You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ : ਤਾਲਿਬਾਨ ਦੇ ਬੁਲਾਰੇ ਨੇ ਕਿਹਾ, 'ਜਿਵੇਂ ਗੁਰਦੁਆਰੇ ਤੋਂ ਝੰਡਾ ਉਤਾਰਨ ਬਾਰੇ ਆਵਾਜ਼ ਚੁੱਕੀ ਗਈ, ਸਾਨੂੰ ਵੀ ਕਸ਼ਮੀਰ ਜਾਂ ਭਾਰਤ ਦੇ ਮੁਸਲਮਾਨਾਂ ਬਾਰੇ ਬੋਲਣ ਦਾ ਹੱਕ ਹੈ'
- ਲੇਖਕ, ਵਿਨੀਤ ਖਰੇ
- ਰੋਲ, ਬੀਬੀਸੀ ਪੱਤਰਕਾਰ
ਤਾਲਿਬਾਨ ਦੇ ਇੱਕ ਬੁਲਾਰੇ ਨੇ ਬੀਬੀਸੀ ਨੂੰ ਕਿਹਾ ਕਿ ਸੰਗਠਨ ਨੂੰ ਜੰਮੂ-ਕਸ਼ਮੀਰ ਦੇ ਮੁਸਲਮਾਨਾਂ ਲਈ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਹੈ।
ਜ਼ੂਮ 'ਤੇ ਇੱਕ ਇੰਟਰਵਿਊ ਵਿੱਚ ਸੁਹੇਲ ਸ਼ਾਹੀਨ ਨੇ ਅਮਰੀਕਾ ਨਾਲ ਹੋਏ ਦੋਹਾ ਸਮਝੌਤੇ ਦੀਆਂ ਸ਼ਰਤਾਂ ਬਾਰੇ ਕਿਹਾ ਕਿ ਉਨ੍ਹਾਂ ਦੀ ਕਿਸੇ ਵੀ ਦੇਸ ਦੇ ਵਿਰੁੱਧ ਹਥਿਆਰਬੰਦ ਕਾਰਵਾਈਆਂ ਸ਼ੁਰੂ ਕਰਨ ਦੀ ਕੋਈ ਨੀਤੀ ਨਹੀਂ ਸੀ।
ਦੋਹਾ ਤੋਂ ਗੱਲ ਕਰਦੇ ਹੋਏ ਸ਼ਾਹੀਨ ਨੇ ਕਿਹਾ, "ਮੁਸਲਮਾਨ ਹੋਣ ਦੇ ਨਾਤੇ, ਸਾਨੂੰ ਕਸ਼ਮੀਰ, ਭਾਰਤ ਜਾਂ ਕਿਸੇ ਹੋਰ ਦੇਸ ਵਿੱਚ ਮੁਸਲਮਾਨਾਂ ਲਈ ਆਵਾਜ਼ ਬੁਲੰਦ ਕਰਨ ਦਾ ਵੀ ਅਧਿਕਾਰ ਹੈ।"
"ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ ਅਤੇ ਕਹਾਂਗੇ ਕਿ ਮੁਸਲਮਾਨ ਤੁਹਾਡੇ ਆਪਣੇ ਲੋਕ ਹਨ, ਤੁਹਾਡੇ ਆਪਣੇ ਨਾਗਰਿਕ ਹਨ। ਉਹ ਤੁਹਾਡੇ ਕਾਨੂੰਨ ਦੇ ਅਧੀਨ ਬਰਾਬਰ ਹਨ।"
ਇਹ ਵੀ ਪੜ੍ਹੋ:
ਸ਼ਾਹੀਨ ਨੇ ਕਿਹਾ, "ਪਿਛਲੇ ਦਿਨਾਂ ਵਿੱਚ ਹਫ਼ਤੇ ਦਸ ਦਿਨ ਪਹਿਲਾਂ ਇੱਕ ਵਾਕੇਆ ਹੋਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਤਾਲਿਬਾਨ ਦੇ ਸ਼ਖ਼ਸ ਨੇ ਉਨ੍ਹਾਂ ਦੇ ਧਾਰਮਿਕ ਝੰਡੇ ਨੂੰ ਇੱਕ ਗੁਰਦੁਆਰੇ 'ਚ ਉਤਾਰਿਆ ਹੈ। ਹਾਲਾਂਕਿ ਅਸੀਂ ਘੱਟ-ਗਿਣਤੀਆਂ ਦੇ ਖਿਲਾਫ਼ ਨਹੀਂ ਹਾਂ। ਅਸੀਂ ਉਨ੍ਹਾਂ ਨੂੰ ਆਜ਼ਾਦੀ ਦਿੱਤੀ ਹੈ ਕਿ ਤੁਸੀਂ ਆਪਣੀਆਂ ਪਰੰਪਰਾਵਾਂ ਨੂੰ ਆਜ਼ਾਦੀ ਨਾਲ ਨਿਭਾਓ। ਮੈਨੂੰ ਬਹੁਤ ਮੈਸੇਜ ਆਏ। ਉਨ੍ਹਾਂ ਨੇ ਇਹ ਆਵਾਜ਼ ਚੁੱਕੀ ਸੀ।"
"ਇਸੇ ਤਰ੍ਹਾਂ ਸਾਨੂੰ ਵੀ ਹੱਕ ਹੈ ਇੱਕ ਮੁਸਲਮਾਨ ਦੇ ਤੌਰ 'ਤੇ ਚਾਹੇ ਉਹ ਕਸ਼ਮੀਰ ਵਿੱਚ ਹੋਣ, ਭਾਰਤ ਵਿੱਚ ਹੋਣ ਜਾਂ ਫਿਰ ਹੋਰਨਾਂ ਦੇਸਾਂ ਵਿੱਚ ਮੁਸਲਮਾਨਾਂ 'ਤੇ ਤਸ਼ਦਦ ਹੋ ਰਹੇ ਹੋਣ ਅਸੀਂ ਉਸ ਦੀ ਆਵਾਜ਼ ਚੁੱਕਾਂਗੇ।"
ਸਾਬਕਾ ਮੇਅਰ ਨੇ ਤਾਲਿਬਾਨ ਨੂੰ ਕਿਉਂ ਕੀਤੀ ਗੱਲਬਾਤ ਦੀ ਅਪੀਲ- ਦੇਖੋ ਵੇਡੀਓ
ਆਲੋਚਕਾਂ ਦਾ ਕਹਿਣਾ ਹੈ ਕਿ ਸਾਲ 2014 ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਅਧੀਨ ਮੁਸਲਮਾਨਾਂ ਦੇ ਵਿਰੁੱਧ ਨਸਲੀ ਅਪਰਾਧਾਂ ਵਿੱਚ ਵਾਧਾ ਹੋਇਆ ਹੈ, ਜਿਸ ਨੂੰ ਹਾਕਮਧਿਰ ਭਾਜਪਾ ਅਤੇ ਉਸਦੇ ਸਹਿਯੋਗੀ ਪਾਰਟੀਆਂ ਨੇ ਖਾਰਜ ਕਰ ਦਿੱਤਾ ਹੈ। ਇਸ ਕਾਰਨ ਭਾਰਤ ਦੁਨੀਆਂ ਭਰ ਵਿੱਚ ਸੁਰਖੀਆਂ ਬਣਿਆ ਰਿਹਾ ਹੈ।
ਤਿੰਨ ਗੁਆਂਢੀ ਦੇਸਾਂ ਦੇ ਗੈਰ-ਮੁਸਲਿਮ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਣ ਦੇ ਵਿਵਾਦਤ ਕਾਨੂੰਨ ਨੂੰ ਮੁਸਲਮਾਨਾਂ ਨੂੰ ਹਾਸ਼ੀਏ 'ਤੇ ਰੱਖਣ ਦੀ ਕੋਸ਼ਿਸ਼ ਵਜੋਂ ਦੇਖਿਆ ਗਿਆ।
ਜੰਮੂ-ਕਸ਼ਮੀਰ ਦੇ ਖੁਦਮੁਖਤਿਆਰੀ ਦੇ ਅਧਿਕਾਰ ਨੂੰ ਰੱਦ ਕਰਨ ਦੇ ਭਾਰਤ ਦੇ ਫੈਸਲੇ ਅਤੇ ਲਾਗੂ ਕਰਨ ਦੇ ਢੰਗ ਨੇ ਬਹੁਤ ਸਾਰੇ ਸਥਾਨਕ ਲੋਕਾਂ ਨੂੰ ਨਾਰਾਜ਼ ਕੀਤਾ ਹੈ।
ਜੰਮੂ-ਕਸ਼ਮੀਰ ਦਹਾਕਿਆਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਵਾਦ ਦਾ ਕਾਰਨ ਰਿਹਾ ਹੈ।
ਗਠਜੋੜ ਫ਼ੌਜਾਂ ਵੱਲੋਂ ਹਫੜਾ-ਦਫੜੀ ਵਾਲੀ ਵਾਪਸੀ ਤੋਂ ਬਾਅਦ ਅਫ਼ਗਾਨਿਸਤਾਨ 'ਤੇ ਪਾਕਿਸਤਾਨ ਸਮਰਥਿਤ ਤਾਲਿਬਾਨ ਵੱਲੋਂ ਕਬਜ਼ਾ ਕਰਨ ਤੋਂ ਬਾਅਦ ਭਾਰਤ ਦੇ ਬਹੁਤ ਸਾਰੇ ਲੋਕਾਂ ਨੂੰ ਡਰ ਹੈ ਕਿ ਹੁਣ ਤਾਲਿਬਾਨ ਦੇ ਕੁੱਝ ਧੜੇ ਜੰਮੂ ਅਤੇ ਕਸ਼ਮੀਰ ਵਰਗੀਆਂ ਥਾਵਾਂ 'ਤੇ ਨਜ਼ਰ ਰੱਖ ਸਕਦੇ ਹਨ, ਜੋ ਕਿ ਪਾਕਿਸਤਾਨ ਅੰਦਰ ਭਾਰਤ ਵਿਰੋਧੀ ਅਨਸਰਾਂ ਵੱਲੋਂ ਉਕਸਾਏ ਜਾਂਦੇ ਹਨ।
ਇੱਕ ਵਿਆਪਕ ਤੌਰ 'ਤੇ ਪ੍ਰਸਾਰਿਤ ਟੀਵੀ ਕਲਿੱਪ ਵਿੱਚ ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਪੀਟੀਆਈ ਦੇ ਆਗੂ ਨੀਲਮ ਇਰਸ਼ਾਦ ਸ਼ੇਖ ਦੇ ਹਵਾਲੇ ਨਾਲ ਕਿਹਾ ਗਿਆ, "ਤਾਲਿਬਾਨ ਨੇ ਕਿਹਾ ਹੈ ਕਿ ਉਹ ਸਾਡੇ ਨਾਲ ਹਨ ਅਤੇ ਉਹ ਕਸ਼ਮੀਰ ਨੂੰ ਆਜ਼ਾਦ ਕਰਾਉਣ ਵਿੱਚ ਸਾਡੀ ਮਦਦ ਕਰਨਗੇ।"
ਭਾਰਤ ਪਹੁੰਚੇ ਅਫ਼ਗਾਨ ਸਿੱਖ ਐੱਮਪੀ ਨਰਿੰਦਰ ਸਿੰਘ ਨਾਲ ਗੱਲਬਾਤ ਦਾ ਵੀਡੀਓ
ਕੀ ਭਾਰਤ ਲਈ ਔਖਾ ਸਮਾਂ
2001 ਵਿੱਚ ਅਮਰੀਕਾ ਦੀ ਅਗਵਾਈ ਵਾਲੇ ਫ਼ੌਜੀ ਗਠਜੋੜ ਵੱਲੋਂ ਤਾਲਿਬਾਨ ਦੇ ਸੱਤਾ ਤੋਂ ਬਾਹਰ ਹੋਣ ਤੋਂ ਪਹਿਲਾਂ, ਭਾਰਤ ਨੇ ਉੱਤਰੀ ਗਠਜੋੜ (ਨੌਰਥਰਨ ਅਲਾਇੰਸ) ਦਾ ਸਮਰਥਨ ਕੀਤਾ ਸੀ ਜੋ ਤਾਲਿਬਾਨ ਦੇ ਵਿਰੁੱਧ ਰਿਹਾ ਹੈ।
ਪਾਕਿਸਤਾਨ ਸਮਰਥਿਤ ਤਾਲਿਬਾਨ ਦੇ 20 ਸਾਲਾਂ ਬਾਅਦ ਦੁਬਾਰਾ ਸੱਤਾ ਵਿੱਚ ਆਉਣ ਨੂੰ ਭਾਰਤ ਲਈ ਇੱਕ ਝਟਕਾ ਮੰਨਿਆ ਜਾ ਰਿਹਾ ਹੈ ਜਿਸਦਾ ਅਸ਼ਰਫ ਗਨੀ ਦੀ ਅਗਵਾਈ ਵਾਲੀ ਸਰਕਾਰ ਨਾਲ ਨੇੜਲੇ ਸਬੰਧ ਸਨ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਭਾਰਤ ਨੇ ਬੁਨਿਆਦੀ ਢਾਂਚਾਗਤ ਯੋਜਨਾਵਾਂ ਵਿੱਚ ਅਰਬਾਂ ਰੁਪਏ ਖਰਚੇ ਹਨ ਪਰ ਤਾਲਿਬਾਨ ਦੇ ਸੱਤਾ ਵਿੱਚ ਆਉਣ ਨਾਲ ਡਰ ਹੈ ਕਿ ਸਭ ਕੁਝ ਡੁੱਬ ਗਿਆ ਹੈ।
31 ਅਗਸਤ ਨੂੰ ਕਤਰ ਵਿੱਚ ਤਾਲਿਬਾਨ ਦੇ ਆਗੂ ਨਾਲ ਪਹਿਲੇ ਅਧਿਕਾਰਤ ਸੰਪਰਕ ਦੌਰਾਨ ਭਾਰਤ ਨੇ ਦੋਹਾ ਵਿੱਚ ਤਾਲਿਬਾਨ ਦੇ ਦਫ਼ਤਰ ਦੇ ਮੁਖੀ ਸ਼ੇਰ ਮੁਹੰਮਦ ਅਬਾਸ ਸਟੈਨਕਜ਼ਈ ਨਾਲ ਚਿੰਤਾ ਪ੍ਰਗਟ ਕੀਤੀ।
ਮੀਟਿੰਗ ਵਿੱਚ ਭਾਰਤ ਨੇ ਕਿਹਾ, "ਅਫ਼ਗਾਨਿਸਤਾਨ ਦੀ ਧਰਤੀ ਨੂੰ ਕਿਸੇ ਵੀ ਤਰੀਕੇ ਨਾਲ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਅੱਤਵਾਦ ਲਈ ਨਹੀਂ ਵਰਤਿਆ ਜਾਣਾ ਚਾਹੀਦਾ।"
ਭਾਰਤ ਲਈ ਕੋਈ ਸੌਖਾ ਬਦਲ ਨਹੀਂ
ਜਿੱਥੇ ਇੱਕ ਪਾਸੇ ਅਮਰੀਕਾ, ਰੂਸ, ਚੀਨ ਵਰਗੇ ਦੇਸ ਤਾਲਿਬਾਨ ਨਾਲ ਖੁੱਲ੍ਹ ਕੇ ਗੱਲ ਕਰ ਰਹੇ ਹਨ, ਹਥਿਆਰਬੰਦ ਸਮੂਹ ਨਾਲ ਨਜਿੱਠਣਾ ਭਾਰਤੀ ਅਧਿਕਾਰੀਆਂ ਲਈ ਸੌਖਾ ਬਦਲ ਨਹੀਂ ਰਿਹਾ ਹੈ।
ਭਾਰਤ ਦੀ ਅਫ਼ਗਾਨਿਸਤਾਨ ਬਾਰੇ ਰਣਨੀਤੀ ਸਬੰਧੀ ਕਾਰਨੀਜ ਇੰਡੀਆ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੀ ਵਾਪਸੀ ਤੋਂ ਬਾਅਦ ਹੱਕਾਨੀ ਸਮੂਹ ਜੋ ਕਿ ਸਰਬੋਤਮ ਹਥਿਆਰਬੰਦ ਅਤੇ ਸਿਖਲਾਈ ਪ੍ਰਾਪਤ ਤਾਲਿਬਾਨ ਧੜਾ ਬਣਿਆ ਹੋਇਆ ਹੈ, ਨੇ ਕਥਿਤ ਤੌਰ 'ਤੇ ਕਾਬੁਲ ਵਿੱਚ ਭਾਰਤੀ ਦੂਤਾਵਾਸ ਸਮੇਤ ਭਾਰਤੀ ਸੰਪਤੀਆਂ ਦੇ ਵਿਰੁੱਧ ਹਮਲੇ ਕੀਤੇ ਹਨ।
ਇਹ ਵੀ ਪੜ੍ਹੋ:
ਰਿਪੋਰਟ ਵਿੱਚ ਕਿਹਾ ਗਿਆ ਹੈ, "ਆਈਐੱਸਆਈ ਅਤੇ ਹੱਕਾਨੀ ਲੀਡਰਸ਼ਿਪ ਵਿੱਚ ਨੇੜਲੇ ਸਬੰਧਾਂ ਦੇ ਮੱਦੇਨਜ਼ਰ ਇਹ ਸੰਭਾਵਨਾ ਹੈ ਕਿ ਹੱਕਾਨੀ ਜਥੇਬੰਦੀ ਆਪਣੇ ਭਾਰਤ ਵਿਰੋਧੀ ਏਜੰਡੇ ਨੂੰ ਜਾਰੀ ਰੱਖੇਗੀ।"
ਸ਼ਾਹੀਨ ਨੇ ਕਿਹਾ ਕਿ ਹੱਕਾਨੀ ਵਿਰੁੱਧ ਇਲਜ਼ਾਮ ਸਿਰਫ਼ ਦਾਅਵੇ ਹਨ।
ਉਨ੍ਹਾਂ ਨੇ ਕਿਹਾ,"ਹੱਕਾਨੀ ਕੋਈ ਸਮੂਹ ਨਹੀਂ ਹੈ। ਉਹ ਅਫ਼ਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਦਾ ਹਿੱਸਾ ਹਨ। ਉਹ ਅਫ਼ਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਹਨ।
ਕਾਠਮੰਡੂ ਤੋਂ ਦਿੱਲੀ ਜਾ ਰਹੀ 180 ਯਾਤਰੀਆਂ ਵਾਲੀ ਭਾਰਤੀ ਸਰਕਾਰੀ ਉਡਾਣ ਨੂੰ ਅਗਵਾ ਕਰਨ ਵਿੱਚ ਤਾਲਿਬਾਨ ਦੀ ਭੂਮਿਕਾ ਵੀ ਭਾਰਤੀ ਮਨਾਂ ਵਿੱਚ ਤਾਜ਼ਾ ਹੈ।
ਜੈੱਟ ਨੂੰ ਅਫ਼ਗਾਨਿਸਤਾਨ ਦੇ ਕੰਧਾਰ ਲੈ ਕੇ ਜਾਇਆ ਗਿਆ ਅਤੇ ਅਖ਼ੀਰ ਵਿੱਚ ਯਾਤਰੀਆਂ ਦੇ ਬਦਲੇ ਵਿੱਚ ਤਿੰਨ ਅੱਤਵਾਦੀਆਂ ਨੂੰ ਭਾਰਤੀ ਜੇਲ੍ਹਾਂ ਤੋਂ ਰਿਹਾਅ ਕਰਨਾ ਪਿਆ।
ਕਾਰਨੀਜ ਇੰਡੀਆ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ, "ਇਹ (ਤਾਲਿਬਾਨ) ਉਹ ਸਮੂਹ ਸੀ ਜੋ 1999 ਵਿੱਚ ਇੱਕ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਦੇ ਅਗਵਾ ਹੋਣ ਤੋਂ ਬਾਅਦ ਅੱਤਵਾਦੀਆਂ ਨੂੰ ਪਾਕਿਸਤਾਨ ਲੈ ਗਿਆ ਸੀ।"
ਪਰ ਸ਼ਾਹੀਨ ਦਾ ਦਾਅਵਾ ਹੈ ਕਿ ਅਗਵਾ ਕਰਨ ਵਿੱਚ ਤਾਲਿਬਾਨ ਦੀ ਕੋਈ ਭੂਮਿਕਾ ਨਹੀਂ ਸੀ ਅਤੇ ਉਨ੍ਹਾਂ ਨੇ ਹਰ ਤਰ੍ਹਾਂ ਦੀ ਮਦਦ ਦਿੱਤੀ ਸੀ ਅਤੇ ਭਾਰਤ ਸਰਕਾਰ ਨੂੰ ਸਮੂਹ ਦਾ ਧੰਨਵਾਦ ਕਰਨਾ ਚਾਹੀਦਾ ਸੀ।
ਸ਼ਾਹੀਨ ਨੇ ਕਿਹਾ, "ਭਾਰਤ ਨੇ ਸਾਨੂੰ ਬੇਨਤੀ ਕੀਤੀ ਸੀ ਕਿਉਂਕਿ ਜੈੱਟ ਵਿੱਚ ਬਾਲਣ ਦੀ ਘਾਟ ਸੀ ਅਤੇ ਫਿਰ ਅਸੀਂ ਬੰਧਕਾਂ ਦੀ ਰਿਹਾਈ ਵਿੱਚ ਮਦਦ ਕੀਤੀ।"
ਸ਼ਾਹੀਨ ਨੇ ਭਾਰਤੀ ਮੀਡੀਆ ਨੂੰ ਤਾਲਿਬਾਨ ਵਿਰੋਧੀ ਪ੍ਰਚਾਰ ਕਰਨ ਦੇ ਮਾਧਿਅਮ ਵਜੋਂ ਜ਼ਿੰਮੇਵਾਰ ਠਹਿਰਾਇਆ।
ਅਫ਼ਗਾਨਿਸਤਾਨ ਦੀ ਸੰਸਦ ਵਿੱਚ ਸੀਨੇਟਰ ਰਹੀ ਅਨਾਰਕਲੀ ਕੌਰ ਨਾਲ ਗੱਲਬਾਤ ਦਾ ਵੀਡੀਓ
ਦਾਨਿਸ਼ ਸਿੱਦੀਕੀ ਦੇ ਕਤਲ ਲਈ ਕੌਣ ਜ਼ਿੰਮੇਵਾਰ
ਤਾਲਿਬਾਨ ਦੇ ਬੁਲਾਰੇ ਨੇ ਉਨ੍ਹਾਂ ਹਾਲਾਤਾਂ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਜਿਨ੍ਹਾਂ ਦੇ ਤਹਿਤ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਨੂੰ ਮਾਰਿਆ ਗਿਆ ਸੀ।
ਸ਼ਾਹੀਨ ਨੇ ਕਿਹਾ, "ਸਾਨੂੰ ਨਹੀਂ ਪਤਾ ਕਿ ਕਿਸ ਦੀ ਗੋਲੀਬਾਰੀ ਨੇ ਉਸਨੂੰ ਮਾਰਿਆ। ਇਹ ਇੱਕ ਲੜਾਈ ਸੀ। ਕਰਾਸ ਫਾਇਰਿੰਗ ਹੋਈ।"
ਪੁਲਿਟਜ਼ਰ ਇਨਾਮ ਜੇਤੂ ਰੌਇਟਰਜ਼ ਦੇ ਪੱਤਰਕਾਰ ਅਫ਼ਗਾਨ ਫੌਜਾਂ ਦੇ ਕਾਫ਼ਲੇ ਨਾਲ ਸੀ ਜਿਸ ਨੂੰ ਤਾਲਿਬਾਨ ਅੱਤਵਾਦੀਆਂ ਨੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਕਸਬੇ ਸਪਿਨ ਬੋਲਡਕ ਵਿੱਚ ਘੇਰ ਲਿਆ ਸੀ।
ਦਾਨਿਸ਼ ਦੇ ਕਤਲ ਦੇ ਕੁਝ ਦਿਨਾਂ ਬਾਅਦ ਬੀਬੀਸੀ ਨਾਲ ਗੱਲ ਕਰਦਿਆਂ, ਇੱਕ ਸਥਾਨਕ ਵਾਸੀ ਨੇ ਦੱਸਿਆ ਕਿ ਉਸ ਨੇ ਦਾਨਿਸ਼ ਦੀ ਲਾਸ਼ ਨੂੰ ਤਾਲਿਬਾਨ ਅੱਤਵਾਦੀਆਂ ਨਾਲ ਘਿਰਿਆ ਦੇਖਿਆ ਸੀ ਜੋ ਕਹਿ ਰਹੇ ਸਨ "ਉਨ੍ਹਾਂ ਨੇ ਇੱਕ ਭਾਰਤੀ ਜਾਸੂਸ ਨੂੰ ਫੜ੍ਹ ਕੇ ਮਾਰ ਦਿੱਤਾ ਸੀ।"
ਇਸ ਵਿਅਕਤੀ ਨੇ ਕਿਹਾ, "ਉਹ ਅਜੇ ਵੀ ਇਹੀ ਕਹਿ ਰਹੇ ਹਨ।"
ਸ਼ਾਹੀਨ ਨੇ ਇਸ ਨੂੰ ਖਾਰਜ ਕਰਦਿਆਂ ਕਿਹਾ, "ਇਹ ਉਨ੍ਹਾਂ ਲੋਕਾਂ ਦੀਆਂ ਗੱਲਾਂ ਹਨ ਜੋ ਚੁਗਲੀ-ਵਗੈਰਾ ਕਰਦੇ ਰਹਿੰਦੇ ਹਨ।"
ਉਨ੍ਹਾਂ ਕਿਹਾ ਕਿ ਉਹ ਦਾਨਿਸ਼ ਦੀ ਮੌਤ ਦੀ ਪੂਰੀ ਜਾਂਚ ਦੇ ਵੇਰਵੇ ਮੀਡੀਆ ਨਾਲ ਸਾਂਝੇ ਕਰਨਗੇ।
ਸੁਹੇਲ ਸ਼ਾਹੀਨ ਨੇ ਪੰਜਸ਼ੀਰ ਘਾਟੀ ਦੀ ਸਥਿਤੀ ਨੂੰ 'ਤਣਾਅਪੂਰਨ' ਦੱਸਿਆ, ਜਿੱਥੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਦੀ ਅਗਵਾਈ ਵਾਲੇ ਤਾਲਿਬਾਨ ਵਿਰੋਧੀ ਧੜਿਆਂ ਨੇ ਤਾਲਿਬਾਨ ਦਾ ਮੁਕਾਬਲਾ ਕਰਨ ਦੀ ਸਹੁੰ ਖਾਧੀ ਹੈ।
ਮੀਡੀਆ ਰਿਪੋਰਟਾਂ ਨੂੰ ਰੱਦ ਕਰਦੇ ਹੋਏ, ਸ਼ਾਹੀਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਤਾਲਿਬਾਨੀ ਅੱਤਵਾਦੀ ਘਰ-ਘਰ ਜਾ ਕੇ ਲੋਕਾਂ ਨੂੰ ਲੱਭ ਰਹੇ ਹਨ ਅਤੇ ਪਰਿਵਾਰਕ ਮੈਂਬਰਾਂ ਨੂੰ ਧਮਕਾ ਰਹੇ ਹਨ।
ਉਨ੍ਹਾਂ ਦਾਅਵਾ ਕੀਤਾ, "ਇੱਥੇ ਕੋਈ ਹਿੱਟ ਲਿਸਟ ਨਹੀਂ ਹੈ।"
ਇਹ ਵੀ ਪੜ੍ਹੋ: