You’re viewing a text-only version of this website that uses less data. View the main version of the website including all images and videos.
ਇੱਕ ਭੈਣ ਜਿਸ ਨੇ ਆਪਣੀ ਪੜ੍ਹਾਈ ਛੱਡ ਕੇ ਮਤਰੇਏ ਭੈਣ-ਭਰਾ ਨੂੰ ਪਾਲਣ ਦਾ ਜ਼ਿੰਮਾ ਚੁੱਕਿਆ
- ਲੇਖਕ, ਸਾਰਾਹ ਮੈਕਡਰਮੌਂਟ
- ਰੋਲ, ਬੀਬੀਸੀ ਨਿਊਜ਼
ਜਦੋਂ ਜੈਮਾ ਬੇਰੇ ਦਾ ਪਰਿਵਾਰ ਇੱਕ ਸੰਕਟ ਵਿੱਚੋਂ ਲੰਘ ਰਿਹਾ ਸੀ ਤਾਂ ਉਨ੍ਹਾਂ ਨੇ ਇੱਕ ਅਜਿਹਾ ਫ਼ੈਸਲਾ ਲਿਆ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਦਾ ਰੁੱਖ ਬਦਲ ਦਿੱਤਾ।
ਉਹ ਉਮਰ ਜਦੋਂ ਲੋਕ ਆਪਣੇ ਰਿਸ਼ਤਿਆਂ ਅਤੇ ਪੇਸ਼ੇਵਰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਜੂਝ ਰਹੇ ਹੁੰਦੇ ਹਨ ਤਾਂ ਜੈਮਾ ਦੇ ਜੀਵਨ ਦਾ ਕੇਂਦਰ ਉਨ੍ਹਾਂ ਦੇ ਦੋ ਮਤਰੇਏ ਭੈਣ-ਭਰਾ ਸਨ।
ਜੈਮਾ ਦੇ ਬਚਪਨ ਵਿੱਚ ਕੁਝ ਵੀ ਆਮ ਬੱਚਿਆਂ ਵਰਗਾ ਨਹੀਂ ਸੀ।
"ਮੇਰੇ ਯਾਦ ਹੈ ਮੇਰਾ ਜ਼ਿਆਦਾਤਰ ਸਮਾਂ ਸਲੀਪਬੈਗਾਂ ਵਿੱਚ ਪੈ ਕੇ ਤਾਰਿਆਂ ਨੂੰ ਦੇਖਦੀ ਦਾ ਬੀਤਦਾ ਸੀ।"
ਆਪਣੀ ਨੀਲੀ ਅਤੇ ਸਫ਼ੈਦ ਲੈਂਡ ਰੋਵਰ ਗੱਡੀ ਵਿੱਚ ਪਰਿਵਾਰ ਨੇ ਬਾਲੀ ਤੋਂ ਸ਼ੁਰੂ ਕਰਕੇ ਮਲੇਸ਼ੀਆ ਤੋਂ ਥਾਈਲੈਂਡ ਹੁੰਦੇ ਹੋਏ ਯੂਰਪ ਦੇ ਬਹੁਤ ਵੱਡੇ ਹਿੱਸੇ ਦੀ ਸੈਰ ਕੀਤੀ ਸੀ।
"ਮੇਰੀ ਮਾਂ ਵਾਕਈ ਇੱਕ ਅਜ਼ਾਦ ਆਤਮਾ ਸੀ। ਉਨ੍ਹਾਂ ਨੇ ਸੋਚਿਆ ਕਿ ਇਹ ਕਿੰਨਾ ਵਧੀਆ ਹੋਵੇ ਜੇ ਮੇਰੀ ਮੁਢਲੀ ਸਿੱਖਿਆ ਸਫ਼ਰ ਦੌਰਾਨ ਨਵੇਂ-ਨਵੇਂ ਲੋਕਾਂ ਨੂੰ ਮਿਲਦਿਆਂ ਹੋਵੇ।"
ਦਸ ਸਾਲਾਂ ਦੀ ਉਮਰ ਤੱਕ ਜਾਂਦਿਆਂ ਜੈਮਾ ਕਈ ਜ਼ੁਬਾਨਾਂ ਬੋਲ ਸਕਦੇ ਸਨ। ਜਦੋਂ ਜੈਮਾ ਗਿਆਰਾਂ ਸਾਲ ਦੇ ਸਨ ਪਰਿਵਾਰ ਤੁਰਕੀ ਦੇ ਮੈਡਿਟਰੇਨੀਅਨ ਤੱਟ 'ਤੇ ਇੱਕ ਕਿਸ਼ਤੀ ਵਿੱਚ ਸੀ।
ਮਾਂ ਦੇ ਜੀਵਨ ਵਿੱਚ ਨਵੇਂ ਸਾਥੀ ਦਾ ਆਉਣਾ
ਇਸ ਦੌਰਾਨ ਜਦੋਂ ਜੈਮਾ ਦੀ ਮਾਂ ਦਾ ਆਪਣੇ ਸਾਥੀ ਨਾਲੋਂ ਤੋੜ-ਵਿਛੋੜਾ ਹੋਇਆ ਤਾਂ ਜੈਮਾ ਅਤੇ ਚਾਰ ਸਾਲਾ ਕੈਲਵਿਨ (ਜੈਮਾ ਦਾ ਭਰਾ) ਆਪਣੀ ਮਾਂ ਨਾਲ ਬ੍ਰਿਟੇਨ ਦੇ ਵੇਲਜ਼ ਦੇ ਪੋਵਾਇਸ ਵਿੱਚ ਵਾਪਸ ਆਏ।
"ਮੈਨੂੰ ਲਗਦਾ ਹੈ ਕਿ ਮੇਰੀ ਮਾਂ ਨੂੰ ਇੱਕ ਬੱਚਿਆਂ, ਕੁੱਤਿਆਂ ਅਤੇ ਗੁਲਾਬਾਂ ਨਾਲ ਭਰੇ ਘਰ ਦਾ ਖ਼ਿਆਲ ਬਹੁਤ ਪਸੰਦ ਸੀ। ਉਹ ਅਤੇ ਮੇਰੀ ਆਇਆ ਬਹੁਤ ਨਜ਼ਦੀਕ ਸਨ ਇਸ ਲਈ ਅਸੀਂ ਬਰੈਕਨ ਵਾਪਸ ਪਰਤ ਆਏ।"
ਜੈਮਾ ਹਾਈ ਸਕੂਲ ਵਿੱਚ ਪੜ੍ਹ ਰਹੇ ਸਨ ਤਾਂ ਉਨ੍ਹਾਂ ਦੀ ਮਾਂ ਜੇਨ ਨੂੰ ਇੱਕ ਨਵਾਂ ਸਾਥੀ ਮਿਲ ਗਿਆ ਜੋ ਕਿ ਸ਼ੈਕੀ ਦੇ ਨਾਮ ਦਾ ਇੱਕ ਰਾਜ ਮਿਸਤਰੀ ਸੀ।
ਸ਼ੈਕੀ ਤੋਂ ਜੈਨਾ ਦੀ ਮਾਂ ਨੇ ਦੋ ਬੱਚਿਆਂ ਇੱਕ ਪੁੱਤਰ ਐਲਿਕਸ ਅਤੇ ਇੱਕ ਧੀ ਬਿਲੀ ਨੂੰ ਜਨਮ ਦਿੱਤਾ। ਇਹ ਬੱਚੇ ਜੈਨਾ ਤੋਂ 14-15 ਸਾਲ ਛੋਟੇ ਸਨ।
"ਸ਼ੈਕੀ ਬਹੁਤ ਦਿਲਕਸ਼ ਸੀ। ਮੈਨੂੰ ਲਗਦਾ ਹੈ ਉਹ ਵਾਕਈ ਇੱਕ ਦੂਜੇ ਨਾਲ ਪਿਆਰ ਕਰਦੇ ਸਨ। (ਪਰ) ਉਹ ਸ਼ਰਾਬ ਬਹੁਤ ਪੀਂਦੇ ਸਨ।"
ਭੈਣ-ਭਰਾਵਾਂ ਦੀ ਸਾਂਭ ਕਿੱਥੋਂ ਸ਼ੁਰੂ ਹੋਈ
ਸ਼ੈਕੀ ਨੂੰ ਕੰਮ ਤੋਂ ਬਾਅਦ ਇੱਕ ਪੈਗ ਲਗਾਉਣਾ ਪਸੰਦ ਸੀ ਅਤੇ ਕਈ ਵਾਰ ਕਈ ਪੈਗ। ਉਨ੍ਹਾਂ ਨੂੰ ਦੇਰੀ ਹੋ ਜਾਂਦੀ ਤਾਂ ਜੇਨ ਨੂੰ ਫਿਕਰ ਹੁੰਦੀ ਅਤੇ ਉਹ ਫ਼ੋਨ ਮਿਲਾਉਣ ਦੀ ਕੋਸ਼ਿਸ਼ ਕਰਦੀ। ਫਿਰ ਜਾਂ ਤਾਂ ਸਿਗਨਲ ਨਹੀਂ ਸੀ ਹੁੰਦਾ ਜਾਂ ਫਿਰ ਉਹ (ਸ਼ੈਕੀ) ਕੋਈ ਜਵਾਬ ਨਾ ਦਿੰਦੇ।
ਫਿਰ ਜੈਮਾ ਨੂੰ ਤਿੰਨ ਬੱਚਿਆਂ ਦੀ ਨਿਗਰਾਨੀ ਦਾ ਜ਼ਿੰਮਾ ਦੇ ਕੇ ਜੇਨ ਕਾਰ ਚੁੱਕ ਕੇ ਸ਼ੈਕੀ ਨੂੰ ਲੱਭਣ ਨਿਕਲ ਜਾਂਦੇ।
ਜੈਮਾ ਦਾ ਕਹਿਣਾ ਹੈ, "ਮੈਨੂੰ ਨਹੀਂ ਪਤਾ ਹੁੰਦਾ ਸੀ ਕਿ ਉਹ ਕਦੋਂ ਵਾਪਸ ਆਉਣਗੇ।"
ਫਿਰ ਜਦੋਂ ਜੇਨ ਨੇ ਵੀ ਬਹੁਤ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਤਾਂ ਹਾਲਤ ਵਿਗੜਨੇ ਸ਼ੁਰੂ ਹੋ ਗਏ।
ਜੈਨਾ ਦੱਸਦੇ ਹਨ, ਇੱਕ ਦਿਨ, "ਜਦੋਂ ਮੈਂ ਸਕੂਲੋਂ ਵਾਪਸ ਆਈ ਤਾਂ ਆਮ ਤੌਰ 'ਤੇ ਜੋ ਕੰਮ ਕੀਤੇ ਗਏ ਹੁੰਦੇ ਸਨ ਜਿਉਂ ਦੇ ਤਿਉਂ ਪਏ ਸਨ। ਨਾਸ਼ਤੇ ਤੋਂ ਬਾਅਦ ਰਸੋਈ ਸਾਫ਼ ਨਹੀਂ ਕੀਤੀ ਗਈ ਸੀ। ਕੰਮ ਸਾਰਾ ਦਿਨ ਉਸੇ ਤਰ੍ਹਾਂ ਪਿਆ ਰਿਹਾ।"
ਸਾਲ 2001 ਵਿੱਚ ਜੈਮਾ ਏ-ਲੈਵਲ ਦੀ ਪੜ੍ਹਾਈ ਕਰ ਰਹੇ ਸਨ ਕਿ ਜੇਨ ਅਤੇ ਸ਼ੈਕੀ ਨੇ ਸਪੇਨ ਦੇ ਐਂਡਾਲੂਸੀਆ ਜਾ ਕੇ ਵਸਣ ਦਾ ਫ਼ੈਸਲਾ ਕੀਤਾ।
ਸ਼ੈਕੀ ਦੀ ਸ਼ਰਾਬ ਪੀਣ ਦੀ ਆਦਤ ਕਾਰਨ ਪਰਿਵਾਰ ਵਿੱਚ ਵਿੱਤੀ ਸੰਕਟ ਚੱਲ ਰਿਹਾ ਸੀ ਅਤੇ ਜਿੱਥੇ ਉਹ ਜਾਣਾ ਚਾਹ ਰਹੇ ਸਨ ਉੱਥੇ ਰਾਜ-ਮਿਸਤਰੀਆਂ ਦੀ ਬਹੁਤ ਮੰਗ ਸੀ।
"ਮੈਨੂੰ ਲਗਦਾ ਹੈ ਕਿ ਇਸ ਨਾਲ ਇੱਕ ਨਵੀਂ ਸ਼ੁਰੂਆਤ ਹੋਈ। ਸ਼ੁਰੂ ਦੇ ਕੁਝ ਮਹੀਨੇ ਬੜੇ ਸਕਾਰਾਤਮਕ ਰਹੇ ਸਨ।"
ਜੈਮਾ ਪਿੱਛੇ ਵੇਲਜ਼ ਵਿੱਚ ਹੀ ਆਪਣੀ ਆਇਆ ਨਾਲ ਰਹਿ ਰਹੇ ਸਨ। ਜੇਨ ਨੂੰ ਲੱਗ ਰਿਹਾ ਸੀ ਕਿ ਇਮਤਿਹਾਨਾਂ ਤੋਂ ਬਾਅਦ ਉਹ ਵੀ ਸਪੇਨ ਚਲੇ ਜਾਣਗੇ।
ਮਾਂ ਦੀ ਸੜਕ ਹਾਦਸੇ ਵਿੱਚ ਮੌਤ
ਕੈਵਲਿਨ ਨੂੰ ਉਸਦੇ ਪਿਤਾ ਲੈ ਗਏ ਸਨ। ਇਸੇ ਦੌਰਾਨ ਇੱਕ ਮਨਹੂਸ ਖ਼ਬਰ ਆਈ ਕਿ ਜੇਨ ਨਾਲ ਇੱਕ ਸੜਕ ਹਾਦਸਾ ਹੋ ਗਿਆ ਹੈ।
ਆਪਣੀ ਮਾਂ ਬਾਰੇ ਜਾਨਣ ਲਈ ਜੈਮਾ ਨੇ ਸ਼ੈਕੀ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ।
ਏ-ਲੈਵਲ ਦੌਰਾਨ ਸਿੱਖੀ ਸਪੈਨਿਸ਼ ਸਦਕਾ ਜੈਨਾ ਨੇ ਸਪੇਨ ਦੇ ਹਸਤਾਲਾਂ ਵਿੱਚ ਫ਼ੋਨ ਕਰਕੇ ਆਪਣੀ ਮਾਂ ਦੀ ਭਾਲ ਸ਼ੁਰੂ ਕੀਤੀ।
ਆਖ਼ਰਕਾਰ ਜੈਨਾ ਦੀ ਸ਼ੈਕੀ ਨਾਲ ਗੱਲ ਹੋਈ ਜਿਸ ਨੇ ਦੱਸਿਆ ਕਿ ਜੇਨ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰੀ ਸੀ ਅਤੇ ਹਾਦਸੇ ਤੋਂ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ।
''ਮੈਂ ਬਿਲਕੁਲ ਗੁੰਮ ਹੋ ਗਈ ਸੀ। ਜਿਵੇਂ ਮੈਂ ਸਮੁੰਦਰ ਵਿੱਚ ਹੋਵਾਂ ਅਤੇ ਨਾ ਹੀ ਮੇਰੇ ਕੋਲ ਕੋਈ ਲੰਗਰ ਹੋਵੇ ਅਤੇ ਨਾ ਹੀ ਕੰਪਾਸ।''
ਇਹ ਵੀ ਪੜ੍ਹੋ
ਬਰੈਕਨਵਿੱਚ ਜੇਨ ਦੀਆਂ ਅੰਤਿਮ ਰਸਮਾਂ ਤੋਂ ਬਾਅਦ ਸ਼ੈਕੀ ਐਲਿਕਸ ਅਤੇ ਬਿਲੀ ਨੂੰ ਨਾਲ ਵਾਪਸ ਸਪੇਨ ਲੈ ਗਏ।
''ਇਸ ਨੇ ਕਈ ਲੋਕਾਂ ਨੂੰ ਹੈਰਾਨ ਕੀਤਾ। ਮੈਨੂੰ ਲਗਦਾ ਹੈ ਕਿ ਉਨ੍ਹਾਂ ਨੇ ਅਜਿਹਾ ਇਸ ਲਈ ਵੀ ਕੀਤਾ ਕਿਉਂਕਿ ਮੇਰੀ ਮਾਂ ਉੱਥੇ ਖ਼ੁਸ਼ ਸੀ।''
ਜੈਮਾ ਅਜੇ ਵੀ ਉਨ੍ਹਾਂ ਕੋਲ ਸਪੇਨ ਜਾਣਾ ਚਾਹੁੰਦੇ ਸਨ ਪਰ ਇਮਤਿਹਾਨ ਦੇ ਨਤੀਜੇ ਵਧੀਆ ਆਏ ਸਨ ਅਤੇ ਹੁਣ ਉਨ੍ਹਾਂ ਕੋਲ ਹੋਰ ਵੀ ਬਦਲ ਸਨ।
"ਮੈਂ ਯੂਨੀਵਰਸਿਟੀ ਜਾਣ ਦਾ ਫ਼ੈਸਲਾ ਕੀਤਾ। ਜੋ ਸ਼ਾਇਦ ਮੇਰੀ ਮਾਂ ਦੀ ਵੀ ਇੱਛਾ ਹੁੰਦੀ।"
ਹਰ ਛੁੱਟੀ ਤੇ ਜੈਮਾ ਸਸਤੀ ਤੋਂ ਸਸਤੀ ਫਲਾਈਟ ਰਾਹੀਂ ਸਪੇਨ ਪਹੁੰਚ ਜਾਂਦੇ। ਉਨ੍ਹਾਂ ਦੇ ਯੂਨੀਵਰਸਿਟੀ ਦੇ ਦੋਸਤਾਂ ਨੂੰ ਲਗਦਾ ਕਿ ਉਹ ਬਹੁਤ ਆਲੀਸ਼ਾਨ ਜ਼ਿੰਦਗੀ ਜਿਉਂ ਰਹੇ ਹਨ।
ਜਦਕਿ ਜੈਮਾ ਦੱਸਦੇ ਹਨ, "ਅਜਿਹਾ ਨਹੀਂ ਸੀ।"
ਸਪੇਨ ਵਿੱਚ ਕਿਵੇਂ ਰਹਿ ਰਿਹਾ ਸੀ ਪਰਿਵਾਰ
ਸ਼ੈਕੀ ਅਤੇ ਬੱਚੇ ਇੱਕ ਛੋਟੀ ਬਿਰਾਦਰੀ ਵਿੱਚ ਰਹਿ ਰਹੇ ਸਨ ਜੋ ਕਿ ਆਪਸ ਵਿੱਚ ਬਹੁਤ ਨਿੱਘੀ ਤਰ੍ਹਾਂ ਜੁੜੀ ਹੋਈ ਸੀ।
ਇੱਥੇ ਸ਼ੈਕੀ ਨੂੰ ਹਰ ਕੋਈ ਜਾਣਦਾ ਸੀ, ਕਿਉਂਕਿ ਉਹ ਹਮੇਸ਼ਾ ਸ਼ਾਰਬ ਪੀ ਕੇ ਪਏ ਰਹਿੰਦੇ ਸਨ।
ਜਦੋਂ ਜੈਮਾ ਉੱਥੇ ਪਹੁੰਚੇ ਤਾਂ ਸਪਸ਼ਟ ਸੀ ਕਿ ਸ਼ੈਕੀ ਤੋਂ ਗੁਜ਼ਾਰਾ ਨਹੀਂ ਚੱਲ ਰਿਹਾ ਸੀ।
ਜਦੋਂ ਵੀ ਉਹ ਕੋਈ ਕੰਮ ਕਰਦੇ ਤਾਂ ਸਾਰੀ ਕਮਾਈ ਸ਼ਰਾਬ ਵਿੱਚ ਵਹਾ ਦਿੰਦੇ ਸਨ। ਜਾਂ ਕਈ-ਕਈ ਦਿਨ ਕੰਮ ਤੋਂ ਗਾਇਬ ਰਹਿੰਦੇ ਸਨ।
ਬੁਰੀ ਤਰ੍ਹਾਂ ਸ਼ਰਾਬ ਦੇ ਆਦੀ ਹੋਣ ਦੇ ਬਾਵਜੂਦ ਮਦਦ ਲੈਣ ਲਈ ਤਿਆਰ ਨਹੀਂ ਸਨ।
"ਜਦੋਂ ਵੀ ਮੈਂ ਉੱਥੇ ਜਾਂਦੀ ਤਾਂ ਸਾਡੀ ਇਸ ਬਾਰੇ ਬਹਿਸ ਹੁੰਦੀ ਸੀ ਪਰ ਉਨ੍ਹਾਂ ਨੇ ਕਦੇ ਨਹੀਂ ਮੰਨਿਆ ਕਿ ਉਨ੍ਹਾਂ ਨੂੰ ਕੋਈ ਦਿੱਕਤ ਸੀ- ਉਹ ਹਮੇਸ਼ਾ ਇਨਕਾਰੀ ਰਹੇ।"
"ਮੈਨੂੰ ਲਗਦਾ ਹੈ ਕਿ ਸ਼ੈਕੀ ਨੂੰ ਲਗਦਾ ਸੀ ਕਿ ਸਭ ਤੋਂ ਮੁਸ਼ਕਲ ਹਾਲਾਤ ਵਿੱਚ ਜੋ ਸਭ ਤੋਂ ਵਧੀਆ ਕਰ ਸਕਦੇ ਸਨ, ਉਹ ਕਰ ਰਹੇ ਸਨ। ਪਰ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਬੱਚਿਆਂ ਨਾਲ ਨਹੀਂ ਸਗੋਂ ਸ਼ਰਾਬਖਾਨੇ ਵਿੱਚ ਬੀਤਦਾ ਸੀ।"
ਇਸ ਸਮੇਂ ਦੌਰਾਨ ਜਦੋਂ ਜੈਮਾ ਯੂਨੀਵਰਸਿਟੀ ਵਿੱਚ ਸੀ ਤਾਂ ਸ਼ੈਕੀ ਨੇ ਇੱਕ ਮਾਰੀਸਾ ਨਾਮ ਦੀ ਇੱਕ ਨਵੀਂ ਨੈਨੀ ਰੱਖ ਲਈ ਸੀ, ਜੋ ਬੱਚਿਆਂ ਨੂੰ ਸੰਭਾਲਣ ਵਿੱਚ ਉਨ੍ਹਾਂ ਦੀ ਮਦਦ ਕਰਦੀ ਸੀ।
ਉਹ ਉਨ੍ਹਾਂ ਨੂੰ ਸਕੂਲ ਭੇਜਦੀ। ਉਹ ਵਾਕਈ ਬੱਚਿਆਂ ਨੂੰ ਪਿਆਰ ਕਰਦੀ ਸੀ।
ਬੱਚਿਆਂ ਨੂੰ ਪ੍ਰਸ਼ਾਸਨ ਨੇ ਕਸਟਡੀ ਵਿੱਚ ਲਿਆ
ਪਰ ਮਰੀਸਾ ਦੀ ਮਾਂ ਨੂੰ ਅਚਾਨਕ ਖ਼ਬਰ ਮਿਲੀ ਕਿ ਉਸਦੀ ਮਾਂ ਬੀਮਾਰੀ ਸੀ ਅਤੇ ਉਸ ਨੂੰ ਵਾਪਸ ਆਪਣੇ ਦੇਸ਼ ਅਰਜਨਟੀਨਾ ਪਰਤਣਾ ਪਿਆ।
ਕੁਝ ਹਫ਼ਤਿਆਂ ਬਾਅਦ ਜੈਮਾ ਨੂੰ ਫ਼ੋਨ ਰਾਹੀਂ ਇਤਲਾਹ ਮਿਲੀ ਕਿ ਐਲਿਕਸ ਅਤੇ ਬਿਲੀ ਨੂੰ ਪ੍ਰਸ਼ਾਸਨ ਨੇ ਆਪਣੀ ਸੰਭਾਲ ਵਿੱਚ ਲੈ ਲਿਆ ਹੈ।
"ਮੇਰਾ ਦਿਲ ਟੁੱਟ ਗਿਆ ਪਰ ਮੈਨੂੰ ਕੋਈ ਹੈਰਾਨੀ ਨਹੀਂ ਹੋਈ।"
ਇਹ ਵੀ ਪੜ੍ਹੋ:
ਜੈਮਾ ਤੁਰੰਤ ਸਪੇਨ ਪਹੁੰਚੇ। ਉੱਥੇ ਜਾ ਕੇ ਜੈਮਾ ਨੂੰ ਪਤਾ ਲੱਗਿਆ ਕਿ ਜੇ, ਸ਼ੈਕੀ ਨੇ ਬੱਚੇ ਵਾਪਸ ਲੈਣੇ ਸਨ ਤਾਂ ਉਨ੍ਹਾਂ ਨੂੰ ਘੱਟੋ-ਘੱਟ ਤਿੰਨ ਮਹੀਨੇ ਸੋਫ਼ੀ ਰਹਿਣਾ ਪਵੇਗਾ ਅਤੇ ਘੱਟੋ-ਘੱਟ ਇਸ ਅਰਸੇ ਦੌਰਾਨ ਕੰਮ ਉੱਪਰ ਰਹਿ ਕੇ ਕੋਈ ਘਰ ਵੀ ਲੈਣਾ ਹੋਵੇਗਾ।
ਜਦੋਂ ਬੱਚੇ ਪ੍ਰਸ਼ਾਸਨ ਲੈ ਗਿਆ ਤਾਂ ਸ਼ੈਕੀ ਕਿਰਾਏ ਵਿੱਚ ਵੀ ਪਿਛੜ ਗਏ ਅਤੇ ਘਰ ਵੀ ਗੁਆ ਲਿਆ।
ਜੈਮਾ ਨੇ ਸ਼ੈਕੀ ਦੀ ਘਰ ਅਤੇ ਕੰਮ ਤਲਾਸ਼ਣ ਵਿੱਚ ਤਾਂ ਮਦਦ ਕੀਤੀ ਪਰ ਉਹ ਉਨ੍ਹਾਂ ਨੂੰ ਸ਼ਰਾਬ ਤੋਂ ਦੂਰ ਨਾ ਰੱਖ ਸਕੇ।
"ਮੈਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਪਤਾ ਸੀ ਕਿ ਉਹ ਸ਼ਰਾਬੀ ਹਨ ਪਰ ਉਨ੍ਹਾਂ ਨੇ ਕਦੇ ਮੰਨਿਆਂ ਨਹੀਂ। ਉਨ੍ਹਾਂ ਤੋਂ ਰਿਹਾ ਹੀ ਨਹੀਂ ਜਾਂਦਾ ਸੀ।"
'ਮੈਂ ਧਿਆਨ ਰੱਖਾਂਗੀ- ਤੁਸੀਂ ਮੈਨੂੰ ਫਾਰਮ ਭੇਜੋ'
ਤਿੰਨ ਮਹੀਨਿਆਂ ਬਾਅਦ ਪ੍ਰਸ਼ਾਸਨ ਨੇ ਜੈਮਾ ਨੂੰ ਦੱਸਿਆ ਕਿ ਜੇ ਪਰਿਵਾਰ ਵਿੱਚੋਂ ਕੋਈ ਬੱਚਿਆਂ ਦੀ ਦੇਖਭਾਲ ਨਹੀਂ ਕਰ ਸਕਦਾ ਤਾਂ ਉਨ੍ਹਾਂ ਨੂੰ ਗੋਦ ਲੈਣ ਲਈ ਦੇ ਦਿੱਤਾ ਜਾਵੇਗਾ।
ਇਸ ਦੀ ਵੀ ਕੋਈ ਗਰੰਟੀ ਨਹੀਂ ਸੀ ਕਿ ਉਨ੍ਹਾਂ ਨੂੰ ਇਕੱਠਿਆਂ ਰੱਖਿਆ ਜਾਵੇਗਾ ਜਾਂ ਉਨ੍ਹਾਂ ਨੂੰ ਕੋਈ ਅੰਗਰੇਜ਼ੀ ਬੋਲਣ ਵਾਲਾ ਪਰਿਵਾਰ ਮਿਲੇਗਾ। ਇਸ ਤੋਂ ਵੀ ਵਧ ਕੇ ਕੋਈ ਨਹੀਂ ਕਹਿ ਸਕਦਾ ਸੀ ਕਿ ਉਸ ਤੋਂ ਬਾਅਦ ਜੈਮਾ ਉਨ੍ਹਾਂ ਨੂੰ ਮਿਲ ਵੀ ਸਕਣਗੇ ਜਾਂ ਨਹੀਂ।
"ਮੈਂ ਆਪਣੇ ਆਪ ਨੂੰ ਕਹਿੰਦਿਆਂ ਸੁਣਿਆਂ- ਠੀਕ ਹੈ ਫਿਰ ਮੈਂ ਉਨ੍ਹਾਂ ਦਾ ਧਿਆਨ ਰੱਖਾਂਗੀ- ਤੁਸੀਂ ਮੈਨੂੰ ਫਾਰਮ ਭੇਜ ਦਿਓ।"
ਜੈਨਾ ਨੇ ਫ਼ੋਨ ਰੱਖਿਆ ਅਤੇ ਸੋਚਿਆ ਕਿ ਇਹ ਉਨ੍ਹਾਂ ਨੇ ਕੀ ਕਰ ਲਿਆ ਸੀ।
"ਇਸ ਲਈ ਨਹੀਂ ਕਿ ਇਹ ਠੀਕ ਫ਼ੈਸਲਾ ਸੀ ਜਾਂ ਨਹੀਂ ਸਗੋਂ ਇਸ ਲਈ ਕਿ ਕੀ ਉਹ ਅਜਿਹਾ ਕਰਨ ਲਈ ਠੀਕ ਵਿਅਕਤੀ ਸਨ।"
ਉਨ੍ਹਾਂ ਨੇ ਦੱਸਿਆ, "ਮੈਨੂੰ ਡਰ ਸੀ ਕਿ ਉਨ੍ਹਾਂ ਨੂੰ ਉਸ ਜ਼ਬਾਨ ਅਤੇ ਸੱਭਿਆਚਾਰ ਤੋਂ ਦੂਰ ਕਰ ਦਿੱਤਾ ਜਾਵੇਗਾ ਜਿਸ ਨੂੰ ਉਹ ਜਾਣਦੇ ਸਨ।... ਜੋ ਲੋਕ ਗੋਦ ਲੈਂਦੇ ਹਨ ਅਕਸਰ ਉਨ੍ਹਾਂ ਕੋਲ ਬਹੁਤ ਸਾਰਾ ਪੈਸਾ, ਵਧੀਆ ਘਰ ਅਤੇ ਜ਼ਿੰਦਗੀ ਹੁੰਦੀ ਹੈ,...ਮੇਰੇ ਕੋਲ ਤਾਂ ਕੁਝ ਵੀ ਨਹੀਂ ਸੀ।"
ਜੈਮਾ ਦੇ ਪਰਿਵਾਰ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਗਰੈਜੂਏਸ਼ਨ ਕਰਨ ਤੋਂ ਛੇ ਮਹੀਨਿਆਂ ਦੇ ਅੰਦਰ ਹੀ ਉਨ੍ਹਾਂ ਨੇ ਕੀ ਜ਼ਿੰਮੇਵਾਰੀ ਚੁੱਕ ਲਈ ਸੀ।
"ਉਹ ਸਭ ਸ਼ੈਕੀ ਉੱਪਰ ਬਹੁਤ ਗੁੱਸੇ ਸਨ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਨੂੰ ਉਸ ਦੀ ਖੜ੍ਹੀ ਕੀਤੀ ਸਮੱਸਿਆ ਸੁਲਝਾਉਣ ਲਈ ਆਪਣੀ ਜ਼ਿੰਦਗੀ ਕਿਉਂ ਖੂਹ ਵਿੱਚ ਸੁੱਟਣੀ ਪੈ ਰਹੀ ਸੀ।"
ਜੈਮਾ ਦੀ ਉਮਰ ਉਸ ਸਮੇਂ 23 ਸਾਲਾਂ ਦੀ ਸੀ ਅਤੇ ਹਰ ਕਿਸੇ ਨੂੰ ਫ਼ਿਕਰ ਸੀ ਕਿ ਉਹ ਨਹੀਂ ਜਾਣਦੇ ਕਿ ਉਹ ਕੀ ਕਰਨ ਜਾ ਰਹੇ ਸਨ।
ਬੱਚਿਆਂ ਲਈ ਜੋੜਿਆ ਘਰ
ਗੋਦ ਲੈਣ ਦੀ ਰਸਮੀ ਪ੍ਰਕਿਰਿਆ ਬਹੁਤ ਲੰਬੀ ਅਤੇ ਗੁੰਝਲਦਾਰ ਸੀ। 18 ਮਹੀਨਿਆਂ ਦੇ ਇਸ ਅਰਸੇ ਦੌਰਾਨ ਜਦੋਂ ਇਹ ਫ਼ੈਸਲਾ ਲਿਆ ਜਾ ਰਿਹਾ ਸੀ ਤਾਂ ਜੈਮਾ ਨੂੰ ਵਾਰ-ਵਾਰ ਚੇਤਾਇਆ ਗਿਆ ਕਿ ਉਨ੍ਹਾਂ ਨੂੰ ਬੱਚਿਆਂ ਦੀ ਕਸਟਡੀ ਮਿਲਣ ਦੀ ਸੰਭਾਵਨਾ ਬਹੁਤ ਘੱਟ ਸੀ।
"ਮੈਨੂੰ ਦੱਸਿਆ ਜਾ ਰਿਹਾ ਸੀ ਕਿ ਮੈਨੂੰ ਉਨ੍ਹਾਂ ਦੀ ਕਸਟਡੀ ਇਸ ਲਈ ਨਹੀਂ ਮਿਲ ਸਕਦੀ ਕਿਉਂਕਿ ਮੇਰੇ ਕੋਲ ਘਰ ਨਹੀਂ ਸੀ, ਜਾਂ ਮੇਰੇ ਕੋਲ ਇਹ ਨਹੀਂ ਸੀ ਜਾਂ ਉਹ ਨਹੀਂ ਸੀ।"
ਜੈਮਾ ਬਰੈਕਨ ਵਾਪਸ ਆ ਗਏ, ਉਨ੍ਹਾਂ ਨੂੰ ਲੱਗਿਆ ਕਿ ਬੱਚਿਆਂ ਦੀ ਕਸਟਡੀ ਮਿਲਣ ਦੀ ਸੂਰਤ ਵਿੱਚ ਇਹੀ ਸਭ ਤੋਂ ਵਧਾਈ ਥਾਂ ਸੀ।
ਜੈਮਾ ਦਾ ਕਹਿਣਾ ਸੀ ਕਿ ਇਸੇ ਦੌਰਾਨ ਪਿੱਛੇ ਸਪੇਨ ਵਿੱਚ ਐਲਿਕਸ ਅਤੇ ਬਿਲੀ ਨੂੰ ਇੱਕ ਬੇਹੱਦ ਸਖ਼ਤ ਅਨੁਸ਼ਾਸਨ ਵਾਲੇ ਆਸ਼ਰਮ ਵਿੱਚ ਪਾ ਦਿੱਤਾ ਗਿਆ ਸੀ।
ਇਹ ਇੱਕ ਕੈਥੋਲਿਕ ਅਨਾਥ ਆਸ਼ਰਮ ਸੀ।
ਜੈਨਾ ਅਜੇ ਉਨ੍ਹਾਂ ਨੂੰ ਨਹੀਂ ਦੱਸ ਸਕਦੇ ਸਨ ਕਿ ਉਹ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
"ਮੈਂ ਉਨ੍ਹਾਂ ਦੀ ਉਮੀਦ ਨਹੀਂ ਜਗਾਉਣਾ ਚਾਹੁੰਦੀ ਸੀ। ਉਸ ਸਮੇਂ ਤੱਕ ਤਾਂ ਉਨ੍ਹਾਂ ਨੇ ਪੁੱਛਣਾ ਵੀ ਬੰਦ ਕਰ ਦਿੱਤਾ ਸੀ ਕਿ ਉਹ ਕਦੇ ਘਰੇ ਜਾਣਗੇ ਵੀ ਜਾਂ ਨਹੀਂ।"
ਆਖ਼ਰਕਾਰ ਇੱਕ ਦਿਨ ਜੈਮਾ ਨੂੰ ਮਾਮਲਾ ਦੇਖ ਰਹੇ ਵਕੀਲ ਨੇ ਫ਼ੌਨ ਕਰਕੇ ਦੱਸਿਆ ਕਿ ਉਹ ਜਦੋਂ ਚਾਹੁਣ ਬੱਚਿਆਂ ਨੂੰ ਸਪੇਨ ਤੋਂ ਲਿਆ ਸਕਦੇ ਹਨ।
"ਮੈਂ ਬਿਆਨ ਨਹੀਂ ਕਰ ਸਕਦੀ ਜੋ ਮੈਂ ਮਹਿਸੂਸ ਕੀਤਾ। ਇਹ ਸਕੂਨ ਸੀ, ਉਤੇਜਨਾ ਸੀ ਜਾਂ ਡਰ ਜਾਂ ਸ਼ਾਇਦ ਇਨ੍ਹਾਂ ਸਾਰਿਆਂ ਤੋਂ ਉੱਪਰ ਕੁਝ ਹੋਰ।"
ਕੁਝ ਦਿਨਾਂ ਵਿੱਚ ਹੀ ਜੈਮਾ ਨੇ ਇੱਕ ਨਵੇਂ ਘਰ ਦਾ ਜੁਗਾੜ ਕੀਤਾ ਅਤੇ ਇੱਕ ਕਰੈਡਿਟ ਕਾਰਡ ਦੀ ਵਰਤੋਂ ਨਾਲ ਉਸ ਵਿੱਚ ਸਮਾਨ ਪਾਇਆ।
ਇਹ ਉਹੀ ਕਰੈਡਿਟ ਕਾਰਡ ਸੀ ਜਿਸ ਬਾਰੇ ਜੇਨ ਕਿਹਾ ਕਰਦੇ ਸਨ ਕਿ ਸਿਰਫ਼ ਅਣਸਰਦੇ ਵਿੱਚ ਹੀ ਇਸ ਦੀ ਵਰਤੋਂ ਕਰਨੀ।
ਜੈਮਾ ਦੇ ਸਪੇਨ ਜਾਣ ਅਤੇ ਉੱਥੋਂ ਬੱਚਿਆਂ ਨਾਲ ਵਾਪਸੀ ਦੀਆਂ ਹਵਾਈ ਜਹਾਜ਼ ਦੀਆਂ ਟਿਕਟਾਂ ਵੀ ਉਸੇ ਕਾਰਡ ਨਾਲ਼ ਖ਼ਰੀਦੀਆਂ ਗਈਆਂ।
ਬੱਚਿਆਂ ਨੂੰ ਅਜੇ ਵੀ ਕੋਈ ਇਲਮ ਨਹੀਂ ਸੀ ਕਿ ਕੀ ਹੋਣ ਜਾ ਰਿਹਾ ਸੀ।
ਚੌਵੀ ਸਾਲ ਅਤੇ ਅਚਾਨਕ ਦੋ ਬੱਚਿਆਂ ਦੇ ਗਾਰਡੀਆਨ
ਜੈਮਾ ਦੇ ਦੱਸੇ ਮੁਤਾਬਕ, "ਉਹ ਬਹੁਤ ਖ਼ੁਸ਼ ਸਨ। ਇਹ ਅਦਭੁਤ ਸੀ, ਪਰ ਮੈਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਵੀ ਯਕੀਨ ਨਹੀਂ ਆ ਰਿਹਾ ਸੀ। ਉਨ੍ਹਾਂ ਨੂੰ ਹੁਣ ਤੱਕ ਕਈ ਵਾਰ ਨਿਰਾਸ਼ ਹੋਣਾ ਪਿਆ ਸੀ।"
ਜੈਮਾ ਹੁਣ ਚੌਵੀ ਸਾਲ ਦੇ ਹੋ ਚੁੱਕੇ ਸਨ ਅਤੇ ਅਚਾਨਕ ਦੋ ਬੱਚਿਆਂ ਦੇ ਗਾਰਡੀਆਨ ਸਨ, ਜਿਨ੍ਹਾਂ ਦੀ ਉਮਰ ਅੱਠ ਅਤੇ ਨੌਂ ਸਾਲ ਦੀ ਸੀ।
ਵਿੱਤੀ ਹਾਲਤ ਚੰਗੀ ਨਹੀਂ ਸੀ, ਜੈਮਾ ਕੰਮ ਤੇ ਨਹੀਂ ਜਾ ਸਕਦੇ ਸਨ ਨਾ ਹੀ ਉਹ ਚਾਈਲਡ ਕੇਅਰ ਦਾ ਖ਼ਰਚਾ ਚੁੱਕ ਸਕਦੇ ਸਨ।
ਅਜੇ ਤੱਕ ਕਾਨੂੰਨੀ ਤੌਰ 'ਤੇ ਵੀ ਉਹ ਐਲਿਕਸ ਅਤੇ ਬਿਲੀ ਦੇ ਕਾਨੂੰਨੀ ਗਾਰਡੀਅਨ ਨਹੀਂ ਬਣੇ ਸਨ ਇਸ ਲਈ ਕਈ ਸਹੂਲਤਾਂ ਵੀ ਉਨ੍ਹਾਂ ਨੂੰ ਨਹੀਂ ਮਿਲ ਰਹੀਆਂ ਸਨ।
ਜੈਮਾ ਦੱਸਦੇ ਹਨ ਕਿ ਉਹ ਬਹੁਤ ਖ਼ੁਸ਼ਗਵਾਰ ਸਮਾਂ ਸੀ ਪਰ ਬਹੁਤ ਗ਼ਰੀਬੀ ਦਾ ਵੀ ਸਮਾਂ ਸੀ।
ਸ਼ੁਰੂ ਵਿੱਚ ਐਲਿਕਸ ਤੇ ਬਿਲੀ ਇੱਕ ਦੂਜੇ ਨਾਲ ਗੂੰਦ ਵਾਂਗ ਚਿਪਕੇ ਰਹਿੰਦੇ ਸਨ।
"ਸੁਖਦ ਸਮਾਂ ਉਦੋਂ ਆਇਆ ਜਦੋਂ ਉਨ੍ਹਾਂ ਵਿੱਚ ਬਹਿਸ ਹੋਣੀ ਸ਼ੁਰੂ ਹੋ ਗਈ। ਉਨ੍ਹਾਂ ਨੇ ਪਹਿਲਾਂ ਕਦੇ ਇੰਨਾ ਸਮਾਂ ਇਕੱਠਿਆਂ ਨਹੀਂ ਬਿਤਾਇਆ ਸੀ। ਇਸ ਲਈ ਇਹ ਸਕਾਰਾਤਮਿਕ ਸੀ ਕਿ ਉਹ ਸੁਤੰਤਰ ਰੂਪ ਵਿੱਚ ਵਿਕਾਸ ਕਰ ਰਹੇ ਸਨ।"
ਉਹ ਆਪਣੀ ਜ਼ਿਆਦਾਤਰ ਅੰਗਰੇਜ਼ੀ ਭੁੱਲ ਚੁੱਕੇ ਸਨ। ਜੈਮਾ ਨੇ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਦੇ ਦੂਜੀ ਭਾਸ਼ਾ ਵਜੋਂ ਅਧਿਆਪਨ ਨੂੰ ਚੁਣਿਆ ਹੋਇਆ ਸੀ।
ਇਹ ਵੀ ਪੜ੍ਹੋ:
- Valentine's Day: ਇੱਕ ਹੀ ਆਦਮੀ ਨਾਲ ਪਿਆਰ ਕਰਨ ਵਾਲੀਆਂ ਦੋ ਵੱਖ-ਵੱਖ ਮਜ਼ਹਬ ਦੀਆਂ ਔਰਤਾਂ ਦੀ ਕਹਾਣੀ
- ਮੇਰਾ ਪਿਓ 'ਇੱਕ ਕਾਤਲ': 'ਮੈਨੂੰ ਨੰਗਾ ਕਰਕੇ ਲੋਹੇ ਦੇ ਬੈੱਡ ਨਾਲ ਬੰਨ੍ਹ ਦਿੱਤਾ ਅਤੇ ਬਿਜਲੀ ਦੇ ਝਟਕੇ ਦਿੱਤੇ'
- ਫੇਸਬੁੱਕ 'ਤੇ ਸਪਰਮ ਡੋਨਰ ਦੀ ਭਾਲ ਕਰਨ ਵਾਲੀਆਂ ਔਰਤਾਂ ਦੀ ਕਹਾਣੀ
- ਮੁਸਲਮਾਨ ਕੁੜੀ ਤੇ ਹਿੰਦੂ ਮੁੰਡੇ ਦੇ ਪਿਆਰ ਦੀ ਦਾਸਤਾਨ ਜਿਸ ਨੂੰ ਏਡਜ਼ ਵੀ ਨਹੀਂ ਰੋਕ ਸਕੀ
ਉਹ ਕੋਰ ਇਸ ਸਥਿਤੀ ਵਿੱਚ ਬਹੁਤ ਲਾਹੇਵੰਦ ਸਾਬਤ ਹੋਇਆ।
ਜੈਮਾ ਨੇ ਅੰਗਰੇਜ਼ੀ ਅਤੇ ਸਪੈਨਿਸ਼ਨ ਭਾਸ਼ਾ ਵਿੱਚ ਘਰ ਦੀਆਂ ਸਾਰੀਆਂ ਚੀਜ਼ਾਂ ਉੱਪਰ ਨਾਂਵ ਲਿਖ ਕੇ ਲਗਾਏ ਤਾਂ ਜੋ ਬੱਚਿਆਂ ਨੂੰ ਨਾਮ ਯਾਦ ਰੱਖਣ ਵਿੱਚ ਮਦਦ ਮਿਲ ਸਕੇ।
"ਕੁਝ ਹਫ਼ਤਿਆਂ ਬਾਅਦ ਬੱਚਿਆਂ ਨੇ ਕਿਹਾ ਕਿ ਜੈਮਾ ਹੁਣ ਅਸੀਂ ਸਪੈਨਿਸ਼ ਨਹੀਂ ਬੋਲਦੇ ਅਤੇ ਅਸੀਂ ਅੰਗਰੇਜ਼ੀ ਹੀ ਬੋਲ ਰਹੇ ਹਾਂ।"
ਆਖ਼ਰ ਬੱਚਿਆਂ ਦੀ ਕਾਨੂੰਨੀ ਮਾਂ ਬਣ ਗਏ
ਬੱਚੇ ਪਾਲਣਾ ਵਾਕਈ ਬਹੁਤ ਮਿਹਨਤ ਵਾਲਾ ਕੰਮ ਹੈ।
"ਮੈਂ ਕਈ ਵਾਰ ਸੋਚਦੀ ਸਿ ਕੀ ਮੇਰੀ ਮਾਂ ਇੱਥੇ ਹੁੰਦੀ ਕਿਉਂ ਕਿ ਮੇਰੇ ਯਾਦ ਸੀ ਕਿ ਉਹ ਕਿਵੇਂ ਸਾਰਾ ਕੁਝ ਸੰਭਾਲਦੇ ਸਨ।"
ਜੈਮਾ ਨੂੰ ਸਪੈਸ਼ਲ ਗਾਰਡੀਅਨਸ਼ਿਪ ਮਿਲਦਿਆਂ ਲਗਭਗ ਇੱਕ ਸਾਲ ਦਾ ਸਮਾਂ ਲੱਗ ਗਿਆ। ਇਸ ਤੋਂ ਬਾਅਦ ਜੈਮਾ ਬੱਚਿਆਂ ਦੀ ਕਾਨੂੰਨੀ ਮਾਂ ਬਣ ਗਏ ਸਨ।
ਇਸ ਨਾਲ ਐਲਿਕਸ ਅਤੇ ਬਿਲੀ ਦੀ ਜ਼ਿੰਦਗੀ ਵਿੱਚ ਵੱਡੀ ਤਬਦੀਲੀ ਆਉਣੀ ਸੀ, ਜਿਨ੍ਹਾਂ ਨੂੰ ਹੁਣ ਤੱਕ ਇੱਕ ਤੋਂ ਦੂਜੀ ਥਾਂ ਪਰਵਾਸ ਕਰਦੇ ਰਹਿਣ ਦੀ ਆਦਤ ਸੀ। ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਹੁਣ ਉਹ ਜੈਮਾ ਨਾਲ ਰਹਿ ਸਕਣਗੇ।
ਜੈਮਾ ਅਜੇ ਆਪਣੇ ਲਈ ਤਾਂ ਕਿਸੇ ਰਿਸ਼ਤੇ ਵਿੱਚ ਪੈਣ ਬਾਰੇ ਸੋਚ ਵੀ ਨਹੀਂ ਸਕੇ ਸਨ।
"ਜਦੋਂ ਤੱਕ ਬੱਚੇ 16 ਸਾਲਾਂ ਦੇ ਨਹੀਂ ਹੋ ਗਏ ਸਨ ਉਸ ਸਮੇਂ ਤੱਕ ਤਾਂ ਮੈਂ ਡੇਟਿੰਗ ਬਾਰੇ ਸੋਚਿਆ ਵੀ ਨਹੀਂ ਸੀ।"
ਆਖ਼ਰ ਜੈਮਾ ਨੂੰ ਬਰੈਕਨ ਬੀਕਨਸ ਨੈਸ਼ਨਲ ਪਾਰਕ ਅਥਾਰਟੀ ਵਿੱਚ ਨੌਕਰੀ ਮਿਲੀ ਪਰ ਜੈਮਾ ਨੂੰ ਬਹੁਤ ਮਿਹਨਤ ਕਰਨੀ ਪੈ ਰਹੀ ਸੀ।
ਮੈਂ ਜ਼ਿਆਦਾ ਦੇਰ ਕੰਮ ਕਰਦੀ ਸੀ ਅਤੇ ਥੱਕ ਜਾਂਦੀ ਸੀ ਜਾਂ ਮੈਂ ਬੱਚਿਆਂ ਨੂੰ ਉਨ੍ਹਾਂ ਦਾ ਬਣਦਾ ਸਮਾਂ ਨਹੀਂ ਦੇ ਸਕਦੀ ਸੀ ਤਾਂ ਮੈਨੂੰ ਬਹੁਤ ਬੁਰਾ ਲਗਦਾ ਸੀ।
ਜੈਮਾ ਕਹਿੰਦੇ ਹਨ ਕਿ ਇਹ ਸ਼ੁੱਧ ਮਾਵਾਂ ਵਾਲੀ ਦੋਸ਼-ਭਾਵਨਾ ਸੀ।
"ਮੈਂ ਪੂਰੀ ਸੁਚੇਤ ਸੀ ਕਿ ਮੈਨੂੰ ਉਨ੍ਹਾਂ ਨੂੰ ਇੱਥੇ ਲਿਆਉਣ ਲਈ ਕਿੰਨੀ ਤਿੱਖੀ ਲੜਾਈ ਲੜਨੀ ਪੈ ਰਹੀ ਸੀ।"
ਸ਼ੈਕੀ ਵੀ ਬ੍ਰਿਟੇਨ ਵਾਪਸ ਆਏ ਸਨ। ਉਹ ਇੱਕ ਬੇਘਰਿਆਂ ਦੇ ਆਸਰਾ-ਗ੍ਰਹਿ ਵਿੱਚ ਰਹਿ ਰਹੇ ਸਨ ਜਦੋਂ ਸਾਲ 2017 ਵਿੱਚ ਜੈਮਾ ਦੀ ਉਨ੍ਹਾਂ ਨਾਲ ਮੁਲਾਕਾਤ ਹੋਈ।
"ਉਨ੍ਹਾਂ ਦੀ ਸਾਰੀ ਚਮਕ ਅਤੇ ਸ਼ਰਾਰਤਾਂ ਗੁਆਚ ਗਈਆਂ ਸਨ। ਮੈਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਕਈ ਪਛਤਾਵੇ ਸਨ।"
"ਫਿਰ ਵੀ ਮੈਂ ਬੱਚਿਆਂ ਨੂੰ ਦਸਦੀ ਹਾਂ ਕਿ ਉਨ੍ਹਾਂ ਦੇ ਪਿਤਾ ਕੋਈ ਬੁਰੇ ਵਿਅਕਤੀ ਨਹੀਂ ਸਨ, ਪਰ ਉਹ ਬਹੁਤ ਬੀਮਾਰ ਸਨ।"
ਦੁਨੀਆਂ ਦੇਖਣ ਦੀ ਲਲਕ
ਸ਼ੈਕੀ ਦੀ ਸਾਲ 2018 ਵਿੱਚ ਬਹੁਤ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ।
ਹੁਣ ਐਲਿਕਸ ਅਤੇ ਬਿਲੀ ਉਸੇ ਉਮਰ ਦੇ ਹੋ ਚੁੱਕੇ ਸਨ ਜਿਸ ਉਮਰ ਵਿੱਚ ਜੈਮਾ ਨੇ ਉਨ੍ਹਾਂ ਨੂੰ ਗੋਦ ਲਿਆ ਸੀ। ਜੈਮਾ ਦੇ ਸਮਝ ਆ ਰਹੀ ਹੈ ਕਿ ਕਿਉਂ ਕੁਝ ਲੋਕ ਕਹਿ ਰਹੇ ਸਨ ਕਿ ਉਹ ਗ਼ਲਤੀ ਕਰ ਰਹੇ ਸਨ।
ਜੈਮਾ ਪਰ ਹਾਲਾਤ ਤੋਂ ਖ਼ੁਸ਼ ਹਨ ਤੇ ਜਿਸ ਤਰ੍ਹਾਂ ਇਹ ਸਮਾਂ ਬੀਤਿਆ।
"ਉਨ੍ਹਾਂ ਨੇ ਬਹੁਤ ਕੁਝ ਝੱਲਿਆ ਹੈ। ਉਹ ਬਿਲਕੁਲ ਇੱਕ ਵੱਖਰੀ ਦਿਸ਼ਾ ਵਿੱਚ ਜਾ ਸਕਦੇ ਸਨ। ਪਰ ਹੁਣ ਉਹ ਬਹੁਤ ਪਿਆਰੇ ਹਨ, ਵਧੀਆ ਇਨਸਾਨ ਹਨ।"
ਦੋਵਾਂ ਨੂੰ ਦੁਨੀਆਂ ਦੇਖਣ ਦੀ ਲਲਕ ਆਪਣੀ ਮਾਂ ਤੋਂ ਵਿਰਾਸਤ ਵਿੱਚ ਮਿਲੀ ਹੈ।
ਏ-ਲੈਵਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੈਮਾ ਨੇ ਇੱਕ ਸਾਲ ਤੱਕ ਨਿਊਜ਼ੀਲੈਂਡ ਦਾ ਭਰਮਣ ਕੀਤਾ ਅਤੇ ਫਿਰ ਕੈਨੇਡਾ ਵਿੱਚ ਇੱਕ ਸਨੋਬੋਰਡਿੰਗ ਇੰਸਟਰਕਟਰ ਵਜੋਂ ਕੰਮ ਕੀਤਾ।
ਬਿਲੀ ਅਤੇ ਐਲਿਕਸ ਕਾਲਜ ਵਿੱਚ ਸਫ਼ਰ ਅਤੇ ਸੈਰ-ਸਪਾਟੇ ਦੀ ਪੜ੍ਹਾਈ ਕਰ ਰਹੇ ਹਨ।
ਸਮੇਂ ਦੇ ਬੀਤਣ ਨਾਲ ਜੈਮਾ ਵੀ ਬੱਚਿਆਂ ਦੇ ਮਾਂ ਘੱਟ ਅਤੇ ਭੈਣ ਵਧੇਰੇ ਮਹਿਸੂਸ ਕਰਨ ਲੱਗੇ ਹਨ।
"ਮੈਂ ਇੱਕ ਵੱਡੀ ਭੈਣ ਵਾਂਗ ਹਾਂ ਜਿਸ ਕੋਲ ਜ਼ਿਆਦਾ ਸ਼ਕਤੀਆਂ ਹਨ।"
ਅਜਨਬੀਆਂ ਦੀ ਹੈਰਾਨਗੀ
ਦੂਜਾ ਬਦਲਾਅ ਇਹ ਆਇਆ ਹੈ ਕਿ ਹੁਣ ਅਜਨਬੀ ਲੋਕ ਉਨ੍ਹਾਂ ਨੂੰ ਮਿਲ ਕੇ ਹੈਰਾਨ ਨਹੀਂ ਹੁੰਦੇ।
ਜਦੋਂ ਇਹ ਛੋਟੇ ਸਨ- ਜਾਂ ਜਦੋਂ ਮੈਂ ਛੋਟੀ ਸੀ ਤਾਂ ਲੋਕ ਪੁੱਛਦੇ ਸਨ ਕਿ ਮੈਂ ਕਿੰਨੀ ਵੱਡੀ ਹਾਂ ਅਤੇ ਬੱਚੇ ਕਿੱਡੇ ਵੱਡੇ ਹਨ। "ਮੈਂ ਦੇਖਦੀ ਕਿ ਲੋਕ ਆਪਣੇ ਦਿਮਾਗ ਵਿੱਚ ਜਮ੍ਹਾਂ-ਜੋੜ ਕਰ ਰਹੇ ਹੁੰਦੇ ਸਨ ਅਤੇ ਭਰਵੱਟੇ ਚੜ੍ਹਾ ਰਹੇ ਹੁੰਦੇ ਸਨ।"
*ਜੈਮਾ ਨੇ ਇਹ ਗੱਲਬਾਤ ਜੇਨ ਗਾਰਵੀ ਨਾਲ ਬੀਬੀਸੀ ਰੇਡੀਓ-4 ਦੇ ਇੱਕ ਪ੍ਰੋਗਰਾਮ ਲਾਈਫ਼ ਚੇਂਜਿੰਗ ਆਨ ਬੀਬੀਸੀ ਰੇਡੀਓ-4 ਲਈ ਕੀਤੀ।
ਇਹ ਵੀ ਪੜ੍ਹੋ:
ਜੈਮਾ ਕਹਿੰਦੇ ਹਨ, "ਕਈ ਵਾਰ ਮੈਂ ਉਨ੍ਹਾਂ ਨੂੰ ਦੱਸ ਦਿੰਦੀ ਸੀ ਅਤੇ ਕਈ ਵਾਰ ਮੈਂ ਉਨ੍ਹਾਂ ਨੂੰ ਆਪਣੇ-ਆਪ 'ਤੇ ਛੱਡ ਦਿੰਦੀ ਸੀ।"
ਜੈਮਾ ਹੁਣ 38 ਸਾਲ ਦੇ ਹਨ। ਉਨ੍ਹਾਂ ਕੋਲ ਆਪਣਾ ਘਰ ਹੈ ਅਤੇ ਹੁਣ ਧੋਣ ਲਈ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਕੱਪੜੇ ਹੁੰਦੇ ਹਨ।
ਉਹ ਸੱਤ ਸਾਲਾਂ ਤੋਂ ਇੱਕ ਰਿਸ਼ਤੇ ਵਿੱਚ ਹਨ।
ਹਾਲਾਂਕਿ ਜੈਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਕਿ ਉਨ੍ਹਾਂ ਦੇ ਆਪਣੇ ਬੱਚੇ ਹੋਣ।
ਉਨ੍ਹਾਂ ਨੂੰ ਆਪਣੇ ਭੈਣ-ਭਰਾਵਾਂ ਦੀ ਪਰਵਰਿਸ਼ ਕਰਨ ਦਾ ਕੋਈ ਅਫ਼ਸੋਸ ਨਹੀਂ ਹੈ।
"ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਬਿਹਤਰੀਨ ਫ਼ੈਸਲਾ ਹੈ, ਜੋ ਮੈਂ ਕੀਤਾ ਹੈ।"
ਇਹ ਵੀ ਪੜ੍ਹੋ: