You’re viewing a text-only version of this website that uses less data. View the main version of the website including all images and videos.
ਕੀ ਧਰਤੀ ਤੋਂ ਇਲਾਵਾ ਕਿਤੇ ਹੋਰ ਵੀ ਜੀਵਨ ਹੈ, ਏਲੀਅਨਜ਼ ਬਾਰੇ ਵਿਗਿਆਨ ਨੂੰ ਹੁਣ ਤੱਕ ਕੀ ਪਤਾ ਹੈ
ਕੀ ਧਰਤੀ ਤੋਂ ਇਲਾਵਾ ਬ੍ਰਹਿਮੰਡ ਵਿੱਚ ਕਿਤੇ ਹੋਰ ਵੀ ਜੀਵਨ ਹੈ ਅਤੇ ਜੇ ਹੈ ਤਾਂ ਕਿਹੋ ਜਿਹਾ ਹੈ, ਵਿਗਿਆਨੀਆਂ ਲਈ ਇਹ ਹੁਣ ਤੱਕ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ।
ਇਸ ਸਾਲ ਜੂਨ ਵਿੱਚ ਅਮਰੀਕੀ ਸਰਕਾਰ ਨੇ ਅਨਆਈਡੈਂਟੀਫਾਇਡ ਫਲਾਇੰਗ ਆਬਜੈਕਟਸ ਮਤਲਬ ਯੂਐਫਓ ਨਾਲ ਸਬੰਧਤ ਇੱਕ ਰਿਪੋਰਟ ਡਿਕਲਾਸੀਫਾਈ ਕੀਤੀ, ਜਿਸ ਵਿੱਚ ਕਿਹਾ ਗਿਆ ਕਿ ਅਜੇ ਤੱਕ ਧਰਤੀ ਉੱਤੇ ਏਲੀਅਨ ਦੇ ਆਉਣ ਦੇ ਕੋਈ ਸਬੂਤ ਨਹੀਂ ਮਿਲੇ ਹਨ।
ਹਾਲਾਂਕਿ, ਰਿਪੋਰਟ 'ਚ ਏਲੀਅਨਜ਼ ਦੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਗਿਆ ਹੈ।
ਪਿਛਲੇ ਕਈ ਦਹਾਕਿਆਂ ਤੋਂ ਵਿਗਿਆਨੀ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।
ਉਹ ਧਰਤੀ ਤੋਂ ਲਗਭਗ ਚਾਰ ਪ੍ਰਕਾਸ਼ ਸਾਲ ਦੂਰ ਐਲਫ਼ਾ ਸੈਂਚੁਰੀ ਨਾਮ ਦੇ ਤਾਰਾਮੰਡਲ ਵਿੱਚ ਜੀਵਨ ਦੀ ਖੋਜ ਸ਼ੁਰੂ ਕਰਨ ਵਾਲੇ ਹਨ।
ਪਰ ਕੀ ਉਹ ਏਲੀਅਨਜ਼ ਨੂੰ ਲੱਭ ਸਕਣਗੇ? ਅਤੇ ਕੀ ਧਰਤੀ ਤੋਂ ਦੂਰ ਕਿਤੇ ਹੋਰ ਵੀ ਜੀਵਨ ਹੈ? ਇਸ ਰਿਪੋਰਟ ਰਾਹੀਂ ਸਮਝਦੇ ਹਾਂ।
ਇਹ ਵੀ ਪੜ੍ਹੋ:
ਭਾਗ ਇੱਕ- ਇਹ ਸਵਾਲ ਕਿੱਥੇ ਤੇ ਕਿਵੇਂ ਪੈਦਾ ਹੋਇਆ
ਨੈਟਲੀ ਹੇਨਸ ਇੱਕ ਲੇਖਿਕਾ ਹਨ ਅਤੇ ਸਾਇੰਸ ਫਿਕਸ਼ਨ ਵਿੱਚ ਦਿਲਚਸਪੀ ਰੱਖਦੇ ਹਨ।
ਉਹ ਦੱਸਦੇ ਹਨ ਕਿ ਦੋ ਹਜ਼ਾਰ ਸਾਲ ਪਹਿਲਾਂ, ਜਦੋਂ ਨਾ ਤਾਂ ਸਪੇਸ ਆਬਜ਼ਰਵੇਟਰੀ ਸੀ ਅਤੇ ਨਾ ਹੀ ਪੁਲਾੜ ਯਾਨ ਦੀ ਕਲਪਨਾ ਕੀਤੀ ਗਈ ਸੀ, ਉਸ ਸਮੇਂ ਲੂਸ਼ਿਅੰਸ ਨਾਮ ਦੇ ਇੱਕ ਯੂਨਾਨੀ ਲੇਖਕ ਨੇ ਆਪਣੀ ਕਿਤਾਬ ਵਿੱਚ ਧਰਤੀ ਤੋਂ ਦੂਰ ਜੀਵਨ ਦਾ ਜ਼ਿਕਰ ਕੀਤਾ ਹੈ।
ਨੈਟਲੀ ਦੱਸਦੇ ਹਨ, ''ਲੂਸ਼ਿਅੰਸ ਆਪਣੀ ਕਿਤਾਬ 'ਏ ਟਰੂ ਹਿਸਟਰੀ' ਵਿੱਚ ਕੁਝ ਯਾਤਰੀਆਂ ਦੀ ਕਹਾਣੀ ਲਿਖਦੇ ਹਨ, ਜੋ ਇੱਕ ਬਵੰਡਰ (ਵਰੋਲ਼ੇ) 'ਚ ਫਸ ਕੇ ਚੰਦ ਤੱਕ ਪਹੁੰਚ ਗਏ।"
"ਇਸ ਯਾਤਰਾ 'ਚ ਉਨ੍ਹਾਂ ਨੂੰ ਸੱਤ ਦਿਨ ਲੱਗੇ, ਜਦਕਿ ਅੱਜਕੱਲ੍ਹ ਰਾਕੇਟ ਰਾਹੀਂ ਚੰਦ ਤੱਕ ਪਹੁੰਚਣ ਵਿੱਚ ਇਸ ਤੋਂ ਲਗਭਗ ਅੱਧਾ ਸਮਾਂ ਲੱਗਦਾ ਹੈ।"
"ਉੱਥੇ ਚੰਦਰਮਾ ਦੇ ਰਾਜੇ ਅਤੇ ਸੂਰਜ ਦੇ ਰਾਜੇ ਵਿਚਕਾਰ ਇੱਕ ਯੁੱਧ ਚੱਲ ਰਿਹਾ ਹੁੰਦਾ ਹੈ ਅਤੇ ਉਨ੍ਹਾਂ ਕੋਲ ਅਜੀਬ ਦਿਖਾਈ ਦੇਣ ਵਾਲੀਆਂ ਫੌਜਾਂ ਹੁੰਦੀਆਂ ਹਨ।"
ਉਨ੍ਹਾਂ ਨੇ ਆਪਣੀ ਕਿਤਾਬ ਵਿੱਚ ਚੰਦਰਮਾ ਉੱਤੇ ਖੰਭਾਂ ਵਾਲੇ ਘੋੜਿਆਂ, ਵਿਸ਼ਾਲ ਗਿੱਧਾਂ ਅਤੇ ਬਾਰਾਂ ਹਾਥੀਆਂ ਜਿੰਨੇ ਵੱਡੇ ਪਿੱਸੂਆਂ ਦਾ ਜ਼ਿਕਰ ਕੀਤਾ ਹੈ।
ਉਨ੍ਹਾਂ ਨੇ ਅਜੀਬ ਲੋਕਾਂ ਬਾਰੇ ਲਿਖਿਆ ਹੈ, ਜਿਨ੍ਹਾਂ ਨੂੰ ਏਲੀਅਨ ਕਹਿਣਾ ਗ਼ਲਤ ਨਹੀਂ ਹੋਵੇਗਾ।
ਇਸ ਤੋਂ ਤਕਰੀਬਨ ਅੱਠ ਸੌ ਸਾਲਾਂ ਬਾਅਦ, ਦਸਵੀਂ ਸਦੀ ਦੇ ਜਾਪਾਨ ਵਿੱਚ ਇੱਕ ਹੋਰ ਸਾਇੰਸ ਫਿਕਸ਼ਨ ਕਹਾਣੀ 'ਦਿ ਬੈਂਬੂ ਕਟਰਜ਼ ਡਾਟਰ' ਲਿਖੀ ਗਈ ਸੀ।
ਨੈਟਲੀ ਕਹਿੰਦੇ ਹਨ, "ਇਹ ਕਹਾਣੀ ਇਸ ਤਰ੍ਹਾਂ ਹੈ ਕਿ ਬਾਂਸ ਕੱਟਣ ਵਾਲੇ ਵਿਅਕਤੀ ਨੂੰ ਇੱਕ ਦਿਨ ਬਾਂਸ ਦੇ ਅੰਦਰ ਇੱਕ ਤੇਜ਼ ਰੌਸ਼ਨੀ ਦਿਖਾਈ ਦਿੱਤੀ। ਉਸ ਨੂੰ ਉੱਥੇ ਇੱਕ ਛੋਟੀ ਕੁੜੀ ਮਿਲੀ, ਜਿਸ ਨੂੰ ਉਹ ਘਰ ਲੈ ਆਇਆ ਅਤੇ ਉਸ ਨੂੰ ਆਪਣੀ ਧੀ ਵਾਂਗ ਪਾਲਦੇ ਹੋਏ ਵੱਡਾ ਕੀਤਾ। ਬਾਅਦ ਵਿੱਚ ਕੁੜੀ ਨੇ ਦੱਸਿਆ ਕਿ ਉਹ ਚੰਦਰਮਾ ਤੋਂ ਆਈ ਹੈ।"
ਪਰ ਅਜਿਹਾ ਕਿਉਂ ਹੈ ਕਿ ਪਹਿਲੀਆਂ ਕਹਾਣੀਆਂ ਜਿਨ੍ਹਾਂ ਵਿਚ ਏਲੀਅਨਜ਼ ਦਾ ਜ਼ਿਕਰ ਹੈ, ਉਨ੍ਹਾਂ ਵਿੱਚ ਚੰਦਰਮਾ ਦਾ ਵੀ ਜ਼ਿਕਰ ਹੈ।
ਨੈਟਲੀ ਅਨੁਸਾਰ, "ਇਹ ਗੱਲ ਸਹੀ ਹੈ ਕਿ ਲੰਮੇ ਸਮੇਂ ਤੱਕ ਚੰਦਰਮਾ ਬਾਰੇ ਹੀ ਲਿਖਿਆ ਜਾਂਦਾ ਰਿਹਾ ਹੈ। ਸ਼ਾਇਦ ਅਜਿਹਾ ਇਸ ਲਈ ਹੈ ਕਿਉਂਕਿ ਚੰਦਰਮਾ ਧਰਤੀ ਤੋਂ ਸਾਫ਼ ਦਿਖਾਈ ਦਿੰਦਾ ਹੈ ਪਰ ਸ਼ੁੱਕਰ ਜਾਂ ਮੰਗਲ ਸਾਫ ਨਜ਼ਰ ਨਹੀਂ ਆਉਂਦੇ।''
ਪਰ ਛੇਤੀ ਹੀ ਮੰਗਲ ਵੀ ਧਰਤੀ 'ਤੇ ਚਰਚਾ ਦਾ ਵਿਸ਼ਾ ਬਣ ਗਿਆ।
1870 ਦੇ ਦਹਾਕੇ ਵਿੱਚ, ਇੱਕ ਇਤਾਲਵੀ ਖਗੋਲ-ਵਿਗਿਆਨੀ ਜਿਓਵਾਨੀ ਵਰਜੀਨਿਓ ਸ਼ਿਆਪਰੇਲੀ ਨੇ ਟੈਲੀਸਕੋਪ ਰਾਹੀਂ ਮੰਗਲ ਨੂੰ ਵੇਖਿਆ ਅਤੇ ਇਸ ਬਾਰੇ ਵਿਸਥਾਰ ਵਿੱਚ ਲਿਖਿਆ।
ਨੈਟਲੀ ਦੱਸਦੇ ਹਨ, "ਉਨ੍ਹਾਂ ਨੇ ਮੰਗਲ ਦੀ ਸਤ੍ਹਾ 'ਤੇ ਨਾਲ਼ੀਆਂ ਵਰਗੀਆਂ ਰੇਖਾਵਾਂ ਦੇਖੀਆਂ, ਜਿਨ੍ਹਾਂ ਨੂੰ ਉਨ੍ਹਾਂ ਨੇ ਕਨਾਲ ਕਿਹਾ। ਲੋਕਾਂ ਨੇ ਸਮਝਿਆ ਕਿ ਉਹ ਕਨਾਲ ਭਾਵ ਨਹਿਰਾਂ ਦੀ ਗੱਲ ਕਰ ਰਹੇ ਹਨ।''
''ਉਸ ਸਮੇਂ ਸਵੇਜ਼ ਨਹਿਰ ਦਾ ਕੰਮ ਪੂਰਾ ਹੋਇਆ ਸੀ। ਇਸ ਤੋਂ ਬਾਅਦ ਇਹ ਧਾਰਨਾ ਬਣਨੀ ਸ਼ੁਰੂ ਹੋ ਗਈ ਕਿ ਮੰਗਲ ਗ੍ਰਹਿ 'ਤੇ ਰਹਿਣ ਵਾਲਿਆਂ ਨੇ ਉੱਥੇ ਨਹਿਰਾਂ ਪੁੱਟੀਆਂ ਹਨ।"
ਕੁਝ ਸਾਲਾਂ ਬਾਅਦ, 1881 ਵਿੱਚ ਲੰਦਨ ਟਰੂਥ ਨਾਮਕ ਇੱਕ ਮੈਗ਼ਜ਼ੀਨ ਵਿੱਚ ਮੰਗਲ ਦੇ ਧਰਤੀ ਉੱਤੇ ਹਮਲਾ ਕਰਨ ਦੀ ਇੱਕ ਕਾਲਪਨਿਕ ਕਹਾਣੀ ਛਪੀ।
ਇਸ ਤੋਂ ਕੁਝ ਸਾਲਾਂ ਬਾਅਦ ਪੋਲੈਂਡ ਦੇ ਇੱਕ ਪਾਦਰੀ ਨੇ 'ਏਲੇਰੀਅਲ - ਏ ਵੌਏਜ ਟੂ ਅਦਰ ਵਰਲਡਜ਼' ਨਾਂ ਦੀ ਕਿਤਾਬ ਲਿਖੀ, ਜਿਸ ਵਿੱਚ ਉਨ੍ਹਾਂ ਨੇ ਮੰਗਲ 'ਤੇ ਰਹਿਣ ਵਾਲੇ ਨੌਂ ਫੁੱਟ ਲੰਬੇ ਸ਼ਾਕਾਹਾਰੀ ਲੋਕਾਂ ਦਾ ਜ਼ਿਕਰ ਕੀਤਾ।
ਪਹਿਲੀ ਵਾਰ ਉਨ੍ਹਾਂ ਨੇ ਉਨ੍ਹਾਂ ਲੋਕਾਂ ਲਈ ਮਾਰਸ਼ੀਅਨ ਸ਼ਬਦ ਇਸਤੇਮਾਲ ਕੀਤਾ।
ਇਸ ਤੋਂ ਬਾਅਦ ਕਈ ਲੋਕਾਂ ਨੇ ਮੰਗਲ ਗ੍ਰਹਿ ਤੋਂ ਚਮਕਦਾਰ ਰੌਸ਼ਨੀ ਦੀ ਕਿਰਨ ਦੇਖਣ ਵਰਗੇ ਦਾਅਵੇ ਕੀਤੇ।
ਇਸੇ ਦੌਰ ਵਿੱਚ ਰੇਡੀਓ 'ਤੇ ਐਚਜੀ ਵੇਲਜ਼ ਦੀ ਕਿਤਾਬ 'ਦਿ ਵਾਰ ਆਫ਼ ਦਿ ਵਰਲਡਜ਼' ਦਾ ਨਾਟਕੀ ਰੂਪ ਰੇਡੀਓ 'ਤੇ ਪ੍ਰਸਾਰਿਤ ਕੀਤਾ ਗਿਆ ਸੀ।
ਓਰਸਨ ਵੇਲਜ਼ ਨੇ ਇਸ ਕਹਾਣੀ ਨੂੰ ਇੱਕ ਨਿਊਜ਼ ਬੁਲੇਟਿਨ ਲੜੀ ਦੇ ਰੂਪ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕੀਤਾ ਕਿ ਸੁਣਨ ਵਾਲਿਆਂ ਨੂੰ ਲੱਗਾ ਕਿ ਮਾਰਸ਼ੀਅਨਜ਼ ਨੇ ਧਰਤੀ 'ਤੇ ਹਮਲਾ ਕੀਤਾ ਹੈ।
ਵਿਗਿਆਨ ਦੀ ਤਰੱਕੀ ਦੇ ਨਾਲ-ਨਾਲ ਕਿਤਾਬਾਂ ਅਤੇ ਕਹਾਣੀਆਂ 'ਤੇ ਫਿਲਮਾਂ ਬਣੀਆਂ, ਜਿਸ ਨੇ ਨੌਜਵਾਨ ਵਿਗਿਆਨੀਆਂ ਦੇ ਮਨ ਵਿੱਚ ਏਲੀਅਨਜ਼ ਬਾਰੇ ਜਾਣਨ ਦੀ ਇੱਛਾ ਨੂੰ ਹੋਰ ਵਧਾਇਆ।
ਦੂਜੇ ਗ੍ਰਹਾਂ ਉੱਤੇ ਜੀਵਨ ਦੀ ਖੋਜ
1960 ਦੇ ਦਹਾਕੇ ਵਿੱਚ ਇੱਕ ਨੌਜਵਾਨ ਵਿਗਿਆਨੀ ਫਰੈਂਕ ਡ੍ਰੇਕ ਨੇ ਕਿਹਾ ਹੈ ਕਿ ਇੱਕ ਸੌਰ ਮੰਡਲ ਤੋਂ ਦੂਜੇ ਸੌਰ ਮੰਡਲ ਨੂੰ ਸਿਗਨਲ ਭੇਜਣ ਲਈ ਵਿਸ਼ਵ ਯੁੱਧ ਦੌਰਾਨ ਵਿਕਸਿਤ ਕੀਤੀ ਗਈ ਰੇਡੀਓ ਤਕਨੀਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਹੋ ਸਕਦਾ ਹੈ ਏਲੀਅਨਜ਼ ਵੀ ਅਜਿਹਾ ਕਰ ਰਹੇ ਹੋਣ। ਅਜਿਹੇ ਵਿੱਚ ਉਨ੍ਹਾਂ ਦੀ ਹੋਂਦ ਨੂੰ ਖੋਜਣ ਲਈ ਅਸੀਂ ਬਸ ਉਨ੍ਹਾਂ ਦੇ ਸਿਗਨਲ ਨੂੰ ਫੜਨਾ ਹੈ।
ਸੇਥ ਸ਼ੋਸਟੈਕ ਸਰਚ ਫਾਰ ਐਕਸਟ੍ਰਾਟੈਰੇਸਟ੍ਰਿਅਲ ਇੰਟੈਲੀਜੈਂਸ (ਸੇਟੀ) ਵਿੱਚ ਸੀਨੀਅਰ ਵਿਗਿਆਨੀ ਹਨ ਅਤੇ ਬੀਤੇ ਚਾਰ ਦਹਾਕਿਆਂ ਤੋਂ ਏਲੀਅੰਜ਼ ਦੇ ਅਜਿਹੇ ਹੀ ਸਿਗਨਲ ਸੁਣਨ ਦੀ ਕੋਸ਼ਿਸ਼ ਕਰ ਰਹੇ ਹਨ।
ਉਹ ਕਹਿੰਦੇ ਹਨ, "ਫ੍ਰੈਂਕ ਨੇ ਵੈਸਟ ਵਰਜੀਨੀਆ ਦੀ ਓਬਜ਼ਰਵੇਟਰੀ ਵਿੱਚ ਮੌਜੂਦਾ ਰੇਡੀਓ ਐਂਟੀਨਾ ਦਾ ਮੂੰਹ ਨਜ਼ਦੀਕੀ ਤਾਰਾਂ ਵੱਲ ਮੋੜ ਦਿੱਤਾ। ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਜੇਕਰ ਏਲੀਅਨਜ਼ ਸਿਗਨਲ ਭੇਜ ਰਹੇ ਹਨ ਤਾਂ ਉਹ ਉਨ੍ਹਾਂ ਨੂੰ ਫੜ੍ਹ ਸਕਣ। ਉਹ ਦੋ ਤਾਰਿਆਂ 'ਤੇ ਨਜ਼ਰ ਰੱਖ ਰਹੇ ਸਨ।"
"ਮਜ਼ੇਦਾਰ ਗੱਲ ਇਹ ਸੀ ਕਿ ਇੱਕ ਤਾਰੇ ਨਾਲ ਉਨ੍ਹਾਂ ਨੂੰ ਕੋਈ ਸਿਗਨਲ ਨਹੀਂ ਮਿਲਿਆ ਪਰ ਦੂਜੇ ਤੋਂ ਕੋਈ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਨੇ ਏਲੀਅਨਜ਼ ਨੂੰ ਲੱਭ ਲਿਆ ਹੈ। ਹਾਲਾਂਕਿ, ਇਹ ਫੌਜ ਦਾ ਕੋਈ ਜਹਾਜ਼ ਹੋ ਸਕਦਾ ਸੀ।"
ਛੇਤੀ ਹੀ ਪੂਰੀ ਦੁਨੀਆ ਦੇ ਵਿਗਿਆਨੀ ਏਲੀਅਨਜ਼ ਦੇ ਨਿਸ਼ਾਨ ਤਲਾਸ਼ਣ ਲੱਗੇ ਸਨ। 1980 ਦੇ ਦਹਾਕੇ ਵਿੱਚ ਅਮਰੀਕੀ ਸਰਕਾਰ ਨੇ ਏਲੀਅਨਜ਼ ਦੀ ਖੋਜ ਲਈ ਸੇਟੀ ਇੰਸਟੀਚਿਊਟ ਨੂੰ ਆਰਥਿਕ ਮਦਦ ਦੇਣੀ ਸ਼ੁਰੂ ਕੀਤੀ।
ਰੇਡੀਓ ਤਰੰਗਾਂ ਸਪੇਸ ਤੋਂ ਆਸਾਨੀ ਨਾਲ ਜਾ ਸਕਦੀਆਂ ਹਨ ਅਤੇ ਸੇਥ ਰੇਡੀਓ ਰਿਸੀਵਰ ਤੇ ਜੋ ਆਵਾਜ਼ ਸੁਣਨਾ ਚਾਹੁੰਦੇ ਸਨ ਉਹ ਆਮ ਆਵਾਜ਼ਾਂ ਤੋਂ ਵੱਖ ਸੀ।
ਸੈਥ ਨੇ ਸਿਮਿਊਸਲੇਸ਼ਨ ਤੋਂ ਇੱਕ ਅਜਿਹੀ ਆਵਾਜ ਤਿਆਰ ਕੀਤੀ ਜੋ ਸੁਣਨ ਵਿੱਚ ਕਿਸੇ ਏਲੀਅਨ ਦੇ ਸਿਗਨਲ ਵਰਗੀ ਸੀ, ਤਾਂ ਜੋ ਇਹ ਸਮਝਿਆ ਜਾ ਸਕੇ ਕਿ ਉਹ ਕੀ ਤਲਾਸ਼ ਕਰ ਰਹੇ ਹਨ।
ਉਹ ਕਹਿੰਦੇ ਹਨ, "ਸੁਣਨ 'ਤੇ ਲੱਗਦਾ ਹੈ ਜਿਵੇਂ ਕੋਈ ਨਾਇਗਰਾ ਫਾਲਜ਼ ਕੋਲ ਖੜ੍ਹਾ ਬੰਸਰੀ ਵਜਾ ਰਿਹਾ ਹੋਵੇ। ਰਿਸੀਵਰ 'ਤੇ ਨਾਇਗਰਾ ਫਾਲਜ਼ ਦੀ ਆਵਾਜ਼ ਸਪੇਸ ਦੇ ਖਾਲੀਪਨ ਦੀ ਆਵਾਜ਼ ਵਾਂਗ ਹੋਵੇਗੀ ਪਰ ਇਹ ਕਿਸੇ ਧੁਨ ਦੀ ਬਜਾਇ ਧੁਨੀ ਵਾਂਗ ਸੁਣਾਈ ਦੇਵੇਗੀ।"
ਸੈਥ ਅਤੇ ਉਨ੍ਹਾਂ ਦੀ ਟੀਮ ਨੂੰ ਇਹ ਤਾਂ ਪਤਾ ਸੀ ਕਿ ਉਹ ਕੀ ਤਲਾਸ਼ ਰਹੇ ਹਨ ਪਰ ਮੁਸ਼ਕਿਲ ਇਹ ਸੀ ਕਿ ਇਸ ਲਈ ਉਨ੍ਹਾਂ ਨੇ ਲੱਖਾਂ ਰੇਡੀਓ ਫ੍ਰੀਕਵੈਂਸੀ ਨੂੰ ਦੇਖਣਾ ਸੀ, ਫਿਰ ਉਨ੍ਹਾਂ ਨੂੰ ਕਿਵੇਂ ਪਤਾ ਕਿ ਪਹਿਲਾਂ ਕਿਸ ਨੂੰ ਦੇਖਣਾ ਹੈ।
ਉਹ ਕਹਿੰਦੇ ਹਨ, "ਇਹ ਵੱਡੀ ਸਮੱਸਿਆ ਸੀ। ਏਲੀਅਨਜ਼ ਨੇ ਇਹ ਸੰਦੇਸ਼ ਤਾਂ ਭੇਜਿਆ ਨਹੀਂ ਕਿ ਮੈਂ ਕਿਸ ਫ੍ਰੀਕਵੈਂਸੀ 'ਤੇ ਟਿਊਨ-ਇਨ ਕਰਨਾ ਹੈ। ਅਜਿਹੇ ਵਿੱਚ ਮੈਂ ਹਰ ਫ੍ਰੀਕਵੈਂਸੀ ਚੈੱਕ ਕਰਨੀ ਸੀ। ਪਰ ਅਜਿਹਾ ਕਰਨਾ ਸਮੇਂ ਦੀ ਬਰਬਾਦੀ ਸੀ। ਸਾਨੂੰ ਅਜਿਹੇ ਰਿਸੀਵਰ ਚਾਹੀਦੇ ਹਨ ਜੋ ਸਾਰੇ ਚੈਨਲਸ ਇੱਕੋ ਵਾਰ ਸੁਣ ਸਕਣ।"
1990 ਤੱਕ ਇਹ ਵੀ ਸੰਭਵ ਹੋਇਆ ਅਤੇ ਅਜਿਹੇ ਕੰਪਿਊਟਰਜ਼ ਬਣੇ ਜੋ ਇੱਕੋ ਵੇਲੇ ਲੱਖਾਂ ਫ੍ਰੀਕਵੈਂਸੀਆਂ ਸੁਣ ਸਕਦੇ ਸਨ।
ਓਹਾਇਓ ਯੂਨੀਵਰਸਿਟੀ ਦੇ ਇੱਕ ਖਗੋਲ ਵਿਗਿਆਨੀ ਜਦੋਂ ਰੇਡੀਓ ਟੈਲੀਸਕੋਪ ਦਾ ਡਾਟਾ ਦੇਖ ਰਹੇ ਸਨ ਤਾਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਤੇਜ਼ੀ ਅਤੇ ਫ੍ਰੀਕਵੈਂਸੀ ਵਾਲੇ ਸਿਗਨਲ ਮਿਲੇ। ਉਨ੍ਹਾਂ ਨੂੰ ਲੱਗਾ ਇਹ ਏਲੀਅਨ ਦੇ ਸਿਗਨਲ ਹਨ।
ਸੈਥ ਦੱਸਦੇ ਹਨ, "ਉਹ ਬੇਹੱਦ ਖੁਸ਼ ਸਨ, ਉਨ੍ਹਾਂ ਨੇ ਡੇਟਾ ਕੋਲ ਲਿਖਿਆ 'ਵਾਓ'। ਪਰ ਉਨ੍ਹਾਂ ਨੂੰ ਅਸਲ ਵਿੱਚ ਕੀ ਮਿਲਿਆ ਸਾਨੂੰ ਨਹੀਂ ਪਤਾ। ਆਕਾਸ਼ ਦੇ ਉਸੇ ਹਿੱਸੇ ਵਿੱਚ ਕਈ ਹੋਰ ਲੋਕਾਂ ਨੇ ਵੀ ਤਲਾਸ਼ ਕੀਤੀ ਪਰ ਉਨ੍ਹਾਂ ਨੂੰ ਕਦੇ ਅਜਿਹਾ ਕੁਝ ਨਹੀਂ ਮਿਲਿਆ।"
"ਅਜਿਹੀ ਸਥਿਤੀ ਵਿੱਚ ਦੋ ਸੰਭਾਵਨਾਵਾਂ ਸਨ, ਜਾਂ ਤਾਂ ਉਹ ਏਲੀਅਨਜ਼ ਸਨ ਜਾਂ ਫਿਰ ਧਰਤੀ 'ਤੇ ਹੀ ਕਿਸੇ ਚੀਜ਼ ਦੀ ਆਵਾਜ਼ ਸੀ।"
ਕਈ ਲੋਕਾਂ ਲਈ ਇਹ ਏਲੀਅਨਜ਼ ਦੇ ਸਿਗਨਲ ਦੀ ਬਿਹਤਰੀਨ ਉਦਾਹਰਨ ਸੀ ਪਰ ਸਹੀ ਮਾਅਨਿਆਂ ਵਿੱਚ ਸਾਲਾਂ ਦੀ ਖੋਜ ਤੋਂ ਬਾਅਦ ਵੀ ਏਲੀਅਨਜ਼ ਬਾਰੇ ਕੋਈ ਪੁਖਤਾ ਸੰਕੇਤ ਨਹੀਂ ਮਿਲ ਸਕਿਆ ਸੀ।
ਸਵਾਲ ਉੱਠਿਆ ਕਿ ਸਰਕਾਰਾਂ ਦਾ ਅਜਿਹਾ ਪ੍ਰੋਜੈਕਟਾਂ 'ਤੇ ਅਰਬਾਂ ਖਰਚ ਕਰਨਾ ਕਿੱਥੋਂ ਤੱਕ ਸਹੀ ਹੈ, ਜਿਸ ਦਾ ਕੋਈ ਨਤੀਜਾ ਹੀ ਨਾ ਨਿਕਲੇ। 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਸੇਟੀ ਇੰਸਟੀਚਿਊਟ ਨੂੰ ਮਿਲ ਰਹੀ ਸਰਕਾਰੀ ਮਦਦ ਬੰਦ ਹੋ ਗਈ।
ਪਰ ਇਹ ਏਲੀਅਨਜ਼ ਦੀ ਖੋਜ ਦਾ ਅੰਤ ਨਹੀਂ ਸੀ।
ਕੈਪਲਰ
ਡੇਵਿਡ ਗ੍ਰਿਨਸਪੂਨ ਐਸਟ੍ਰੋਬਾਓਲਾਜਿਸਟ ਹਨ ਅਤੇ ਪਲਾਨੇਟਰੀ ਸਾਇੰਸ ਇੰਸਟੀਚਿਊਟ ਵਿੱਚ ਸੀਨੀਅਰ ਵਿਗਿਆਨੀ ਹਨ। ਉਹ ਸਪੇਸ ਰਿਸਰਚ 'ਤੇ ਨਾਸਾ ਦੇ ਸਲਾਹਕਾਰ ਰਹਿ ਚੁੱਕੇ ਹਨ।
ਉਹ ਕਹਿੰਦੇ ਹਨ ਕਿ ਏਲੀਅਨਜ਼ ਦੀ ਖੋਜ ਨੂੰ ਲੈ ਕੇ ਭਰੋਸਾ ਇਸ ਲਈ ਵੀ ਘੱਟ ਹੋਇਆ ਕਿਉਂਕਿ ਉਸ ਵੇਲੇ ਤੱਕ ਵੱਧ ਗ੍ਰਹਿ ਖੋਜੇ ਨਹੀਂ ਜਾ ਸਕੇ ਸਨ। ਪਰ 90 ਦੇ ਦਹਾਕੇ ਦੀ ਸ਼ੁਰੂਆਤ ਤੋਂ ਵਿਗਿਆਨੀਆਂ ਨੇ ਸਾਡੇ ਆਪਣੇ ਸੌਰ ਮੰਡਲ ਵਿੱਚ ਨਵੇਂ ਛੋਟੇ ਗ੍ਰਹਿ ਅਤੇ ਡਵਾਰਫ ਗ੍ਰਹਿ ਖੋਜ ਕੱਢੇ।
ਇਸ ਤਰ੍ਹਾਂ, ਇੱਕ ਵਾਰ ਫਿਰ ਇਹ ਸਵਾਲ ਉੱਠਣ ਲੱਗੇ ਕਿ ਕੀ ਸਾਡੇ ਸੌਰ ਮੰਡਲ ਤੋਂ ਬਾਹਰ ਵੀ ਅਜਿਹੇ ਗ੍ਰਹਿ ਹੋ ਸਕਦੇ ਹਨ, ਜਿੱਥੇ ਜੀਵਨ ਹੋਵੇ।
ਮਾਰਚ 2009 ਵਿੱਚ ਨਾਸਾ ਨੇ ਕੈਪਲਰ ਪੁਲਾੜਯਾਨ ਲਾਂਚ ਕੀਤਾ। ਇਸ ਵਿੱਚ ਟੇਲੀਸਕੋਪ ਵਾਲੀ ਇੱਕ ਓਬਜ਼ਰਵੇਟਰੀ ਸੀ, ਜਿਸ ਦਾ ਉਦੇਸ਼ ਧਰਤੀ ਤੋਂ ਬਾਹਰ ਜੀਵਨ ਭਾਲਣਾ ਸੀ।
ਡੇਵਿਡ ਕਹਿੰਦੇ ਹਨ, "ਕੈਪਲਰ ਇੱਕ ਚਤੁਰ ਵਿਚਾਰ ਸੀ। ਇਹ ਅਜਿਹਾ ਸੀ ਕਿ ਧਰਤੀ ਤੋਂ ਦੂਰ ਤੁਸੀਂ ਇੱਕ ਅਜਿਹੀ ਥਾਂ ਉਸ ਨੂੰ ਰੱਖਣ ਜਿੱਥੋਂ ਪੂਰੇ ਪੁਲਾੜ 'ਤੇ ਨਜ਼ਰ ਰੱਖੀ ਜਾ ਸਕੇ।"
ਕੈਪਲਰ ਕਈ ਸਾਲਾਂ ਤੱਕ ਤਾਰਿਆਂ 'ਤੇ ਨਜ਼ਰ ਰੱਖਦਾ ਰਿਹਾ। ਉਸ ਦਾ ਕੰਮ ਇਹ ਦੇਖਣਾ ਸੀ ਕਿ ਕਿਸੇ ਤਾਰੇ ਤੋਂ ਆ ਰਹੀ ਰੌਸ਼ਨੀ ਬਦਲਦੀ ਹੈ ਜਾਂ ਨਹੀਂ।
ਉਹ ਦੱਸਦੇ ਹਨ, "ਜੇਕਰ ਰੌਸ਼ਨੀ ਵਿੱਚ ਬਦਲਾਅ ਆਇਆ ਤਾਂ ਮਤਲਬ ਇਹ ਹੈ ਕਿ ਸਾਡੇ ਅਤੇ ਉਸ ਤਾਰੇ ਵਿਚਾਲੇ ਕੁਝ ਲੰਘ ਰਿਹਾ ਹੈ, ਇਹ ਸ਼ਾਇਦ ਕੋਈ ਗ੍ਰਹਿ ਹੋਵੇ। ਜੇਕਰ ਕਿਸੇ ਤਾਰੇ ਦੇ ਟਿਮਟਿਮਾਉਣ ਵਿੱਚ ਪੈਟਰਨ ਹੈ ਤਾਂ ਪਤਾ ਲੱਗਦਾ ਹੈ ਕਿ ਕੋਈ ਚੀਜ਼ ਉਸ ਦਾ ਚੱਕਰ ਲਗਾ ਰਹੀ ਹੈ।"
ਕੈਪਲਰ ਨੂੰ ਸਿਰਫ ਕੁਝ ਗ੍ਰਹਿ ਲੱਭਣ ਦੀ ਉਮੀਦ ਸੀ, ਪਰ 9 ਸਾਲ ਦੇ ਆਪਣੇ ਸਮੇਂ ਵਿੱਚ ਉਸ ਨੇ ਸੌਰ ਮੰਡਲ ਦੇ ਬਾਹਰ 2600 ਗ੍ਰਹਿ ਲੱਭੇ।
ਸਾਲ 2013 ਵਿੱਚ ਵਿਗਿਆਨੀਆਂ ਦੇ ਅੰਦਾਜਾ ਲਗਾਇਆ ਕਿ ਇਸ ਹਿਸਾਬ ਨਾਲ ਸਾਡੀ ਆਕਾਸ਼ਗੰਗਾ ਵਿੱਚ ਅਰਬਾਂ ਅਜਿਹੇ ਗ੍ਰਹਿ ਹੋ ਸਕਦੇ ਹਨ। ਪਰ ਇਨ੍ਹਾਂ ਵਿੱਚੋਂ ਕਿੰਨਿਆਂ 'ਤੇ ਜੀਵਨ ਦੀ ਸੰਭਾਵਨਾ ਹੋ ਸਕਦੀ ਹੈ।
ਡੇਵਿਡ ਕਹਿੰਦੇ ਹਨ, "ਇਸ ਬਾਰੇ ਵਿੱਚ ਛੋਟਾ-ਮੋਟਾ ਅੰਦਾਜ਼ਾ ਲਗਾਇਆ ਜਾਂਦਾ ਹੈ ਕਿਉਂਕਿ ਸਾਨੂੰ ਇਹ ਨਹੀਂ ਪਤਾ ਹੈ ਕਿ ਕਿਹੜੇ ਹਾਲਤਾਂ ਵਿੱਚ ਜੀਵਨ ਪਣਪਦਾ ਹੈ। ਸਾਡੇ ਸਾਹਮਣੇ ਕੇਵਲ ਪ੍ਰਿਥਵੀ ਦਾ ਉਦਾਹਰਨ ਹੈ।"
"ਪਰ ਅਸੀਂ ਇਹ ਮੰਨ ਸਕਦੇ ਹਾਂ ਕਿ ਧਰਤੀ ਦੇ ਆਕਾਰ ਦਾ ਕੋਈ ਗ੍ਰਹਿ ਜੇਕਰ ਕਿਸੇ ਖਾਸ ਕਲਾਈਮੇਟ ਜ਼ੋਨ ਵਿੱਚ ਹੈ ਤਾਂ ਉੱਥੇ ਜੀਵਨ ਦੀ ਸੰਭਾਵਨਾ ਹੋ ਸਕਦੀ ਹੈ। ਇਸ ਹਿਸਾਬ ਨਾਲ ਕਿਹਾ ਜਾ ਸਕਦਾ ਹੈ ਕਿ ਸਾਡੀ ਅਕਾਸ਼ਗੰਗਾ ਵਿੱਚ ਘੱਟੋ-ਘੱਟ 30 ਕਰੋੜ ਗ੍ਰਹਿ ਹੋ ਸਕਦੇ ਹਨ।"
ਡੇਵਿਡ ਗ੍ਰਿਨਸਪੂਨ ਦੇ ਮੁਤਾਬਕ ਇਹ ਖੋਜ ਉਹ ਕ੍ਰਾਂਤੀ ਸੀ, ਜਿਸ ਨੇ ਧਰਤੀ ਦੇ ਬਾਹਰ ਜੀਵਨ ਦੀ ਸੰਭਾਵਨਾ ਨੂੰ ਲੈ ਕੇ ਵਿਗਿਆਨੀਆਂ ਦੀ ਸੋਚ ਨੂੰ ਬਦਲ ਦਿੱਤਾ।
ਉਹ ਕਹਿੰਦੇ ਹਨ, "ਵਧੇਰੇ ਖਗੋਲ ਵਿਗਿਆਨੀ ਜਾਂ ਵਿਗਿਆਨੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਕਿਸੇ ਹੋਰ ਗ੍ਰਹਿ ਤੇ ਵੀ ਜੀਵਨ ਹੋਵੇਗਾ। ਹੁਣ ਤੱਕ ਪ੍ਰਿਥਵੀ ਬਾਰੇ ਅਜਿਹਾ ਕੁਝ ਖਾਸ ਨਹੀਂ ਪਤਾ ਲੱਗਾ ਹੈ, ਜਿਸ ਨਾਲ ਇਹ ਕਿਹਾ ਜਾ ਸਕੇ ਕਿ ਜੀਵਨ ਕੇਵਲ ਇੱਥੇ ਹੀ ਪਨਪ ਸਕਦਾ ਸੀ।"
ਦੂਜੇ ਪਾਸੇ, ਧਰਤੀ 'ਤੇ ਐਕਸਟ੍ਰੀਮੋਫਾਇਲਜ਼ ਵਰਗੇ ਕੁਝ ਅਜਿਹੇ ਜੀਵਾਂ ਦੀ ਖੋਜ ਹੋਈ ਹੈ ਜੋ ਇਹ ਸਾਬਿਤ ਕਰਦੇ ਹਨ ਕਿ ਬੇਹੱਦ ਮੁਸ਼ਕਿਲ ਹਾਲਾਤਾਂ ਵਿੱਚ ਵੀ ਜੀਵਨ ਪਣਪ ਸਕਦਾ ਹੈ। ਵਿਗਿਆਨਿਆਂ ਨੂੰ ਭਰੋਸਾ ਹੈ ਕਿ ਇਹ ਨੰਨ੍ਹੇ ਜੀਵ ਜੋ ਜੀਵਨ ਦੀ ਸ਼ੁਰੂਆਤ ਦਾ ਆਧਾਰ ਰਹੇ ਹਨ, ਪੂਰੇ ਬ੍ਰਹਿਮੰਡ ਵਿੱਚ ਫੈਲੇ ਹੋਏ ਹਨ।
ਇਸ ਨਵੀਂ ਖੋਜ ਨੇ ਇੱਕ ਵਾਰ ਫਿਰ ਏਲੀਅਨਜ਼ ਦੀ ਤਲਾਸ਼ ਵਿੱਚ ਦਿਲਚਸਪੀ ਵਧਾਈ ਹੈ।
ਜੇਕਰ ਕਿਤੇ ਏਲੀਅਨਜ਼ ਮਿਲ ਵੀ ਗਏ ਤਾਂ ਫਿਰ ਅਸੀਂ ਕੀ ਕਰਾਂਗੇ?
ਸਟੀਵਨ ਡਿਕ ਖਗੋਲ ਵਿਗਿਆਨੀ ਹਨ ਅਤੇ ਵਿਗਿਆਨ ਦੇ ਇਤਿਹਾਸਕਾਰ ਹਨ। ਉਹ ਨਾਸਾ ਵਿੱਚ ਮੁੱਖ ਇਤਿਹਾਸਕਾਰ ਰਹਿ ਚੁੱਕੇ ਹਨ। ਅੰਤਰਰਾਸ਼ਟਰੀ ਐਸਟ੍ਰੋਨਾਮਿਕਲ ਦੀ ਯੂਨੀਅਨ ਨੇ ਉਨ੍ਹਾਂ ਦੇ ਨਾਮ 'ਤੇ ਇੱਕ ਗ੍ਰਹਿ ਦਾ ਨਾਮ 6544 ਸਟੀਵਨਡਿਕ ਦਿੱਤਾ ਹੈ।
ਦੂਜੇ ਖਗੋਲ ਵਿਗਿਆਨੀਆਂ ਵਾਂਗ ਸਟੀਵਨ ਨੂੰ ਵੀ ਯਕੀਨ ਹੈ ਕਿ ਧਰਤੀ ਤੋਂ ਪਰੇ ਕਿਤੇ ਜੀਵਨ ਹੈ ਪਰ ਉਨ੍ਹਾਂ ਨੂੰ ਚਿੰਤਾ ਇਸ ਗੱਲ ਦੀ ਹੈ ਕਿ ਇਸ ਦਾ ਪਤਾ ਲੱਗਣ ਤੋਂ ਬਾਅਦ ਕੀ ਹੋਵੇਗਾ।
ਉਹ ਕਹਿੰਦੇ ਹਨ, "ਮੈਨੂੰ ਜਿੰਨਾ ਪਤਾ ਹੈ, ਨਾ ਤਾਂ ਅਮਰੀਕਾ ਸਰਕਾਰ ਕੋਲ ਅਤੇ ਨਾ ਕਿਸੇ ਹੋਰ ਕੋਲ ਇਸ ਦੀ ਕੋਈ ਯੋਜਨਾ ਹੈ ਕਿ ਜੇਕਰ ਕਿਤੇ ਏਲੀਅਨਜ਼ ਮਿਲ ਜਾਂਦੇ ਹਨ ਤਾਂ ਇਸ ਦਾ ਕੀ ਅਸਰ ਹੋਵੇਗਾ।"
ਸਟੀਵਨ ਡਿਕ ਕਈ ਸਾਲਾਂ ਤੱਕ ਨਾਸਾ ਸਪੌਂਸਰ ਏਲੀਅਨ ਲਾਈਫ ਪ੍ਰਿਪਰੇਸ਼ਨ ਪ੍ਰੋਗਰਾਮ ਦਾ ਹਿੱਸਾ ਰਹਿ ਚੁੱਕੇ ਹਨ।
ਉਹ ਕਹਿੰਦੇ ਹਨ ਕਿ ਦੂਜੇ ਗ੍ਰਹਿਆਂ ਤੋਂ ਆਉਣ ਵਾਲੀਆਂ ਚੀਜ਼ਾਂ ਨੂੰ ਲੈ ਕੇ ਕੁਝ ਨਿਯਮ ਤਾਂ ਹਨ ਪਰ ਇਹ ਲੰਬੇ ਸਮੇਂ ਲਈ ਨਹੀਂ ਬਣਾਏ ਗਏ ਹਨ।
ਉਹ ਕਹਿੰਦੇ ਹਨ ਕਿ ਸਾਨੂੰ ਅਜੇ ਤੱਕ ਨਹੀਂ ਪਤਾ ਹੈ ਕਿ ਜਿਨ੍ਹਾਂ ਨੂੰ ਅਸੀਂ ਖੋਜ ਰਹੇ ਹਾਂ, ਉਹ ਕਿਹੋ ਜਿਹੇ ਹਨ ਅਤੇ ਉਨ੍ਹਾਂ ਦੀ ਸਾਡੇ ਨਾਲ ਮਿਲ ਕੇ ਕੀ ਪ੍ਰਤੀਕਿਰਿਆ ਹੋਵੇਗੀ?
ਸਟੀਵਨ ਅਨੁਸਾਰ, "ਅਸੀਂ ਇਹ ਮੰਨ ਕੇ ਨਹੀਂ ਚੱਲ ਸਕਦੇ ਕਿ ਏਲੀਅਨਜ਼ ਚੰਗੇ ਹੀ ਹੋਣਗੇ। ਮਾਈਕ੍ਰੋਬ ਦੇ ਪੱਧਰ 'ਤੇ ਵੀ ਦੇਖਿਆ ਜਾਵੇ ਤਾਂ ਇਹ ਸੰਭਵ ਹੈ ਕਿ ਦੂਜੇ ਗ੍ਰਹਿ ਤੋਂ ਆਇਆ ਬੈਕਟੀਰੀਆ ਇੱਥੇ ਲਾਗ ਫੈਲ ਸਕਦਾ ਹੈ। ਸਾਨੂੰ ਨਹੀਂ ਪਤਾ ਕਿ ਏਲੀਅਨਜ਼ ਦਾ ਦੁਨੀਆਂ ਵਿੱਚ ਪਰਉਪਕਾਰ ਦਾ ਸਿਧਾਂਤ ਹੈ ਵੀ ਜਾਂ ਨਹੀਂ, ਕੀ ਇਨਸਾਨਾਂ ਦੇ ਪ੍ਰਤੀ ਉਨ੍ਹਾਂ ਦਾ ਰਵੱਈਆ ਠੀਕ ਰਹੇਗਾ।"
ਪਰ ਕੀ ਅਜਿਹਾ ਵੀ ਹੋ ਸਕਦਾ ਹੈ ਜਿਹੜੇ ਏਲੀਅਨਜ਼ ਦੀ ਤਲਾਸ਼ ਅਸੀਂ ਕਰ ਰਹੇ ਹਾਂ, ਉਹ ਸਾਨੂੰ ਲੱਭ ਰਹੇ ਹੋਣ ਅਤੇ ਸਾਨੂੰ ਮਿਲਣ ਧਰਤੀ 'ਤੇ ਆ ਜਾਣ? ਅਤੇ ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਅਸੀਂ ਏਲੀਅਨਜ਼ ਨਾਲ ਗੱਲ ਕਿਵੇਂ ਕਰਾਂਗੇ?"
ਅਸੀਂ ਏਲੀਅੰਜ਼ ਨਾਲ ਗੱਲ ਕਿਵੇਂ ਕਰਾਂਗੇ?
ਸਟੀਵਨ ਕਹਿੰਦੇ ਹਨ, "ਇਹ ਗੰਭੀਰ ਚਰਚਾ ਦਾ ਵਿਸ਼ਾ ਹੈ। ਮੈਨੂੰ ਲੱਗਦਾ ਹੈ ਕਿ ਫਿਲਮ ਅਰਾਈਵਲ ਵਿੱਚ ਇਸ ਗੱਲ ਨੂੰ ਬਿਹਤਰ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸ ਵਿੱਚ ਕੁਝ ਏਲੀਅਨਜ਼ ਇਨਸਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਤੁਹਾਨੂੰ ਅਜਿਹੀ ਭਾਸ਼ਾ ਚਾਹੀਦੀ ਹੈ ਜਿਸ ਬਾਰੇ ਪੂਰੇ ਬ੍ਰਹਿਮੰਡ ਵਿੱਚ ਸਮਝ ਹੋਵੇ।"
"ਕਈ ਲੋਕਾਂ ਨੂੰ ਲੱਗਦਾ ਹੈ ਕਿ ਗਣਿਤ ਇਸ ਦਾ ਜਵਾਬ ਹੋ ਸਕਦਾ ਹੈ ਕਿ ਪਰ ਇਸ ਨੂੰ ਲੈ ਕੇ ਵੀ ਵੱਖ-ਵੱਖ ਥਿਓਰੀਆਂ ਹਨ। ਕੁਝ ਕਹਿੰਦੇ ਹਨ ਕਿ ਗਣਿਤ ਦੀ ਕਾਢ ਕੱਢੀ ਗਈ ਅਤੇ ਕੁਝ ਮੰਨਦੇ ਹਨ ਕਿ ਇਸ ਨੂੰ ਖੋਜਿਆ ਗਿਆ।"
ਇਸ ਤੋਂ ਇਲਾਵਾ ਵੀ ਕਈ ਹੋਰ ਸਵਾਰ ਹਨ ਜੋ ਪਰੇਸ਼ਾਨੀ ਦਾ ਸਬੱਬ ਹੋ ਸਕਦੇ ਹਨ, ਜਿਵੇਂ ਕੀ ਅਸੀਂ ਉਨ੍ਹਾਂ ਨੂੰ ਧਰਮ ਦੇ ਦਾਇਰੇ ਵਿੱਚ ਦੇਖਾਂਗੇ?
ਅਸੀਂ ਉਨ੍ਹਾਂ ਦੇ ਨਾਲ ਕਿਸ ਤਰ੍ਹਾਂ ਦਾ ਵਤੀਰਾ ਕਰਾਂਗੇ? ਅਤੇ ਦੁਨੀਆ ਵੱਲੋਂ ਉਨ੍ਹਾਂ ਨਾਲ ਗੱਲ ਕੌਣ ਕਰੇਗਾ, ਸੰਯੁਕਤ ਰਾਸ਼ਟਰ ਜਾਂ ਫਿਰ ਕੋਈ ਹੋਰ?
ਇਨ੍ਹਾਂ ਸਵਾਲਾਂ ਦੇ ਜਵਾਬ ਅਜੇ ਤੱਕ ਕਿਸੇ ਕੋਲ ਨਹੀਂ ਹਨ। ਸਟੀਵਨ ਡਿਕ ਕਹਿੰਦੇ ਹਨ ਕਿ ਇਸ 'ਤੇ ਚਰਚਾ ਲਈ ਸਾਨੂੰ ਖਗੋਲ ਵਿਗਿਆਨੀਆਂ, ਦਾਰਸ਼ਨਿਕਾਂ, ਜੀਵ ਵਿਗਿਆਨੀਆਂ ਅਤੇ ਸਿਆਸਤਦਾਨਾਂ ਨੂੰ ਨਾਲ ਲੈ ਕੇ ਆਉਣ ਦੀ ਲੋੜ ਹੈ।
ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਕੋਈ ਯੋਜਨਾ ਹੋਣੀ ਚਾਹੀਦੀ ਹੈ, ਸਾਨੂੰ ਨਹੀਂ ਪਤਾ ਕਿ ਕੀ ਕਰਨਾ ਚਾਹੀਦਾ ਹੈ, ਪਰ ਜੇ ਇਸ ਬਾਰੇ ਪਹਿਲਾਂ ਸੋਚਿਆ ਜਾਵੇ ਤਾਂ ਬਿਹਤਰ ਹੋਵੇਗਾ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਮੁੜਦੇ ਹਾਂ ਆਪਣੇ ਸਵਾਲ 'ਤੇ, ਕੀ ਏਲੀਅਨਜ਼ ਵਾਕਈ ਹਨ?
ਅਸੀਂ ਜਾਣਦੇ ਹਾਂ ਕਿ ਹੁਣ ਤੱਕ ਦੂਜੇ ਗ੍ਰਹਿ 'ਤੇ ਜੀਵਨ ਨੂੰ ਲੈ ਕੇ ਸਾਨੂੰ ਕੋਈ ਠੋਸ ਸਬੂਤ ਨਹੀਂ ਮਿਲੇ ਹਨ। ਦਹਾਕਿਆਂ ਦੀ ਖੋਜ ਤੋਂ ਬਾਅਦ ਵੀ ਇਸ ਮਾਮਲੇ ਵਿੱਚ ਅਸੀਂ ਅਜੇ ਉੱਥੇ ਹੀ ਹਾਂ ਜਿੱਥੋਂ ਤੁਰੇ ਸੀ।
ਪਰ ਇਸ ਨੂੰ ਵੱਖ ਨਜ਼ਰੀਏ ਨਾਲ ਵੀ ਦੇਖਿਆ ਜਾ ਸਕਦਾ ਹੈ। ਇਹ ਸੰਭਾਵਨਾ ਦਾ ਸਵਾਲ ਹੈ। ਬ੍ਰਹਿਮੰਡ ਵਿੱਚ ਲੱਖਾਂ ਆਕਾਸ਼ਗੰਗਾਂ ਹਨ।
ਜਿਨ੍ਹਾਂ ਵਿੱਚੋਂ ਇੱਕ ਸਾਡੀ 'ਮਿਲਕੀ ਵੇ' ਹੈ ਅਤੇ ਸਾਡੀ ਆਕਾਸ਼ਗੰਗਾ ਵਿੱਚ ਵੀ ਅਰਬਾਂ ਗ੍ਰਹਿ ਹਨ।
ਇਹ ਸੰਭਵ ਹੈ ਕਿ ਧਰਤੀ ਅਜਿਹਾ ਇਕੱਲਾ ਗ੍ਰਹਿ ਨਹੀਂ ਹੋਵੇਗਾ ਜਿੱਥੇ ਜੀਵਨ ਪਣਪ ਸਕਿਆ ਹੈ। ਹੋ ਸਕਦਾ ਹੈ ਕਿ ਕਿਸੇ ਹੋਰ ਗ੍ਰਹਿ 'ਤੇ ਵੀ ਜੀਵਨ ਹੋਵੇ ਅਤੇ ਸ਼ਾਇਦ ਸਾਡੇ ਵਰਗਾ ਹੀ ਹੋਵੇ।
ਹੋ ਸਕਦਾ ਹੈ ਕਿ ਕਿਸੇ ਦਿਨ ਅਸੀਂ ਏਲੀਅਨਜ਼ ਨੂੰ ਖੋਜ ਸਕੀਏ ਜਾਂ ਫਿਰ ਸ਼ਾਇਦ ਉਹ ਸਾਨੂੰ ਪਹਿਲਾਂ ਲੱਭ ਲੈਣ।
ਪ੍ਰੋਡਿਊਸ- ਮਾਨਸ਼ੀ ਦਾਸ਼
ਇਹ ਵੀ ਪੜ੍ਹੋ:
ਇਹ ਵੀ ਦੇਖੋ: