ਅਫ਼ਗਾਨਿਸਤਾਨ ਤੋਂ ਜਾਨ ਬਚਾ ਕੇ ਭੱਜੀਆਂ ਮਹਿਲਾ ਜੱਜਾਂ ਦਾ ਦਰਦ- 'ਬਾਹਰ ਆਏ ਕੈਦੀ ਸਾਨੂੰ ਲੱਭ ਕੇ ਮਾਰ ਦੇਣਗੇ'

ਜੱਜ ਸਨਾ
ਤਸਵੀਰ ਕੈਪਸ਼ਨ, ਜੱਜ ਸਨਾ ਗ੍ਰੀਸ ਵਿੱਚ ਅਸਥਾਈ ਆਵਾਸ ਵਿੱਚ ਰਹਿ ਰਹੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਫ਼ਗਾਨਿਸਤਾਨ ਦੀਆਂ ਔਰਤਾਂ ਦੇ ਅਧਿਕਾਰਾਂ ਲਈ ਲੜਨਾ ਕਦੇ ਬੰਦ ਨਹੀਂ ਕਰੇਗੀ
    • ਲੇਖਕ, ਕਲੇਅਰ ਪ੍ਰੈੱਸ
    • ਰੋਲ, ਬੀਬੀਸੀ ਵਰਲਡ ਸਰਵਿਸ

ਤਾਲਿਬਾਨ ਨੇ ਜਦੋਂ ਅਫ਼ਗਾਨਿਸਤਾਨ 'ਤੇ ਕਬਜ਼ਾ ਕੀਤਾ ਤਾਂ 200 ਤੋਂ ਵੱਧ ਮਹਿਲਾ ਜੱਜਾਂ ਗੁਪਤ ਥਾਵਾਂ 'ਤੇ ਲੁਕ ਗਈਆਂ ਸਨ।

ਕੱਟੜਪੰਥੀਆਂ ਨੇ ਦੇਸ਼ ਦੀਆਂ ਜੇਲ੍ਹਾਂ ਨੂੰ ਖੋਲ੍ਹ ਦਿੱਤਾ ਸੀ ਅਤੇ ਇਸ ਵਿੱਚ ਕੈਦ ਸਜ਼ਾਯਾਫਤਾ ਉਹ ਲੋਕ ਵੀ ਆਜ਼ਾਦ ਹੋ ਗਏ ਜਿਨ੍ਹਾਂ ਨੂੰ ਕਦੇ ਮਹਿਲਾ ਜੱਜਾਂ ਨੇ ਸਜ਼ਾਵਾਂ ਦਿੱਤੀਆਂ ਸਨ।

ਇਨ੍ਹਾਂ ਵਿੱਚੋਂ 26 ਮਹਿਲਾ ਜੱਜ ਹਾਲ ਹੀ ਵਿੱਚ ਦੇਸ਼ ਤੋਂ ਭੱਜਣ ਵਿੱਚ ਸਫ਼ਲ ਰਹੀਆਂ ਸਨ।

ਬੀਬੀਸੀ ਨੇ ਉਨ੍ਹਾਂ ਨਾਲ ਗੱਲ ਕੀਤੀ ਹੈ ਅਤੇ ਜਾਣਿਆ ਹੈ ਕਿ ਉਹ ਕਿੱਥੇ 'ਤੇ ਕਿਸ ਤਰ੍ਹਾਂ ਸੁਰੱਖਿਅਤ ਘਰਾਂ ਵਿੱਚ ਰਹਿ ਰਹੀਆਂ ਹਨ।

ਗ੍ਰੀਸ ਵਿੱਚ ਅਸੀਂ ਇਨ੍ਹਾਂ ਮਹਿਲਾ ਜੱਜਾਂ ਨੂੰ ਮਿਲਣ ਗਏ, ਜਿੱਥੇ ਉਹ ਅਸਥਾਈ ਵੀਜ਼ੇ 'ਤੇ ਰਹਿ ਰਹੀਆਂ ਹਨ।

ਉਨ੍ਹਾਂ ਦੀ ਸੁਰੱਖਿਆ ਲਈ ਸਾਰਿਆਂ ਦੇ ਨਾਮ ਬਦਲ ਦਿੱਤੇ ਗਏ ਹਨ।

ਜੱਜ ਸਨਾ
ਤਸਵੀਰ ਕੈਪਸ਼ਨ, ਜੱਜ ਸਨਾ ਆਪਣੇ ਦੋ ਬੱਚਿਆਂ ਨਾਲ ਆਫ਼ਗਾਨਿਸਤਾਨ ਤੋਂ ਭੱਜੀ ਅਤੇ ਉਨ੍ਹਾਂ ਕੋਲ ਸਿਰਫ਼ ਚਾਰ ਬੈਗ਼ ਸਨ

ਅੱਧੀ ਰਾਤ ਨੂੰ ਫੋਨ ਵੱਜਿਆ। ਪਿਕ-ਅਪ ਦੀ ਲੋਕੇਸ਼ਨ ਦੀ ਪੁਸ਼ਟੀ ਹੋ ਗਈ ਸੀ ਅਤੇ ਹੁਣ ਨਿਕਲਣ ਦਾ ਵੇਲਾ ਸੀ।

ਜੱਜ ਸਨਾ ਸੜਕ 'ਤੇ ਆਈ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋ ਬੱਚੇ ਵੀ ਸਨ।

ਦੋਵਾਂ ਕੋਲ ਇੱਕ-ਇੱਕ ਬੈਗ ਸੀ, ਜਿਸ ਵਿੱਚ ਦੋ ਜੋੜੀ ਕੱਪੜੇ, ਪਾਸਪੋਰਟ, ਫੋਨ, ਨਕਦੀ ਅਤੇ ਯਾਤਰਾ ਲਈ ਜਿੰਨਾਂ ਹੋ ਸਕੇ ਓਨਾਂ ਖਾਣਾ ਸੀ।

ਸਨਾ ਉਸ ਦਿਨ ਨੂੰ ਯਾਦ ਕਰਦਿਆਂ ਹੋਇਆਂ ਕਹਿੰਦੀ ਹੈ, "ਜਦੋਂ ਅਸੀਂ ਨਿਕਲੇ ਤਾਂ ਸਾਨੂੰ ਪਤਾ ਨਹੀਂ ਸੀ ਕਿ ਅਸੀਂ ਕਿੱਥੇ ਜਾ ਰਹੇ ਹਾਂ।"

"ਸਾਨੂੰ ਕਿਹਾ ਗਿਆ ਸੀ ਕਿ ਰਸਤੇ ਵਿੱਚ ਸੁਰੱਖਿਆ ਦਾ ਖ਼ਤਰਾ ਹੋਵੇਗਾ, ਪਰ ਅਸੀਂ ਇਸ ਨੂੰ ਸਵੀਕਾਰ ਕੀਤਾ ਕਿਉਂਕਿ ਅਸੀਂ ਜਾਣਦੇ ਸੀ ਕਿ ਬਸ ਇਹੀ ਬਾਹਰ ਨਿਕਲਣ ਦਾ ਰਸਤਾ ਹੈ।"

ਇੱਕ ਕਾਰ ਵਿੱਚ ਜਦੋਂ ਉਹ ਅਤੇ ਉਨ੍ਹਾਂ ਦੇ ਬੱਚੇ ਸਵਾਰ ਹੋਏ ਤਾਂ ਸਨਾ ਨੇ ਪਲਟ ਕੇ ਉਸ ਸ਼ਹਿਰ ਨੂੰ ਦੇਖਿਆ, ਜਿੱਥੇ ਉਹ ਪੈਦਾ ਹੋਈ, ਪਲੀ-ਵੱਡੀ ਸੀ ਅਤੇ ਆਪਣੇ ਪਰਿਵਾਰ ਦੀ ਸ਼ੁਰੂਆਤ ਕੀਤੀ ਸੀ।

ਉਹ ਉਸ ਵੇਲੇ ਇੱਕ ਅਣਜਾਣ ਸ਼ਖ਼ਸ ਦੇ ਨਾਲ ਸੀ ਜੋ ਉਨ੍ਹਾਂ ਨੂੰ ਬਾਹਰ ਕੱਢ ਰਿਹਾ ਸੀ।

ਗ੍ਰੀਸ
ਤਸਵੀਰ ਕੈਪਸ਼ਨ, ਗ੍ਰੀਸ ਦਾ ਇਹ ਅਸਥਾਈ ਅਪਾਰਟਮੈਂਟ ਬਹੁਤ ਸਾਧਾਰਨ ਹੈ, ਜਿਸ ਵਿੱਚ ਅਜਿਹੇ ਬੈੱਡ, ਇੱਕ ਟੇਬਲ ਅਤੇ ਕੁਰਸੀਆਂ ਹਨ

ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਕਿੱਥੇ ਜਾ ਰਹੇ ਹਨ ਪਰ ਉਹ ਜਾਣਦੀ ਸੀ ਕਿ ਉਹ ਘੱਟੋ-ਘੱਟ ਇੱਥੇ ਨਹੀਂ ਰਹਿ ਸਕਦੀ ਹੈ।

ਸਨਾ ਕਹਿੰਦੀ ਹੈ, "ਜਦੋਂ ਦੇਸ਼ ਛੱਡਣ ਵੇਲੇ ਮੈਂ ਆਪਣੇ ਬੱਚਿਆਂ ਨੂੰ ਦੇਖਿਆ ਤਾਂ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਮਾੜਾ ਪਲ਼ ਸੀ।"

"ਮੈਂ ਬਹੁਤ ਨਾ-ਉਮੀਦ ਸੀ। ਮੈਂ ਸੋਚ ਰਹੀ ਸੀ ਕਿ ਕੀ ਮੈਂ ਉਨ੍ਹਾਂ ਨੂੰ ਆਫ਼ਗਨਿਸਤਾਨ ਤੋਂ ਜ਼ਿੰਦਾ ਬਾਹਰ ਕੱਢ ਸਕਾਂਗੀ?"

ਸਨਾ ਦਾ ਕਹਿਣਾ ਸੀ ਕਿ ਬੀਤੇ ਤਿੰਨ ਮਹੀਨਿਆਂ ਤੋਂ ਉਨ੍ਹਾਂ ਨੂੰ ਉਹ ਲੋਕ ਲੱਭ ਰਹੇ ਸਨ, ਜਿਨ੍ਹਾਂ ਨੂੰ ਉਨ੍ਹਾਂ ਮਹਿਲਾ ਜੱਜਾਂ ਨੇ ਹਿੰਸਕ ਅਪਰਾਧਾਂ ਖ਼ਿਲਾਫ਼ ਜੇਲ੍ਹ ਭੇਜਿਆ ਸੀ।

ਦੇਸ਼ ਵਿੱਚ ਬਹੁਤੀਆਂ ਥਾਵਾਂ 'ਤੇ ਕਬਜ਼ਾ ਕਰ ਲੈਣ ਤੋਂ ਬਾਅਦ ਤਾਲਿਬਾਨ ਨੇ ਜੇਲ੍ਹਾਂ ਨੂੰ ਖੋਲ੍ਹ ਦਿੱਤਾ ਸੀ ਅਤੇ ਉਨ੍ਹਾਂ ਵਿੱਚ ਉਹ ਹਜ਼ਾਰਾਂ ਅਪਰਾਧੀ ਵੀ ਸੀ, ਜੋ ਬਦਲਾ ਲੈਣਾ ਚਾਹੁੰਦੇ ਸਨ।

ਸਨਾ ਕਹਿੰਦੀ ਹੈ, "ਮੈਂ ਕਤਲ, ਸੁਸਾਇਡ, ਬਲਾਤਕਾਰ ਅਤੇ ਦੂਜੇ ਅਪਰਾਧਾਂ ਨੂੰ ਮੈਂ ਡੀਲ ਕੀਤਾ ਸੀ। ਮੈਂ ਜੋ ਸਜ਼ਾਵਾਂ ਦਿੱਤੀਆਂ ਸਨ ਉਹ ਲੰਬੀਆਂ ਅਤੇ ਗੰਭੀਰ ਸਨ।"

ਵੀਡੀਓ ਕੈਪਸ਼ਨ, ਸ਼ਰੀਆ ਕਾਨੂੰਨ ਕੀ, ਜਿਸ ਤੋਂ ਅਫ਼ਗਾਨ ਔਰਤਾਂ ’ਚ ਖੌਫ਼ ਹੈ

"ਪਰ ਉਨ੍ਹਾਂ ਦੇ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਵਿੱਚੋਂ ਹਰ ਕੋਈ ਕਹਿ ਰਿਹਾ ਸੀ ਕਿ ਉਹ ਸਾਨੂੰ ਲੱਭ ਲੈਣਗੇ ਅਤੇ ਮਾਰ ਦੇਣਗੇ।"

ਬੀਬੀਸੀ ਦੀ ਇੱਕ ਹਾਲੀਆ ਪੜਤਾਲ ਵਿੱਚ ਦੇਖਿਆ ਗਿਆ ਸੀ ਕਿ 220 ਤੋਂ ਵੱਧ ਮਹਿਲਾ ਜੱਜ ਗੁਪਤ ਥਾਵਾਂ 'ਤੇ ਲੁਕੀਆਂ ਹੋਈਆਂ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਤਾਲਿਬਾਨ ਸ਼ਾਸਨ ਵਿੱਚ ਉਨ੍ਹਾਂ ਕੋਲੋਂ ਬਦਲਾ ਲਿਆ ਜਾਵੇਗਾ।

BBC

ਇਹ ਵੀ ਪੜ੍ਹੋ-

BBC

ਅਫ਼ਗਾਨਿਸਤਾਨ ਦੀਆਂ ਉਨ੍ਹਾਂ ਗੁਪਤ ਟਿਕਾਣਿਆਂ ਤੋਂ ਗੱਲ ਕਰਦਿਆਂ ਉਨ੍ਹਾਂ ਵਿੱਚੋਂ ਵਧੇਰੇ ਔਰਤਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਰੋਜ਼ਾਨਾ ਕਤਲ ਦੀ ਧਮਕੀ ਮਿਲਦੀ ਹੈ।

ਇਨ੍ਹਾਂ ਇਲਜ਼ਾਮਾਂ 'ਤੇ ਤਾਲਿਬਾਨ ਬੁਲਾਰੇ ਦੇ ਸਕੱਤਰ ਬਿਲਾਲ ਕਰੀਮੀ ਨੇ ਬੀਬੀਸੀ ਨੂੰ ਕਿਹਾ ਸੀ, "ਮਹਿਲਾ ਜੱਜਾਂ ਨੂੰ ਕਿਸੇ ਵੀ ਔਰਤ ਵਾਂਗ ਬਿਨਾਂ ਡਰ ਜਿਉਣਾ ਚਾਹੀਦਾ ਹੈ। ਕਿਸੇ ਨੂੰ ਉਨ੍ਹਾਂ ਨੂੰ ਧਮਕੀ ਨਹੀਂ ਦੇਣੀ ਚਾਹੀਦੀ।"

"ਸਾਡੀ ਸਪੈਸ਼ਲ ਮਿਲਟਰੀ ਯੂਨਿਟ ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਕਰਨਾ ਚਾਹੇਗੀ ਅਤੇ ਜੇਕਰ ਕੋਈ ਉਲੰਘਣਾ ਹੋਈ ਤਾਂ ਕਾਰਵਾਈ ਹੋਵੇਗੀ।"

ਕਰੀਮੀ ਨੇ ਤਾਲਿਬਾਨ ਦੇ ਇਸ ਵਾਅਦੇ ਨੂੰ ਵੀ ਦੁਹਰਾਇਆ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਦੀ ਪਿਛਲੀ ਸਰਕਾਰ ਦੇ ਸਾਰੇ ਕਰਮੀਆਂ ਨੂੰ 'ਆਮ ਮੁਆਫ਼ੀ' ਦਿੱਤੀ ਜਾ ਰਹੀ ਹੈ।

ਪਰ ਸਨਾ ਬੀਤੇ ਕੁਝ ਮਹੀਨਿਆਂ ਨੂੰ ਭਿਆਨਕ ਤਜਰਬਾ ਦੱਸਦੀ ਹੈ।

ਉਹ ਕਹਿੰਦੀ ਹੈ, "ਅਸੀਂ ਹਰ ਦੋ ਜਾਂ ਤਿੰਨ ਦਿਨਾਂ ਵਿੱਚ ਆਪਣੀ ਥਾਂ ਬਦਲਦੇ ਸੀ, ਅਸੀਂ ਕਦੇ ਕਿਸੇ ਸੁਰੱਖਿਅਤ ਘਰ ਵਿੱਚ ਜਾਂਦੇ ਸੀ ਅਤੇ ਕਦੇ ਹੋਟਲ ਵਿੱਚ। ਅਸੀਂ ਵਾਪਸ ਘਰ ਨਹੀਂ ਆ ਸਕਦੇ ਸੀ, ਸਾਡੇ ਘਰ ਛਾਪੇਮਾਰੀ ਕੀਤੀ ਗਈ ਸੀ।"

ਅਫ਼ਗਾਨਿਸਤਾਨ

ਤਸਵੀਰ ਸਰੋਤ, Reuters

ਜਦੋਂ ਦੇਸ਼ ਛੱਡਿਆ

ਪਿਕ-ਅਪ ਪੁਆਇੰਟ ਛੱਡਣ ਦੇ ਬਾਅਦ ਸਨਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਇੱਕ ਦੂਜੇ ਮੁਲਕ ਲਈ ਯਾਤਰਾ ਸ਼ੁਰੂ ਕੀਤੀ।

ਸਨਾ ਕਹਿੰਦੀ ਹੈ ਕਿ ਉਹ ਰੇਗਿਸਤਾਨ ਦੇ ਰਸਤੇ ਬਿਨਾ ਸੁੱਤੇ 10 ਤੋਂ ਵੱਧ ਘੰਟਿਆਂ ਤੱਕ ਯਾਤਰਾ ਕਰਦੇ ਰਹੇ।

ਹਰ ਅੱਧੇ ਘੰਟੇ ਬਾਅਦ ਉਨ੍ਹਾਂ ਨੂੰ ਤਾਲਿਬਾਨ ਦਾ ਇੱਕ ਚੈਕਪੁਾਇੰਟ ਮਿਲਦਾ ਸੀ ਜਿੱਥੇ ਹਥਿਆਰਬੰਦ ਪੁਰਸ਼ ਹੁੰਦੇ ਸਨ ਅਤੇ ਯਾਤਰੀਆਂ ਦੀ ਜਾਂਚ ਕਰਦੇ ਸਨ।

ਵੀਡੀਓ ਕੈਪਸ਼ਨ, ਤਾਲਿਬਾਨ ਖ਼ਿਲਾਫ਼ ਅਫ਼ਗਾਨ ਔਰਤਾਂ ਵੱਲੋਂ ਸੋਸ਼ਲ ਮੀਡੀਆ 'ਤੇ ਚਲਾਈ ਮੁੰਹਿਮ ਕੀ ਹੈ

ਸਨਾ ਨੇ ਪੂਰੇ ਰਸਤੇ ਆਪਣੇ ਛੋਟੇ ਬੱਚਿਆਂ ਨੂੰ ਆਪਣੀ ਗੋਦ ਵਿੱਚ ਚੁੱਕਿਆ ਹੋਇਆ ਸੀ। ਜ਼ਿੰਦਾ ਨਿਕਲਣ ਦੀ ਉਮੀਦ ਘੱਟ ਸੀ।

ਰੋਂਦੇ ਹੋਏ ਉਹ ਕਹਿੰਦੀ ਹੈ, "ਜੇਕਰ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਕਿ ਮੈਂ ਜੱਜ ਰਹੀ ਹਾਂ ਤਾਂ ਤੁਰੰਤ ਉਹ ਸਾਡਾ ਕਤਲ ਕਰ ਦਿੰਦੇ। ਮੈਂ ਅਕਸਰ ਉਨ੍ਹਾਂ ਮਾਮਲਿਆਂ ਵਿੱਚ ਸਜ਼ਾਵਾਂ ਦਿੱਤੀਆਂ ਸਨ, ਜਿਨ੍ਹਾਂ ਵਿੱਚ ਪਤੀ ਦੇ ਮਾੜੇ ਵਤੀਰੇ ਤੋਂ ਤੰਗ ਆ ਕੇ ਔਰਤਾਂ ਨੇ ਖੁਦਕੁਸ਼ੀਆਂ ਕੀਤੀਆਂ ਸਨ।"

"ਮੈਂ ਹਮੇਸ਼ਾ ਸੋਚਦੀ ਹੁੰਦੀ ਸੀ ਕਿ ਕਿਸ ਮੋੜ 'ਤੇ ਆ ਕੇ ਔਰਤ ਮੌਤ ਨੂੰ ਚੁਣਦੀ ਹੈ। ਪਰ ਜਦੋਂ ਮੈਂ ਆਸ ਗੁਆਉਣ ਲੱਗੀ ਤਾਂ ਮੈਂ ਵੀ ਉਸ ਮੋੜ 'ਤੇ ਪਹੁੰਚ ਗਈ। ਮੈਂ ਮੌਤ ਨੂੰ ਗਲੇ ਲਗਾਉਣ ਲਈ ਤਿਆਰ ਹੋ ਗਈ ਸੀ।"

ਰੇਗਿਸਤਾਨ ਤੋਂ ਸੁਰੱਖਿਅਤ ਨਿਕਲਣ ਤੋਂ ਬਾਅਦ ਸਨਾ ਅਤੇ ਉਨ੍ਹਾਂ ਦੇ ਬੱਚਿਆਂ ਨੇ ਹਵਾਈ ਪੱਟੀ 'ਤੇ ਪਹੁੰਚਣ ਤੋਂ ਪਹਿਲਾਂ ਇੱਕ ਹਫ਼ਤੇ ਤੋਂ ਵੱਧ ਸਮਾਂ ਘਰੇ ਬਿਤਾਇਆ ਸੀ।

ਉਹ ਕਹਿੰਦੀ ਹੈ ਕਿ ਜਿਵੇਂ ਹੀ ਜਹਾਜ਼ ਹਵਾ ਵਿੱਚ ਉੱਡਿਆ ਤਾਂ ਸਾਰੇ ਰੋਣ ਲੱਗੇ ਕਿਉਂਕਿ ਉਸ ਵੇਲੇ ਸਾਰੇ ਨਿਕਲ ਚੁੱਕੇ ਸਨ।

ਸ਼ਰਨ

ਏਥੈਂਸ ਪਹੁੰਚਣ ਤੋਂ ਬਾਅਦ ਸਾਰੀਆਂ 26 ਜੱਜਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸ਼ਹਿਰ ਦੇ ਅਪਾਰਟਮੈਂਟ ਵਿੱਚ ਛੱਡਣ ਤੋਂ ਪਹਿਲਾ ਕੋਵਿਡ-19 ਦਾ ਟੈਸਟ ਕੀਤਾ ਗਿਆ।

ਅਸਥਾਈ ਵੀਜ਼ਾ ਯੋਜਨਾ ਦੇ ਤਹਿਤ ਗ੍ਰੀਸ ਪ੍ਰਸ਼ਾਸਨ ਨੇ ਜੱਜਾਂ ਨੂੰ 14 ਦਿਨਾਂ ਲਈ ਖਾਣਾ ਅਤੇ ਘਰ ਦੇਣ ਦਾ ਵਾਅਦਾ ਕੀਤਾ ਹੈ।

ਸਨਾ ਗ੍ਰੀਸ ਵਿੱਚ ਆਪਣੇ ਘਰ ਵਿੱਚ ਹੈ, ਹਰ ਦਿਨ ਪ੍ਰਸ਼ਾਸਨ ਪਰਿਵਾਰਾਂ ਲਈ ਪੱਕਿਆ ਹੋਇਆ ਖਾਣਾ ਲੈ ਕੇ ਆਉਂਦਾ ਅਤੇ ਉਸ ਨੂੰ ਵੰਡਿਆ ਜਾਂਦਾ ਹੈ
ਤਸਵੀਰ ਕੈਪਸ਼ਨ, ਸਨਾ ਗ੍ਰੀਸ ਵਿੱਚ ਆਪਣੇ ਘਰ ਵਿੱਚ ਹੈ, ਹਰ ਦਿਨ ਪ੍ਰਸ਼ਾਸਨ ਪਰਿਵਾਰਾਂ ਲਈ ਪੱਕਿਆ ਹੋਇਆ ਖਾਣਾ ਲੈ ਕੇ ਆਉਂਦਾ ਹੈ

ਦੋ ਹਫ਼ਤੇ ਬਾਅਦ ਕੀ ਹੋਵੇਗਾ ਇਹ ਕਿਸੇ ਨੂੰ ਨਹੀਂ ਪਤਾ ਹੈ। ਜੱਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਤੀਜੇ ਦੇਸ਼ ਵਿੱਚ ਸ਼ਰਨ ਲਈ ਬੇਨਤੀ ਕਰਨ।

ਅਸਮਾਂ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਹੈ, ਜਿਨ੍ਹਾਂ ਨੇ ਬ੍ਰਿਟੇਨ ਵਿੱਚ ਸ਼ਰਨ ਲਈ ਬੇਨਤੀ ਕੀਤੀ ਹੈ।

ਅਫ਼ਗਾਨਿਸਤਾਨ ਵਿੱਚ ਜੱਜ ਦੇ ਤੌਰ 'ਤੇ 25 ਸਾਲ ਦੇ ਤਜਰਬੇ ਮੁਤਾਬਕ ਇਹ ਉਨ੍ਹਾਂ ਨਾਲ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਉਹ ਤਾਲਿਬਾਨ ਦੇ ਡਰੋਂ ਭੱਜੀ ਹੈ।

ਸੋਵੀਅਤ ਫੌਜ ਦੇ ਪਿੱਛੇ ਹਟਣ ਤੋਂ ਬਾਅਦ 1996 ਵਿੱਚ ਤਾਲਿਬਾਨ ਨੇ ਦੇਸ਼ 'ਤੇ ਕਬਜ਼ਾ ਕਰ ਲਿਆ ਸੀ, ਉਦੋਂ ਅਸਮਾਂ ਅਤੇ ਉਨ੍ਹਾ ਦਾ ਪਰਿਵਾਰ ਅਫ਼ਗਾਨਿਸਤਾਨ ਤੋਂ ਭੱਜ ਗਿਆ ਸੀ।

ਅਸਮਾਂ ਕਹਿੰਦੀ, "ਇਹ ਦੂਜੀ ਵਾਰ ਹੈ ਜਦੋਂ ਅਸੀਂ ਤਾਲਿਬਾਨ ਦਾ ਕਬਜ਼ਾ ਦੇਖ ਰਹੇ ਹਾਂ। ਜਦੋਂ ਉਹ ਪਹਿਲੀ ਵਾਰ ਸੱਤਾ ਵਿੱਚ ਆਏ ਉਦੋਂ ਵੀ ਮੈਂ ਜੱਜ ਸੀ। ਉਦੋਂ ਵੀ ਪਹਿਲੀ ਮਹਿਲਾ ਜੱਜ ਹੀ ਸੀ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਸਮਾਜ ਤੋਂ ਬਾਹਰ ਕਰ ਦਿੱਤਾ ਗਿਆ ਸੀ।"

2001 ਵਿੱਚ ਅਮਰੀਕੀ ਅਤੇ ਨੈਟੋ ਫੌਜੀਆਂ ਦੇ ਆਉਣ ਤੋਂ ਬਾਅਦ ਅਸਮਾਂ ਘਰ ਵਾਪਸ ਆਈ ਅਤੇ ਜੱਜ ਵਜੋਂ ਮੁੜ ਕੰਮ ਸ਼ੁਰੂ ਕੀਤਾ।

ਹੁਣ ਇਤਿਹਾਸ ਨੇ ਆਪਣੇ ਆਪ ਨੂੰ ਫਿਰ ਦੁਹਰਾਉਣਾ ਸ਼ੁਰੂ ਕੀਤਾ ਹੈ।

ਸਨਾ ਨੇ ਤਾਲਿਬਾਨ ਦਾ ਉਭਾਰ ਪਹਿਲਾਂ ਵੀ ਦੇਖਿਆ ਹੈ। 90 ਦੇ ਦਹਾਕੇ ਵਿੱਚ ਉਹ ਲਾਅ ਸਕੂਲ ਤੋਂ ਬੱਸ ਗ੍ਰੇਜੂਏਟ ਹੀ ਹੋਈ ਸੀ ਜਦੋਂ ਉਹ ਸੱਤਾ ਵਿੱਚ ਆਏ ਸਨ।

ਉਹ ਕਹਿੰਦੀ ਹੈ ਕਿ ਪੰਜ ਸਾਲ ਲਈ ਉਨ੍ਹਾਂ ਨੇ ਜਬਰਨ ਘਰ ਵਿੱਚ ਰਹਿਣ ਪਿਆ ਅਤੇ ਕੰਮ ਛੱਡਣਾ ਪਿਆ।

ਹਾਲ ਹੀ ਵਿੱਚ ਗ੍ਰੀਸ ਪਹੁੰਚੀ ਨਰਗਿਸ ਸ਼ਹਿਰ ਨੂੰ ਦੇਖ ਰਹੀ ਹੈ
ਤਸਵੀਰ ਕੈਪਸ਼ਨ, ਹਾਲ ਹੀ ਵਿੱਚ ਗ੍ਰੀਸ ਪਹੁੰਚੀ ਨਰਗਿਸ ਸ਼ਹਿਰ ਨੂੰ ਦੇਖ ਰਹੀ ਹੈ

ਉਹ ਕਹਿੰਦੀ ਹੈ, "ਮਹਿਲਾ ਜੱਜ ਬਣਨਾ ਹੀ ਆਪਣੇ ਆਪ ਵਿੱਚ ਵੱਡੀ ਜੰਗ ਹੈ। ਸਭ ਤੋਂ ਪਹਿਲਾਂ ਉਸ ਨੂੰ ਆਪਣੇ ਪਰਿਵਾਰ ਨੂੰ ਪੜ੍ਹਾਈ ਕਰਵਾਉਣ ਲਈ ਰਾਜ਼ੀ ਕਰਨਾ ਹੁੰਦਾ ਹੈ।"

"ਉਸ ਤੋਂ ਬਾਅਦ ਜਦੋਂ ਉਹ ਯੂਨੀਵਰਸਿਟੀ ਜਾਂਦੀ ਹੈ ਅਤੇ ਉਸ ਨੂੰ ਨੌਕਰੀ ਮਿਲਦੀ ਹੈ ਤਾਂ ਉਸ ਨੂੰ ਹਰ ਕਦਮ 'ਤੇ ਖ਼ੁਦ ਨੂੰ ਸਾਬਿਤ ਕਰਨਾ ਪੈਂਦਾ ਹੈ।"

"ਪਰ ਅਫ਼ਗਾਨਿਸਤਾਨ ਵਿੱਚ ਔਰਤਾਂ ਦੇ ਦਰਦ ਨੂੰ ਸਮਝਣ ਲਈ ਮਹਿਲਾ ਜੱਜਾਂ ਦੀ ਲੋੜ ਹੈ। ਜਿਸ ਤਰ੍ਹਾਂ ਨਾਲ ਬਿਮਾਰੀ ਨੂੰ ਠੀਕ ਕਰਨ ਲਈ ਡਾਕਟਰ ਦੀ ਲੋੜ ਹੁੰਦੀ ਹੈ, ਇਸੇ ਤਰ੍ਹਾਂ ਮਹਿਲਾ ਜੱਜਾਂ ਔਰਤਾਂ ਦੀਆਂ ਮੁਸ਼ਕਲਾਂ ਨੂੰ ਸਮਝਦੀਆਂ ਹਨ।"

ਜੋ ਪਿੱਛੇ ਰਹਿ ਗਏ ਹਨ

ਗ੍ਰੀਸ ਦੇ ਆਪਣੇ ਛੋਟੇ ਜਿਹੇ ਅਪਾਰਟਮੈਂਟ ਵਿੱਚ ਸਨਾ ਆਪਣਾ ਫੋਨ ਦੇਖ ਰਹੀ ਹੈ। ਘਰ ਦੀ ਆਪਣੀ ਪੁਰਾਣੀ ਤਸਵੀਰ ਨੂੰ ਦਿਖਾਉਂਦਿਆਂ ਹੋਇਆਂ ਉਹ ਮਾਣ ਨਾਲ ਕਹਿੰਦੀ ਹੈ ਕਿ ਕਾਨੂੰਨੀ ਤੌਰ 'ਤੇ ਜਾਇਦਾਦ ਉਨ੍ਹਾਂ ਦੀ ਹੈ ਨਾ ਕਿ ਉਨ੍ਹਾਂ ਦੇ ਪਤੀ ਦੀ।

ਵੀਡੀਓ ਕੈਪਸ਼ਨ, ਅਫ਼ਗਾਨ ਪੁਲਿਸ ਮੁਲਾਜ਼ਮ ਮੋਮੀਨਾ ਦੀ ਕਹਾਣੀ, 6 ਮਹੀਨਿਆਂ ਬਾਅਦ ਵੀ ਇਨਸਾਫ਼ ਨਹੀਂ

ਉਹ ਕਹਿੰਦੀ ਹੈ ਕਿ ਉਨ੍ਹਾਂ ਦੇ ਘਰੋਂ ਭੱਜਣ ਤੋਂ ਬਾਅਦ ਤਾਲਿਬਾਨ ਦਾ ਇੱਕ ਵੱਡਾ ਕਮਾਂਡਰ ਉਨ੍ਹਾਂ ਦੇ ਘਰ ਵਿੱਚ ਰਹਿੰਦਾ ਹੈ, ਉਨ੍ਹਾਂ ਦੀ ਕਾਰ ਚਲਾਉਂਦਾ ਹੈ ਅਤੇ ਉਨ੍ਹਾਂ ਸਾਰਾ ਸਾਮਾਨ ਉਨ੍ਹਾਂ ਕੋਲ ਹੈ।

ਪਰਵਾਸੀ ਵਜੋਂ ਰਹਿ ਰਹੇ ਇਨ੍ਹਾਂ ਜੱਜਾਂ ਕੋਲ ਘਰੋਂ ਆ ਰਹੀਆਂ ਖ਼ਬਰਾਂ ਘੱਟ ਹੀ ਸਕਾਰਾਤਮਕ ਹੁੰਦੀਆਂ।

ਇੱਕ ਵ੍ਹਟਸਐਪ ਗਰੁੱਪ ਵਿੱਚ 28 ਪ੍ਰੋਫਾਈਲ ਪਿਕਚਰ ਦਾ ਇੱਕ ਕੋਲਾਜ ਸ਼ੇਅਰ ਹੋ ਰਿਹਾ ਹੈ, ਜਿਸ 'ਤੇ ਇੱਕ ਮਹਿਲਾ ਜੱਜ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਪੁਰਸ਼ ਵਕੀਲਾਂ ਦੀਆਂ ਤਸਵੀਰਾਂ ਹਨ, ਜਿਨ੍ਹਾਂ ਦਾ ਕਤਲ ਉਨ੍ਹਾਂ ਲੋਕਾਂ ਨੇ ਹੀ ਕੀਤਾ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਜੇਲ੍ਹ ਵਿੱਚ ਭੇਜਿਆ ਸੀ।

ਗ੍ਰੀਸ ਆਉਣ ਵਾਲੀਆਂ ਸਾਰੀਆਂ ਮਹਿਲਾ ਜੱਜਾਂ ਵਿੱਚ ਸਭ ਤੋਂ ਜਵਾਨ ਮਹਿਲਾ ਜੱਜ ਬੇਹੱਦ ਦੁਖੀ ਹੈ।

ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਜੂਨੀਅਕ ਨਰਗਿਸ ਨੇ ਸੂਬਾਈ ਪਰਿਵਾਰ ਕੋਰਟ ਵਿੱਚ ਪੰਜ ਤੋਂ ਘੱਟ ਸਾਲ ਕੰਮ ਕੀਤਾ ਸੀ।

ਉਨ੍ਹਾਂ ਦੀ ਪੂਰੀ ਯੂਨੀਵਰਸਿਟੀ ਦੀ ਪੜ੍ਹਾਈ ਅਤੇ ਕੰਮਕਾਜ ਅਮਰੀਕਾ ਸਮਰਥਿਤ ਅਫ਼ਗਾਨ ਸਰਕਾਰ ਵਿੱਚ ਹੀ ਹੋਇਆ ਹੈ।

ਨਰਗਿਸ ਕਹਿੰਦੀ ਹੈ, "ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਔਰਤਾਂ ਲਈ ਤਰੱਕੀ ਕਰਨਾ ਅਤੇ ਜੋ ਉਨ੍ਹਾਂ ਨੇ ਬੀਤੇ 20 ਸਾਲਾਂ ਵਿੱਚ ਹਾਸਿਲ ਕੀਤਾ ਸੀ ਉਹ ਕਾਇਮ ਰੱਖਣਾ ਸੰਭਵ ਹੈ।"

ਬਾਕੀ ਉਹ ਔਰਤਾਂ ਜੋ ਉਮਰਦਰਾਜ ਹਨ ਅਤੇ ਜਿਨ੍ਹਾਂ ਨੇ ਤਾਲਿਬਾਨ ਦੇ ਉਭਾਰ ਅਤੇ ਫਿਰ ਉਨ੍ਹਾਂ ਦੇ ਪਤਨ ਨੂੰ ਦੇਖਿਆ ਹੈ, ਉਨ੍ਹਾਂ ਨੂੰ ਬਹੁਤ ਆਸ ਹੈ।

ਵੀਡੀਓ ਕੈਪਸ਼ਨ, ਤਾਲਿਬਾਨ ਤੇ ਜੰਗ ਵਿਚਾਲੇ ਇੱਕ ਅਫ਼ਗਾਨਿਸਤਾਨ ਇਹ ਵੀ ਹੈ

ਅਸਮਾਂ ਕਹਿੰਦੀ ਹੈ, "ਅਫ਼ਗਾਨਿਸਤਾਨ ਦੀਆਂ ਔਰਤਾਂ ਉਹ ਔਰਤਾਂ ਨਹੀਂ ਹਨ ਜੋ 20 ਸਾਲ ਪਹਿਲਾਂ ਸਨ। ਉਨ੍ਹਾਂ ਔਰਤਾਂ ਵੱਲ ਦੇਖੋ, ਜਿਨ੍ਹਾਂ ਨੇ ਤਾਲਿਬਾਨ ਦੇ ਆਉਣ ਦੇ ਪਹਿਲੇ ਦਿਨ ਹੀ ਆਪਣੇ ਅਧਿਕਾਰਾਂ ਅਤੇ ਸਿੱਖਿਆ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ।"

"ਇਸ ਪੱਧਰ 'ਤੇ ਪਹੁੰਚਣਾ ਸੌਖਾ ਨਹੀਂ ਹੈ। ਪਰ ਅੱਜ ਸਾਡੇ ਦੇਸ਼ ਵਿੱਚ ਹਰ ਬੇਟੀ ਆਪਣੇ ਪੈਰਾਂ 'ਤੇ ਖੜ੍ਹੀ ਹੈ।"

ਸਨਾ ਨੇ ਵੀ ਆਪਣੀ ਆਸ ਨੂੰ ਭਾਲ ਲਿਆ ਹੈ। ਉਹ ਕਹਿੰਦੀ ਹੈ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੀਆਂ ਸਾਥਣ ਮਹਿਲਾ ਜੱਜਾਂ ਨੇ ਜੋ ਕਾਨੂੰਨ ਬਣਾਏ ਉਨ੍ਹਾਂ ਨੂੰ ਇਤਿਹਾਸ ਤੋਂ ਆਸਾਨੀ ਨਾਲ ਮਿਟਾਇਆ ਨਹੀਂ ਜਾ ਸਕੇਗਾ।

ਤਾਲਿਬਾਨ ਉਨ੍ਹਾਂ ਨੂੰ ਸ਼ਾਇਦ ਨਜ਼ਰਅੰਦਾਜ਼ ਕਰੇ ਪਰ ਉਨ੍ਹਾਂ ਨੂੰ ਮਿਟਾ ਨਹੀਂ ਸਕਦਾ ਹੈ।

ਉਹ ਸੰਵਿਧਾਨ ਦਾ ਹਵਾਲਾ ਦੇ ਰਹੀ ਸੀ, ਆਰਟੀਕਲ 22 ਦੇ ਤਹਿਤ ਅਫ਼ਗਾਨਿਸਤਾਨ ਦੇ ਸਾਰੇ ਨਾਗਰਿਕ, ਪੁਰਸ਼ ਅਤੇ ਔਰਤ, ਸਾਰਿਆਂ ਦੇ ਬਰਾਬਰ ਅਧਿਕਾਰ ਹਨ।

ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ ’ਚ ਨਵੀਆਂ ‘ਕੰਧਾਂ’ ਉਸਾਰਦੀ ਕੁੜੀ

ਆਰਟੀਕਲ 43 ਦੇ ਤਹਿਤ ਸਿੱਖਿਆ ਅਫ਼ਗਾਨਿਸਤਾਨ ਦੇ ਸਾਰੇ ਨਾਗਰਿਕਾਂ ਦਾ ਅਧਿਕਾਰ ਹੈ ਅਤੇ ਆਰਟੀਕਲ 48 ਦੇ ਤਹਿਤ ਕੰਮ ਕਰਨਾ ਹਰ ਅਫ਼ਗਾਨ ਦਾ ਅਧਿਕਾਰ ਹੈ।

ਸਨਾ ਨੇ ਔਰਤਾਂ ਦੇ ਖ਼ਿਲਾਫ਼ ਹਿੰਸਾ ਖ਼ਤਮ ਕਰਨ ਦਾ ਐਕਟ ਬਣਾਉਣ ਵਿੱਚ ਮਦਦ ਕੀਤੀ ਸੀ, ਜੋ ਕਾਨੂੰਨ ਵਜੋਂ 2009 ਵਿੱਚ ਪਾਸ ਹੋਇਆ ਸੀ ਅਤੇ ਇਸ ਵਿੱਚ ਔਰਤਾਂ ਦੇ ਖ਼ਿਲਾਫ਼ 22 ਤਰ੍ਹਾਂ ਦੇ ਕਾਰਿਆਂ ਨੂੰ ਅਪਰਾਧ ਮੰਨਿਆ ਗਿਆ ਹੈ।

ਇਨ੍ਹਾਂ ਵਿੱਚ ਰੇਪ, ਜਬਰਨ, ਵਿਆਹ, ਔਰਤਾਂ ਨੂੰ ਜਾਇਦਾਦ ਲੈਣ ਤੋਂ ਰੋਕਣਾ, ਔਰਤਾਂ ਜਾਂ ਕੁੜੀਆਂ ਨੂੰ ਸਕੂਲ ਜਾਂ ਕੰਮ 'ਤੇ ਜਾਣ ਤੋਂ ਰੋਕਣਾ ਸ਼ਾਮਿਲ ਹੈ।

ਤਾਲਿਬਾਨ ਨੇ ਸਾਰੀਆਂ ਕੰਮਕਾਜੀਆਂ ਔਰਤਾਂ ਅਤੇ ਵਿਦਿਆਰਥੀਆਂ ਨੂੰ ਉਦੋਂ ਤੱਕ ਸਕੂਲ ਜਾਂ ਕੰਮ ਤੋਂ ਦੂਰ ਰਹਿਣ ਨੂੰ ਕਿਹਾ ਹੈ, ਜਦੋਂ ਤੱਕ ਕਿ ਕੰਮ ਦੀਆਂ ਥਾਵਾਂ ਜਾਂ ਸਿੱਖਣ ਦਾ ਵਾਤਾਵਰਨ 'ਸੁਰੱਖਿਅਤ' ਨਾ ਹੋ ਜਾਵੇ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅਸਥਾਈ ਪ੍ਰਬੰਧ ਹੈ, ਪਰ ਉਨ੍ਹਾਂ ਨੇ ਇਸ ਲਈ ਕੋਈ ਵਕਤ ਤੈਅ ਨਹੀਂ ਕੀਤਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਭਵਿੱਖ ਵਿੱਚ ਔਰਤਾਂ ਕਦੋਂ ਜੱਜ ਜਾਂ ਮੰਤਰੀ ਦੀ ਭੂਮਿਕਾ ਨਿਭਾ ਸਕਣੀਆਂ? ਇਸ ਸਵਾਲ 'ਤੇ ਕਰੀਮੀ ਨੇ ਬੀਬੀਸੀ ਨੂੰ ਕਿਹਾ ਕਿ ਉਹ ਇਸ 'ਤੇ ਕੋਈ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ 'ਔਰਤਾਂ ਦੇ ਕੰਮ ਲਈ ਹਾਲਾਤ ਅਤੇ ਮੌਕਿਆਂ 'ਤੇ ਅਜੇ ਵੀ ਚਰਚਾ ਜਾਰੀ ਹੈ।'

ਸਨਾ ਕਹਿੰਦੀ ਹੈ, "ਫਿਲਹਾਲ ਔਰਤਾਂ ਆਪਣੇ ਘਰਾਂ ਵਿੱਚ ਫਸੀਆਂ ਹੋਈਆਂ ਹਨ ਅਤੇ ਜਿਨ੍ਹਾਂ ਅਪਰਾਧੀਆਂ ਨੂੰ ਅਸੀਂ ਕੈਦ ਕੀਤਾ ਸੀ ਉਹ ਹੁਣ ਆਜ਼ਾਦ ਹਨ।"

ਉਨ੍ਹਾਂ ਨੇ ਅਹਿਦ ਲਿਆ ਹੈ ਕਿ ਉਹ ਅਨਿਆਂ ਦੇ ਖ਼ਿਲਾਫ਼ ਵਿਦੇਸ਼ ਤੋਂ ਵੀ ਲੜਦੀਆਂ ਰਹਿਣਗੀਆਂ ਅਤੇ 'ਹਰ ਅਫ਼ਗਾਨ ਔਰਤ ਦਾ ਸਮਰਥਨ ਕਰਨਗੀਆਂ।'

"ਅਫ਼ਗਾਨਿਸਤਾਨ ਮੁਲਕ ਸਿਰਫ਼ ਤਾਲਿਬਾਨ ਜਾਂ ਕਿਸੇ ਇੱਕ ਖ਼ਾਸ ਸਮੂਹ ਨਾਲ ਜੁੜਿਆ ਹੋਇਆ ਨਹੀਂ ਹੈ। ਇਹ ਹਰ ਅਫ਼ਗਾਨ ਦਾ ਹੈ।"

ਤਸਵੀਰਾਂ- ਡੈਰਿਕ ਇਵਾਂਸ

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)