ਮਾਂ ਜਿਸ ਨੇ ਆਪਣੀਆਂ ਬੇਟੀਆਂ ਦੀ ਬਰਸੀ ਵਾਲੇ ਦਿਨ ਹੀ ਜੌੜੀਆਂ ਧੀਆਂ ਨੂੰ ਜਨਮ ਦਿੱਤਾ

ਭਾਗਿਆਲਕਸ਼ਮੀ ਦਾ ਘਰ ਵਿਸ਼ਾਖ਼ਾਪਟਨਮ ਵਿੱਚ ਹੈ, ਜਿੱਥੇ ਮਹਿਮਾਨਾਂ, ਗੁਆਂਢੀਆਂ ਤੇ ਪੱਤਰਕਾਰਾਂ ਦੀ ਚਹਿਲ-ਪਹਿਲ ਹੈ।

ਭਾਗਿਆਲਕਸ਼ਮੀ ਦੋ ਜੌੜੀਆਂ ਧੀਆਂ ਨੂੰ ਜਨਮ ਦੇਣ ਤੋਂ ਬਾਅਦ ਸੁਰਖੀਆਂ ਵਿੱਚ ਆਏ ਹਨ।

ਭਾਵੁਕ ਭਾਗਿਆਲਕਸ਼ਮੀ ਨੇ ਦੱਸਿਆ, ''ਮੈਨੂੰ ਯਕੀਨ ਹੈ ਕਿ ਮੇਰੇ ਬੱਚਿਆਂ ਦਾ ਪੁਨਰ ਜਨਮ ਹੋਇਆ ਹੈ। ਜੇ ਅਜਿਹਾ ਨਹੀਂ ਹੈ ਤਾਂ ਉਹ ਮੇਰੀਆਂ ਦੋ ਧੀਆਂ ਦੀ ਮੌਤ ਦੇ ਦਿਨ ਹੀ ਕਿਉਂ ਪੈਦਾ ਹੋਈਆਂ।''

ਭਾਗਿਆਲਕਸ਼ਮੀ ਨੇ 15 ਸਿਤੰਬਰ ਨੂੰ ਦੋ ਜੌੜੀਆਂ ਬੇਟੀਆਂ ਨੂੰ ਜਨਮ ਦਿੱਤਾ। ਉਹ ਵੀ ਉਸੇ ਦਿਨ ਜਿਸ ਦਿਨ ਦੋ ਸਾਲ ਪਹਿਲਾਂ ਇੱਕ ਕਿਸ਼ਤੀ ਹਾਦਸੇ ਵਿੱਚ ਉਨ੍ਹਾਂ ਦੀਆਂ ਦੋ ਵੱਡੀਆਂ ਬੇਟੀਆਂ ਦੀ ਮੌਤ ਹੋਈ ਸੀ।

ਉਨ੍ਹਾਂ ਦੀਆਂ ਮਰਹੂਮ ਬੇਟੀਆਂ ਦੀ ਉਮਰ ਉਸ ਸਮੇਂ ਤਿੰਨ ਅਤੇ ਡੇਢ ਸਾਲ ਸੀ। ਉਸ ਹਾਦਸੇ ਵਿੱਚ ਭਾਗਿਆਲਕਸ਼ਮੀ ਦੇ ਸਹੁਰਿਆਂ ਵਿੱਚੋਂ ਹੋਰ ਵੀ ਕੁਝ ਰਿਸ਼ਤੇਦਾਰਾਂ ਦੀ ਜਾਨ ਚਲੀ ਗਈ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ,''ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਮੇਰੀਆਂ ਬੇਟੀਆਂ ਦਾ ਜਨਮ ਅੱਠ ਵਜੇ ਰਾਤ ਨੂੰ ਹੋਇਆ, ਇਹ ਉਹੀ ਸਮਾਂ ਸੀ ਜਦੋਂ ਮੈਂ 15 ਸਿਤੰਬਰ 2019 ਨੂੰ ਆਪਣੀਆਂ ਧੀਆਂ ਦੀ ਮੌਤ ਦੀ ਖ਼ਬਰ ਸੁਣੀ ਸੀ।''

ਅਰਦਾਸਾਂ ਸੁਣੀਆਂ ਗਈਆਂ

ਪਰਿਵਾਰ ਨੂੰ ਉਮੀਦ ਹੈ ਕਿ ਬੇਟੀਆਂ ਦੇ ਜਨਮ ਨਾਲ ਉਨ੍ਹਾਂ ਨੂੰ ਮਰਹੂਮ ਧੀਆਂ ਦੇ ਘਾਟੇ ਵਿੱਚੋਂ ਉਭਰਨ ਵਿੱਚ ਮਦਦ ਮਿਲੇਗੀ।

ਭਾਗਿਆਲਕਸ਼ਮੀ ਨੇ ਕਿਹਾ, “ਮੈਨੂੰ ਲੱਗਿਆ ਕਿ ਰੱਬ ਨੇ ਮੇਰੀਆਂ ਅਰਦਾਸਾਂ ਸੁਣ ਲਈਆਂ ਅਤੇ ਮੈਨੂੰ ਮੇਰੀਆਂ ਬੱਚੀਆਂ ਮੋੜ ਦਿੱਤੀਆਂ ਹਨ।”

ਉਨ੍ਹਾਂ ਦੇ ਮਾਪੇ ਬਹੁਤ ਗ਼ਰੀਬ ਸਨ ਤੇ ਵਿਆਹ ਵੀ ਵਿਆਹ ਦੀ ਕਾਨੂੰਨੀ ਉਮਰ ਤੋਂ ਪਹਿਲਾਂ ਹੋ ਗਿਆ ਸੀ।

ਉਨ੍ਹਾਂ ਦੇ ਪਤੀ ਇੱਕ ਕੱਚ ਦੇ ਭਾਂਡੇ ਬਣਾਉਂਦੇ ਹਨ ਪਰ ਫਿਲਹਾਲ ਤਾਂ ਉਹ ਤੇ ਉਨ੍ਹਾਂ ਦੇ ਪਤੀ ਦਾ ਪੂਰਾ ਧਿਆਨ ਆਪਣੀਆਂ ਬੇਟੀਆਂ ਵੱਲ ਹੈ।

ਦੁਖਾਂਤ ਕਿਵੇਂ ਵਾਪਰਿਆ?

ਭਾਗਿਆਲਕਸ਼ਮੀ ਦੀਆਂ ਕੁੜੀਆਂ ਦੀ ਮੌਤ 15 ਸਿਤੰਬਰ 2019 ਨੂੰ ਇੱਕ ਭਦਰਾਚਲਮ ਮੰਦਰ ਦੀ ਤੀਰਥ ਯਾਤਰਾ ਦੌਰਾਨ ਹੋਈ ਸੀ।

ਉਨ੍ਹਾਂ ਦੀਆਂ ਬੇਟੀਆਂ ਆਪਣੇ ਦਾਦਕਿਆਂ ਨਾਲ ਯਾਤਰਾ ਤੇ ਗਏ ਸਨ ਜਦਕਿ ਮਾਤਾ ਪਿਤਾ ਘਰ ਹੀ ਰੁਕੇ ਸਨ।

ਇਸੇ ਦੌਰਾਨ ਭਾਗਿਆਲਕਸ਼ਮੀ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੀ ਕਿਸ਼ਤੀ ਡੁੱਬ ਗਈ ਹੈ ਅਤੇ ਉਨ੍ਹਾਂ ਨੇ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਪ੍ਰਮਾਤਮਾ ਨੇ ਮੇਰੀਆਂ ਦੁਆਵਾਂ ਸੁਣ ਲਈਆਂ। ਮੇਰੀ ਦੁਨੀਆਂ ਹਨੇਰੀ ਹੋ ਗਈ ਸੀ। ਮੈਂ ਧੁਰ ਅੰਦਰੋਂ ਹਿੱਲ ਗਈ ਸੀ।

ਇਹ ਵੀ ਪੜ੍ਹੋ:

ਭਾਗਿਆਲਕਸ਼ਮੀ ਯਾਦ ਕਰਦੇ ਹੋਏ ਦੱਸਦੇ ਹਨ ਕਿ ਉਸ ਹਾਦਸੇ ਵਿੱਚ 60 ਜਾਨਾਂ ਗਈਆਂ ਸਨ।

“ਦੁੱਖ ਅਸਹਿ ਸੀ। ਅਸੀਂ ਇੱਕ ਦੁਰਘਟਨਾ ਵਿੱਚ ਆਪਣੇ ਪਰਿਵਾਰ ਦੇ ਨੌਂ ਜੀਅ ਗੁਆ ਲਏ ਸਨ। ਤੁਸੀਂ ਅਜਿਹੇ ਦੁੱਖ ਨੂੰ ਕਿਵੇਂ ਸਹਾਰ ਸਕਦੇ ਹੋ?”

ਬਾਕੀ ਪਰਿਵਾਰ ਵਿੱਚ ਵੀ ਸੋਗ ਦਾ ਮਾਹੌਲ ਹੋਣ ਕਾਰਨ ਭਾਗਿਆਲਕਸ਼ਮੀ ਨੂੰ ਪਰਿਵਾਰ ਵੱਲੋਂ ਕੋਈ ਮਦਦ ਨਾ ਮਿਲ ਸਕੀ।

''ਮੈਥੋਂ ਖਾਣਾ ਵੀ ਨਹੀਂ ਸੀ ਖਾਧਾ ਜਾਂਦਾ। ਮੈਂ ਅਕਸਰ ਉਨ੍ਹਾਂ ਬਾਰੇ ਸੋਚਦੀ ਰਹਿੰਦੀ ਸੀ। ਜਦੋਂ ਵੀ ਮੈਂ ਅੱਖਾਂ ਬੰਦ ਕਰਦੀ ਤਾਂ ਮੈਨੂੰ ਮੇਰੇ ਪਰਿਵਾਰ ਵਾਲੇ ਅਤੇ ਬੇਟੀਆਂ ਯਾਦ ਆਉਂਦੀਆਂ ਸਨ।

ਮੈਂ ਚੁੱਪ ਹੋ ਗਈ ਸੀ ਅਤੇ ਮੇਰਾ ਘਰ ਵਿੱਚ ਵੀ ਸੁੰਨ ਹੋ ਗਈ ਸੀ।”

ਪਰਿਵਾਰ ਆਪਣੇ ਰੋਜ਼ਾਨਾ ਦੇ ਰੁਝੇਵਿਆਂ ਵਿੱਚ ਵਾਪਸ ਰੁੱਝ ਗਿਆ।

ਮਦਦ

ਭਾਗਿਆਲਕਸ਼ਮੀ ਦੀ ਦੂਜੀ ਬੇਟੀ ਦੇ ਜਨਮ ਤੋਂ ਬਾਅਦ ਟਿਊਬਕਟਮੀ ਹੋਈ ਸੀ। ਉਨ੍ਹਾਂ ਨੂੰ ਲਗਦਾ ਸੀ ਕਿ ਹੁਣ ਉਨ੍ਹਾਂ ਦੇ ਸ਼ਾਇਦ ਕਦੇ ਬੱਚੇ ਨਹੀਂ ਹੋ ਸਕਣਗੇ।

ਭਾਗਿਆਲਕਸ਼ਮੀ ਦੇ ਸਹੁਰਿਆਂ ਨੇ ਜੋੜੇ ਨੂੰ ਡਾਕਟਰ ਨੂੰ ਮਿਲਣ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਨੇ ਡਾ. ਪਦਮਾਸਰੀ ਨਾਲ ਮੁਲਾਕਾਤ ਕੀਤੀ।

ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਆਈਵੀਐੱਫ਼ ਤਕਨੀਕ ਉਨ੍ਹਾਂ ਦੀ ਇਸ ਵਿੱਚ ਮਦਦ ਕਰ ਸਕਦੀ ਹੈ।

ਡਾ਼ ਪਦਮਾਸਰੀ ਯਾਦ ਕਰਦੇ ਹੋਏ ਦੱਸਦੇ ਹਨ ਕਿ ''ਭਾਗਿਆਲਕਸ਼ਮੀ ਕਿੰਨੇ ਉਦਾਸ ਰਹਿੰਦੀ ਸੀ।''

“ਭਾਗਿਆਲਕਸ਼ਮੀ ਬਹੁਤ ਜਵਾਨ ਸਨ ਅਤੇ ਮੈਨੂੰ ਭਰੋਸਾ ਸੀ ਕਿ ਆਈਵੀਐੱਫ਼ ਰਾਹੀਂ ਉਹ ਮੁੜ ਮਾਂ ਬਣ ਸਕਦੀ ਹੈ।”

ਡਾ਼ ਪਦਮਾਸਰੀ ਦੇ ਇਨ੍ਹਾਂ ਬੋਲਾਂ ਨਾਲ ਜੋੜੇ ਨੂੰ ਬਹੁਤ ਹੌਂਸਲਾ ਮਿਲਿਆ।

ਹਾਲਾਂਕਿ ਭਾਗਿਆਲਕਸ਼ਮੀ ਦੇ ਪਤੀ ਦੀ ਦਿਹਾੜੀ ਬਹੁਤ ਘੱਟ ਹੈ ਪਰ ਫਿਰ ਵੀ ਉਨ੍ਹਾਂ ਨੇ ਕਿਵੇਂ ਨਾ ਕਿਵੇਂ ਇਲਾਜ ਦਾ ਖ਼ਰਚਾ ਚੁੱਕ ਹੀ ਲਿਆ।

ਡਾ਼ ਪਦਮਾਸਰੀ ਦਾ ਕਹਿਣਾ ਹੈ ਕਿ ਫਰਵਰੀ ਵਿੱਚ ਇਲਾਜ ਸ਼ੁਰੂ ਹੋਇਆ ਅਤੇ ਇੱਕ ਮਹੀਨੇ ਬਾਅਦ ਭਾਗਿਆਲਕਸ਼ਮੀ ਗਰਭਵਤੀ ਹੋ ਗਈ।

ਬੱਚੀਆਂ ਦਾ ਸਮੇਂ ਤੋਂ ਪਹਿਲਾਂ ਜਨਮ

ਭਾਗਿਆਲਕਸ਼ਮੀ ਦਾ ਗਰਭ ਕੋਰੋਨਾਵਾਇਰਸ ਦੀ ਦੂਜੀ ਭਿਆਨਕ ਲਹਿਰ ਦੌਰਾਨ ਠਹਿਰਿਆ ਸੀ। ਮਾਂ ਨੂੰ ਇਹ ਪੂਰਾ ਸਮਾਂ ਆਪਣੇ ਘਰ ਵਿੱਚ ਰਹਿ ਕੇ ਬਿਤਾਉਣਾ ਪਿਆ।

ਉਨ੍ਹਾਂ ਦਾ ਕਹਿਣਾ ਹੈ,''ਮੇਰਾ ਜਣੇਪਾ 20 ਅਕਤੂਬਰ ਨੂੰ ਹੋਣ ਦੀ ਉਮੀਦ ਸੀ ਪਰ 15 ਸਿਤੰਬਰ ਨੂੰ ਮੇਰੇ ਦਰਦਾਂ ਸ਼ੁਰੂ ਹੋ ਗਈਆਂ ਅਤੇ ਦੁਪਹਿਰ ਤੱਕ ਮੇਰੀ ਹਾਲਤ ਖ਼ਰਾਬ ਹੋ ਗਈ।''

ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੂੰ ਅਪੂਰਨ ਤੌਰ ’ਤੇ ਵਿਕਸਿਤ ਬੱਚੀਆਂ ਦੀ ਸਿਹਤ ਦੀ ਚਿੰਤਾ ਸੀ। ਫਿਰ ਵੀ ਉਨ੍ਹਾਂ ਨੇ ਵੱਡਾ ਅਪਰੇਸ਼ਨ ਕੀਤਾ।

ਭਾਗਿਆਲਕਸ਼ਮੀ ਆਪਣੀਆਂ ਦੋਵਾਂ ਧੀਆਂ ਨੂੰ ਦੇਖ ਕੇ ਹੱਦੋਂ ਜ਼ਿਆਦਾ ਖੁਸ਼ ਸੀ।

''ਮੈਨੂੰ ਨਹੀਂ ਸੀ ਪਤਾ ਕਿ ਦੋਵੇਂ ਕੁੜੀਆਂ ਹਨ। ਇਹ ਮੇਰੇ ਹੱਥਾਂ ਵਿੱਚ ਨਹੀਂ ਹੈ। ਕੀ ਇਹ ਹੈਰਾਨੀਜਨਕ ਨਹੀਂ ਹੈ ਕਿ ਮੈਂ ਦੋ ਬੇਟੀਆਂ ਗਵਾਈਆਂ ਅਤੇ ਉਹ ਮੈਨੂੰ ਉਸੇ ਦਿਨ ਵਾਪਸ ਮਿਲ ਗਈਆਂ।''

ਪਰਿਵਾਰ ਬੱਚੀਆਂ ਦੇ ਨਾਲ ਵਾਪਸ ਆਪਣੇ ਘਰ ਆ ਗਿਆ ਹੈ। ਹਾਲਾਂਕਿ ਡਾਕਟਰ ਦਾ ਕਹਿਣਾ ਹੈ ਕਿ ਬੱਚੀਆਂ ਦਾ ਘੱਟ ਭਾਰ ਚਿੰਤਾ ਦੀ ਇੱਕ ਵਜ੍ਹਾ ਹੈ।

ਭਾਗਿਆਲਕਸ਼ਮੀ ਦਾ ਕਹਿਣਾ ਹੈ ਕਿ ਜੌੜੀਆਂ ਬੇਟੀਆਂ ਦੀ ਸ਼ਕਲ ਉਸ ਦੀਆਂ ਮਰਹੂਮ ਬੱਚੀਆਂ ਨਾਲ ਬਹੁਤ ਮਿਲਦੀ ਹੈ।

''ਮੈਂ ਆਪਣੀਆਂ ਧੀਆਂ ਦੇ ਕੱਪੜੇ, ਚੂੜੀਆਂ ਅਤੇ ਗਹਿਣੇ ਮੈਂ ਬੜੇ ਧਿਆਨ ਨਾਲ ਸੰਭਾਲ ਰੱਖੇ ਹਨ। ਹੁਣ ਮੈਂ ਉਹ ਇਨ੍ਹਾਂ ਨੂੰ ਪਹਿਨਾਵਾਂਗੀ।''

ਭਾਗਿਆਲਕਸ਼ਮੀ ਦੇ ਘਰ ਰੌਣਕਾਂ ਇੱਕ ਵਾਰ ਫਿਰ ਮੁੜ ਆਈਆਂ ਹਨ।

ਮਾਪਿਆਂ ਨੇ ਇਨ੍ਹਾਂ ਕੁੜੀਆਂ ਦੇ ਨਾਮ ਆਪਣੀਆਂ ਮਰ ਚੁੱਕੀਆਂ ਧੀਆਂ ਵਾਲੇ ਹੀ ਰੱਖੇ ਹਨ। ਗੀਤਾ ਅਤੇ ਅਨਨਿਆ ਰੱਖੇ ਹਨ।

''ਮੈਂ ਬਸ ਉਨ੍ਹਾਂ ਨੂੰ ਖ਼ੁਸ਼ੀ ਅਤੇ ਹੈਰਾਨਗੀ ਨਾਲ ਦੇਖਦੀ ਹਾਂ। ਮੈਂ ਉਨ੍ਹਾਂ ਨੂੰ ਵੱਡੀਆਂ ਹੁੰਦਿਆਂ ਦੇਖਾਂਗੀ। ਮੈਂ ਉਨ੍ਹਾਂ ਨੂੰ ਤੁਰਦਿਆਂ, ਗੱਲਾਂ ਕਰਦਿਆਂ, ਖੇਡਦਿਆਂ ਅਤੇ ਪੜ੍ਹਦਿਆਂ ਦੇਖਣਾ ਚਾਹੁੰਦੀ ਹਾਂ।''

''ਮੇਰੇ ਕੋਲ ਆਪਣੀ ਖ਼ੁਸ਼ੀ ਬਿਆਨ ਕਰਨ ਲਈ ਸ਼ਬਦ ਨਹੀਂ ਹਨ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)