ਹਵਾਲਾ ਕੀ ਹੈ, ਇਹ ਧੰਦਾ ਸ਼ੁਰੂ ਕਿੱਥੋਂ ਹੋਇਆ ਤੇ ਕਿੰਨਾ ਵੱਡਾ ਹੈ ਇਸ ਦਾ ਕਾਰੋਬਾਰ

ਤਸਵੀਰ ਸਰੋਤ, Getty Images
- ਲੇਖਕ, ਡੇਨੀਅਲ ਗੋਂਜ਼ਾਲੇਜ਼ ਕੱਪਾ
- ਰੋਲ, ਬੀਬੀਸੀ ਮੁੰਡੋ
ਕਿਸੇ ਦੇਸ਼ ਦੀ ਕਰੰਸੀ ਨੂੰ ਦੁਨੀਆਂ ਦੇ ਇੱਕ ਹਿੱਸੇ ਤੋਂ ਦੂਜੀ ਥਾਂ ਟਰਾਂਸਫ਼ਰ ਕਰਨਾ ਅਤੇ ਉਹ ਵੀ ਬਿਨਾਂ ਉਸ ਨੂੰ ਹਿਲਾਇਆਂ। ਇਸ ਦੇ ਲਈ ਨਾ ਤਾਂ ਬੈਂਕਾਂ ਦੀ ਲੋੜ ਹੈ ਨਾ ਹੀ ਕਰੰਸੀ ਐਕਸਚੇਂਜ ਦੀ, ਨਾ ਤਾਂ ਕੋਈ ਫਾਰਮ ਭਰਨਾ ਹੈ ਅਤੇ ਨਾ ਹੀ ਕੋਈ ਫੀਸ ਦੇਣੀ ਹੈ।
ਬਸ ਇੱਕ ਕਰੰਸੀ ਭੇਜਣ ਵਾਲਾ ਹੋਵੇਗਾ ਅਤੇ ਦੂਜਾ ਜਿਸ ਕੋਲ ਇਹ ਕਰੰਸੀ ਆਵੇਗੀ ਅਤੇ ਇਨ੍ਹਾਂ ਦੋਵਾਂ ਦਰਮਿਆਨ ਘੱਟੋ-ਘੱਟ ਦੋ ਵਿਚੋਲੀਏ।
ਇਹ ਹਵਾਲਾ ਕਾਰੋਬਾਰ ਹੈ, ਜੋ ਰਵਾਇਤੀ ਬੈਂਕਿੰਗ ਸਿਸਟਮ ਆਉਣ ਤੋਂ ਪਹਿਲਾਂ ਵੀ ਸੀ ਅਤੇ ਆਪਣੇ ਸੌਖੇ ਇਸਤੇਮਾਲ ਕਰਨ ਅਤੇ ਇਸ 'ਚ ਸ਼ਾਮਲ ਲੋਕਾਂ ਨੂੰ ਮਿਲਣ ਵਾਲੇ ਕਈ ਫ਼ਾਇਦਿਆਂ ਕਾਰਨ ਸਦੀਆਂ ਤੋਂ ਚੱਲਦਾ ਆ ਰਿਹਾ ਹੈ।
ਇਸ ਰਾਹੀਂ ਦੁਨੀਆਂ ਭਰ ਵਿੱਚ ਲੱਖਾਂ ਡਾਲਰ ਜਾਂ ਰੁਪਏ ਇੱਧਰ ਤੋਂ ਉੱਧਰ ਕੀਤੇ ਜਾ ਸਕਦੇ ਹਨ, ਇਹ ਜਾਣੇ ਬਿਨਾਂ ਕਿ ਰਾਸ਼ੀ ਕਿੰਨੀ ਹੈ ਅਤੇ ਇਸ ਨੂੰ ਕੰਟਰੋਲ ਕੌਣ ਕਰ ਰਿਹਾ ਹੈ।
ਰੁਪਏ ਨੂੰ ਦੁਨੀਆਂ ਦੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਟਰਾਂਸਫ਼ਰ ਕਰਨ ਦਾ ਨਾਮ ਹੀ ਹਵਾਲਾ ਹੈ ਅਤੇ ਇਸ ਵਿੱਚ ਸਭ ਤੋਂ ਅਹਿਮ ਭੂਮਿਕਾ ਏਜੰਟ ਜਾਂ ਵਿਚੋਲੀਏ ਦੀ ਹੁੰਦੀ ਹੈ। ਕਿਉਂਕਿ ਇਹ ਵਿਚੋਲੀਏ ਸ਼ਾਇਦ ਹੀ ਕਦੇ ਕਿਸੇ ਲੈਣ-ਦੇਣ ਦਾ ਰਿਕਾਰਡ ਛੱਡਦੇ ਹਨ।
ਇਹ ਵਿਚੋਲੀਏ ਉਹ ਹਨ ਜੋ ਹਵਾਲੇ ਰਾਹੀਂ ਰੁਪਈਆ ਕਿੱਥੋਂ ਨਿਕਲ ਕੇ ਕਿੱਥੇ ਪਹੁੰਚ ਰਿਹਾ ਹੈ, ਇਸ ਨੂੰ ਪਤਾ ਲਗਾਉਣ ਵਿੱਚ ਸਭ ਤੋਂ ਵੱਡੀ ਰੁਕਾਵਟ ਹੁੰਦੇ ਹਨ ਅਤੇ ਖ਼ੁਦ ਨੂੰ ਸੰਭਾਵਿਤ ਮਨੀ ਲੌਂਡਰਿੰਗ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅੱਤਵਾਦੀ ਸੰਗਠਨਾਂ ਨੂੰ ਕਿਰਾਏ ਉੱਤੇ ਦੇ ਸਕਦੇ ਹਨ।
ਮੈਡ੍ਰਿਡ ਦੇ ਪੌਂਟਿਫਿਸਿਆ ਕੋਮਿਲਾ ਯੂਨੀਵਰਸਿਟੀ ਵਿੱਚ ਇੰਟਰਨੈਸ਼ਨਲ ਸਟੱਡੀਜ਼ ਦੇ ਪ੍ਰੋਫ਼ੈਸਰ ਅਲਬਰਟੋ ਪ੍ਰੀਗੋ ਮੋਰੇਨੋ ਨੇ ਬੀਬੀਸੀ ਮੁੰਡੋ ਨੂੰ ਦੱਸਿਆ, ''ਹਾਲਾਂਕਿ ਹਵਾਲਾ ਖ਼ੁਦ ਇਨ੍ਹਾਂ ਗਤੀਵਿਧੀਆਂ ਨਾਲ ਨਹੀਂ ਜੁੜਿਆ ਹੈ, ਇਹ ਗਲਤ ਮਕਸਦਾਂ ਦੀ ਪ੍ਰਾਪਤੀ ਲਈ ਵਰਤਿਆ ਜਾਣ ਵਾਲਾ ਇੱਕ ਸਾਧਨ ਹੋ ਸਕਦਾ ਹੈ।''
ਅਸਲ ਵਿੱਚ ਹਵਾਲਾ ਦਾ ਕਾਰੋਬਾਰ ਫ਼ਾਰਸ ਦੀ ਖਾੜ੍ਹੀ, ਪੂਰਬੀ ਅਫ਼ਰੀਕਾ, ਦੱਖਣੀ ਅਫ਼ਰੀਕਾ ਅਤੇ ਦੱਖਣੀ-ਪੂਰਬੀ ਏਸ਼ੀਆ ਵਿੱਚ ਫ਼ੈਲਿਆ ਹੋਇਆ ਹੈ।
ਇਹ ਵੀ ਪੜ੍ਹੋ:
ਹਵਾਲਾ ਨੂੰ ਇੰਝ ਸਮਝੋ
ਇਸ ਨੂੰ ਇੱਕ ਰਵਾਇਤੀ ਅਤੇ ਅਣ-ਅਧਿਕਾਰਤ ਤਰੀਕੇ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ, ਜੋ ਕਿਸੇ ਵੀ ਹੋਰ ਬੈਂਕਿੰਗ ਸਿਸਟਮ ਦੇ ਸਮਾਂਤਰ ਚੱਲਦਾ ਹੈ ਅਤੇ ਆਪਣੇ ਵਿਚੋਲੀਆਂ ਦੀ ਅਹਿਮੀਅਤ ਅਤੇ ਭਰੋਸੇ 'ਤੇ ਅਧਾਰਿਤ ਹੈ।
ਉਦਾਹਰਣ ਦੇ ਲਈ, ਨਿਊ ਯਾਰਕ ਤੋਂ ਕੋਈ ਵਿਅਕਤੀ ਬਿਨਾਂ ਕੋਈ ਬੈਂਕ ਖਾਤਾ ਖੋਲ੍ਹਿਆਂ ਹੀ ਇਸਲਾਮਾਬਾਦ ਵਿੱਚ ਪੈਸੇ ਭੇਜ ਸਕਦਾ ਹੈ।

ਤਸਵੀਰ ਸਰੋਤ, Getty Images
ਇਸ ਦੇ ਲਈ ਉਸ ਨੂੰ ਸਥਾਨਕ ਵਿਚੋਲੀਏ ਨਾਲ ਸੰਪਰਕ ਕਰਕੇ ਉਸ ਨੂੰ ਡਾਲਰ 'ਚ ਰਾਸ਼ੀ ਅਤੇ ਉਹ ਪਾਸਵਰਡ ਦੇਣਾ ਹੁੰਦਾ ਹੈ ਜਿਸ 'ਤੇ ਪੈਸੇ ਭੇਜਣ ਵਾਲਾ ਅਤੇ ਉਸ ਨੂੰ ਪ੍ਰਾਪਤ ਕਰਨ ਵਾਲਾ ਦੋਵੇਂ ਸਹਿਮਤ ਹੁੰਦੇ ਹਨ। ਯਾਨੀ ਇਹ ਪਾਸਵਰਡ ਹੁਣ ਉਨ੍ਹਾਂ ਦੋਵਾਂ ਤੋਂ ਇਲਾਵਾ ਵਿਚੋਲੀਏ ਨੂੰ ਵੀ ਪਤਾ ਹੁੰਦਾ ਹੈ।
ਹੁਣ ਸਥਾਨਕ ਵਿਚੋਲੀਆ ਪਾਕਿਸਤਾਨ ਦੀ ਰਾਜਧਾਨੀ 'ਚ ਉੱਥੋਂ ਦੇ ਵਿਚੋਲੀਏ ਨਾਲ ਸੰਪਰਕ ਕਰਦਾ ਹੈ ਅਤੇ ਉਸ ਨੂੰ ਰਾਸ਼ੀ ਅਤੇ ਪਾਸਵਰਡ ਦੱਸਦਾ ਹੈ।
ਇਹ ਦੂਜਾ ਵਿਚੋਲੀਆ ਉਨੀਂ ਹੀ ਰਾਸ਼ੀ ਦਾ ਪਾਕਿਸਤਾਨੀ ਰੁਪਈਆ ਉਸ ਵਿਅਕਤੀ ਨੂੰ ਦਿੰਦੇ ਹੈ ਜਿਸ ਨੂੰ ਪੈਸੇ ਪਹੁੰਚਾਏ ਜਾਣੇ ਸੀ।
ਉਹ ਇਹ ਪੱਕਾ ਕਰਦਾ ਹੈ ਕਿ ਪੈਸਾ ਸਹੀ ਵਿਅਕਤੀ ਤੱਕ ਪਹੁੰਚੇ, ਉਹ ਉਸ ਨੂੰ ਪਾਸਵਰਡ ਪੁੱਛਦਾ ਹੈ।
ਇਸ ਸਾਰੀ ਪ੍ਰੀਕਿਰਿਆ ਮਹਿਜ਼ ਕੁਝ ਘੰਟਿਆਂ ਵਿੱਚ ਪੂਰੀ ਹੋ ਜਾਂਦੀ ਹੈ ਅਤੇ ਵਿਚੋਲੀਆ ਇੱਕ ਛੋਟੀ ਰਾਸ਼ੀ ਬਤੌਰ ਕਮੀਸ਼ਨ ਆਪਣੇ ਕੋਲ ਰੱਖਦਾ ਹੈ।
ਹਵਾਲਾ ਆਇਆ ਕੱਥੋਂ?
ਹਵਾਲਾ ਦੀ ਸ਼ੁਰੂਆਤ ਕਦੋਂ ਹੋਈ, ਇਹ ਸਪੱਸ਼ਟ ਤਾਂ ਨਹੀਂ ਹੈ ਪਰ ਕੁਝ ਲੋਕ ਇਸ ਨੂੰ 8ਵੀਂ ਸ਼ਤਾਬਦੀ ਤੋਂ ਸਿਲਕ ਰੂਟ ਦੇ ਤਹਿਤ ਭਾਰਤ ਨਾਲ ਜੋੜਦੇ ਹਨ।
ਸਿਲਕ ਰੂਟ ਨੂੰ ਪੁਰਾਣੀ ਚੀਨੀ ਸੱਭਿਅਤਾ ਦੇ ਵਪਾਰਕ ਮਾਰਗ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
200 ਸਾਲ ਈਸਾ ਪੂਰਬ ਤੋਂ ਦੂਜੀ ਸ਼ਤਾਬਦੀ ਦੇ ਵਿਚਕਾਰਲੇ ਰਾਜਵੰਸ਼ ਦੇ ਸ਼ਾਸਨ ਕਾਲ ਵਿੱਚ ਰੇਸ਼ਮ ਦਾ ਵਪਾਰ ਵਧਿਆ। ਪਹਿਲਾਂ ਰੇਸ਼ਮ ਦਾ ਕਾਰਵਾਂ ਚੀਨੀ ਸਾਮਰਾਜ ਦੇ ਉੱਤਰ ਤੋਂ ਪੱਛਮ ਵੱਲ ਜਾਂਦੇ ਸਨ।

ਤਸਵੀਰ ਸਰੋਤ, Getty Images
ਪਰ ਫ਼ਿਰ ਮੱਧ ਏਸ਼ੀਆ ਦੇ ਕਬੀਲਿਆਂ ਨਾਲ ਸੰਪਰਕ ਹੋਇਆ ਅਤੇ ਹੌਲੀ-ਹੌਲੀ ਇਹ ਮਾਰਗ ਚੀਨ, ਮੱਧ ਏਸ਼ੀਆ, ਉੱਤਰ-ਭਾਰਤ, ਅੱਜ ਦੇ ਈਰਾਨ, ਈਰਾਕ ਅਤੇ ਸੀਰੀਆ ਤੋਂ ਹੁੰਦਾ ਹੋਇਆ ਰੋਮ ਤੱਕ ਪਹੁੰਚ ਗਿਆ।
ਦੱਸਣਯੋਗ ਹੈ ਕਿ ਇਸ ਮਾਰਗ 'ਤੇ ਸਿਰਫ਼ ਰੇਸ਼ਮ ਦਾ ਵਪਾਰ ਨਹੀਂ ਹੁੰਦਾ ਸੀ ਸਗੋਂ ਇਸ ਨਾਲ ਜੁੜੇ ਸਾਰੇ ਲੋਕ ਆਪੋ-ਆਪਣੇ ਉਤਪਾਦਾਂ ਦਾ ਵਪਾਰ ਕਰਦੇ ਸੀ।
ਪਰ ਸਿਲਕ ਰੂਟ 'ਤੇ ਅਕਸਰ ਚੋਰੀ ਅਤੇ ਲੁੱਟ ਹੁੰਦੀ ਸੀ, ਇਸ ਲਈ ਭਾਰਤੀ, ਅਰਬ ਅਤੇ ਮੁਸਲਿਮ ਵਪਾਰੀਆਂ ਨੇ ਆਪਣੇ ਮੁਨਾਫ਼ੇ ਦੀ ਰੱਖਿਆ ਲਈ ਵੱਖੋ-ਵੱਖਰੇ ਤਰੀਕੇ ਅਪਣਾਏ।
ਹਵਾਲਾ ਦਾ ਅਰਥ ਹੈ 'ਦੇ ਏਵਜ ਵਿੱਚ' ਜਾਂ 'ਦੇ ਬਦਲੇ ਵਿੱਚ'
ਵਪਾਰੀ ਇੱਕ ਪਾਸਵਰਡ ਦਾ ਇਸਤੇਮਾਲ ਕਰਦੇ ਸਨ। ਜੋ ਕਿ ਇੱਕ ਵਸਤੂ, ਸ਼ਬਦ ਜਾਂ ਕੋਈ ਇਸ਼ਾਰਾ ਹੁੰਦਾ ਸੀ ਅਤੇ ਠੀਕ ਉਸੇ ਤਰ੍ਹਾਂ ਦੀ ਪੂਰਕ ਵਸਤੂ, ਸ਼ਬਦ ਜਾਂ ਪਾਸਵਰਡ ਉਸ ਨੂੰ ਪ੍ਰਾਪਤ ਕਰਨ ਵਾਲੇ ਨੂੰ ਦੱਸਣਾ ਹੁੰਦਾ ਸੀ।
ਇਸੇ ਤਰ੍ਹਾਂ ਉਹ ਇਹ ਗੱਲ ਪੱਕੀ ਕਰਦੇ ਸਨ ਕਿ ਪੈਸੇ ਜਾਂ ਵਸਤਾਂ ਦਾ ਲੈਣ-ਦੇਣ ਸਹੀ ਹੱਥਾਂ ਤੱਕ ਪਹੁੰਚ ਜਾਵੇ।

ਇਹ ਵਿਵਸਥਾ ਇੰਨੀ ਪੁਰਾਣੀ ਸੀ ਕੀ ਇਸ ਦਾ ਅੰਦਾਜ਼ਾ ਇਸ ਨਾਲ ਲਗਾਇਆ ਜਾ ਸਕਦਾ ਹੈ ਕਿ ਭਾਰਤ ਵਿੱਚ ਪਹਿਲਾ ਬੈਂਕ 'ਬੈਂਕ ਆਫ਼ ਹਿੰਦੁਸਤਾਨ' ਸੀ, ਜਿਸ ਦੀ ਸਥਾਪਨਾ 18ਵੀਂ ਸ਼ਤਾਬਦੀ ਵਿੱਚ ਕੋਲਕਾਤਾ 'ਚ ਹੋਈ ਸੀ।
ਅੱਜ ਤਕਨੀਕ ਦੇ ਮਾਮਲੇ ਵਿੱਚ ਦੁਨੀਆਂ ਜਿਸ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਉਸੇ ਸੌਖ ਨਾਲ ਹਵਾਲਾ ਦੇ ਕੰਮ ਨੂੰ ਕਰਨਾ ਵੀ ਸੌਖ ਹੋਈ ਹੈ।
ਅੱਜ ਇੰਸਟੈਂਟ ਮੈਸੇਜਿੰਗ ਐਪਲੀਕੇਸ਼ਨ ਰਾਹੀਂ ਪਾਸਵਰਡ ਦੀ ਥਾਂ ਕੋਡ ਭੇਜੇ ਜਾਂਦੇ ਹਨ। ਲਿਹਾਜ਼ਾ ਵਿਚੋਲੀਏ ਵੀ ਆਪਣੀ ਗਤੀਵਿਧੀਆਂ ਦੇ ਬਰਾਬਰ ਇਸ ਨੂੰ ਬੇਹੱਦ ਆਸਾਨੀ ਨਾਲ ਅੰਜਾਮ ਦੇ ਸਕਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਹ ਲੈਣ-ਦੈਣ ਗੁਪਤ ਤਰੀਕੇ ਕਿਉਂ ਕੀਤੇ ਜਾਂਦੇ ਹਨ?
ਪ੍ਰੋਫ਼ੈਸਰ ਅਲਬਰਟੋ ਪ੍ਰੀਗੋ ਮੋਰੇਨੋ ਕਹਿੰਦੇ ਹਨ ਕਿ, ''ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਕਈ ਵਾਰੇ ਇਹ ਐਲਾਨੇ ਪੈਸੇ ਨਹੀਂ ਹੁੰਦੇ ਯਾਨੀ ਪੂਰੀ ਤਰ੍ਹਾਂ ਵੈਧ ਨਹੀਂ ਹੁੰਦੇ। ਕਈ ਵਾਰ ਯੂਜ਼ਰ ਟੈਕਸ ਦੇਣ ਤੋਂ ਬਚਦਾ ਹੈ, ਜਦੋਂ ਉਹ ਬਤੌਰ ਤੋਹਫ਼ਾ ਇਹ ਪੈਸਾ ਦੂਜੇ ਦੇਸ਼ ਵਿੱਚ ਭੇਜਦਾ ਹੈ ਤਾਂ ਉਹ ਇਹ ਗੱਲ ਪੱਕੀ ਕਰਨੀ ਚਾਹੁੰਦਾ ਹੈ ਕਿ ਬਤੌਰ ਕਮੀਸ਼ਨ ਵਿਚੋਲੀਆ ਘੱਟੋ-ਘੱਟ ਪੈਸੇ ਰੱਖੇ।''
ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜੇ ਕੋਈ ਵਿਅਕਤੀ ਅਮਰੀਕਾ ਤੋਂ ਦੂਜੇ ਦੇਸ਼ ਵਿੱਚ ਸਥਿਤ ਆਪਣੇ ਪਰਿਵਾਰ ਨੂੰ ਰਵਾਇਤੀ ਤਰੀਕੇ ਨਾਲ ਪੈਸੇ ਭੇਜਣਾ ਚਾਹੁੰਦਾ ਹ ਤਾਂ ਇਸ ਲਈ ਉਸ ਨੂੰ ਕਈ ਮੰਗਾਂ ਨੂੰ ਪੂਰਾ ਕਰਨਾ ਪੈਂਦਾ ਹੈ।
ਜੇ ਤੁਸੀਂ ਬੈਂਕਿਗ ਸਿਸਟਮ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਕੋਲ ਇੱਕ ਨਿਸ਼ਚਿਤ ਰਾਸ਼ੀ ਹੋਣੀ ਚਾਹੀਦੀ ਹੈ। ਤੁਸੀਂ ਖਾਤਾ ਖੋਲ੍ਹ ਸਕੋ ਇਸ ਲਈ ਤੁਹਾਡੇ ਕੋਲ ਪਛਾਣ, ਤੁਹਾਡੀ ਕਾਨੂੰਨੀ ਸਥਿਤੀ ਆਦਿ ਕੁਝ ਦਸਤਾਵੇਜ਼ ਚਾਹੀਦੇ ਹੁੰਦੇ ਹਨ।

ਤਸਵੀਰ ਸਰੋਤ, Getty Images
ਹੋਰ ਮਨੀ ਟ੍ਰਾਂਸਫ਼ਰ ਸੇਵਾਵਾਂ ਅੰਤਰਰਾਸ਼ਟਰੀ ਲੈਣ ਦੇਣ ਲਈ ਤੁਹਾਡੇ ਤੋਂ 20 ਫੀਸਦੀ ਤੱਕ ਕਮੀਸ਼ਨ ਲੈ ਸਕਦੀਆਂ ਹਨ। ਭਾਵੇਂ ਮਾਮਲਾ ਕੋਈ ਵੀ ਹੋਵੇ, ਯੂਜ਼ਰ ਨੂੰ ਕਈ ਪੜ੍ਹਾਅ ਤੋਂ ਲੰਘਣਾ ਪੈਂਦਾ ਹੈ ਤਾਂ ਜੋ ਮਵੀ ਲੌਂਡਰਿੰਗ ਵਰਗੀਆਂ ਗਤੀਵਿਧੀਆਂ ਤੋਂ ਬਚਿਆ ਜਾ ਸਕੇ।
ਪਰ ਹਵਾਲਾ ਵਿੱਚ ਅਜਿਹਾ ਕੁਝ ਨਹੀਂ ਕਰਨਾ ਪੈਂਦਾ ਹੈ।
ਪ੍ਰੀਗੋ ਮੋਰੇਨੋ ਕਹਿੰਦੇ ਹਨ, ''ਇਹ ਇੰਨਾ ਜ਼ਿਆਦਾ ਪ੍ਰਭਾਵੀ ਹੈ ਕਿਉਂਕਿ ਇਸ 'ਚ ਪੈਸੇ ਲੈਣ ਵਾਲੇ ਤੱਕ ਪੈਸਾ ਜਲਦੀ ਪਹੁੰਚ ਜਾਂਦਾ ਹੈ ਅਤੇ ਕਮੀਸ਼ਨ ਵੀ ਘੱਟ ਦੇਣਾ ਪੈਂਦਾ ਹੈ।''
''ਵਿਚੋਲੀਏ ਲਈ ਉਸ ਦਾ ਨੈੱਟਵਰਕ ਚੰਗਾ ਹੋਣਾ ਬੇਹੱਦ ਜ਼ਰੂਰੀ ਹੈ। ਜਿੰਨੇ ਜ਼ਿਆਦਾ ਤੁਹਾਡੇ ਕੋਲ ਕੰਟੈਕਟ ਹੋਣਗੇ ਉਨਾਂ ਹੀ ਚੰਗਾ ਤੁਹਾਡਾ ਕਾਰੋਬਾਰ ਚੱਲੇਗਾ। ਲਿਹਾਜ਼ਾ ਤੁਸੀਂ ਘੱਟ ਫੀਸ ਲਓ ਅਤੇ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਦਿਓ।''

ਤਸਵੀਰ ਸਰੋਤ, Getty Images
''ਵਿਚੋਲੀਏ ਨੂੰ ਭਰੋਸੇਮੰਦ ਹੋਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਹਿਲਾਂ ਸੂਦਖੋਰੀ ਅਤੇ ਵਿਆਜ ਦੀ ਰਵਾਇਤ ਘੱਟ ਸੀ ਅਤੇ ਵਿਚੋਲੀਏ ਲਈ ਬਹੁਤ ਸਾਰਾ ਪੈਸਾ ਬਣਾਉਣਾ ਮੁਸ਼ਕਿਲ ਸੀ। ਇਹੀ ਕਾਰਨ ਸੀ ਕਿ ਪੱਛਮੀ ਦੇਸ਼ਾਂ ਦੇ ਮੁਕਾਬਲੇ ਇਹ ਵਿਵਸਥਾ ਮੱਧ ਪੂਰਬ ਅਤੇ ਏਸ਼ੀਆ ਵਿੱਚ ਜ਼ਿਆਦਾ ਫੈਲੀ ਜਿੱਥੇ ਬੈਂਕਿੰਗ ਲੈਣ ਦੇਣ 'ਤੇ ਸਖ਼ਤ ਨਿਗਰਾਨੀ ਅਤੇ ਕੰਟਰੋਲ ਹੈ।''
ਮੋਰੇਨੋ ਕਹਿੰਦੇ ਹਨ, ''ਕੁਝ ਥਾਂਵਾਂ ਉੱਤੇ ਇਨ੍ਹਾਂ ਵਿਚੋਲੀਆਂ ਉੱਤੇ ਲੋਕ ਬੈਂਕ ਤੋਂ ਵੱਧ ਭਰੋਸਾ ਕਰਦੇ ਹਨ ਕਿਉਂਕਿ ਵਿਚੋਲੀਆਂ ਦਾ ਇਹ ਪਰਿਵਾਰਿਕ ਅਤੇ ਜੱਦੀ ਪੁਸ਼ਤੀ ਧੰਦਾ ਹੁੰਦਾ ਹੈ ਜਿਸ ਨੂੰ ਉਹ ਬੈਂਕਾਂ ਦੇ ਮੁਕਾਬਲੇ ਜ਼ਿਆਦਾ ਵਿਸ਼ਵਾਸ ਵਾਲਾ ਮੰਨਦੇ ਹਨ।''
ਜਰਮਨੀ ਦੇ ਫ੍ਰੈਂਕਫਰਟ 'ਚ ਮੈਕਲ ਪਲਾਂਕ ਇੰਸਟੀਚਿਊਟ 'ਚ ਦੱਖਣੀ ਏਸ਼ੀਆ ਦੇ ਕਾਨੂੰਨੀ ਇਤਿਹਾਸ ਵਿਭਾਗ ਦੀ ਸੰਯੋਜਕ ਮਾਰਿਨਾ ਮਾਰਟਿਨ ਕਹਿੰਦੇ ਹਨ, ''ਪਹਿਲਾਂ ਦੇ ਜ਼ਮਾਨੇ ਵਿੱਚ ਹਵਾਲਾ ਅਤੇ ਉਸ ਦੇ ਵਰਗਾ ਲੈਣ ਦੇਣ ਕਾਫ਼ੀ ਪ੍ਰਸਿੱਧ ਸੀ ਅਤੇ ਅੱਜ ਦੇ ਸਮੇਂ 'ਚ ਇਸ ਦੀ ਸਮਝ ਬਦਲ ਗਈ ਹੈ ਕਿਉਂਕਿ ਉਹ ਆਧੁਨਿਕ ਬੈਂਕਿਗ ਤੋਂ ਵੱਖਰਾ ਕੰਮ ਕਰਦੇ ਹਨ।''
ਹਵਾਲਾ ਦਾ ਵਪਾਰ ਕਿੰਨਾ ਵੱਡਾ?
ਰਵਾਇਤੀ ਹਵਾਲਾ ਵਿਵਸਥਾ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਪੈਸਿਆਂ ਦਾ ਲੈਣ-ਦੇਣ ਕੌਣ ਕਰ ਰਿਹਾ ਹੈ, ਇਹ ਸਰਕਾਰ ਜਾਂ ਅੰਤਰਰਾਸ਼ਟਰੀ ਸੰਸਥਾਨਾਂ ਦੀ ਪਹੁੰਚ ਤੋਂ ਬਾਹਰ ਰਹਿੰਦਾ ਹੈ।
ਇਹ ਤੱਥ ਕਿ ਲੈਣ-ਦੇਣ ਬਹੁਤ ਘੱਟ ਜਾਂ ਬਿਲਕੁਲ ਹੀ ਕੋਈ ਰਿਕਾਰਡ ਦਾ ਨਾ ਹੋਣਾ ਇਨ੍ਹਾਂ ਪੈਸਿਆਂ ਦੀ ਹੇਰਫ਼ੇਰ ਨੂੰ ਫੜ੍ਹਨ ਵਿੱਚ ਇੱਕ ਰੁਕਾਵਟ ਹੈ।

ਤਸਵੀਰ ਸਰੋਤ, Getty Images
ਮੰਨਿਆਂ ਜਾਂਦਾ ਹੈ ਕਿ ਨਿਊ ਯਾਰਕ ਵਿੱਚ ਹੋਏ 9/11 ਦੇ ਹਮਲੇ ਵਿੱਚ ਅੱਤਵਾਦੀਆਂ ਨੂੰ ਵਿੱਤੀ ਸਹਾਇਤਾ ਵੀ ਅਜਿਹੇ ਗ਼ੈਰ-ਰਵਾਇਤੀ ਤਰੀਕਿਆਂ ਨਾਲ ਕੀਤੀ ਗਈ ਸੀ।
ਨਾ ਸਿਰਫ਼ ਅਮਰੀਕਾ ਸਗੋਂ ਪੂਰੀ ਦੁਨੀਆਂ ਵਿੱਚ ਨਵੇਂ ਅਤੇ ਸਖ਼ਤ ਨਿਯਮਾਂ ਦੇ ਆਉਣ ਨਾਲ ਕੁਝ ਹਜ਼ਾਰ ਡਾਲਰ ਦੇ ਅੰਤਰਰਾਸ਼ਟਰੀ ਲੈਣ-ਦੇਣ ਹੋਰ ਵੀ ਗੁੰਝਲਦਾਰ ਹੋ ਗਏ ਹਨ।
ਮਾਰਟਿਨ ਕਹਿੰਦੇ ਹਨ, ''9/11 ਹਮਲੇ ਤੋਂ ਬਾਅਦ ਅਮਰੀਕਾ ਹਵਾਲਾ ਨੂੰ ਅੱਤਵਾਦੀਆਂ ਨੂੰ ਵਿੱਤੀ ਪੋਸ਼ਣ ਦਾ ਇੱਕ ਸੰਭਵ ਜ਼ਰੀਆ ਮੰਨਦਾ ਆਇਆ ਹੈ।''
ਉਹ ਕਹਿੰਦੇ ਹਨ, ''ਹਵਾਲਾ ਨੂੰ ਕੁਝ ਸਾਲਾਂ ਤੋਂ ਮਨੀ ਲੌਂਡਰਿੰਗ ਅਤੇ ਸਿਆਸੀ ਭ੍ਰਿਸ਼ਟਾਚਾਰ ਤੋਂ ਲੈ ਕੇ ਮਨੁੱਖੀ ਅੰਗਾਂ ਦੀ ਤਸਕਰੀ ਵਰਗੇ ਕਈ ਅਪਰਾਧਿਕ ਗਤੀਵਿਧੀਆਂ ਨਾਲ ਜੋੜਿਆ ਜਾਂਦਾ ਰਿਹਾ ਹੈ।''
2018 ਵਿੱਚ ਸੰਗਠਿਤ ਅਪਰਾਧ ਅਤੇ ਭ੍ਰਿਸ਼ਟਾਚਾਰ ਰਿਪੋਰਟਿੰਗ ਪ੍ਰੋਜੈਕਟ ਦੀ ਇੱਕ ਜਾਂਚ ਵਿੱਚ ਕਿਹਾ ਗਿਆ ਸੀ ਕਿ ਦੁਬਈ ਵਿੱਚ ਹਵਾਲਾ ਵਰਗੇ ਗ਼ੈਰ-ਰਵਾਇਤੀ ਵਿਵਸਥਾ ਦੀ ਵਰਤੋਂ ਕਰਕੇ ਵੱਡੀ ਗਿਣਤੀ ਵਿੱਚ ਲੱਖਾਂ ਵਿਦੇਸ਼ੀ ਕਾਮੇ ਭਾਰਤ, ਫਿਲੀਪੀਂਸ ਵਰਗੇ ਦੇਸ਼ਾਂ ਵਿੱਚ ਆਪਣੇ ਪਰਿਵਾਰ ਨੂੰ ਪੈਸੇ ਭੇਜਦੇ ਰਹੇ ਹਨ। ਇਸ ਵਿੱਚ ਦੱਸਿਆ ਗਿਆ ਸੀ ਕਿ ਇਹ ਰਕਮ 240 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ।
ਫ਼ਰਵਰੀ 2016 ਵਿੱਚ ਅਮਰੀਕੀ ਡਰੱਗ ਇਨਫੋਰਸਮੈਂਟ ਆਫ਼ਿਸ (ਡੀਈਏ) ਨੇ ਕੋਲੰਬੀਆ ਅਤੇ ਹਿਜ਼ਬੁੱਲ੍ਹਾ ਸੰਗਠਨ ਵਿਚਾਲੇ ਯੂਰਪ ਰਾਹੀਂ ਮਨੀ ਲੌਂਡਰਿੰਗ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਸੰਬੰਧ ਨੂੰ ਉਜਾਗਰ ਕਰਦੇ ਹੋਏ ਦੱਸਿਆ ਸੀ ਕਿ ਲੱਖਾਂ ਯੂਰੋ ਅਤੇ ਡਰੱਗਜ਼ ਦਾ ਲੈਣ-ਦੇਣ ਕੀਤਾ ਗਿਆ ਸੀ।
ਡੀਈਏ ਦੇ ਦਸਤਾਵੇਜ਼ਾਂ ਮੁਤਾਬਕ ਲੇਬਨਾਨ ਦੇ ਰਾਸਤੇ ਲੱਖਾਂ ਦੇ ਨਸ਼ੀਲੇ ਪਦਾਰਥ ਮੱਧ-ਪੂਰਬ ਪਹੁੰਚਾਏ ਗਏ ਅਤੇ ਇਸ ਦੇ ਬਦਲੇ 'ਚ ਹਵਾਲਾ ਰਾਹੀਂ ਯੂਰੋ ਕੋਲੰਬੀਆ ਭੇਜੇ ਗਏ ਸਨ।
ਪੂਰਬੀ ਅਫ਼ਰੀਕਾ, ਖ਼ਾਸ ਤੌਰ 'ਤੇ ਸੋਮਾਲੀਆ 'ਚ ਹਥਿਆਰਾਂ ਦੇ ਤਸਕਰ ਹਵਾਲੇ ਦਾ ਇਸਤੇਮਾਲ ਕਰਕੇ ਲੱਖਾਂ ਡਾਲਰ ਇਧਰ ਉਧਰ ਕਰਦੇ ਹਨ।
ਵਰਲਡ ਬੈਂਕ ਮੁਤਾਬਕ ਵਿਕਾਸਸ਼ੀਲ ਦੇਸਾਂ ਵਿੱਚ ਰੇਮਿਟੇਂਸ (ਤੋਹਫ਼ੇ ਵਜੋਂ ਪੈਸਾ ਦੇਣਾ) ਰਾਹੀਂ ਆਪਣੇ ਪਰਿਵਾਰਾਂ ਦੀ ਮਦਦ ਲਈ ਪੈਸੇ ਭੇਜਣ ਵਾਲੇ ਪਰਵਾਸੀ ਕਾਮਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।

ਤਸਵੀਰ ਸਰੋਤ, Getty Images
ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਦੇ ਬਾਵਜੂਦ ਅਧਿਕਾਰਿਤ ਅੰਕੜਿਆਂ ਮੁਤਾਬਕ ਹੇਠਲੀ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਵਿੱਚ ਭੇਜੀ ਜਾਣ ਵਾਲੀ ਰੇਮਿਟੇਂਸ 2020 ਵਿੱਚ ਲਗਭਗ 400 ਅਰਬ ਖ਼ਰਬ ਰੁਪਏ ਸੀ।
ਇਹ ਰਾਸ਼ੀ 2019 ਦੇ ਮੁਕਾਬਲੇ ਮਹਿਜ਼ 1.6 ਫੀਸਦ ਘੱਟ ਹੈ। 2019 ਵਿੱਚ ਇਹ ਅੰਕੜਾ 406.31 ਖ਼ਰਬ ਰੁਪਏ ਸੀ।
ਹਾਲਾਂਕਿ ਵਰਲਡ ਬੈਂਕ ਇਹ ਸਪੱਸ਼ਟ ਕਰਦਾ ਹੈ ਕਿ ''ਰੇਮਿਟੇਂਸ ਦਾ ਅਸਲ ਆਕਾਰ, ਜੋ ਰਵਾਇਤੀ ਅਤੇ ਗ਼ੈਰ-ਰਵਾਇਤੀ ਦੋਵਾਂ ਜ਼ਰੀਏ ਪਹੁੰਚਿਆ ਜਾਂਦਾ ਹੈ, ਅਧਿਕਾਰਤ ਅੰਕੜਿਆਂ ਤੋਂ ਕਿਤੇ ਵੱਡਾ ਹੈ।''
ਅਰਥਵਿਵਸਤਾ 'ਚ ਸੰਭਾਵਿਤ ਵਿਸ਼ਵ ਪੱਧਰ ਦੇ ਸੁਧਾਰ ਦੇ ਨਾਲ ਹੀ ਉਮੀਦ ਜਤਾਈ ਜਾ ਰਹੀ ਹੈ ਕਿ ਰਵਾਇਤਾ ਅਤੇ ਗ਼ੈਰ-ਰਵਾਇਤੀ ਮਾਧਿਅਮਾਂ ਜਿਵੇਂ ਕਿ ਹਵਾਲਾ ਨਾਲ ਹੇਠਲੀ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਨੂੰ ਭੇਜੀ ਜਾਣ ਵਾਲੀ ਰੇਮਿਟੇਂਸ ਦੀ ਰਾਸ਼ੀ 2021 ਅਤੇ 2022 ਵਿੱਚ ਹੋਰ ਵੀ ਵੱਡੀ ਹੋ ਜਾਵੇਗੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












