ਅਫ਼ਗਾਨਿਸਤਾਨ 'ਚ ਤਾਲਿਬਾਨ : ਜਿਉਂਦੇ ਜੀਅ ਤਾਬੂਤਾਂ ਵਿੱਚ ਬੰਦ ਹੋ ਕੇ ਪਾਕਿਸਤਾਨ ਜਾ ਰਹੀਆਂ ਹਨ ਅਫ਼ਗਾਨ ਔਰਤਾਂ

ਤਸਵੀਰ ਸਰੋਤ, Reuters
- ਲੇਖਕ, ਸੁਸ਼ੀਲਾ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਅਫ਼ਗਾਨਿਸਤਾਨ ਵਿੱਚ, ਕੱਟੜਪੰਥੀ ਸੰਗਠਨ ਤਾਲਿਬਾਨ ਨੇ ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ ਦੇਸ਼ ਦੇ ਲੋਕਾਂ ਲਈ ਕੁਝ ਕਰਨ ਅਤੇ ਉਨ੍ਹਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਦੀ ਗੱਲ ਕਹੀ ਹੈ।
ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ ਕੁਝ ਹੋਰ ਹੀ ਬਿਆਨ ਕਰਦੀਆਂ ਹਨ।
ਕਾਬੁਲ ਦੇ ਹਵਾਈ ਅੱਡੇ 'ਤੇ ਭੱਜਦੇ ਹੋਏ ਲੋਕਾਂ ਦੀਆਂ ਤਸਵੀਰਾਂ, ਗੋਲੀਆਂ ਚੱਲਣ ਦੀਆਂ ਆਵਾਜ਼ਾਂ ਅਤੇ ਜਹਾਜ਼ ਵਿੱਚ ਸਵਾਰ ਹੋਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੀਆਂ ਇਹ ਤਸਵੀਰਾਂ, ਆਪਣੇ ਆਪ ਵਿੱਚ ਇਹ ਦੱਸਣ ਲਈ ਕਾਫੀ ਹਨ ਕਿ ਅਸਲ ਵਿੱਚ ਸਥਿਤੀ ਕੀ ਹੈ।
ਅਸਲ ਵਿਚ ਦੋ ਦਹਾਕੇ ਬਾਅਦ ਤਾਲਿਬਾਨ ਅਫ਼ਗਾਨ ਦੀ ਸੱਤਾ ਉੱਤੇ ਮੁੜ ਕਾਬਜ਼ ਹੋ ਰਿਹਾ ਹੈ। ਬੀਤੇ 15 ਅਗਸਤ ਨੂੰ ਤਾਲਿਬਾਨ ਨੇ ਕਾਬੁਲ ਵਿਚ ਰਾਸ਼ਟਰਪਤੀ ਭਵਨ ਉੱਤੇ ਕਬਜ਼ਾ ਕਰ ਲਿਆ ਅਤੇ ਰਾਸ਼ਟਰਪਤੀ ਅਸ਼ਰਫ਼ ਗਨੀ ਇਸ ਤੋਂ ਪਹਿਲਾਂ ਹੀ ਮੁਲਕ ਛੱਡ ਗਏ ਸਨ।
2001 ਵਿਚ ਤਾਲਿਬਾਨ ਨੂੰ ਅਮਰੀਕਾ ਨੇ ਆਪਣੇ ਮੁਲਕ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮੁਲਜ਼ਮਾਂ ਨੂੰ ਪਨਾਹ ਦੇਣ ਦੇ ਇਲਜ਼ਾਮ ਵਿਚ ਸੱਤਾ ਤੋਂ ਬਾਹਰ ਕਰ ਦਿੱਤਾ ਸੀ।
ਅਮਰੀਕਾ ਦੀ ਅਗਵਾਈ ਵਿਚ ਨਾਟੋ ਗਠਜੋੜ ਦੀਆਂ ਫੌਜਾਂ ਨੇ ਹਵਾਈ ਹਮਲੇ ਕੀਤੇ ਅਤੇ ਤਾਲਿਬਾਨ ਨੂੰ ਖਦੇੜ ਦਿੱਤਾ। ਚੋਣਾਂ ਤੋਂ ਬਾਅਦ ਸਰਕਾਰ ਹੋਂਦ ਵਿਚ ਆ ਗਈ।
ਪਰ ਤਾਲਿਬਾਨ ਨੇ ਹਾਰ ਨਹੀਂ ਮੰਨੀ ਅਤੇ ਵਿਦੇਸ਼ੀ ਫੌਜਾਂ ਨਾਲ ਦੋ ਦਹਾਕੇ ਲੜਦਾ ਰਿਹਾ , ਹੁਣ ਇਨ੍ਹਾਂ ਫੌਜਾਂ ਦੇ ਮੁਲਕ ਛੱਡਦਿਆਂ ਹੀ ਤਾਲਿਬਾਨ ਮੁੜ ਸੱਤਾ ਉੱਤੇ ਕਾਬਜ਼ ਹੋ ਗਿਆ ਹੈ।
ਇਹ ਵੀ ਪੜ੍ਹੋ:-
ਔਰਤਾਂ ਅਤੇ ਬੱਚਿਆਂ ਲਈ ਚਿੰਤਾ
ਅਫ਼ਗਾਨਿਸਤਾਨ ਵਿੱਚ ਹੁਣ ਔਰਤਾਂ ਅਤੇ ਬੱਚਿਆਂ ਦਾ ਕੀ ਹੋਵੇਗਾ, ਇਸ ਬਾਰੇ ਚਰਚਾ ਤੇਜ਼ ਹੋ ਗਈ ਹੈ। ਦੇਸ਼ ਦੀ ਮੌਜੂਦਾ ਸਥਿਤੀ ਦਾ ਇਨ੍ਹਾਂ ਲੋਕਾਂ ਦੇ ਜੀਵਨ 'ਤੇ ਕੀ ਪ੍ਰਭਾਵ ਪਵੇਗਾ, ਇਸ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ।
ਮਹਿਲਾ ਅਧਿਕਾਰਾਂ ਲਈ ਕੰਮ ਕਰਨ ਵਾਲੀ ਅਤੇ ਅਫ਼ਗਾਨਿਸਤਾਨ ਵਿੱਚ ਚੋਣ ਕਮਿਸ਼ਨ ਦੀ ਸਾਬਕਾ ਮੈਂਬਰ ਜ਼ਾਰਮੀਨਾ ਕਾਕਰ ਨੇ ਬੀਬੀਸੀ ਨੂੰ ਦੱਸਿਆ, "ਅੱਜ-ਕੱਲ੍ਹ ਕੋਈ ਮੈਨੂੰ ਪੁੱਛਦਾ ਹੈ ਕਿ ਮੈਂ ਕਿਵੇਂ ਹਾਂ?"
"ਇਸ ਸਵਾਲ 'ਤੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਅਤੇ ਮੈਂ ਕਹਿੰਦੀ ਹਾਂ ਕਿ ਠੀਕ ਹਾਂ। ਪਰ ਅਸਲ ਵਿੱਚ ਅਸੀਂ ਠੀਕ ਨਹੀਂ ਹਾਂ।"
"ਅਸੀਂ ਉਨ੍ਹਾਂ ਉਦਾਸ ਪੰਛੀਆਂ ਵਰਗੇ ਹੋ ਗਏ ਹਾਂ, ਜਿਨ੍ਹਾਂ ਦੀਆਂ ਅੱਖਾਂ ਸਾਹਮਣੇ ਧੁੰਦ ਛਾਈ ਹੋਈ ਹੈ ਅਤੇ ਸਾਡੇ ਘਰਾਂ ਨੂੰ ਉਜਾੜ ਦਿੱਤਾ ਗਿਆ ਹੈ। ਅਸੀਂ ਕੁਝ ਨਹੀਂ ਕਰ ਸਕਦੇ, ਸਿਰਫ ਦੇਖ ਸਕਦੇ ਹਾਂ ਅਤੇ ਚੀਕ ਸਕਦੇ ਹਾਂ।"
ਬੀਬੀਸੀ ਨੂੰ ਵਟਸਐਪ 'ਤੇ ਦਿੱਤੇ ਆਪਣੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦੇ ਸਾਰੇ ਪ੍ਰਾਂਤਾਂ, ਖਾਸ ਤੌਰ 'ਤੇ ਮੱਧ ਅਫ਼ਗਾਨਿਸਤਾਨ ਦੇ ਕਾਬੁਲ ਪ੍ਰਾਂਤ ਵਿੱਚ ਲੋਕ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਹਨ ਅਤੇ ਡਰੇ ਹੋਏ ਹਨ।

ਤਸਵੀਰ ਸਰੋਤ, Getty Images
ਉਨ੍ਹਾਂ ਦਾ ਕਹਿਣਾ ਸੀ, "ਇੱਥੇ ਸਭ ਤੋਂ ਜ਼ਿਆਦਾ ਮਹਿਲਾਵਾਂ, ਬੱਚੇ ਡਰੇ ਹੋਏ ਹਨ ਅਤੇ ਉਹ ਨੌਜਵਾਨ ਪੀੜ੍ਹੀ ਜੋ ਪਿਛਲੇ 20 ਸਾਲਾਂ ਵਿੱਚ ਇੱਥੇ ਹੀ ਵੱਡੀ ਹੋਈ ਹੈ, ਤਾਲਿਬਾਨ ਦੇ ਖੌਫ਼ ਵਿੱਚ ਹੈ।" ਕਾਬੁਲ ਵਿੱਚ ਮੌਜੂਦ ਔਰਤਾਂ ਹੁਣ ਡਰ ਦੇ ਮਾਰੇ ਉੱਥੋਂ ਭੱਜ ਰਹੀਆਂ ਹਨ। ਅਫ਼ਗਾਨਿਸਤਾਨ ਦੀਆਂ ਔਰਤਾਂ, ਤਾਲਿਬਾਨ ਦੇ ਸ਼ਾਸਨ ਦੌਰਾਨ ਉਨ੍ਹਾਂ ਦੇ ਨਾਲ ਹੋਏ ਅੱਤਿਆਚਾਰਾਂ ਅਤੇ ਕੌੜੇ ਮਾਰਨ ਵਰਗੀਆਂ ਘਟਨਾਵਾਂ ਨੂੰ ਭੁੱਲੀਆਂ ਨਹੀਂ ਹਨ।
ਜ਼ਾਰਮੀਨਾ ਅੱਗੇ ਦੱਸਦੇ ਹਨ ਕਿ ਤਾਲਿਬਾਨ ਸ਼ਾਸਿਤ ਸੂਬਿਆਂ ਵਿੱਚੋਂ ਮਹਿਲਾਵਾਂ ਨੂੰ ਤਾਬੂਤਾਂ ਵਿੱਚ ਪਾਕਿਸਤਾਨ ਲਿਜਾਇਆ ਜਾ ਰਿਹਾ ਹੈ। ਅਜਿਹਾ ਉਨ੍ਹਾਂ ਨੂੰ, ਕਾਬੁਲ ਵਿੱਚ ਪਨਾਹ ਲੈਣ ਵਾਲੀਆਂ ਔਰਤਾਂ ਨੇ ਦੱਸਿਆ ਹੈ।
ਤਾਲਿਬਾਨ ਦਾ ਭਰੋਸਾ
ਮਹਿਲਾਵਾਂ ਦੀ ਸਥਿਤੀ ਬਾਰੇ ਲੋਕ ਸੋਸ਼ਲ ਮੀਡੀਆ 'ਤੇ ਆਪਣੀ ਚਿੰਤਾ ਜ਼ਾਹਰ ਕਰ ਰਹੇ ਹਨ।
ਹਾਲਾਂਕਿ, ਬੀਬੀਸੀ ਨੂੰ ਦਿੱਤੀ ਇੰਟਰਵਿਊ ਵਿੱਚ ਜਦੋਂ ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਤੋਂ ਪੁੱਛਿਆ ਗਿਆ ਕਿ ਉਹ ਡਰ ਰਹੀਆਂ ਨੌਜਵਾਨ ਮਹਿਲਾਵਾਂ ਅਤੇ ਲੜਕੀਆਂ ਨੂੰ ਕੀ ਕਹਿਣਗੇ, ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਡਰਨਾ ਨਹੀਂ ਚਾਹੀਦਾ।
ਇਹ ਵੀ ਪੜ੍ਹੋ:-
ਸੁਹੈਲ ਸ਼ਾਹੀਨ ਨੇ ਕਿਹਾ, "ਅਸੀਂ ਉਨ੍ਹਾਂ ਦੇ ਸਨਮਾਨ, ਸੰਪਤੀ, ਕੰਮ ਕਰਨ ਅਤੇ ਪੜ੍ਹਾਈ ਦੇ ਅਧਿਕਾਰ ਦੀ ਰੱਖਿਆ ਲਈ ਸਮਰਪਿਤ ਹਾਂ। ਇਸ ਲਈ ਉਨ੍ਹਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੂੰ ਕੰਮ ਕਰਨ ਤੋਂ ਲੈ ਕੇ ਪੜ੍ਹਾਈ ਕਰਨ ਤੱਕ, ਪਿਛਲੀ ਸਰਕਾਰ ਨਾਲੋਂ ਬਿਹਤਰ ਹਾਲਾਤ ਮਿਲਣਗੇ।"
ਇੱਕ ਪਾਸੇ ਤਾਲਿਬਾਨ ਆਪਣੇ ਵੱਲੋਂ ਭਰੋਸਾ ਦੇ ਰਿਹਾ ਹੈ ਅਤੇ ਦੂਜੇ ਪਾਸੇ ਅਫ਼ਗ਼ਾਨਿਸਤਾਨ ਵਿੱਚ ਔਰਤਾਂ ਦਾ ਇੱਕ ਵਰਗ ਚਾਹੁੰਦਾ ਹੈ ਕਿ ਅੰਤਰਰਾਸ਼ਟਰੀ ਜਗਤ ਉਨ੍ਹਾਂ ਦੀ ਮਦਦ ਲਈ ਅੱਗੇ ਆਵੇ।
ਮਹਿਲਾ ਸਾਂਸਦ ਮਰੀਅਮ ਸਮਾ ਕਾਬੁਲ ਤੋਂ ਬਾਹਰ ਨਿੱਕਲਣ ਵਿੱਚ ਕਾਮਯਾਬ ਹੋ ਗਏ ਹਨ ਪਰ ਉਹ ਆਪਣੇ ਪਰਿਵਾਰ ਬਾਰੇ ਚਿੰਤਿਤ ਹਨ, ਜੋ ਅਜੇ ਵੀ ਕਾਬੁਲ ਵਿੱਚ ਹੀ ਮੌਜੂਦ ਹੈ।
ਦੇਸ਼ ਵਿੱਚ ਮਹਿਲਾਵਾਂ ਦੀ ਸਥਿਤੀ ਬਾਰੇ ਉਨ੍ਹਾਂ ਨੇ ਦੱਸਿਆ, "ਮਹਿਲਾਵਾਂ ਅਤੇ ਲੜਕੀਆਂ ਬਹੁਤ ਡਰੀਆਂ ਹੋਈਆਂ ਹਨ। ਉਨ੍ਹਾਂ ਦੀ ਹੁਣ ਕੋਈ ਹੋਂਦ ਹੀ ਨਹੀਂ ਰਹਿ ਜਾਵੇਗੀ ਕਿਉਂਕਿ ਨਾ ਤਾਂ ਉਹ ਨੌਕਰੀਆਂ ਕਰ ਸਕਦੀਆਂ ਹਨ ਅਤੇ ਨਾ ਹੀ ਲੜਕੀਆਂ ਹੁਣ ਪੜ੍ਹਾਈ ਕਰ ਸਕਣਗੀਆਂ। ਅਸੀਂ ਆਪਣਾ ਦੇਸ਼ ਗੁਆ ਦੇਵਾਂਗੇ। ਇਹ ਬਹੁਤ ਹੀ ਦੁਖਦਾਈ ਅਤੇ ਖ਼ਤਰਨਾਕ ਹੈ।"
ਉਹ ਕਹਿੰਦੇ ਹਨ, "ਜੇਕਰ ਦੁਨੀਆ ਅਫ਼ਗਾਨਿਸਤਾਨ ਦੀ ਸਥਿਤੀ ਵੱਲ ਧਿਆਨ ਨਹੀਂ ਦਿੰਦੀ ਤਾਂ ਤਾਲਿਬਾਨ ਸੱਤਾ ਵਿੱਚ ਆਵੇਗਾ ਅਤੇ ਫਿਰ ਸਥਿਤੀ ਹੱਥੋਂ ਨਿੱਕਲ ਜਾਵੇਗੀ।" ਤਾਲਿਬਾਨ ਮਤਲਬ ਪਾਕਿਸਤਾਨ ਜੋ ਸਾਡੇ ਦੇਸ਼ ਨੂੰ ਚਲਾਏਗਾ ਅਤੇ ਇਸ ਨਾਲ ਸਿਰਫ ਅੱਤਵਾਦ ਵਧੇਗਾ।"
ਉਨ੍ਹਾਂ ਨੇ ਬੀਬੀਸੀ ਨੂੰ ਵਟਸਐਪ 'ਤੇ ਦਿੱਤੇ ਜਵਾਬ ਵਿੱਚ ਕਿਹਾ ਕਿ ਦੁਨੀਆ ਨੂੰ ਪਾਕਿਸਤਾਨ 'ਤੇ ਦਬਾਅ ਪਾਉਣਾ ਚਾਹੀਦਾ ਹੈ ਅਤੇ ਪਾਬੰਦੀਆਂ ਲਗਾਉਣੀਆਂ ਚਾਹੀਦੀਆਂ ਹਨ ਅਤੇ ਅਜਿਹੀ ਕਾਰਵਾਈ ਤੁਰੰਤ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਮੈਨੂੰ ਡਰ ਹੈ ਕਿ ਤਾਲਿਬਾਨ ਸੱਤਾ ਵਿੱਚ ਦੁਬਾਰਾ ਕਾਬਿਜ ਹੋ ਜਾਣਗੇ। ਉਨ੍ਹਾਂ ਨੂੰ ਇਹ ਸਮਝਣਾ ਪਏਗਾ ਕਿ ਇਹ ਸਿਰਫ ਅਫ਼ਗਾਨਿਸਤਾਨ ਬਾਰੇ ਹੀ ਨਹੀਂ ਹੈ ਬਲਕਿ ਪੂਰੇ ਵਿਸ਼ਵ ਦੀ ਸੁਰੱਖਿਆ ਲਈ ਜ਼ਰੂਰੀ ਹੈ। ਉਹ ਅੱਤਵਾਦੀ ਹਨ।
ਅਨਿਸ਼ਚਿਤਤਾ ਦਾ ਮਾਹੌਲ
ਅਫ਼ਗਾਨਿਸਤਾਨ ਵਿੱਚ ਮੌਜੂਦ ਪੱਤਰਕਾਰ ਫਾਤਿਮਾ ਹੋਸੈਨੀ ਵੀ ਅਨਿਸ਼ਚਿਤਤਾ ਦੇ ਇਸ ਮਾਹੌਲ ਤੋਂ ਘਬਰਾ ਹੋਏ ਹਨ।
ਬੀਬੀਸੀ ਨੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਫ਼ੋਨ ਜਾਂ ਤਾਂ ਬੰਦ (ਸਵਿੱਚਡ ਆਫ਼) ਜਾਂ ਨੈੱਟਵਰਕ ਖੇਤਰ ਤੋਂ ਬਾਹਰ ਹੋਣ ਦਾ ਸੰਦੇਸ਼ ਦੇ ਰਿਹਾ ਸੀ। ਫਾਤਿਮਾ ਹੋਸੈਨੀ ਨੇ ਐਨਵਨ ਸੀਐਨਐਨ ਨਿਊਜ਼ ਪ੍ਰੋਡਿਊਸਰ ਅਤੇ ਐਂਕਰ ਈਕਾ ਫੇਰੈਰ ਗੋਟਿਕ ਨਾਲ ਗੱਲਬਾਤ ਵਿੱਚ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੁਨੀਆ ਸਾਡੇ ਲਈ ਆਪਣੇ ਦਰਵਾਜ਼ੇ ਬੰਦ ਨਹੀਂ ਕਰੇਗੀ।

ਤਸਵੀਰ ਸਰੋਤ, WAKIL KOHSAR/GETTY
ਉਨ੍ਹਾਂ ਨੇ ਇੰਟਰਵਿਊ ਵਿੱਚ ਕਿਹਾ, "ਇਹ ਬਹੁਤ ਹੀ ਮਾੜੀ ਸਥਿਤੀ ਹੈ। ਸਾਡੇ ਵਿਦਵਾਨਾਂ (ਸਕਾਲਰ), ਮਹਿਲਾਵਾਂ ਦੀ ਜ਼ਿੰਦਗੀ ਅਨਿਸ਼ਚਿਤਤਾ ਨਾਲ ਭਰੀ ਹੋਈ ਹੈ ਅਤੇ ਸਾਨੂੰ ਨਹੀਂ ਪਤਾ ਕਿ ਅੱਗੇ ਕੀ ਹੋਵੇਗਾ। ਇੱਕ ਪੱਤਰਕਾਰ ਹੋਣ ਦੇ ਨਾਤੇ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕਿਰਪਾ ਕਰਕੇ ਅਫ਼ਗ਼ਾਨਿਸਤਾਨ ਨੂੰ ਨਾ ਭੁੱਲੋ, ਸਾਡਾ ਇਤਿਹਾਸ ਹੈ ਜੋ ਅਸੀਂ ਹੁਣ ਤੱਕ ਕੀਤਾ ਹੈ ਅਤੇ ਸਾਡੀਆਂ ਬਹਾਦਰ ਔਰਤਾਂ ਅਤੇ ਉਨ੍ਹਾਂ ਦੀ ਆਵਾਜ਼ ਨੂੰ ਨਾ ਭੁੱਲੋ।
ਪੂਰੀ ਤਰ੍ਹਾਂ ਨਿਰਾਸ਼
ਬਹੁਤ ਸਾਰੇ ਲੋਕ 60-70 ਦੇ ਦਹਾਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੇ ਹਨ, ਜਿੱਥੇ ਉਨ੍ਹਾਂ ਸਮੇਂ ਦੀਆਂ ਔਰਤਾਂ ਅਤੇ ਤਾਲਿਬਾਨ ਦੇ ਸ਼ਾਸਨ ਦੌਰਾਨ ਔਰਤਾਂ ਦੀ ਤੁਲਨਾ ਕੀਤੀ ਜਾ ਰਹੀ ਹੈ।
ਸੁਤੰਤਰ ਫਿਲਮ ਨਿਰਮਾਤਾ ਸਹਰਾ ਕਰੀਮੀ ਨੇ ਸਿਨੇਮਾ ਅਤੇ ਫ਼ਿਲਮਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਅਤੇ ਫਿਲਮ ਕਮਿਊਨਿਟੀ ਨੂੰ ਚਿੱਠੀ ਲਿਖ ਕੇ ਮਦਦ ਦੀ ਗੁਹਾਰ ਲਗਾਈ ਹੈ।
ਉਨ੍ਹਾਂ ਨੇ ਲਿਖਿਆ ਹੈ ਕਿ "ਦੁਨੀਆ ਸਾਨੂੰ ਪਿੱਠ ਨਾ ਦਿਖਾਵੇ, ਅਫ਼ਗਾਨਿਸਤਾਨ ਦੀਆਂ ਔਰਤਾਂ, ਬੱਚਿਆਂ, ਕਲਾਕਾਰਾਂ ਅਤੇ ਫ਼ਿਲਮ ਨਿਰਮਾਤਾਵਾਂ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ।"

ਤਸਵੀਰ ਸਰੋਤ, LAURENCE BRUN /GAMMA-RAPHO VIA GETTY IMAGES
ਜ਼ਾਰਮੀਨਾ ਕਾਕਰ ਕਹਿੰਦੇ ਹਨ, "ਅਸੀਂ ਅਫ਼ਗਾਨਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਾਂ। ਅਸੀਂ ਤਾਲਿਬਾਨ ਦੇ ਵਿਚਾਰਾਂ ਦੇ ਵਿਰੁੱਧ ਹਾਂ ਅਤੇ ਅਸੀਂ ਤਾਲਿਬਾਨ ਦੇ ਵਿਰੋਧ ਵਿੱਚ ਨਾਅਰੇ ਵੀ ਲਗਾਏ ਹਨ।
ਉਨ੍ਹਾਂ ਦੇ ਅਨੁਸਾਰ, "ਪਿਛਲੇ 20 ਸਾਲਾਂ ਵਿੱਚ ਅਫ਼ਗ਼ਾਨ ਮਹਿਲਾਵਾਂ ਨੇ ਦੇਸ਼ ਵਿੱਚ ਲੋਕਤੰਤਰ ਦੀ ਬਹਾਲੀ ਲਈ ਬਹੁਤ ਯਤਨ ਕੀਤੇ ਹਨ। ਪਰ ਅੱਜ ਤਾਲਿਬਾਨ ਦੀ ਵਾਪਸੀ ਨਾਲ ਅਜਿਹਾ ਲੱਗਦਾ ਹੈ ਕਿ ਜੋ ਅਸੀਂ ਇੰਨੇ ਸਾਲਾਂ ਵਿੱਚ ਪ੍ਰਾਪਤ ਕੀਤਾ ਸੀ, ਉਹ ਬਰਬਾਦ ਹੋ ਗਿਆ ਹੈ ਕਿਉਂਕਿ ਤਾਲਿਬਾਨ ਮਹਿਲਾਵਾਂ ਦੇ ਅਧਿਕਾਰਾਂ ਅਤੇ ਮਹਿਲਾਵਾਂ ਦੀ ਨਿੱਜੀ ਆਜ਼ਾਦੀ ਨੂੰ ਲੈ ਕੇ ਵਚਨਬੱਧ ਨਹੀਂ ਹੈ।"
ਅਫ਼ਗਾਨਿਸਤਾਨ ਵਿੱਚ ਮਹਿਲਾਵਾਂ, ਖਾਸ ਕਰਕੇ ਮਨੁੱਖੀ ਅਧਿਕਾਰ ਕਾਰਕੁੰਨ ਅਤੇ ਪੱਤਰਕਾਰ, ਪਲ-ਪਲ ਵਿੱਚ ਮੌਤ ਦੇਖ ਰਹੀਆਂ ਹਨ ਅਤੇ ਹੁਣ ਉਹ ਪੂਰੀ ਤਰ੍ਹਾਂ ਨਿਰਾਸ਼ ਮਹਿਸੂਸ ਕਰ ਰਹੀਆਂ ਹਨ।
ਉਨ੍ਹਾਂ ਦਾ ਕਹਿਣਾ ਹੈ "ਲੋਕ ਜੰਗ ਤੋਂ ਥੱਕ ਗਏ ਹਨ, ਉਹ ਸ਼ਾਂਤੀ ਚਾਹੁੰਦੇ ਹਨ। ਅਸੀਂ ਆਪਣੇ ਸੈਨਿਕਾਂ ਦੀਆਂ ਲਾਸ਼ਾਂ ਅਤੇ ਇਸ ਭਿਆਨਕ ਦ੍ਰਿਸ਼ ਤੋਂ ਥੱਕ ਚੁੱਕੇ ਹਾਂ। ਸਾਡੀ ਸਾਰਿਆਂ ਦੀ ਜ਼ਿੰਦਗੀ ਖਤਰੇ ਵਿੱਚ ਹੈ।"
ਇਹ ਵੀ ਪੜ੍ਹੋ:-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













