਾਇਆ ਜਾ ਸਕੇ।"

"ਦੁਨੀਆਂ ਸਾਨੂੰ ਇਸ ਵੇਲੇ ਦੇਖ ਰਹੀ ਹੈ ਬਲਕਿ ਪਹਿਲਾਂ ਤੋਂ ਕਿਤੇ ਜ਼ਿਆਦਾ। ਕਈ ਲੋਕਾਂ ਦੇ ਵੱਖ-ਵੱਖ ਨਜ਼ਰੀਏ ਅਤੇ ਵਿਚਾਰ ਹੋਣਗੇ ਕਿਉਂਕਿ ਉਹ ਟਵਿੱਟਰ ਅਤੇ ਸਾਡੇ ਭਵਿੱਖ ਦੀ ਫਿਕਰ ਕਰਦੇ ਹਨ ਅਤੇ ਇਸ ਤੋਂ ਪਤਾ ਲਗਦਾ ਹੈ ਕਿ ਅਸੀਂ ਜੋ ਕੰਮ ਕਰ ਰਹੇ ਹਾਂ ਇਹ ਮਾਅਨੇ ਰੱਖਦਾ ਹੈ।"

"ਆਓ, ਦੁਨੀਆਂ ਨੂੰ ਟਵਿੱਟਰ ਦੀ ਸਮਰੱਥਾ ਦਿਖਾਈਏ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)