ਗਰਭਪਾਤ ਦੇ ਕਾਨੂੰਨੀ ਹੋਣ ਜਾਂ ਨਾ ਹੋਣ ਬਾਰੇ ਦੇਸ਼-ਵਿਦੇਸ਼ ਦੀਆਂ ਔਰਤਾਂ ਕੀ ਸੋਚਦੀਆਂ ਹਨ

ਕੀ ਗਰਭਪਾਤ ਕਾਨੂੰਨੀ ਹੋਣਾ ਚਾਹੀਦਾ ਹੈ? ਇਹ ਇੱਕ ਅਜਿਹਾ ਪ੍ਰਸ਼ਨ ਹੈ ਜਿਸ 'ਤੇ ਦੁਨੀਆ ਭਰ ਵਿੱਚ ਬਹਿਸ ਜਾਰੀ ਹੈ।

ਯੂਐਸ ਦੇ ਟੈਕਸਸ ਸੂਬੇ ਵਿੱਚ, ਗਰਭ ਅਵਸਥਾ ਦੇ ਪਹਿਲੇ ਛੇ ਹਫਤਿਆਂ ਤੋਂ ਬਾਅਦ ਗਰਭਪਾਤ 'ਤੇ ਪਾਬੰਦੀ ਲਗਾਉਣ ਵਾਲਾ ਇੱਕ ਕਾਨੂੰਨ ਇਸ ਮਹੀਨੇ ਲਾਗੂ ਹੋਇਆ ਹੈ। ਦੂਜੇ ਪਾਸੇ, ਮੈਕਸੀਕੋ ਨੇ ਹਾਲ ਹੀ ਵਿੱਚ ਉੱਤਰੀ ਰਾਜ ਕੋਆਹੁਇਲਾ ਵਿੱਚ ਗਰਭਪਾਤ ਦੇ ਅਪਰਾਧੀਕਰਨ ਨੂੰ ਵੇਖਿਆ।

ਯੂਐਸ ਅਧਾਰਿਤ ਰਿਪ੍ਰੋਡਕਟਿਵ ਰਾਈਟਸ ਗਰੁੱਪ ਆਈਪੀਏਐਸ ਦੇ ਪ੍ਰਧਾਨ ਅਤੇ ਸੀਈਓ ਅਨੁ ਕੁਮਾਰ ਕਹਿੰਦੇ ਹਨ, "ਸੱਚਾਈ ਇਹ ਹੈ ਕਿ ਗਰਭਪਾਤ ਤੱਕ ਪਹੁੰਚ ਹੁਣ ਅਤੇ ਹਮੇਸ਼ਾਂ ਹੀ ਖਤਰਨਾਕ ਰਹੀ ਹੈ।"

ਪਰ ਉਹ ਮੰਨਦੇ ਹਨ ਕਿ ਚੀਜ਼ਾਂ ਸਹੀ ਦਿਸ਼ਾ ਵੱਲ ਵਧ ਰਹੀਆਂ ਹਨ। ਉਹ ਕਹਿੰਦੇ ਹਨ, "1994 ਤੋਂ ਲੈ ਕੇ ਹੁਣ ਤੱਕ, 40 ਤੋਂ ਵੱਧ ਦੇਸ਼ਾਂ ਨੇ ਆਪਣੇ ਗਰਭਪਾਤ ਕਾਨੂੰਨਾਂ ਨੂੰ ਉਦਾਰ ਬਣਾਇਆ ਹੈ।"

ਇਸ ਬਹਿਸ ਦੇ ਪਿੱਛੇ ਗਰਭਪਾਤ ਦੇ ਨਿੱਜੀ ਅਨੁਭਵ ਹਨ ਜੋ ਅਕਸਰ ਗੁਪਤ ਰੱਖੇ ਜਾਂਦੇ ਹਨ।

ਇਸ ਅੰਤਰਰਾਸ਼ਟਰੀ ਸੁਰੱਖਿਅਤ ਗਰਭਪਾਤ ਦਿਵਸ 'ਤੇ ਅਸੀਂ ਪੰਜ ਔਰਤਾਂ ਨੂੰ ਉਨ੍ਹਾਂ ਦੀਆਂ ਗਰਭਪਾਤ ਦੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਕਿਹਾ। ਇਹ ਔਰਤਾਂ ਦੁਨੀਆ ਦੇ ਵੱਖੋ-ਵੱਖਰੇ ਹਿੱਸਿਆਂ ਤੋਂ ਹਨ, ਅਤੇ ਕੁਝ ਨੇ ਅਗਿਆਤ ਰਹਿੰਦੇ ਹੋਏ ਆਪਣੀ ਕਹਾਣੀ ਦੱਸਣ ਦਾ ਫੈਸਲਾ ਕੀਤਾ।

'ਮੈਂ ਨਹੀਂ ਚਾਹੁੰਦੀ ਕਿ ਉਹ ਮੇਰੇ ਬੱਚੇ ਦਾ ਪਿਤਾ ਬਣੇ'

"ਮੈਨੂੰ ਤੁਰੰਤ ਪਤਾ ਲੱਗ ਗਿਆ ਸੀ ਕਿ ਮੈਂ ਨਹੀਂ ਚਾਹੁੰਦੀ ਕਿ ਇਹ ਵਿਅਕਤੀ ਮੇਰੇ ਬੱਚੇ ਦਾ ਪਿਤਾ ਬਣੇ" - ਸੈਂਡਰਾ, ਬੈਂਕਾਕ

ਸੈਂਡਰਾ (ਬਦਲਿਆ ਨਾਮ) ਨੇ ਗਰਭ ਅਵਸਥਾ ਦੇ ਅੱਠ ਹਫਤਿਆਂ ਵਿੱਚ ਆਪਣੇ ਸਰੀਰ ਵਿੱਚ ਆਉਂਦੀਆਂ ਤਬਦੀਲੀਆਂ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਇੱਕ ਟੈਸਟ ਕਰਵਾਇਆ ਅਤੇ ਇਹ ਰਿਪੋਰਟ ਪੌਜ਼ੀਟਿਵ ਆਈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਤੁਰੰਤ ਪਤਾ ਲੱਗ ਗਿਆ ਸੀ ਕਿ ਮੈਂ ਨਹੀਂ ਚਾਹੁੰਦੀ ਕਿ ਇਹ ਵਿਅਕਤੀ ਮੇਰੇ ਬੱਚੇ ਦਾ ਪਿਤਾ ਬਣੇ। ਉਹ ਇੱਕ "ਸੈਕਸ ਬਡੀ" ਸੀ ਅਤੇ ਮੇਰੇ ਅੱਗੇ ਇੱਕ ਲੰਮਾ ਕਰੀਅਰ ਸੀ।"

ਉਹ ਥਾਈਲੈਂਡ ਦੇ ਤਮਤਾਂਗ ਸਮੂਹ ਬਾਰੇ ਜਾਣਦੇ ਸਨ, ਜੋ ਸੁਰੱਖਿਅਤ ਗਰਭਪਾਤ ਲਈ ਸਥਾਨਕ ਜਾਣਕਾਰੀ ਪ੍ਰਦਾਨ ਕਰਦੇ ਸਨ, ਸੈਂਡਰਾ ਉਨ੍ਹਾਂ ਕੋਲ ਸਹਾਇਤਾ ਲਈ ਪਹੁੰਚ ਗਏ।

ਉਹ ਕਹਿੰਦੇ ਹਨ, "ਮੈਂ ਕਲੀਨਿਕ ਦਾ ਪਤਾ ਲਗਾਉਣ ਵਿੱਚ ਕਾਮਯਾਬ ਹੋ ਗਈ, ਪਰ ਪ੍ਰਕਿਰਿਆ ਪੂਰੀ ਹੋਣ ਤੋਂ ਇੱਕ ਰਾਤ ਪਹਿਲਾਂ ਮੈਂ ਬੇਚੈਨ ਮਹਿਸੂਸ ਕਰ ਰਹੀ ਸੀ।"

ਹਾਲ ਹੀ ਤੱਕ, ਥਾਈਲੈਂਡ ਵਿੱਚ ਗਰਭਪਾਤ ਗੈਰਕਾਨੂੰਨੀ ਸੀ ਅਤੇ ਇਸਦੀ ਆਗਿਆ ਕੇਵਲ ਉਨ੍ਹਾਂ ਮਾਮਲਿਆਂ ਵਿੱਚ ਸੀ ਜੇਕਰ ਗਰਭ ਅਵਸਥਾ ਬਲਾਤਕਾਰ ਜਾਂ ਅਸ਼ਲੀਲਤਾ ਦਾ ਨਤੀਜਾ ਹੋਵੇ, ਜਾਂ ਫਿਰ ਮਾਂ ਦੀ ਸਿਹਤ ਨੂੰ ਕੋਈ ਖਤਰਾ ਹੋਵੇ। ਸੈਂਡਰਾ ਨੇ ਗਰਭਪਾਤ ਦਾ ਇਹ ਫੈਸਲਾ 2019 ਵਿੱਚ ਕੀਤਾ ਸੀ ਜਦੋਂ ਇਹ ਕਾਨੂੰਨ ਲਾਗੂ ਸਨ।

ਉਹ ਕਹਿੰਦੇ ਹਨ, "ਮੈਂ ਸੋਚ ਵਿੱਚ ਸੀ - ਕੀ ਮੈਂ ਉਨ੍ਹਾਂ ਨੂੰ ਕਹਾਂ ਕਿ ਮੈਂ ਜਿਨਸੀ ਪਰੇਸ਼ਾਨੀ (ਸੋਸ਼ਣ) ਦਾ ਸਾਹਮਣਾ ਕੀਤਾ ਹੈ, ਜਾਂ ਮੈਂ ਉਸ ਸਥਿਤੀ ਵਿੱਚ ਜ਼ਿਆਦਾ ਤਰਸਯੋਗ ਦਿਖਾਈ ਦੇਵਾਂਗੀ, ਜੇ ਮੈਂ ਕਹਾਂ ਕਿ ਮੈਂ ਇਹ ਸਭ ਨਹੀਂ ਝੱਲ ਸਕਦੀ? ਮੇਰੇ ਦਿਮਾਗ ਵਿੱਚ ਹਰ ਤਰ੍ਹਾਂ ਦੇ ਵਿਚਾਰ ਆ ਰਹੇ ਸਨ।"

ਗਰਭਪਾਤ ਵਾਲੇ ਦਿਨ, ਉਨ੍ਹਾਂ ਨੂੰ ਇੱਕ ਫਾਰਮ ਭਰਨ ਲਈ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਨੇ "ਮਾਨਸਿਕ ਤਣਾਅ" ਬਾਰੇ ਸਵਾਲਾਂ ਦੇ ਜਵਾਬ ਭਰਨੇ ਸਨ ਜੋ ਕਿ ਉਹ ਮਹਿਸੂਸ ਕਰ ਰਹੇ ਸਨ। ਉਹ ਸੋਚ ਵਿੱਚ ਸਨ ਕਿ ਕੀ ਇੱਕ 27 ਸਾਲਾ ਅਤੇ ਚੰਗੀ ਕਮਾਈ ਕਰਨ ਵਾਲੀ ਮਹਿਲਾ ਹੋਣਾ ਇੱਥੇ ਨੁਕਸਾਨਦਾਇਕ ਸਾਬਿਤ ਹੋਵੇਗਾ।

ਇਹ ਵੀ ਪੜ੍ਹੋ:

ਉਹ ਕਹਿੰਦੇ ਹਨ, "ਮੈਂ ਇਕੱਲੀ ਸੀ ਅਤੇ ਮੈਨੂੰ ਲੱਗਿਆ ਜਿਵੇਂ ਮੇਰੇ ਆਲੇ-ਦੁਆਲੇ ਹਰ ਕੋਈ ਮੇਰੇ ਬਾਰੇ ਆਪਣੀ ਰਾਏ ਬਣਾ ਰਿਹਾ ਸੀ।"

"ਮੈਂ ਆਪਣੀ ਸਭ ਤੋਂ ਚੰਗੀ ਦੋਸਤ ਨੂੰ ਵੀ ਇਸ ਬਾਰੇ ਨਹੀਂ ਦੱਸ ਸਕੀ ਕਿਉਂਕਿ ਸਾਡੀ ਸੰਸਕ੍ਰਿਤੀ ਵਿੱਚ ਗਰਭਪਾਤ ਦੇ ਵਿਰੁੱਧ ਬਹੁਤ ਸਾਰੇ ਵਿਸ਼ਵਾਸ ਹਨ। ਇੱਥੋਂ ਤੱਕ ਕਿ, ਇੱਥੇ ਇੱਕ ਟੀਵੀ ਸ਼ੋਅ ਵੀ ਹੈ ਜੋ ਇਸ ਵਿਚਾਰ ਦਾ ਪ੍ਰਚਾਰ ਕਰਦਾ ਹੈ ਕਿ ਗਰਭਪਾਤ ਕਰਾਉਣ ਵਾਲੀ ਔਰਤ ਦੇ ਨਾਲ ਹਮੇਸ਼ਾ ਇੱਕ ਬੱਚੇ ਦਾ ਭੂਤ ਘੁਮੰਦਾ ਰਹਿੰਦਾ ਹੈ ਜੋ ਸਾਰੀ ਜ਼ਿੰਦਗੀ ਉਸ ਔਰਤ ਦੀ ਪਿੱਠ 'ਤੇ ਬੈਠਾ ਰਹਿੰਦਾ ਹੈ।"

ਓਪਰੇਸ਼ਨ ਦੇ ਕਮਰੇ ਵਿੱਚ ਬੁਲਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਰਾਹਤ ਮਹਿਸੂਸ ਕੀਤੀ। "ਇਹ ਸਭ 15 ਮਿੰਟਾਂ ਵਿੱਚ ਖਤਮ ਹੋ ਗਿਆ ਸੀ, ਅਤੇ ਕੁਝ ਹੋਰ ਮਿੰਟ ਆਰਾਮ ਕਰਨ ਤੋਂ ਬਾਅਦ, ਮੈਂ ਆਪ ਆਪਣੀ ਕਾਰ ਚਲਾ ਕੇ ਅੱਧੇ ਦਿਨ ਦੇ ਕੰਮ ਲਈ ਵਾਪਸ ਚਲੀ ਗਈ।"

"ਮੈਂ ਆਪਣੇ ਆਪ ਨੂੰ ਕਹਿੰਦੀ ਰਹੀ ਕਿ ਸਭ ਕੁਝ ਠੀਕ ਹੈ - ਪਰ ਇੱਕ ਦਿਨ ਮੈਂ ਗਰਭਪਾਤ ਦੇ ਵਿਰੁੱਧ ਸੋਸ਼ਲ ਮੀਡੀਆ 'ਤੇ ਕੁਝ ਗੰਦੀਆਂ ਟਿੱਪਣੀਆਂ ਵੇਖੀਆਂ ਅਤੇ ਮੈਂ ਬੁਰੀ ਤਰ੍ਹਾਂ ਟੁੱਟ ਗਈ।"

ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕਿਸੇ ਦਿਨ ਔਰਤਾਂ ਆਪਣੇ ਸਰੀਰ ਉੱਤੇ ਪੂਰੀ ਖੁਦਮੁਖਤਿਆਰੀ ਪ੍ਰਾਪਤ ਕਰਨ ਦੇ ਯੋਗ ਹੋਣਗੀਆਂ।

'ਗਰਭਪਾਤ ਬਾਰੇ ਜਿੰਨੀ ਖੁੱਲ੍ਹ ਕੇ ਗੱਲ ਹੋਵੇ ਉਨਾਂ ਚੰਗਾ'

"ਸਾਡੇ ਵਿੱਚੋਂ ਜਿੰਨੇ ਜ਼ਿਆਦਾ ਆਪਣੇ ਗਰਭਪਾਤ ਬਾਰੇ ਖੁੱਲ੍ਹ ਕੇ ਗੱਲ ਕਰਨਗੇ, ਸਾਡਾ ਭਾਈਚਾਰਾ ਉਨਾਂ ਹੀ ਮਜ਼ਬੂਤ ਹੋਵੇਗਾ" - ਏਰਿਨ, ਸੰਯੁਕਤ ਰਾਜ

ਏਰਿਨ ਦਾ ਪਹਿਲਾ ਗਰਭਪਾਤ 28 ਸਾਲ ਦੀ ਉਮਰ ਵਿੱਚ ਹੋਇਆ ਸੀ, ਅਤੇ ਆਪਣੇ ਹਾਲੀਆ ਗਰਭਪਾਤ ਸਮੇਂ ਉਨ੍ਹਾਂ ਦੀ ਉਮਰ 36 ਸਾਲ ਦੇ ਕਰੀਬ ਸੀ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੈਂ ਸੋਚਦੀ ਸੀ ਕਿ ਮੈਂ 'ਬਹੁਤ ਸਾਰੇ' ਗਰਭਪਾਤ ਕਰਵਾਉਣ ਲਈ ਇੱਕ ਅਪਵਾਦ ਸੀ।"

"ਹਾਲਾਂਕਿ, ਅਬੌਰਸ਼ਨ ਐਕਟਿਵਿਜ਼ਮ ਵਿੱਚ ਮੇਰੇ ਮੌਜੂਦਾ ਕੰਮ ਵਿੱਚ, ਮੈਂ ਸਿੱਖਿਆ ਹੈ ਕਿ ਗਰਭਪਾਤ ਬਹੁਤ ਆਮ ਹਨ।"

ਪਰ ਉਹ ਮੰਨਦੇ ਹਨ ਕਿ ਗਰਭਪਾਤ ਆਮ ਹੋਣ ਦੀ ਸਥਿਤੀ ਨੇ ਵੀ ਉਸ ਸ਼ਰਮ ਨੂੰ ਖਤਮ ਨਹੀਂ ਕੀਤਾ ਜੋ ਗਰਭ ਅਵਸਥਾ ਨੂੰ ਖਤਮ ਕਰਨ ਦੀ ਚੋਣ ਸਮੇਂ ਮਹਿਸੂਸ ਕੀਤੀ ਜਾਂਦੀ ਹੈ।

ਉਹ ਕਹਿੰਦੇ ਹਨ, "ਇਸ ਬਾਰੇ ਗੱਲ ਕਰਨਾ ਅਜੇ ਵੀ ਚੰਗਾ ਨਹੀਂ ਮੰਨਿਆ ਜਾਂਦਾ ਹੈ, ਇੱਥੋਂ ਤੱਕ ਕਿ ਸਵੈ-ਘੋਸ਼ਿਤ ਪ੍ਰਗਤੀਸ਼ੀਲ ਜਾਂ ਉਦਾਰਵਾਦੀ ਸਮੂਹਾਂ ਵਿੱਚ ਅਤੇ ਪ੍ਰਜਨਨ ਅਧਿਕਾਰਾਂ ਵਾਲੇ ਸਮੂਹਾਂ ਵਿੱਚ ਵੀ। ਮੈਨੂੰ ਉਮੀਦ ਹੈ ਕਿ ਇਹ ਜਲਦੀ ਬਦਲ ਜਾਵੇਗਾ।"

ਏਰਿਨ, ਯੂਐਸ-ਅਧਾਰਿਤ ਸੰਸਥਾ 'ਸ਼ਾਉਟ ਯੌਰ ਅਬੌਰਸ਼ਨ' ਨਾਲ ਮਿਲ ਕੇ ਪ੍ਰਜਨਨ ਅਧਿਕਾਰਾਂ ਲਈ ਮੁਹਿੰਮ ਚਲਾਉਂਦੇ ਹਨ। ਉਹ ਕਹਿੰਦੇ ਹਨ ਕਿ ਇਸਨੇ ਉਨ੍ਹਾਂ ਨੂੰ ਆਪਣੇ ਗਰਭਪਾਤ ਦੇ ਤਜ਼ਰਬਿਆਂ ਬਾਰੇ ਖੁੱਲ੍ਹ ਕੇ ਬੋਲਣ ਵਿੱਚ ਸਹਾਇਤਾ ਕੀਤੀ ਹੈ।

ਉਹ ਕਹਿੰਦੇ ਹਨ, "ਇਹ ਮੇਰੇ ਲਈ ਬਹੁਤ ਵੱਡੀ ਤਬਦੀਲੀ ਰਹੀ ਹੈ - ਜਦੋਂ ਮੈਂ ਪਹਿਲੀ ਵਾਰ ਇਹ ਕੰਮ ਸ਼ੁਰੂ ਕੀਤਾ ਸੀ, ਮੈਨੂੰ "ਗਰਭਪਾਤ" ਸ਼ਬਦ ਨੂੰ ਉੱਚੀ ਆਵਾਜ਼ ਵਿੱਚ ਕਹਿਣ ਵਿੱਚ ਵੀ ਮੁਸ਼ਕਿਲ ਹੋਈ ਸੀ। ਪਰ ਅੱਜ, ਗਰਭਪਾਤ ਬਾਰੇ ਖੁੱਲ੍ਹ ਕੇ ਗੱਲ ਕਰਨਾ ਮੇਰੇ ਲਈ ਬਹੁਤ ਹੀ ਸਧਾਰਨ ਅਤੇ ਸਹਿਜ ਹੈ।"

ਏਰਿਨ ਇੱਕ ਧਾਰਮਿਕ ਕਮਿਊਨਿਟੀ ਵਿੱਚ ਵੱਡੇ ਹੋਏ ਜਿੱਥੇ ਗਰਭਪਾਤ ਦੇ ਵਿਚਾਰ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ। ਉਹ ਦੱਸਦੇ ਹਨ, "ਮੈਂ ਗਰਭਪਾਤ ਕਰਾਉਣ ਲਈ ਬਹੁਤ ਸ਼ਰਮਿੰਦਾ ਅਤੇ ਘਬਰਾਇਆ ਹੋਇਆ ਮਹਿਸੂਸ ਕੀਤਾ ਅਤੇ ਮਦਦ ਲਈ ਮੈਂ ਪਰਿਵਾਰ ਜਾਂ ਦੋਸਤਾਂ ਕੋਲ ਵੀ ਨਹੀਂ ਗਈ।"

"ਖ਼ਾਸਕਰ ਇੱਕ ਗਰਭਪਾਤ ਕਰਾਉਣ ਤੋਂ ਬਾਅਦ, ਮੈਨੂੰ ਲੱਗਿਆ ਕਿ ਮੈਂ ਹੋਰ ਗਰਭਪਾਤ ਕਰਾਉਣ ਲਈ ਮਦਦ ਨਹੀਂ ਮੰਗ ਸਕਦੀ।"

ਏਰਿਨ ਲਈ, ਮਹਾਵਾਰੀ ਦੀ ਤਰੀਕ ਨਿੱਕਲਣ ਤੋਂ ਬਾਅਦ ਇਹ ਸਮਝਣਾ ਮੁਸ਼ਕਿਲ ਨਹੀਂ ਸੀ ਕਿ ਉਹ ਗਰਭਵਤੀ ਸਨ। ਉਨ੍ਹਾਂ ਦੱਸਿਆ, "ਜਦੋਂ ਵੀ ਮੈਂ ਗਰਭਵਤੀ ਹੁੰਦੀ ਸੀ ਮੇਰਾ ਸਰੀਰ ਹਮੇਸ਼ਾਂ ਤੇ ਤੁਰੰਤ ਵੱਖਰਾ ਮਹਿਸੂਸ ਕਰਦਾ ਸੀ - ਮੈਨੂੰ ਪਤਾ ਸੀ ਕਿ ਕੁਝ ਅੱਲਗ ਸੀ।"

ਪਰ ਉਨ੍ਹਾਂ ਨੇ ਗਰਭਪਾਤ ਕਰਵਾਉਣ ਦੇ ਫੈਸਲੇ ਨੂੰ ਲੈ ਕੇ ਕਦੇ ਦੁਚਿੱਤੀ ਨਹੀਂ ਰੱਖੀ। ਉਹ ਕਹਿੰਦੇ ਹਨ, "ਮੈਂ ਮਾਂ ਨਹੀਂ ਬਣਨਾ ਚਾਹੁੰਦੀ ਸੀ, ਅਤੇ ਮੈਂ ਆਪਣੇ ਕਿਸੇ ਵੀ ਰਿਸ਼ਤੇ ਵਿੱਚ ਬੱਚੇ ਨੂੰ ਪਾਲਣਾ ਨਹੀਂ ਚਾਹੁੰਦੀ ਸੀ।"

"ਮੈਨੂੰ ਲੱਗਦਾ ਹੈ ਕਿ ਇਹ ਧਾਰਨਾ ਕਿ ਗਰਭਪਾਤ ਇੱਕ ਮੁਸ਼ਕਿਲ ਅਤੇ ਦੁਖਦਾਈ ਫੈਸਲਾ ਹੈ, ਬਿਲਕੁਲ ਹਰ ਕਿਸੇ ਨੇ ਪ੍ਰਜਨਨ ਅਧਿਕਾਰਾਂ ਦੀ ਲਹਿਰ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ।"

ਉਹ ਗਰਭਪਾਤ ਤੋਂ ਬਾਅਦ ਇਕੱਲੇਪਣ ਦੀਆਂ ਭਾਵਨਾਵਾਂ ਬਾਰੇ ਦੱਸਦੇ ਹਨ ਅਤੇ ਉਮੀਦ ਕਰਦੇ ਹਨ ਕਿ ਕਲੰਕ ਦੂਰ ਹੋ ਜਾਵੇਗਾ। ਉਹ ਕਹਿੰਦੇ ਹਨ, "ਗਰਭਪਾਤ ਹਮੇਸ਼ਾਂ ਆਮ ਰਿਹਾ ਹੈ, ਪਰ ਇਸਨੂੰ ਲੈ ਕੇ ਇਸ ਤਰ੍ਹਾਂ ਦੇ ਦਾਅਵੇ ਕੀਤੇ ਗਏ ਕਿ ਗਰਭਪਾਤ ਬਹੁਤ ਘੱਟ ਹੁੰਦਾ ਹੈ ਅਤੇ ਇਹ ਆਖਰੀ ਉਪਾਅ ਹੋਣਾ ਚਾਹੀਦਾ ਹੈ।"

"ਸਾਡੇ ਵਿੱਚੋਂ ਜਿੰਨੇ ਜ਼ਿਆਦਾ ਆਪਣੇ ਗਰਭਪਾਤ ਬਾਰੇ ਖੁੱਲ੍ਹ ਕੇ ਗੱਲ ਕਰਨਗੇ, ਸਾਡਾ ਭਾਈਚਾਰਾ ਉਨਾਂ ਹੀ ਮਜ਼ਬੂਤ ਹੋਵੇਗਾ, ਅਤੇ ਗਰਭਪਾਤ ਦਾ ਕਲੰਕ ਉਨਾਂ ਹੀ ਘਟ ਜਾਵੇਗਾ। ਇਸ ਵਿੱਚ ਅਸੀਂ ਇੱਕ-ਦੂਜੇ ਦੀ ਮਦਦ ਕਰ ਸਕਦੇ ਹਾਂ।"

ਸ਼ਰਮ ਮਾਨਸਿਕ ਸਿਹਤ ਉੱਪਰ ਕੀ ਅਸਰ ਪਾਉਂਦੀ ਹੈ

"ਸ਼ਰਮ ਨੇ ਮੈਨੂੰ ਸਮਾਜਿਕ ਤੌਰ 'ਤੇ ਅਲੱਗ ਮਹਿਸੂਸ ਕਰਵਾਇਆ" - ਇੰਦੂ, ਭਾਰਤ

ਇੰਦੂ ਨੇ ਬੀਬੀਸੀ ਨੂੰ ਦੱਸਿਆ, "ਮੈਂ 31 ਸਾਲਾਂ ਦੀ ਸੀ ਅਤੇ ਹਾਲ ਹੀ ਵਿੱਚ ਮੇਰਾ ਫ਼ੋਨ ਗੁਆਚ ਗਿਆ ਸੀ। ਮੈਂ ਇੱਕ ਨਵਾਂ ਫ਼ੋਨ ਖਰੀਦਣ ਗਈ ਅਤੇ ਮੈਨੂੰ ਕੁਝ ਉਲਟੀ ਵਰਗਾ ਮਹਿਸੂਸ ਹੋਇਆ। ਉਸ ਸਮੇਂ ਮੇਰੇ ਸਾਥੀ ਨੇ ਸੁਝਾਅ ਦਿੱਤਾ ਕਿ ਮੈਂ ਗਰਭ ਅਵਸਥਾ ਦਾ ਟੈਸਟ ਕਰ ਲਵਾਂ।"

ਟੈਸਟ ਪੌਜ਼ੀਟਿਵ ਆਇਆ, ਅਤੇ ਉਹ ਇਸਨੂੰ ਲੈ ਕੇ ਇੱਕਦਮ ਸਪਸ਼ਟ ਸਨ ਕਿ ਗਰਭਪਾਤ ਕਰਵਾਉਣਾ ਹੈ। "ਮੈਂ ਹੁਣੇ ਹੀ ਇੱਕ ਕਲਾਕਾਰ ਵਜੋਂ ਆਪਣਾ ਕਰੀਅਰ ਸ਼ੁਰੂ ਕਰ ਰਹੀ ਸੀ, ਅਤੇ ਮੇਰਾ ਸਾਥੀ ਵੀ ਇਸੇ ਸਥਿਤੀ ਵਿੱਚ ਸੀ।"

ਉਹ ਆਪਣੇ ਸਕੂਲ ਦੀ ਇੱਕ ਸਹਿਪਾਠੀ, ਜੋ ਗਾਇਨੀਕੋਲੋਜਿਸਟ ਹਨ, ਨੂੰ ਮਿਲਣ ਗਏ ਅਤੇ ਗੋਲੀਆਂ ਦੀ ਵਰਤੋਂ ਕਰਕੇ "ਅਸਾਨੀ ਨਾਲ" ਗਰਭਪਾਤ ਕਰਵਾ ਲਿਆ। ਪਰ ਇਸਤੋਂ ਬਾਅਦ ਉਨ੍ਹਾਂ ਨੂੰ ਬੜਾ ਧੱਕਾ ਲੱਗਿਆ।

ਉਹ ਕਹਿੰਦੇ ਹਨ, "ਗਰਭਪਾਤ ਨੂੰ ਲੈ ਕੇ ਕਲੰਕ ਦੀ ਭਾਵਨਾ ਦੇ ਕਾਰਨ, ਮੈਂ ਚੁੱਪ-ਚਾਪ ਸੀ, ਅਤੇ ਇਸ ਸ਼ਰਮ ਨੇ ਮੈਨੂੰ ਸਮਾਜਿਕ ਤੌਰ 'ਤੇ ਅਲੱਗ ਮਹਿਸੂਸ ਕਰਵਾਇਆ।"

"ਗਰਭਪਾਤ ਤੋਂ ਬਾਅਦ ਤੇਜ਼ ਖੂਨ ਵਗਣ ਨਾਲ ਮੈਨੂੰ ਮਤਲੀ ਅਤੇ ਡਰ ਮਹਿਸੂਸ ਹੋਇਆ। ਮੈਂ ਬੁਰੀ ਤਰ੍ਹਾਂ ਰੋਈ।"

ਭਾਰਤ ਵਿੱਚ ਗਰਭਪਾਤ ਨੂੰ ਕਲੰਕ ਦੀ ਭਾਵਨਾ ਨਾਲ ਦੇਖਿਆ ਜਾਂਦਾ ਹੈ, ਜਿੱਥੇ ਔਰਤਾਂ ਦੀ ਆਵਾਜ਼ 'ਸ਼ਾਇਦ ਹੀ ਕਦੇ ਸੂਈ ਨੂੰ ਹਿਲਾਉਣ ਵਾਲੀ ਹੋਵੇ'- ਜਿਵੇਂ ਕਿ ਮੀਡੀਆ ਸੰਗਠਨ ਇੰਡੀਆਸਪੈਂਡ ਨੇ ਸਤੰਬਰ 2020 ਵਿੱਚ ਰਿਪੋਰਟ ਕੀਤਾ ਸੀ।

ਉਹ ਕਹਿੰਦੇ ਹਨ, "ਮੈਨੂੰ ਗੁੱਸਾ ਸੀ ਕਿ ਮੈਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਇਸ ਵਿੱਚੋਂ ਲੰਘਣਾ ਪਿਆ, ਜਦਕਿ ਇਸ ਵਿੱਚ ਅਸੀਂ ਦੋ ਜਣੇ ਸ਼ਾਮਿਲ ਸੀ। ਇਸਤੋਂ ਬਾਅਦ ਮੈਂ, ਸਾਲ ਦੇ ਅੰਦਰ-ਅੰਦਰ ਹੀ ਐਂਟੀ ਡਿਪ੍ਰੇਸੇਂਟਸ (ਡਿਪ੍ਰੈਸ਼ਨ ਲਈ ਦਵਾਈਆਂ) 'ਤੇ ਸੀ।"

ਉਹ ਕਹਿੰਦੇ ਹਨ ਕਿ ਇਸ ਨਾਲ ਭਵਿੱਖ ਵਿੱਚ ਉਨ੍ਹਾਂ ਦੇ ਰਿਸ਼ਤੇ ਵੀ ਪ੍ਰਭਾਵਿਤ ਹੋਏ, ਅਤੇ ਲੰਮੇ ਸਮੇਂ ਤੱਕ ਉਨ੍ਹਾਂ ਨੂੰ ਸੈਕਸ ਕਰਨ ਤੋਂ ਵੀ ਡਰ ਲੱਗਣ ਲੱਗਾ। ਇਸਨੇ ਉਨ੍ਹਾਂ ਨੂੰ ਅਹਿਸਾਸ ਕਰਵਾਇਆ ਕਿ ਭਾਵਨਾਤਮਕ ਸਹਿਯੋਗ ਦਾ ਕਿੰਨਾ ਮਹੱਤਵ ਹੈ।

"ਪਿੱਛੇ ਦੇਖ ਕੇ ਸੋਚਦੀ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਜੇ ਮੇਰੇ ਕੋਲ ਗਰਭਪਾਤ ਬਾਰੇ ਵਧੇਰੇ ਖੁੱਲ੍ਹ ਕੇ ਗੱਲ ਕਰਨ ਦੇ ਮੌਕੇ ਹੁੰਦੇ, ਤਾਂ ਚੀਜ਼ਾਂ ਵੱਖਰੀਆਂ ਹੁੰਦੀਆਂ।"

ਗਰਭਪਾਤ ਇੱਕ ਪਾਪ ਪਰ ਕਿਵੇਂ

"ਗਰਭਪਾਤ ਨੂੰ ਸਮਾਜ ਵਿੱਚ ਪਾਪ ਮੰਨਿਆ ਜਾਂਦਾ ਹੈ" - ਜੋਸਲੀਨ, ਦਿ ਡੈਮੋਕਰੇਟਿਕ ਰੀਪਬਲਿਕ ਆਫ਼ ਦਿ ਕਾਂਗੋ

ਜੋਸਲੀਨ ਨੇ ਚਾਰ ਮਹੀਨੇ ਪਹਿਲਾਂ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ। ਉਹ ਕਹਿੰਦੇ ਹਨ, "ਮੈਂ ਛਾਤੀਆਂ ਵਿੱਚ ਸੋਜ, ਭੁੱਖ ਦੀ ਕਮੀ ਅਤੇ ਥਕਾਵਟ ਵਰਗੇ ਲੱਛਣ ਮਹਿਸੂਸ ਕਰਨੇ ਸ਼ੁਰੂ ਕਰ ਦਿੱਤੇ ਸਨ।"

ਜਲਦੀ ਹੀ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਉਹ ਦੁਬਾਰਾ ਗਰਭਵਤੀ ਹਨ, ਅਤੇ ਉਨ੍ਹਾਂ ਨੇ ਗਰਭਪਾਤ ਦਾ ਫੈਸਲਾ ਲਿਆ। "ਇਸ ਪ੍ਰਕਿਰਿਆ ਨੂੰ ਸ਼ੁਰੂ ਕਰਨ ਵਿੱਚ, ਪਹਿਲਾ ਵਿਚਾਰ ਮੇਰੇ ਬੱਚੇ ਦੀ ਸਿਹਤ ਦਾ ਸੀ। ਗਰਭਪਾਤ ਦੇ ਡਾਕਟਰੀ ਨਤੀਜਿਆਂ ਨੂੰ ਲੈ ਕੇ ਡਰ ਸੀ, ਪਰ ਆਪਣੇ ਪਤੀ ਦੇ ਸਹਿਯੋਗ ਨਾਲ ਮੈਂ ਇਸ ਉੱਤੇ ਕਾਬੂ ਪਾ ਲਿਆ।"

ਵੱਡੇ ਹੋਣ ਦੌਰਾਨ, ਉਨ੍ਹਾਂ ਨੇ ਆਪਣੇ ਸਮਾਜ ਵਿੱਚ ਕਦੇ ਕਿਸੇ ਦੇ ਗਰਭਪਾਤ ਬਾਰੇ ਨਹੀਂ ਸੁਣਿਆ ਸੀ। ਉਹ ਕਹਿੰਦੇ ਹਨ, "ਇੱਥੇ ਗਰਭਪਾਤ ਬਹੁਤ ਗੁਪਤ ਗੱਲ ਹੈ ਅਤੇ ਸਮਾਜ ਵਿੱਚ ਇਸਨੂੰ ਇੱਕ ਪਾਪ ਮੰਨਿਆ ਜਾਂਦਾ ਹੈ। ਜਿਹੜਾ ਵਿਅਕਤੀ ਗਰਭਪਾਤ ਕਰਵਾਉਂਦਾ ਹੈ ਅਤੇ ਜੇ ਲੋਕਾਂ ਨੂੰ ਇਸ ਬਾਰੇ ਪਤਾ ਹੋਵੇ ਤਾਂ ਉਸਨੂੰ ਨੀਵਾਂ ਵੇਖਿਆ ਜਾਂਦਾ ਹੈ।"

ਜੋਸਲੀਨ ਦਾ ਕਹਿਣਾ ਹੈ ਕਿ ਗਰਭਪਾਤ ਕਰਵਾਉਣ ਲਈ ਡਾਕਟਰ ਨੂੰ ਮਨਾਉਣ ਦੀ ਲੋੜ ਪਈ। "ਉਨ੍ਹਾਂ ਨੇ [ਮੇਰਾ ਫੈਸਲਾ] ਸਿੱਧੇ ਤੌਰ 'ਤੇ ਸਵੀਕਾਰ ਨਹੀਂ ਕੀਤਾ ਅਤੇ ਮੈਨੂੰ ਬਹੁਤ ਸਾਰੀ ਸਲਾਹ ਦਿੱਤੀ, ਪਰ ਮੈਂ ਉਨ੍ਹਾਂ ਨੂੰ ਅਹਿਜਾ ਕਰਨ ਲਈ ਬੇਨਤੀ ਕੀਤੀ।"

ਉਨ੍ਹਾਂ ਨੇ ਇਸਨੂੰ ਗੁਪਤ ਬਣਾਈ ਰੱਖਣ ਲਈ ਘਰ ਵਿੱਚ ਹੀ ਸਾਰੀ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ। ਉਹ ਕਹਿੰਦੇ ਹਨ, "ਮੈਂ ਡਰੀ ਹੋਈ ਸੀ ਕਿਉਂਕਿ ਮੈਂ ਪਹਿਲਾਂ ਕਦੇ ਅਜਿਹਾ ਨਹੀਂ ਕੀਤਾ ਸੀ, ਪਰ ਮੇਰੇ ਵਿੱਚ ਹਿੰਮਤ ਸੀ।"

"ਨਰਸਿੰਗ ਸਟਾਫ ਨੇ ਇਸ ਵਿੱਚ ਮੇਰੀ ਸਹਾਇਤਾ ਕੀਤੀ, ਅਤੇ ਜਦੋਂ ਇਹ ਸਭ ਖਤਮ ਹੋ ਗਿਆ ਤਾਂ ਮੈਂ ਰਾਹਤ ਮਹਿਸੂਸ ਕੀਤੀ।"

ਜੋਸਲੀਨ ਦਾ ਕਹਿਣਾ ਹੈ ਕਿ 31 ਸਾਲ ਦੀ ਉਮਰ ਵਿੱਚ ਕਰਵਾਏ ਉਨ੍ਹਾਂ ਦੇ ਇਸ ਗਰਭਪਾਤ ਨੇ ਉਨ੍ਹਾਂ ਨੂੰ ਹੋਰ ਜਾਗਰੂਕ ਬਣਾਇਆ। "ਮੈਂ ਹੁਣ ਹੋਰ ਗਰਭ ਅਵਸਥਾ ਤੋਂ ਬਚਣ ਲਈ ਬਰਥ ਕੰਟਰੋਲ 'ਤੇ ਹਾਂ - ਇਸ ਤਜ਼ਰਬੇ ਨੇ ਮੇਰੇ ਅੰਦਰ ਭਰੋਸਾ ਪੈਦਾ ਕੀਤਾ ਹੈ ਕਿ ਇਹ ਦੁਬਾਰਾ ਮੇਰੇ ਨਾਲ ਨਹੀਂ ਵਾਪਰੇਗਾ।"

ਔਰਤਾਂ ਅਜ਼ਾਦ ਹੋ ਸਕਣਗੀਆਂ

"ਮੇਰਾ ਸੁਪਨਾ ਹੈ ਕਿ ਇੱਕ ਦਿਨ ਔਰਤਾਂ ਆਜ਼ਾਦ ਹੋ ਸਕਣਗੀਆਂ" - ਮਾਰੀਆ, ਮੈਕਸੀਕੋ

ਮਾਰੀਆ (ਬਦਲਿਆ ਨਾਮ) ਲਈ, ਡਾਕਟਰ ਨਾਲ ਪਹਿਲੀ ਮੁਲਾਕਾਤ ਇੱਕ ਅਜਿਹੀ ਹਕੀਕਤ ਵਰਗੀ ਸੀ ਜਿਸਨੇ ਉਨ੍ਹਾਂ ਨੂੰ ਇੱਕ ਵੱਡਾ ਧੱਕਾ ਮਾਰਿਆ।

ਉਹ ਉੱਥੇ ਇੱਕ 35 ਸਾਲਾ ਔਰਤ ਦੇ ਰੂਪ ਵਿੱਚ ਸਨ ਜੋ ਗਰਭਪਾਤ ਕਰਵਾਉਣਾ ਚਾਹੁੰਦੀ ਸੀ ਪਰ ਜੋ ਇਸ ਵਿਚਾਰ ਨਾਲ ਵੱਡੀ ਹੋਈ ਕਿ 'ਗਰਭਪਾਤ ਇੱਕ ਕਤਲ ਸੀ, ਕਿ ਇਹ ਬਹੁਤ ਖਤਰਨਾਕ ਸੀ, ਕਿ ਉਹ ਇੱਕ ਜੀਵ ਨੂੰ ਮਾਰਨ ਰਹੇ ਸਨ ਜੋ ਮਹਿਸੂਸ, ਬੋਲ ਅਤੇ ਸੋਚ ਸਕਦਾ ਸੀ'।

ਪਰ ਇਹ ਸਭ ਬਦਲਣ ਵਾਲਾ ਸੀ। ਉਹ ਕਹਿੰਦੇ ਹਨ, "ਉਸ ਪਲ ਨੇ ਸਭ ਕੁਝ ਬਦਲ ਦਿੱਤਾ। ਡਾਕਟਰ ਨੇ ਮੈਨੂੰ ਪ੍ਰਕਿਰਿਆ ਬਾਰੇ ਇਸ ਤਰ੍ਹਾਂ ਸਮਝਾਇਆ ਜਿਵੇਂ ਕਿ ਉਹ ਕਿਸੇ ਹੋਰ ਬਿਮਾਰੀ ਦੇ ਇਲਾਜ ਬਾਰੇ ਦੱਸ ਰਹੇ ਹੋਣ।"

"ਉਨ੍ਹਾਂ ਨੇ ਮੈਨੂੰ ਕੋਈ ਸਵਾਲ ਨਹੀਂ ਪੁੱਛਿਆ, ਨਾ ਕਦੇ ਮੈਨੂੰ ਝਿੜਕਿਆ ਅਤੇ ਨਾ ਹੀ ਕਦੇ ਮੈਨੂੰ ਗੈਰ ਜ਼ਿੰਮੇਵਾਰ ਸਮਝਿਆ। ਉੱਥੇ ਮੈਨੂੰ ਗਰਭਪਾਤ ਨੂੰ ਲੈ ਕੇ ਕਲੰਕ ਦੀ ਭਾਵਨਾ ਦਾ ਬੋਝ ਸਮਝ ਆਇਆ।"

ਉਹ ਕਹਿੰਦੇ ਹਨ ਕਿ ਮੈਕਸੀਕੋ ਸਿਟੀ ਵਿੱਚ ਕਾਨੂੰਨੀ ਹੋਣ ਦੇ ਬਾਵਜੂਦ ਸੁਰੱਖਿਅਤ ਗਰਭਪਾਤ ਕਰਵਾਉਣਾ ਮੁਸ਼ਕਿਲ ਹੈ। ਨਿੱਜੀ ਦੇਖਭਾਲ ਵਿੱਚ ਖਰਚੇ ਵਧ ਸਕਦੇ ਹਨ, ਪਰ ਉਨ੍ਹਾਂ ਨੇ ਗੋਪਨੀਯਤਾ ਬਣਾਈ ਰੱਖਣ ਲਈ ਇਸਦੇ ਲਈ ਜਨਤਕ ਸੇਵਾਵਾਂ ਨੂੰ ਚੁਣਿਆ।

"ਮੇਰਾ ਪਰਿਵਾਰ ਮੇਰੇ ਗਰਭਪਾਤ ਬਾਰੇ ਨਹੀਂ ਜਾਣਦਾ। ਮੈਨੂੰ ਨਹੀਂ ਪਤਾ ਕਿ ਉਹ ਕਿਵੇਂ ਵਿਵਹਾਰ ਕਰਨਗੇ ... ਪਰ ਮੈਨੂੰ ਯਕੀਨ ਹੈ ਕਿ ਮੇਰੀ ਮਾਂ ਸਮੇਤ, ਉਨ੍ਹਾਂ ਵਿੱਚੋਂ ਕੁਝ ਲਈ ਇਹ ਦੁਖੀ ਕਰਨ ਵਾਲਾ ਹੋਵੇਗਾ।"

ਉਹ ਆਪਣੇ ਪਰਿਵਾਰ ਨਾਲ ਗਰਭਪਾਤ ਬਾਰੇ ਹੋਈ ਚਰਚਾ ਨੂੰ ਯਾਦ ਕਰਦੇ ਹਨ ਜਦੋਂ ਉਨ੍ਹਾਂ ਦੀ ਛੋਟੀ ਭੈਣ 14 ਸਾਲ ਦੀ ਉਮਰ ਵਿੱਚ ਗਰਭਵਤੀ ਹੋ ਗਈ ਸੀ - ਮਾਰੀਆ ਨੇ ਸੁਝਾਅ ਦਿੱਤਾ ਸੀ ਕਿ ਉਹ ਗਰਭਪਾਤ ਕਰਵਾ ਲਵੇ। "ਉਹ (ਪਰਿਵਾਰ) ਸਿਰਫ ਸੰਭਾਵਨਾ 'ਤੇ ਹੀ ਬਹੁਤ ਜ਼ਿਆਦਾ ਨਾਰਾਜ਼ ਹੋ ਗਏ ਸਨ, ਅਤੇ ਮੈਂ ਇਸ ਵਿਸ਼ੇ 'ਤੇ ਫਿਰ ਕਦੇ ਕੋਈ ਗੱਲ ਨਹੀਂ ਕੀਤੀ।"

ਘਬਰਾਏ ਹੋਏ ਮਾਰੀਆ ਆਪਣੇ ਸਾਥੀ ਨਾਲ ਇਸ ਪ੍ਰਕਿਰਿਆ ਲਈ ਅੱਗੇ ਵਧੇ। ਉਹ ਕਹਿੰਦੇ ਹਨ, "ਇਸ ਵਿੱਚ 30 ਮਿੰਟ ਜਾਂ ਸ਼ਾਇਦ ਘੱਟ ਸਮਾਂ ਲੱਗਾ ਸੀ।"

"ਮੇਰੇ ਲਈ ਇਹ ਵਿਸ਼ਵਾਸ ਕਰਨਾ ਮੁਸ਼ਕਿਲ ਸੀ ਕਿ ਇੰਨੇ ਥੋੜ੍ਹੇ ਸਮੇਂ ਵਿੱਚ ਇਹ ਹੱਲ ਹੋ ਗਿਆ ਸੀ, ਜਿਸਨੂੰ ਮੈਂ ਇੱਕ ਵੱਡੀ ਸਮੱਸਿਆ ਵਜੋਂ ਵੇਖ ਰਹੀ ਸੀ, ਜੋ ਮੈਨੂੰ ਜੀਵਨ ਭਰ ਲਈ ਪਰੇਸ਼ਾਨ ਕਰ ਸਕਦੀ ਸੀ।"

ਹੁਣ 38 ਸਾਲ ਦੀ ਉਮਰ ਵਿੱਚ, ਉਹ ਇਸ ਗੱਲ ਨੂੰ ਲੈ ਕੇ ਸਪਸ਼ਟ ਹਨ ਕਿ ਉਨ੍ਹਾਂ ਨੂੰ ਬੱਚੇ ਨਹੀਂ ਚਾਹੀਦੇ। ਉਹ ਕਹਿੰਦੇ ਹਨ, "ਅਜਿਹੀ ਗੁੰਝਲਦਾਰ ਦੁਨੀਆਂ ਵਿੱਚ, ਇਹ ਜਾਣਦੇ ਹੋਏ ਕਿ ਮਾਤਾ-ਪਿਤਾ ਬਣਨਾ ਕੀ ਹੈ, ਅਸੀਂ [ਮੇਰੇ ਸਾਥੀ ਅਤੇ ਮੈਂ] ਅਜਿਹਾ ਨਾ ਕਰਨ ਦਾ ਫੈਸਲਾ ਕੀਤਾ ਹੈ।"

"ਮੇਰਾ ਸੁਪਨਾ ਹੈ ਕਿ ਇੱਕ ਦਿਨ ਔਰਤਾਂ ਇਸਦੀ ਚੋਣ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹੋਣਗੀਆਂ ਕਿ ਸਾਡੇ ਜੀਵਨ ਵਿੱਚ ਅਤੇ ਖਾਸ ਕਰਕੇ ਸਾਡੇ ਸਰੀਰ ਵਿੱਚ ਕੀ ਵਾਪਰਦਾ ਹੈ। ਮੈਨੂੰ ਉਮੀਦ ਹੈ ਕਿ ਇੱਕ ਦਿਨ, ਇਹ ਸੁਪਨਾ ਹਰ ਥਾਂ 'ਤੇ ਸੱਚ ਹੋਵੇਗਾ।"

ਐਡੀਸ਼ਨਲ ਰਿਪੋਰਟਿੰਗ - ਐਮਰੀ ਮੈਕੁਮੇਨੋ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)