ਕੀ ਰੋਬੋਟਸ ਦੀ ਫੁੱਟਬਾਲ ਟੀਮ ਚੈਂਪੀਅਨ ਮਨੁੱਖੀ ਟੀਮ ਨੂੰ ਕਦੇ ਹਰਾ ਸਕੇਗੀ, ਇਹ ਹੈ ਮਾਹਿਰਾਂ ਦੀ ਰਾਇ

    • ਲੇਖਕ, ਬਰਨਡ ਦੇਬੂਸਮੈਨ ਜੂ.
    • ਰੋਲ, ਬੀਬੀਸੀ ਪੱਤਰਕਾਰ

ਵਿਸ਼ਵ ਭਰ ਦੇ ਫੁੱਟਬਾਲ ਫੈਨਸ ਲਈ ਇਸ ਖੇਡ ਦਾ ਸਭ ਤੋਂ ਵੱਡਾ ਤੇ ਰੋਮਾਂਚਕ ਮੁਕਾਬਲਾ ਵਿਸ਼ਵ ਕੱਪ ਫਾਈਨਲ ਹੁੰਦਾ ਹੈ। ਪਰ ਕੀ ਹੋਵੇ ਜੇ ਇਹ ਫਾਈਨਲ ਮੈਚ ਸਭ ਤੋਂ ਚੰਗਾ ਖੇਡਣ ਵਾਲੇ ਮਨੁੱਖਾਂ ਅਤੇ ਸਰਬੋਤਮ ਰੋਬੋਟਸ ਵਿਚਕਾਰ ਖੇਡਿਆ ਜਾਵੇ?

ਸੁਣਨ ਵਿੱਚ ਭਾਵੇਂ ਇਹ ਬਹੁਤ ਦੂਰ ਦੀ ਗੱਲ ਲੱਗੇ, ਪਰ ਇੱਕ ਸੰਸਥਾ ਇਸੇ ਉਦੇਸ਼ ਨਾਲ ਕੰਮ ਕਰ ਰਹੀ ਹੈ ਜੋ ਕਿ 1997 ਤੋਂ ਰੋਬੋਟਾਂ ਲਈ ਇੱਕ ਸਾਲਾਨਾ ਗਲੋਬਲ ਸੌਕਰ ਟੂਰਨਾਮੈਂਟ ਦਾ ਆਯੋਜਨ ਕਰਦੀ ਆ ਰਹੀ ਹੈ।

ਰੋਬੋਟਿਕਸ ਵਿਗਿਆਨੀਆਂ ਦੇ ਸਮੂਹ ਦੁਆਰਾ ਸਥਾਪਿਤ, ਰੋਬੋਟ ਸੌਕਰ ਵਿਸ਼ਵ ਕੱਪ ਜਾਂ ਰੋਬੋਕੱਪ ਨੇ ਖੁਦ ਨੂੰ ਲੈ ਕੇ ਇੱਕ ਟੀਚਾ ਤੈਅ ਕੀਤਾ ਹੈ।

"21 ਵੀਂ ਸਦੀ ਦੇ ਮੱਧ ਤੱਕ ਪੂਰੀ ਤਰ੍ਹਾਂ ਖੁਦਮੁਖਤਿਆਰ ਮਨੁੱਖ ਵਰਗੇ ਦਿਖਾਈ ਦੇਣ ਵਾਲੇ ਰੋਬੋਟ ਫੁਟਬਾਲ ਖਿਡਾਰੀਆਂ ਦੀ ਇੱਕ ਟੀਮ, (ਫੁਟਬਾਲ ਗਵਰਨਿੰਗ ਬਾਡੀ) ਫੀਫਾ ਦੇ ਅਧਿਕਾਰਤ ਨਿਯਮਾਂ ਦੀ ਪਾਲਣਾ ਕਰਦੇ ਹੋਏ, ਸਭ ਤੋਂ ਹਾਲੀਆ ਵਿਸ਼ਵ ਕੱਪ ਦੇ ਜੇਤੂ ਦੇ ਵਿਰੁੱਧ ਇੱਕ ਫੁਟਬਾਲ ਮੈਚ ਜਿੱਤੇਗੀ।"

ਰੋਬੋਕੱਪ ਟੀਮਾਂ ਪਹਿਲਾਂ ਹੀ ਐਡਵਾਂਸਡ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਸਾਫ਼ਟਵੇਅਰ ਪ੍ਰਣਾਲੀਆਂ ਵਾਲੇ ਮਨੁੱਖੀ ਆਕਾਰ ਦੇ ਰੋਬੋਟਸ ਦੀ ਵਰਤੋਂ ਕਰ ਰਹੀਆਂ ਹਨ।

ਇਹ ਉਨ੍ਹਾਂ ਰੋਬੋਟਸ ਨੂੰ ਆਪਣੇ ਫ਼ੈਸਲੇ ਆਪ ਲੈਣ ਦੇ ਯੋਗ ਬਣਾਉਂਦੀਆਂ ਹਨ, ਜਿਵੇਂ ਕਿ ਗੋਲ ਕਰਨਾ ਹੈ ਜਾਂ ਪਾਸ ਕਰਨਾ ਹੈ ਆਦਿ।

ਕੀ ਰੋਬੋਟ ਵਿਸ਼ਵ ਕੱਪ ਜੇਤੂ ਮਨੁੱਖਾਂ ਦੀ ਟੀਮ ਨੂੰ ਹਰਾ ਸਕਦੇ ਹਨ

ਪਰ ਕੀ ਇਹ ਰੋਬੋਟ ਕਦੇ ਇਸ ਯੋਗ ਹੋ ਸਕਦੇ ਹਨ ਕਿ ਉਹ 2050 ਤੱਕ ਵਿਸ਼ਵ ਕੱਪ ਜੇਤੂ ਮਨੁੱਖਾਂ ਦੀ ਟੀਮ ਨੂੰ ਹਰਾ ਸਕਣ?

ਰੋਬੋਕੱਪ ਦੇ ਮੁਖੀ ਅਤੇ ਔਸਟਿਨ ਦੀ ਟੈਕਸਸ ਯੂਨੀਵਰਸਿਟੀ ਵਿਖੇ ਕੰਪਿਊਟਰ ਸਾਇੰਸ ਦੇ ਪ੍ਰੋਫੈੱਸਰ ਪੀਟਰ ਸਟੋਨ ਨੇ ਕਿਹਾ, "ਇਹ ਯਕੀਨੀ ਤੌਰ 'ਤੇ ਸ਼ਲਾਘਾਯੋਗ ਹੈ। ਮੈਂ ਇਸ ਨੂੰ ਲੈ ਕੇ ਕੁਝ ਯਕੀਨੀ ਨਹੀਂ ਕਹਾਂਗਾ ਪਰ ਮੈਂ ਇਸਦੇ ਖਿਲਾਫ਼ ਵੀ ਕੁਝ ਨਹੀਂ ਕਹਾਂਗਾ।"

"ਤਕਨਾਲੋਜੀ ਪੱਖੋਂ ਤੀਹ ਸਾਲ ਲੰਮਾ ਸਮਾਂ ਹੈ। ਇੰਨੇ ਸਮੇਂ ਵਿੱਚ ਬਹੁਤ ਕੁਝ ਹੋ ਸਕਦਾ ਹੈ।"

ਇਹ ਵੀ ਪੜ੍ਹੋ:

ਇਸ ਦੌਰਾਨ ਰੋਬੋਕੱਪ ਦਾ ਇੱਕ ਹੋਰ ਉਦੇਸ਼ ਵੀ ਹੈ - ਰੋਬੋਟਿਕਸ ਅਤੇ ਏਆਈ ਦੋਵਾਂ ਨੂੰ ਪ੍ਰਚਾਰਿਤ ਕਰਨ ਲਈ ਇੱਕ ਵਜੋਂ ਕੰਮ ਕਰਨਾ।

ਗਲੋਬਲ ਮੁਕਾਬਲੇ ਵਿੱਚ ਦੁਨੀਆਂ ਭਰ ਦੀਆਂ ਟੀਮਾਂ ਹਿੱਸਾ ਲੈਂਦੀਆਂ ਹਨ, ਜਿਸ ਵਿੱਚ ਵਰਤਮਾਨ ਸਮੇਂ ਵਿੱਚ ਬਹੁਤ ਸਾਰੀਆਂ ਵੱਖਰੀਆਂ ਸ਼੍ਰੇਣੀਆਂ ਹਨ।

ਸਟੈਂਡਰਡ ਪਲੇਟਫਾਰਮ ਲੀਗ ਵਿੱਚ ਸਾਰੀਆਂ ਟੀਮਾਂ ਇੱਕੋ ਰੋਬੋਟ ਦੀ ਵਰਤੋਂ ਕਰਦੀਆਂ ਹਨ, ਇਸ ਤਰ੍ਹਾਂ ਉਨ੍ਹਾਂ ਦਾ ਧਿਆਨ ਏਆਈ ਸੌਫਟਵੇਅਰ ਦੇ ਵਿਕਾਸ 'ਤੇ ਹੈ।

ਜਦੋਂਕਿ ਹਿਊਮਨੋਇਡ ਲੀਗ ਵਿੱਚ ਟੀਮਾਂ ਖ਼ੁਦ ਆਪਣੇ ਰੋਬੋਟ ਡਿਜ਼ਾਈਨ ਕਰਦੀਆਂ ਅਤੇ ਬਣਾਉਂਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਆਪਣੀ ਖੁਦ ਦੀ ਏਆਈ ਅਤੇ ਫਿਜ਼ੀਕਲ ਰੋਬੋਟਿਕਸ ਦੋਵਾਂ ਦਾ ਵਿਕਾਸ ਕਰਨਾ ਪਏ।

ਹੋਰ ਸਮਾਗਮ ਜਿਨ੍ਹਾਂ ਵਿੱਚ ਰੋਬੋਕੱਪ ਰੈਸਕਿਊ ਸ਼ਾਮਲ ਹੈ, ਜਿੱਥੇ ਰੋਬੋਟ ਖੋਜ ਅਤੇ ਬਚਾਅ ਦੇ ਪਰਿਦ੍ਰਿਸ਼ ਵਿੱਚ ਮੁਕਾਬਲਾ ਕਰਦੇ ਹਨ ਅਤੇ ਰੋਬੋਕੱਪ@ਵਰਕ, ਜਿਸ ਵਿੱਚ ਨਿਰਮਾਣ ਅਤੇ ਡਿਲੀਵਰੀ ਵਰਗੇ ਕਾਰਜ-ਅਧਾਰਿਤ ਕੰਮ ਸ਼ਾਮਲ ਹੁੰਦੇ ਹਨ।

ਹਾਲਾਂਕਿ, ਮੁਖ ਤੌਰ 'ਤੇ ਸਾਰਾ ਧਿਆਨ ਫੁੱਟਬਾਲ ਖੇਡਣ 'ਤੇ ਹੀ ਹੈ।

ਪ੍ਰੋਫੈੱਸਰ ਸਟੋਨ ਕਹਿੰਦੇ ਹਨ, "ਇੱਕ ਚੁਣੌਤੀ ਹੈ ਅਜਿਹਾ ਰੋਬੋਟ ਬਣਾਉਣਾ ਜੋ ਇੱਕ ਮਨੁੱਖ ਜਿੰਨੀ ਜਲਦੀ ਅਤੇ ਅਸਾਨੀ ਨਾਲ ਚੱਲ ਸਕਦਾ ਹੋਵੇ - ਝੁਕ ਸਕਦਾ ਹੋਵੇ, ਜਾਂ ਗੇਂਦ ਨੂੰ ਕਿੱਕ ਮਾਰ ਸਕਦਾ ਹੋਵੇ ਅਤੇ ਦਿਸ਼ਾ ਬਦਲ ਸਕਦਾ ਹੋਵੇ।"

"ਜਿਥੇ ਅੱਜ ਅਸੀਂ ਪਹੁੰਚ ਗਏ ਹਾਂ 20 ਸਾਲ ਪਹਿਲਾਂ ਮੈਂ ਇਸਦੀ ਕਲਪਨਾ ਵੀ ਨਹੀਂ ਕਰ ਸਕਦਾ ਸੀ ਪਰ ਅਜੇ ਬਹੁਤ ਦੂਰ ਤੱਕ ਜਾਣਾ ਹੈ।"

ਰੋਬੋਟਿਕ ਖੇਡਾਂ ਨਾਲ ਕੀ ਫਾਇਦਾ

ਰੋਬੋਕੱਪ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਵਿੱਚ 'ਸਾਇਰਸ' ਵੀ ਇੱਕ ਹੈ, ਜੋ ਕਿ ਕੈਨੇਡਾ ਦੀ ਡਲਹੌਜ਼ੀ ਯੂਨੀਵਰਸਿਟੀ ਦੇ ਏਆਈ ਅਤੇ ਰੋਬੋਟਿਕਸ ਸਟਾਫ਼ ਤੇ ਵਿਦਿਆਰਥੀਆਂ ਦਾ ਇੱਕ ਸਮੂਹ ਹੈ।

ਕੋਰੋਨਾਵਾਇਰਸ ਦੇ ਕਾਰਨ 2019 ਤੋਂ ਕੋਈ ਸਰੀਰਕ ਟੂਰਨਾਮੈਂਟ ਨਹੀਂ ਕੀਤੇ ਗਏ, ਜਿਸਦੇ ਚਲਦਿਆਂ ਜੂਨ ਵਿੱਚ ਸਾਇਰਸ ਨੇ ਇੱਕ ਆਨਲਾਈਨ ਇਵੈਂਟ - ਰੋਬਕੱਪ ਸੌਫਟਵੇਅਰ ਲੀਗ ਵਿੱਚ ਜਿੱਤ ਹਾਸਲ ਕੀਤੀ, ਜਿੱਥੇ ਟੀਮਾਂ ਇੱਕ ਕੰਪਿਊਟਰ ਗੇਮ ਰਾਹੀਂ ਮੁਕਾਬਲਾ ਕਰਦੀਆਂ ਹਨ।

ਸਾਇਰਸ ਟੀਮ ਦੀ ਮੈਂਬਰ ਅਤੇ ਪੋਸਟ-ਗ੍ਰੈਜੂਏਟ ਕੰਪਿਊਟਰ ਸਾਇੰਸ ਦੀ ਵਿਦਿਆਰਥਣ ਮਹਿਤਾਬ ਸਰਵਮੈਲੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਬਹੁਤ ਸੰਭਵ ਹੈ ਕਿ ਭਵਿੱਖ ਵਿੱਚ ਰੋਬੋਟਿਕ ਖੇਡਾਂ ਵਿਆਪਕ ਹੋ ਜਾਣਗੀਆਂ ਅਤੇ ਸੰਭਾਵੀ ਤੌਰ 'ਤੇ ਲਾਭਦਾਇਕ ਹੋਣਗੀਆਂ।

ਉਹ ਕਹਿੰਦੇ ਹਨ, "ਇਹ ਹੋ ਵੀ ਸਕਦਾ ਹੈ ਅਤੇ ਨਹੀਂ ਵੀ ਹੋ ਸਕਦਾ ਪਰ ਇੱਕ ਉਤਸ਼ਾਹੀ ਦ੍ਰਿਸ਼ਟੀ ਦੇ ਰੂਪ ਵਿੱਚ ਇਹ ਖੋਜਕਰਤਾਵਾਂ ਦੀ ਇੱਕ ਵਿਸ਼ਵਵਿਆਪੀ, ਸਿਰਜਣਾਤਮਕ ਅਤੇ ਸਰਗਰਮ ਕਮਿਊਨਿਟੀ ਨੂੰ ਏਆਈ ਫੁਟਬਾਲ ਨੂੰ ਉਸ ਟੀਚੇ ਵੱਲ ਵਿਕਸਤ ਕਰਨ ਲਈ ਪ੍ਰੇਰਿਤ ਕਰਦਾ ਹੈ।"

"ਇਸ਼ਤਿਹਾਰਾਂ ਨਾਲ ਇਹ ਲਾਭਦਾਇਕ ਵੀ ਹੋਵੇਗਾ ਜਿਵੇਂ ਕਿ ਲਾਈਵ (ਮਨੁੱਖੀ) ਖੇਡਾਂ ਹਨ।"

ਹਾਲਾਂਕਿ, ਰੋਬੋਟ ਖੇਡਾਂ ਦੇ ਸਮਰਥਕ ਵੀ ਮੰਨਦੇ ਹਨ ਕਿ ਲੰਬੇ ਸਮੇਂ ਵਿੱਚ ਜੇ ਮਸ਼ੀਨਾਂ ਅਜਿਹੇ ਪੜਾਅ 'ਤੇ ਪਹੁੰਚ ਜਾਣ ਜਿੱਥੇ ਉਹ ਮਨੁੱਖਾਂ ਨਾਲ ਮੁਕਾਬਲਾ ਕਰ ਸਕਦੀਆਂ ਹਨ, ਅਜਿਹੇ ਵਿੱਚ ਜਨਤਾ ਦਾ ਧਿਆਨ ਬਣਾਈ ਰੱਖਣਾ ਇੱਕ ਸਮੱਸਿਆ ਹੋ ਸਕਦੀ ਹੈ।

ਮਿਸਾਲ ਵਜੋਂ ਪ੍ਰੋਫੈਸਰ ਸਟੋਨ ਨੇ ਧਿਆਨ ਦਿੱਤਾ ਕਿ ਜਿੱਥੇ 1997 ਵਿੱਚ ਵਿਸ਼ਵ ਸ਼ਤਰੰਜ ਚੈਂਪੀਅਨ ਗੈਰੀ ਕਾਸਪਾਰੋਵ ਉੱਤੇ ਆਈਬੀਐਮ ਕੰਪਿਊਟਰ ਡੀਪ ਬਲੂ ਦੀ ਜਿੱਤ ਤੋਂ ਆਮ ਲੋਕ ਬਹੁਤ ਪ੍ਰਭਾਵਿਤ ਹੋਏ ਸਨ, ਉੱਥੇ ਅੱਜ ਬਹੁਤ ਹੀ ਘੱਟ ਲੋਕ ਮਨੁੱਖਾਂ ਅਤੇ ਕੰਪਿਊਟਰਾਂ ਵਿਚਕਾਰ ਅਹਿਜੇ ਮੈਚਾਂ ਨੂੰ ਦੇਖਦੇ ਹਨ।

"ਜਦੋਂ ਵੀ ਏਆਈ ਕਮਿਊਨਿਟੀ ਕਿਸੇ ਵੀ ਕਿਸਮ ਦੇ ਯਤਨਾਂ ਵਿੱਚ ਮਨੁੱਖੀ ਪੱਧਰ 'ਤੇ ਪਹੁੰਚਣ ਦੇ ਨੇੜੇ ਹੁੰਦੀ ਹੈ ਤਾਂ ਇਸਨੂੰ ਲੈ ਕੇ ਕਾਫੀ ਰੋਮਾਂਚ ਹੁੰਦਾ ਹੈ ਪਰ ਉਸ ਤੋਂ ਬਾਅਦ ਇਸ ਵਿੱਚ ਦਿਲਚਸਪੀ ਘਟ ਜਾਂਦੀ ਹੈ।"

ਪ੍ਰੋਫੈਸਰ ਸਟੋਨ ਦਾ ਕਹਿਣਾ ਹੈ ਕਿ ਰੋਬੋਕੱਪ ਦਾ ਅਸਲ ਲਾਭ ਇਹ ਹੈ ਕਿ ਕਿਵੇਂ ਸਪਿਨ-ਆਫ਼ ਟੈਕਨਾਲੌਜੀ ਰੋਬੋਟਿਕਸ ਦੀ ਵਿਸ਼ਾਲ ਦੁਨੀਆਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰ ਸਕਦੀ ਹੈ।

ਰੋਬੋਟ ਖੇਡਦੇ ਕਿਵੇਂ ਹਨ

ਵਿਸ਼ਵ ਭਰ ਵਿੱਚ ਰੋਬੋਟਸ ਦੇ ਪ੍ਰਮੁੱਖ ਯੂਜ਼ਰਸ ਵਿੱਚੋਂ ਇੱਕ ਹਨ - ਐਮਾਜ਼ਾਨ ਰੋਬੋਟਿਕਸ, ਜਿਸਦੀ ਮੂਲ ਰੂਪ ਵਿੱਚ ਸਥਾਪਨਾ ਰੋਬੋਕੱਪ ਦੇ ਪਿਛਲੇ ਜੇਤੂ - ਰਾਫੇਲੋ ਡੀ 'ਐਂਡਰੀਆ ਦੁਆਰਾ ਕੀਤੀ ਗਈ ਸੀ।

ਸਾਲ 2003 ਵਿੱਚ ਉਨ੍ਹਾਂ ਨੇ ਰੋਬੋਟਿਕਸ ਕੰਪਨੀ ਕਿਵਾ ਸਿਸਟਮਸ ਦੀ ਸਥਾਪਨਾ ਕੀਤੀ, ਜਿਸਨੂੰ ਕਿ 2012 ਵਿੱਚ ਰਿਟੇਲ ਦਿੱਗਜ ਅਮੇਜ਼ਨ ਦੁਆਰਾ 775 ਮਿਲੀਅਨ ਡਾਲਰ (£566 ਮਿਲੀਅਨ) ਵਿੱਚ ਖਰੀਦ ਲਿਆ ਗਿਆ ਅਤੇ ਇਸਨੂੰ ਨਵਾਂ ਨਾਮ ਦਿੱਤਾ ਗਿਆ।

ਅੱਜ ਐਮਾਜ਼ਾਨ ਰੋਬੋਟਿਕਸ, ਦੁਨੀਆਂ ਭਰ ਦੇ ਐਮਾਜ਼ਾਨ ਗੋਦਾਮਾਂ ਵਿੱਚ ਹਜ਼ਾਰਾਂ ਰੋਬੋਟ ਚਲਾਉਂਦਾ ਹੈ, ਜੋ ਡਿਲਿਵਰੀਆਂ ਤੇ ਆਰਡਰ ਲੈਣ ਅਤੇ ਉਨ੍ਹਾਂ ਨੂੰ ਤਰਤੀਬ-ਬੱਧ ਰੱਖਣ ਵਿੱਚ ਮਦਦ ਕਰਦੇ ਹਨ।

ਪ੍ਰੋਫੈਸਰ ਸਟੋਨ ਕਹਿੰਦੇ ਹਨ, "ਰੋਬੋਟਸ ਦੇ ਘੁੰਮਣ ਤੇ ਗੇਂਦ ਨੂੰ ਕਿੱਕ ਮਾਰਨ ਵਾਲੀ ਜੋ ਤਕਨੀਕ ਉਨ੍ਹਾਂ ਨੇ ਰੋਬੋਕੱਪ ਲਈ ਵਿਕਸਿਤ ਕੀਤੀ, ਬਿਲਕੁਲ ਉਸੇ ਤਰ੍ਹਾਂ ਦੀ ਤਕਨੀਕ ਨਾਲ ਐਮਾਜ਼ਾਨ ਰੋਬੋਟਿਕਸ ਨੂੰ ਤਿਆਰ ਕੀਤਾ ਗਿਆ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

"ਦੁਨੀਆਂ ਦੇ ਕੁਝ ਮਾਹਰਾਂ ਅਤੇ ਸਭ ਤੋਂ ਵੱਧ ਰਚਨਾਤਮਕ ਤਕਨੀਕੀ ਮਾਹਿਰਾਂ ਨੂੰ ਇਕੱਠੇ ਲੈ ਕੇ ਆਉਣਾ, ਤਾਂ ਜੋ ਉਹ ਇੱਕ ਅਜਿਹੀ ਚੀਜ਼ 'ਤੇ ਕੰਮ ਕਰ ਸਕਣ ਜਿਸਨੂੰ ਲੈ ਕੇ ਉਨ੍ਹਾਂ ਵਿੱਚ ਖਾਸ ਉਤਸ਼ਾਹ ਹੈ, ਉਨ੍ਹਾਂ ਕੋਲ ਪ੍ਰਭਾਵ ਪਾਉਣ ਵਾਲੀਆਂ ਹੋਰ ਵੱਡੀਆਂ ਚੀਜ਼ਾਂ ਵੱਲ ਲੈ ਜਾਣ ਦਾ ਇੱਕ ਵਾਕਈ ਵਧੀਆ ਟ੍ਰੈਕ ਰਿਕਾਰਡ ਹੈ।"

ਕੁਝ ਲੋਕਾਂ ਲਈ, ਖੇਡ ਜਗਤ ਵਿੱਚ ਰੋਬੋਟ ਪਹਿਲਾਂ ਹੀ ਬਹੁਤ ਵੱਖਰੀ ਕਿਸਮ ਦਾ ਪ੍ਰਭਾਵ ਪਾ ਰਹੇ ਹਨ।

ਜੂਨ ਵਿੱਚ ਅਮਰੀਕੀ ਰੋਬੋਟਿਕਸ ਕੰਪਨੀ ਓਹਮਨੀਲੈਬਸ ਅਤੇ ਕਾਰ ਨਿਰਮਾਤਾ ਫੋਕਸਵੈਗਨ ਨੇ ਚੈਂਪ ਰੋਬੋਟ ਦਾ ਉਦਘਾਟਨ ਕੀਤਾ। ਦੋਪੱਖੀ ਟੀਵੀ ਸਕ੍ਰੀਨ ਅਤੇ ਸਪੀਕਰ ਤੇ ਮਾਈਕ੍ਰੋਫੋਨ ਵਾਲਾ ਇੱਕ ਟੈਲੀਪ੍ਰੈਸੈਂਸ ਰੋਬੋਟ - ਜੋ ਕਿਸੇ ਹੋਰ ਥਾਂ 'ਤੇ ਮੌਜੂਦ ਕਿਸੇ (ਵਿਅਕਤੀ) ਨਾਲ ਜੁੜ ਸਕਦਾ ਹੈ ਜਾਂ ਸੰਪਰਕ ਬਣਾ ਸਕਦਾ ਹੈ।

ਚੈਂਪ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਜੋ ਬੱਚੇ ਬਿਮਾਰੀ ਦੇ ਚਲਦਿਆਂ ਫੁੱਟਬਾਲ ਜਾਂ ਹੋਰ ਖੇਡ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੋ ਸਕਦੇ, ਉਹ ਇਸ ਰੋਬੋਟ ਦੀ ਮਦਦ ਨਾਲ ਆਪਣੀ ਪਸੰਦੀਦਾ ਟੀਮ ਨਾਲ ਸ਼ਾਮਲ ਹੋ ਸਕਦੇ ਹਨ।

ਰੋਬੋਟ ਦੀ ਮਦਦ ਨਾਲ ਉਹ ਦੇਖ ਸਕਦੇ ਹਨ ਕਿ ਕੀ ਹੋ ਰਿਹਾ ਹੈ ਅਤੇ ਇੱਥੋਂ ਤੱਕ ਕਿ ਖਿਡਾਰੀਆਂ ਨਾਲ ਗੱਲ ਵੀ ਕਰ ਸਕਦੇ ਹਨ।

ਚੈਂਪ ਨੂੰ ਪਹਿਲੀ ਵਾਰ ਜੁਲਾਈ ਵਿੱਚ ਅਮਰੀਕਾ ਬਨਾਮ ਮੈਕਸੀਕੋ ਦੀ ਮਹਿਲਾ ਗੇਮ ਵਿੱਚ ਪੇਸ਼ ਕੀਤਾ ਗਿਆ ਸੀ - ਜਿਸਦੀ ਮਦਦ ਨਾਲ ਇੱਕ ਨੌਜਵਾਨ ਪ੍ਰਸ਼ੰਸਕ ਲੂਨਾ ਪੇਰੋਨ, ਜਿਸਨੂੰ ਕਿ ਹੱਡੀਆਂ ਦਾ ਇੱਕ ਦੁਰਲੱਭ ਕੈਂਸਰ ਹੈ, ਨੇ ਵਿਅਕਤੀਗਤ ਰੂਪ ਵਿੱਚ ਉੱਥੇ ਹੋਣ ਦਾ ਅਨੁਭਵ ਕੀਤਾ।

ਕੀ ਹਨ ਚੁਣੌਤੀਆਂ

ਪਰ ਜੇ ਦੂਜੇ ਰੋਬੋਟ 2050 ਤੱਕ ਵਿਸ਼ਵ ਦੀ ਸਰਬੋਤਮ ਮਨੁੱਖੀ ਫੁੱਟਬਾਲ ਟੀਮ ਨੂੰ ਹਰਾ ਦੇਣਗੇ ਤਾਂ ਕੀ ਚੈਂਪ ਵੀ ਖੁਸ਼ ਹੋਵੇਗਾ?

ਓਕਸਫੋਰਡ ਯੂਨੀਵਰਸਿਟੀ ਦੀ ਇੱਕ ਪ੍ਰਮੁੱਖ ਏਐੱਲ ਅਤੇ ਰੋਬੋਟਿਕਸ ਮਾਹਰ ਪ੍ਰੋਫੈੱਸਰ ਸੈਂਡਰਾ ਵਾਚਰ ਦਾ ਕਹਿਣਾ ਹੈ ਕਿ ਮੁਸ਼ਕਿਲ ਇਹ ਹੈ ਕਿ ਫੁੱਟਬਾਲ ਵਿੱਚ ਸਰੀਰਕ ਅਤੇ ਮਾਨਸਿਕ - ਦੋਵਾਂ ਤਰ੍ਹਾਂ ਦੇ ਹੁਨਰਾਂ ਦੀ ਲੋੜ ਹੁੰਦੀ ਹੈ।

"ਫੁਟਬਾਲ ਦੇ ਮੈਦਾਨ ਵਿੱਚ ਖੇਡ ਦੀਆਂ ਰਣਨੀਤੀਆਂ ਅਤੇ ਰਚਨਾਵਾਂ ਹੁੰਦੀਆਂ ਹਨ ਜਿਨ੍ਹਾਂ ਦੀ ਪਾਲਣ ਕੀਤਾ ਜਾਂਦੀ ਹੈ ਅਤੇ ਜਿਨ੍ਹਾਂ ਨੂੰ ਅਕਸਰ ਬਹੁਤ ਤੇਜ਼ੀ ਨਾਲ ਅਤੇ ਸੁਭਾਵਿਕ ਤੌਰ 'ਤੇ ਵਿਵਸਥਿਤ ਕਰਨ ਦੀ ਜ਼ਰੂਰਤ ਹੁੰਦੀ ਹੈ।"

"ਗੋਲ ਦਾਗਣ ਦਾ ਮੌਕਾ ਕੁਝ ਹੀ ਸਕਿੰਟਾਂ ਵਿੱਚ ਮਿਲ ਸਕਦਾ ਹੈ ਅਤੇ ਉਸ ਪਲ ਦਾ ਫਾਇਦਾ ਲੈਣ ਲਈ ਬਹੁਤ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੁੰਦੀ ਹੈ। ਅਕਸਰ ਇਸਦੇ ਲਈ ਟੀਮ ਦੇ ਮੈਂਬਰਾਂ ਵਿੱਚ ਚੰਗੀ ਸਮਝ, ਵਿਸ਼ਵਾਸ, ਗੈਰ-ਮੌਖਿਕ ਅਤੇ ਮੌਖਿਕ ਸੰਚਾਰ ਦੀ ਲੋੜ ਹੁੰਦੀ ਹੈ।"

"ਫੁੱਟਬਾਲ ਖੇਡਣ ਦੀ ਗੱਲ ਕਰੀਏ ਤਾਂ ਹੋ ਸਕਦਾ ਹੈ ਕਿ ਕਿਸੇ ਸਮੇਂ ਰੋਬੋਟ ਮਨੁੱਖੀ ਸਮਰੱਥਾ ਨੂੰ ਪਾਰ ਕਰ ਜਾਣ, ਪਰ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਹੋਵੇਗਾ ਅਤੇ ਕਦੋਂ ਹੋਵੇਗਾ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)