ਅਫ਼ਗਾਨਿਸਤਾਨ 'ਚ ਤਾਲਿਬਾਨ : ਔਰਤਾਂ ਨੂੰ ਪੱਥਰ ਮਾਰ ਕੇ ਸਜ਼ਾ ਦੇਣ ਦੀ ਰਵਾਇਤ ਬਦਲੇਗੀ? - ਤਾਲਿਬਾਨ ਦਾ ਕੀ ਹੈ ਜਵਾਬ

ਤਸਵੀਰ ਸਰੋਤ, REUTERS/Tatyana Makeyeva
ਪਿਛਲੇ ਕੁਝ ਹਫਤਿਆਂ ਵਿੱਚ ਤਾਲਿਬਾਨ ਲੜਾਕਿਆਂ ਨੇ ਜਿਵੇਂ-ਜਿਵੇਂ ਰਾਜਧਾਨੀ ਕਾਬੁਲ ਵੱਲ ਆਪਣੇ ਪੈਰ ਵਧਾਏ ਹਨ, ਉਵੇਂ-ਉਵੇਂ ਹੀ ਅਫ਼ਗ਼ਾਨਿਸਤਾਨ ਦੀਆਂ ਔਰਤਾਂ ਦੀ ਚਿੰਤਾ ਵੱਧਦੀ ਰਹੀ ਹੈ।
ਅੰਤਰਰਾਸ਼ਟਰੀ ਪੱਧਰ 'ਤੇ ਵੀ ਇਸ ਗੱਲ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ ਕਿ ਤਾਲਿਬਾਨ ਦਾ ਸ਼ਾਸਨ ਆਉਣ ਤੋਂ ਬਾਅਦ ਅਫ਼ਗ਼ਾਨਿਸਤਾਨ ਵਿੱਚ ਔਰਤਾਂ ਦੀਆਂ ਜ਼ਿੰਦਗੀਆਂ 'ਤੇ ਕੀ ਅਸਰ ਹੋਵੇਗਾ।
ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਤੋਂ ਲੈ ਕੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨਿਓ ਗੁਟਰੇਸ਼ ਤੱਕ ਨੇ ਇੱਥੋਂ ਦੀਆਂ ਔਰਤਾਂ ਦੀ ਸਥਿਤੀ ਨੂੰ ਲੈ ਕੇ ਚਿੰਤਾ ਜਤਾਈ ਹੈ।
ਗੁਟਰੇਸ਼ ਨੇ ਸੋਮਵਾਰ ਨੂੰ ਟਵੀਟ ਕਰਕੇ ਲਿਖਿਆ ਹੈ, "ਗੰਭੀਰ ਤੌਰ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਦੀਆਂ ਰਿਪੋਰਟਾਂ ਦੇ ਵਿਚਕਾਰ, ਅਫ਼ਗ਼ਾਨਿਸਤਾਨ ਵਿੱਚ ਚੱਲ ਰਿਹਾ ਸੰਘਰਸ਼ ਹਜ਼ਾਰਾਂ ਲੋਕਾਂ ਨੂੰ ਭੱਜਣ ਲਈ ਮਜਬੂਰ ਕਰ ਰਿਹਾ ਹੈ।"
"ਸਭ ਤਰ੍ਹਾਂ ਦੇ ਤਸ਼ੱਦਦ ਬੰਦ ਹੋਣੇ ਚਾਹੀਦੇ ਹਨ। ਅੰਤਰਰਾਸ਼ਟਰੀ ਮਨੁੱਖੀ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ, ਵਿਸ਼ੇਸ਼ ਤੌਰ 'ਤੇ ਔਰਤਾਂ ਅਤੇ ਕੁੜੀਆਂ ਦੇ ਮਾਮਲੇ ਵਿੱਚ ਬਹੁਤ ਸਖ਼ਤ ਮਿਹਨਤ ਤੋਂ ਬਾਅਦ ਜਿਹੜੀ ਕਾਮਯਾਬੀ ਹਾਸਿਲ ਕੀਤੀ ਹੈ, ਉਸ ਨੂੰ ਸੁਰੱਖਿਅਤ ਕੀਤਾ ਚਾਹੀਦਾ ਹੈ।"
ਇਹ ਵੀ ਪੜ੍ਹੋ-
ਇਸ ਦੌਰਾਨ, ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਦੁਨੀਆ ਭਰ ਦੇ ਨੇਤਾਵਾਂ, ਮਾਹਿਰਾਂ ਅਤੇ ਮਸ਼ਹੂਰ ਹਸਤੀਆਂ ਦੁਆਰਾ ਤਾਲਿਬਾਨ ਸ਼ਾਸਨ ਅਧੀਨ ਔਰਤਾਂ ਦੇ ਜੀਵਨ ਬਾਰੇ ਜਤਾਈ ਗਈ ਚਿੰਤਾ 'ਤੇ ਆਪਣਾ ਪੱਖ ਰੱਖਿਆ ਹੈ।
ਤਾਲਿਬਾਨ ਦੇ ਬੁਲਾਰੇ ਨੇ ਬੀਬੀਸੀ ਨੂੰ ਦਿੱਤੀ ਆਪਣੀ ਇੰਟਰਵਿਊ ਵਿੱਚ ਦੱਸਿਆ ਹੈ ਕਿ ਆਉਣ ਵਾਲੀ ਸਰਕਾਰ ਵਿੱਚ ਔਰਤਾਂ ਨੂੰ ਕੰਮ ਕਰਨ ਅਤੇ ਪੜ੍ਹਾਈ ਕਰਨ ਦੀ ਆਜ਼ਾਦੀ ਹੋਵੇਗੀ।

ਤਸਵੀਰ ਸਰੋਤ, Reuters
ਬੀਬੀਸੀ ਪੱਤਰਕਾਰ ਯਲਦਾ ਹਕੀਮ ਨਾਲ ਗੱਲਬਾਤ ਕਰਦੇ ਹੋਏ, ਸੁਹੈਲ ਸ਼ਾਹੀਨ ਨੇ ਤਾਲਿਬਾਨ ਦੇ ਸ਼ਾਸਨ ਅਧੀਨ ਨਿਆਂਪਾਲਿਕਾ, ਸ਼ਾਸਨ ਅਤੇ ਸਮਾਜਿਕ ਪ੍ਰਣਾਲੀ ਬਾਰੇ ਵਿਸਥਾਰ ਨਾਲ ਦੱਸਿਆ।
ਪਰ ਸਵਾਲ ਇਹ ਹੈ ਕਿ ਕੀ ਤਾਲਿਬਾਨ ਦੇ ਇਸ ਸ਼ਾਸਨ ਵਿਚ ਔਰਤਾਂ ਦੀ ਹਾਲਤ ਪਿਛਲੇ ਯੁੱਗ ਦੇ ਤਾਲਿਬਾਨੀ ਸ਼ਾਸਨ ਦੇ ਮੁਕਾਬਲੇ ਬਿਹਤਰ ਹੋਵੇਗੀ।
ਯਲਦਾ ਹਕੀਮ ਨੇ ਆਪਣੇ ਬਹੁਤ ਸਾਰੇ ਸਵਾਲਾਂ ਰਾਹੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਅਜਿਹੇ ਕਈ ਸਵਾਲਾਂ 'ਤੇ ਸ਼ਾਹੀਨ ਬਚਦੇ ਹੋਏ ਨਜ਼ਰ ਆਏ।
ਯਲਦਾ ਹਕੀਮ: ਕੀ ਤਾਲਿਬਾਨ ਦੇ ਸ਼ਾਸਨ ਵਿੱਚ ਔਰਤਾਂ ਜੱਜ ਬਣ ਸਕਣਗੀਆਂ?
ਸੁਹੈਲ ਸ਼ਾਹੀਨ: ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੱਜ ਹੋਣਗੇ। ਪਰ ਔਰਤਾਂ ਨੂੰ ਸਹਿਯੋਗ ਦੇਣ ਦਾ ਕੰਮ ਮਿਲ ਸਕਦਾ ਹੈ। ਉਨ੍ਹਾਂ ਨੂੰ ਹੋਰ ਕਿਹੜੇ ਕੰਮ ਮਿਲ ਸਕਦੇ ਹਨ, ਇਹ ਭਵਿੱਖ ਦੀ ਸਰਕਾਰ 'ਤੇ ਨਿਰਭਰ ਕਰੇਗਾ।
ਯਲਦਾ ਹਕੀਮ: ਕੀ ਸਰਕਾਰ ਇਹ ਤੈਅ ਕਰੇਗੀ ਕਿ ਲੋਕ ਕਿੱਥੇ ਕੰਮ ਕਰ ਸਕਦੇ ਹਨ ਅਤੇ ਕਿੱਥੇ ਜਾ ਸਕਦੇ ਹਨ?
ਸੁਹੈਲ ਸ਼ਾਹੀਨ: ਇਹ ਭਵਿੱਖ ਦੀ ਸਰਕਾਰ 'ਤੇ ਨਿਰਭਰ ਕਰੇਗਾ। ਸਕੂਲ ਆਦਿ ਲਈ ਵਰਦੀ ਹੋਵੇਗੀ। ਸਾਨੂੰ ਸਿੱਖਿਆ ਖੇਤਰ ਲਈ ਕੰਮ ਕਰਨਾ ਪਵੇਗਾ। ਅਰਥ ਵਿਵਸਥਾ ਅਤੇ ਸਰਕਾਰ ਦਾ ਬਹੁਤ ਸਾਰਾ ਕੰਮ ਹੋਵੇਗਾ। ਪਰ ਨੀਤੀ ਇਹੀ ਹੈ ਕਿ ਔਰਤਾਂ ਨੂੰ ਕੰਮ ਕਰਨ ਅਤੇ ਪੜ੍ਹਾਈ ਕਰਨ ਦੀ ਆਜ਼ਾਦੀ ਹੋਵੇਗੀ।
ਨੱਬੇ ਦੇ ਦਹਾਕੇ ਵਾਲੇ ਹਾਲਾਤ ਜਾਂ ਨਵਾਂ ਤਾਲਿਬਾਨ ਸ਼ਾਸਨ?
ਯਲਦਾ ਹਕੀਮ: ਨਵੀਂ ਸਰਕਾਰ ਵਿੱਚ, ਪਹਿਲਾਂ ਵਾਂਗ ਔਰਤਾਂ ਨੂੰ ਘਰੋਂ ਬਾਹਰ ਜਾਣ ਲਈ ਕਿਸੇ ਪੁਰਸ਼ ਜਿਵੇਂ ਕਿ ਉਨ੍ਹਾਂ ਦੇ ਪਿਤਾ, ਭਰਾ ਜਾਂ ਪਤੀ ਦੀ ਜ਼ਰੂਰਤ ਤਾਂ ਨਹੀਂ ਹੋਵੇਗੀ?
ਸੁਹੈਲ ਸ਼ਾਹੀਨ: ਬਿਲਕੁਲ, ਉਹ ਇਸਲਾਮੀ ਕਾਨੂੰਨ ਦੇ ਅਨੁਸਾਰ ਸਭ ਕੁਝ ਕਰ ਸਕਦੀਆਂ ਹਨ। ਅਤੀਤ ਵਿੱਚ ਵੀ ਔਰਤਾਂ ਨੂੰ ਇਕੱਲੇ ਸੜਕ 'ਤੇ ਚੱਲਦਿਆਂ ਵੇਖਿਆ ਜਾ ਸਕਦਾ ਸੀ।
ਯਲਦਾ ਹਕੀਮ: ਇਸ ਤੋਂ ਪਹਿਲਾਂ ਔਰਤਾਂ ਨੂੰ ਘਰੋਂ ਇਕੱਲੇ ਬਾਹਰ ਨਿਕਲਣ 'ਤੇ ਧਾਰਮਿਕ ਪੁਲਿਸ ਦੁਆਰਾ ਕੁੱਟਿਆ ਜਾਂਦਾ ਸੀ। ਅਸੀਂ ਜਿਨ੍ਹਾਂ ਔਰਤਾਂ ਨਾਲ ਗੱਲ ਕੀਤੀ, ਉਨ੍ਹਾਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਸਿਰਫ਼ ਉਨ੍ਹਾਂ ਦੇ ਪਿਤਾ, ਭਰਾ ਅਤੇ ਪਤੀ ਦੇ ਨਾਲ ਹੀ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਸੀ।
ਸੁਹੈਲ ਸ਼ਾਹੀਨ: ਨਹੀਂ, ਅਜਿਹਾ ਨਹੀਂ ਸੀ ਅਤੇ ਅੱਗੇ ਵੀ ਅਜਿਹਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ-
ਯਲਦਾ ਹਕੀਮ: ਤੁਸੀਂ ਉਨ੍ਹਾਂ ਨੌਜਵਾਨ ਔਰਤਾਂ ਅਤੇ ਕੁੜੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੋ ਤਾਲਿਬਾਨ ਦੇ ਵਾਪਸ ਆਉਣ ਨਾਲ ਕਾਫੀ ਪ੍ਰੇਸ਼ਾਨ ਹਨ?
ਸੁਹੈਲ ਸ਼ਾਹੀਨ: ਉਨ੍ਹਾਂ ਨੂੰ ਡਰਨਾ ਨਹੀਂ ਚਾਹੀਦਾ। ਅਸੀਂ ਉਨ੍ਹਾਂ ਦੇ ਸਨਮਾਨ, ਸੰਪਤੀ, ਕੰਮ ਕਰਨ ਅਤੇ ਪੜ੍ਹਾਈ ਦੇ ਅਧਿਕਾਰ ਦੀ ਰੱਖਿਆ ਲਈ ਸਮਰਪਿਤ ਹਾਂ।
ਇਸ ਲਈ ਉਨ੍ਹਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੂੰ ਕੰਮ ਕਰਨ ਤੋਂ ਲੈ ਕੇ ਪੜ੍ਹਾਈ ਕਰਨ ਤੱਕ, ਪਿਛਲੀ ਸਰਕਾਰ ਨਾਲੋਂ ਬਿਹਤਰ ਹਾਲਾਤ ਮਿਲਣਗੇ।
ਪੱਥਰ ਮਾਰ ਕੇ ਔਰਤਾਂ ਨੂੰ ਸਜ਼ਾ ਦੇਣ ਦੀ ਪ੍ਰਥਾ
ਯਲਦਾ ਹਕੀਮ: ਮੈਂ ਕੁਝ ਤਾਲਿਬਾਨ ਕਮਾਂਡਰਾਂ ਨਾਲ ਗੱਲ ਕੀਤੀ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਉਹ ਜਨਤਕ ਤੌਰ 'ਤੇ ਮੌਤ ਦੀ ਸਜ਼ਾ ਦੇਣ, ਸਟੋਨਿੰਗ (ਪੱਥਰਾਂ ਨਾਲ ਮਾਰਨ ਦੀ ਪ੍ਰਥਾ) ਅਤੇ ਹੱਥ-ਪੈਰ ਕੱਟਣ ਵਰਗੀਆਂ ਸਜ਼ਾਵਾਂ ਦੇਣ ਵਾਲੀ ਕਾਨੂੰਨੀ ਪ੍ਰਣਾਲੀ ਚਾਹੁੰਦੇ ਹਨ। ਕੀ ਤੁਹਾਡਾ ਵੀ ਇਹੀ ਮੰਨਣਾ ਹੈ?
ਸੁਹੈਲ ਸ਼ਾਹੀਨ: ਕਿਉਂਕਿ ਇਹ ਇਸਲਾਮਿਕ ਸਰਕਾਰ ਹੈ, ਇਸ ਲਈ ਇਸਲਾਮੀ ਕਾਨੂੰਨ ਅਤੇ ਧਾਰਮਿਕ ਫ਼ਾਰਮ ਅਤੇ ਅਦਾਲਤਾਂ ਹੀ ਇਹ ਸਭ ਤੈਅ ਕਰਨਗੀਆਂ। ਉਹ ਸਜ਼ਾਵਾਂ ਬਾਰੇ ਫੈਸਲਾ ਕਰਨਗੇ।
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਤਾਲਿਬਾਨ ਦੇ ਇਕ ਹੋਰ ਬੁਲਾਰੇ, ਜ਼ਬੀਉੱਲਾ ਮੁਜਾਹਿਦ ਨੇ ਵੀ ਇਸੇ ਮੁੱਦੇ 'ਤੇ ਕਿਹਾ ਸੀ ਕਿ ਇਹ ਮਾਮਲਾ ਇਸਲਾਮਿਕ ਕਾਨੂੰਨ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਨੇ ਕਿਹਾ ਸੀ, "ਇਹ ਸ਼ਰੀਅਤ ਨਾਲ ਜੁੜਿਆ ਮਾਮਲਾ ਹੈ ਅਤੇ ਮੈਂ ਇਸ ਮਾਮਲੇ ਵਿੱਚ ਸਿਰਫ਼ ਇੰਨਾ ਹੀ ਕਹਿਣਾ ਹੈ ਕਿ ਅਸੀਂ ਸ਼ਰੀਅਤ ਦੇ ਸਿਧਾਂਤਾਂ ਨੂੰ ਨਹੀਂ ਬਦਲ ਸਕਦੇ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post















