ਪਾਕਿਸਤਾਨ ਦੇ ਪੇਸ਼ਾਵਰ ਦੇ ਮਸ਼ਹੂਰ ਸਿੱਖ ਹਕੀਮ ਦਾ ਗੋਲੀਆਂ ਮਾਰ ਕੇ ਕਤਲ

ਪਾਕਿਸਤਾਨ ਦੇ ਪੇਸ਼ਾਵਰ ਵਿੱਚ ਵੀਰਵਾਰ ਨੂੰ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਇੱਕ ਸਿੱਖ ਹਕੀਮ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ।

ਪੁਲਿਸ ਮੁਤਾਬਕ ਹਕੀਮ ਸਤਨਾਮ ਸਿੰਘ ਉੱਪਰ ਹਮਲਾਵਰਾਂ ਨੇ ਚਾਰ ਗੋਲੀਆਂ ਚਲਾਈਆਂ।

ਪੇਸ਼ਾਵਰ ਵਿੱਚ ਬੀਬੀਸੀ ਪੱਤਰਕਾਰ ਅਜ਼ੀਜ਼ੁਲ੍ਹਾ ਖ਼ਾਨ ਨੇ ਦੱਸਿਆ ਕਿ 45 ਸਾਲਾ ਸਤਨਾਮ ਸਿੰਘ ਕਾਫ਼ੀ ਮਸ਼ਹੂਰ ਹਕੀਮ ਸਨ।

ਪੇਸ਼ਾਵਰ ਵਿੱਚ ਸਿੱਖ ਭਾਈਚਾਰੇ ਦੇ ਪ੍ਰਮੁੱਖ ਆਗੂ ਸਾਹਿਬ ਸਿੰਘ ਨੇ ਕਿਹਾ ਹੈ ਕਿ ਸਤਨਾਮ ਸਿੰਘ ਇੱਕ ਯੋਗ ਅਤੇ ਭਾਈਚਾਰੇ ਦੇ ਜਾਣੇ-ਪਛਾਣੇ ਹਕੀਮ ਸਨ।

ਖ਼ਬਰਾਂ ਮੁਤਾਬਕ ਹਮਲਾਵਰ ਮੌਕੇ ਤੋਂ ਭੱਜਣ ਵਿੱਚ ਸਫ਼ਲ ਰਹੇ ਹਨ। ਸਤਨਾਮ ਸਿੰਘ ਦੇ ਪੇਸ਼ਾਵਰ ਸ਼ਹਿਰ ਦੇ ਚਾਰਸੱਦਾ ਰੋਡ ਉੱਪਰ ਆਪਣਾ ਕਲੀਨਿਕ ਚਲਾਉਂਦੇ ਸਨ।

ਹਕੀਮ ਸਤਨਾਮ ਸਿੰਘ ਪੇਸ਼ਾਵਰ ਤੋਂ ਇਲਾਵਾ ਹਸਨ ਅਬਦਾਲ ਅਤੇ ਰਾਵਲਪਿੰਡੀ ਵਿੱਚ ਵੀ ਆਪਣੇ ਮਰੀਜ਼ਾਂ ਨੂੰ ਦੇਖਦੇ ਸਨ।

ਮੌਕੇ 'ਤੇ ਪਹੁੰਚੀ ਪੁਲਿਸ ਟੀਮ ਨੇ ਨਾਕੇਬੰਦੀ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ।

ਪੇਸ਼ਾਵਰ ਵਿੱਚ ਸਿੱਖ ਅਬਾਦੀ

ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਇਲਾਕੇ ਵਿੱਚ ਹਿੰਸਕ ਸਰਗਰਮੀਆਂ 2017 ਤੋਂ ਤੇਜ਼ੀ ਦੇਖੀ ਗਈ ਹੈ।

ਪਹਿਲਾਂ ਇਹ ਕਬਾਇਲੀ ਇਲਾਕਿਆਂ ਵਿੱਚ ਜ਼ਿਆਦਾ ਸੀ ਜੋ ਕਿ ਬਾਅਦ ਵਿੱਚ ਸ਼ਹਿਰੀ ਇਲਾਕਿਆਂ ਵਿੱਚ ਵੀ ਫੈਲ ਗਈ ਤੇ ਘੱਟਗਿਣਤੀਆਂ ਨਾਲ ਸੰਬੰਧਿਤ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਸਾਲ 2104 ਤੋਂ ਇਸੇ ਇਲਾਕੇ ਦੇ ਵਾਸੀ ਸਿੱਖ ਭਾਈਚਾਰੇ ਦੇ ਲੋਕਾਂ ਉੱਪਰ ਵੀ ਹਿੰਸਾ ਦੀਆਂ ਘਟਨਾਵਾਂ ਹੋਈਆਂ ਹਨ, ਜਿਸ ਤੋਂ ਬਾਅਦ ਇਲਾਕੇ ਦੇ ਸਿੱਖਾਂ ਵਿੱਚ ਡਰ ਦੀ ਭਾਵਨਾ ਹੈ।

ਸਾਲ 2014 ਦੇ ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਦੌਰਾਨ ਕਈ ਉੱਘੇ ਸਿੱਖ ਚਿਹਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ।

ਇਸੇ ਦੌਰਾਨ ਪੇਸ਼ਾਵਰ ਦੇ ਬਾਬਾ ਪਰਮਜੀਤ ਸਿੰਘ ਦਾ ਵੀ ਕਤਲ ਕੀਤਾ ਗਿਆ ਸੀ।

ਪੇਸ਼ਾਵਰ ਵਿੱਚ ਚੋਖੀ ਸਿੱਖ ਅਬਾਦੀ ਹੈ। ਜਿਨ੍ਹਾਂ ਵਿੱਚੋਂ ਕਈ ਰਜਿਸਟਰਡ ਵੋਟਰ ਵੀ ਹਨ।

ਪੇਸ਼ਾਵਰ ਦਾ ਮੋਹੱਲਾ ਜੋਗਨ ਸ਼ਾਹ ਵਿੱਚ ਸਿੱਖ ਅਬਾਦੀ ਪਾਕਿਸਤਾਨ ਬਣਨ ਦੇ ਸਮੇਂ ਤੋਂ ਹੀ ਅਬਾਦ ਹੈ।

ਇੱਥੇ ਇੱਕ ਇਤਿਹਾਸਕ ਗੁਰਦਵਾਰਾ ਵੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)