ਅਫ਼ਗਾਨਿਸਤਾਨ ਵਿਚ ਤਾਲਿਬਾਨ ਦਾ ਜਾਸੂਸੀ ਨੈੱਟਵਰਕ ਕਿਵੇਂ ਕੰਮ ਕਰਦਾ ਹੈ - ਗਰਾਊਂਡ ਰਿਪੋਰਟ
- ਲੇਖਕ, ਖ਼ੁਦਾ-ਏ-ਨੂਰ ਨਾਸਿਰ
- ਰੋਲ, ਬੀਬੀਸੀ, ਇਸਲਾਮਾਬਾਦ
ਦੋ ਦਹਾਕੇ ਬਾਅਦ ਤਾਲਿਬਾਨ ਅਫ਼ਗਾਨ ਦੀ ਸੱਤਾ ਉੱਤੇ ਮੁੜ ਕਾਬਜ਼ ਹੋ ਰਿਹਾ ਹੈ। ਬੀਤੇ ਐਤਵਾਰ ਨੂੰ ਤਾਲਿਬਾਨ ਨੇ ਕਾਬੁਲ ਵਿਚ ਰਾਸ਼ਟਰਪਤੀ ਭਵਨ ਉੱਤੇ ਕਬਜ਼ਾ ਕਰ ਲਿਆ ਅਤੇ ਰਾਸ਼ਟਰਪਤੀ ਅਸ਼ਰਫ਼ ਗਨੀ ਇਸ ਤੋਂ ਪਹਿਲਾਂ ਹੀ ਮੁਲਕ ਛੱਡ ਗਏ ਸਨ।
2001 ਵਿਚ ਤਾਲਿਬਾਨ ਨੂੰ ਅਮਰੀਕਾ ਨੇ ਆਪਣੇ ਮੁਲਕ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮੁਲਜ਼ਮਾਂ ਨੂੰ ਪਨਾਹ ਦੇਣ ਦੇ ਇਲਜ਼ਾਮ ਵਿਚ ਸੱਤਾ ਤੋਂ ਬਾਹਰ ਕਰ ਦਿੱਤਾ ਸੀ।
ਅਮਰੀਕਾ ਦੀ ਅਗਵਾਈ ਵਿਚ ਨਾਟੋ ਗਠਜੋੜ ਦੀਆਂ ਫੌਜਾਂ ਨੇ ਹਵਾਈ ਹਮਲੇ ਕੀਤੇ ਅਤੇ ਤਾਲਿਬਾਨ ਨੂੰ ਖਦੇੜ ਦਿੱਤਾ। ਚੋਣਾਂ ਤੋਂ ਬਾਅਦ ਸਰਕਾਰ ਹੋਂਦ ਵਿਚ ਆ ਗਈ।
ਪਰ ਤਾਲਿਬਾਨ ਨੇ ਹਾਰ ਨਹੀਂ ਮੰਨੀ ਅਤੇ ਵਿਦੇਸ਼ੀ ਫੌਜਾਂ ਨਾਲ ਦੋ ਦਹਾਕੇ ਲੜਦਾ ਰਿਹਾ , ਹੁਣ ਇਨ੍ਹਾਂ ਫੌਜਾਂ ਦੇ ਮੁਲਕ ਛੱਡਦਿਆਂ ਹੀ ਤਾਲਿਬਾਨ ਮੁੜ ਸੱਤਾ ਉੱਤੇ ਕਾਬਜ਼ ਹੋ ਗਿਆ ਹੈ।
ਤਾਲਿਬਾਨ ਵਲੋਂ ਅਫਗਾਨ ਦੇ ਇੱਕ ਤੋਂ ਬਾਅਦ ਇੱਕ ਸੂਬੇ ਉੱਤੇ ਕਾਬਜ਼ ਹੋ ਦੌਰਾਨ ਬੀਬੀਸੀ ਨੇ ਕੁਝ ਦਿਨ ਪਹਿਲਾਂ ਇਹ ਰਿਪੋਰਟ ਤਿਆਰ ਕੀਤੀ ਸੀ ਅਤੇ ਤਾਲਿਬਾਨੀ ਤੰਤਰ ਬਾਰੇ ਜਾਣਿਆ ਸੀ।
ਇਹ ਵੀ ਪੜ੍ਹੋ :
ਕੰਧਾਰ ਤੋਂ ਕਾਬੁਲ ਵੱਲ ਜਾਂਦਾ ਸ਼ਾਹ ਮਾਰਗ
ਕੰਧਾਰ ਸ਼ਹਿਰ ਤੋਂ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੱਕ ਜਾਣ ਵਾਲੀ ਸੜਕ ਦੇ ਆਲੇ-ਦੁਆਲੇ ਦਾ ਜ਼ਿਆਦਾਤਰ ਇਲਾਕਾ ਹੁਣ ਤਾਲਿਬਾਨ ਦੇ ਕਬਜ਼ੇ ਹੇਠ ਹੈ।
ਕੰਧਾਰ ਦੇ ਰਹਿਣ ਵਾਲੇ ਇੱਕ ਵਿਅਕਤੀ ਦਾਊਦ (ਬਦਲਿਆ ਹੋਇਆ ਨਾਮ) ਨੇ ਹਾਲ ਹੀ 'ਚ ਕੰਧਾਰ ਤੋਂ ਕਾਬੁਲ ਤੱਕ ਸੜਕ ਮਾਰਗ ਰਾਹੀਂ ਸਫ਼ਰ ਕੀਤਾ ਅਤੇ ਬੀਬੀਸੀ ਉਰਦੂ ਨੂੰ ਆਪਣੀ ਯਾਤਰਾ ਦਾ ਅੱਖੀਂ ਡਿੱਠਾ ਹਾਲ ਦੱਸਿਆ।
ਕੰਧਾਰ ਸ਼ਹਿਰ ਤੋਂ ਨਿਕਲਦੇ ਹੀ ਤਾਲਿਬਾਨ ਦੇ ਚਿੱਟੇ ਝੰਡੇ ਦਿਖਣੇ ਸ਼ੁਰੂ ਹੋ ਜਾਂਦੇ ਹਨ। ਥਾਂ-ਥਾਂ ਸੜਕ ਦੇ ਦੋਵੇਂ ਪਾਸੇ ਤਾਲਿਬਾਨ ਦੇ ਲੋਕ ਖੜ੍ਹੇ ਨਜ਼ਰ ਆਉਂਦੇ ਹਨ।
ਕਈ ਥਾਵਾਂ ਉੱਤੇ ਅਫ਼ਗਾਨ ਫੌਜ ਨਾਲ ਜੰਗ ਤੋਂ ਬਾਅਦ ਜ਼ਬਤ ਕੀਤੀਆਂ ਗਈਆਂ ਗੱਡੀਆਂ ਵੀ ਦਿਖਾਈ ਦਿੰਦੀਆਂ ਹਨ, ਜਿਨ੍ਹਾਂ ਉੱਤੇ ਤਿੰਨ ਰੰਗਾਂ ਵਾਲੇ ਅਫ਼ਗਾਨ ਝੰਡੇ ਦੀ ਥਾਂ ਚਿੱਟਾ ਝੰਡਾ ਲਹਿਰਾ ਰਿਹਾ ਹੈ।
ਕੰਧਾਰ ਸ਼ਹਿਰ ਤੋਂ ਜ਼ਾਬੁਲ ਸੂਬੇ ਦੀ ਰਾਜਧਾਨੀ ਕਲਾਤ ਸ਼ਹਿਰ ਤੱਕ, ਸੜਕ ਦੇ ਆਲੇ-ਦੁਆਲੇ ਦੇ ਸਾਰੇ ਇਲਾਕੇ ਤਾਲਿਬਾਨ ਦੇ ਕੰਟਰੋਲ ਵਿੱਚ ਦਿਖਾਈ ਦਿੱਤੇ ਅਤੇ ਕੰਧਾਰ ਸ਼ਹਿਰ ਤੋਂ ਨਿਕਲਣ ਤੋਂ ਬਾਅਦ ਪਹਿਲੀ ਵਾਰ, ਕਲਾਤ ਸ਼ਹਿਰ ਅੰਦਰ ਅਫ਼ਗਾਨ ਫੌਜ ਨਜ਼ਰ ਆਈ।
ਕਲਾਤ ਤੋਂ ਬਾਅਦ ਕਾਬੁਲ ਤੱਕ, ਪੂਰੇ ਰਾਹ ਵਿੱਚ ਵੀ ਅਫ਼ਗਾਨ ਸਰਕਾਰ ਦਾ ਅਧਿਕਾਰ ਸਿਰਫ਼ ਸ਼ਹਿਰਾਂ ਵਿੱਚ ਹੀ ਸੀ ਜਦਕਿ ਸ਼ਹਿਰਾਂ ਦੇ ਬਾਹਰੀ ਇਲਾਕਿਆਂ ਤੋਂ ਲੈ ਕੇ ਦੁਰ-ਦੁਰਾਡੇ ਦੇ ਪਿੰਡਾਂ ਤੱਕ ਸਾਰੇ ਖ਼ੇਤਰਾਂ ਵਿੱਚ ਤਾਲਿਬਾਨ ਦਾ ਅਧਿਕਾਰ ਨਜ਼ਰ ਆਇਆ।
ਰਾਹ ਵਿੱਚ, ਤਾਲਿਬਾਨ ਲੜਾਕਿਆਂ ਨੇ ਉਨ੍ਹਾਂ ਸਾਰੀਆਂ ਚੌਂਕੀਆਂ 'ਤੇ ਆਪਣੇ ਝੰਡੇ ਲਗਾਏ ਹੋਏ ਸਨ, ਜਿੱਥੇ ਇਸ ਤੋਂ ਪਹਿਲਾਂ ਅਫ਼ਗਾਨ ਫੌਜ ਦੇ ਚੈੱਕ ਪੋਸਟ ਅਤੇ ਕਿਲ੍ਹੇ ਹੁੰਦੇ ਸਨ।
ਤਾਲਿਬਾਨ ਰਾਹ ਵਿੱਚ ਹਰ ਗੱਡੀ ਨੂੰ ਨਹੀਂ ਰੋਕਦੇ ਅਤੇ ਨਾ ਹੀ ਸਾਰੀਆਂ ਗੱਡੀਆਂ ਦੀ ਤਲਾਸ਼ੀ ਲੈਂਦੇ ਹਨ।
ਪਰ ਜਿਨ੍ਹਾਂ ਬਾਰੇ ਤਾਲਿਬਾਨ ਦੇ ਜਾਸੂਸੀ ਨੈੱਟਵਰਕ ਨੇ ਉਨ੍ਹਾਂ ਨੂੰ ਪਹਿਲਾਂ ਤੋਂ ਸੂਚਿਤ ਕੀਤਾ ਹੋਵੇ, ਉਸ ਗੱਡੀ ਨੂੰ ਰੋਕ ਕੇ ਉਸ 'ਚ ਮੌਜੂਦ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ।
ਤਾਲਿਬਾਨ ਦਾ ਜਾਸੂਸੀ ਨੈੱਟਵਰਕ
ਦਾਊਦ ਸਣੇ ਉਸ ਰਾਹ 'ਤੇ ਸਫ਼ਰ ਕਰਨ ਵਾਲੇ ਦੋ ਹੋਰ ਲੋਕਾਂ ਮੁਤਾਬਕ, ਤਾਲਿਬਾਨ ਦੇ ਜਾਸੂਸ ਕੰਧਾਰ ਅਤੇ ਕਾਬੁਲ ਦੇ ਠਿਕਾਣਿਆਂ ਸਣੇ ਰਾਹ 'ਚ ਸਾਰੇ ਬੱਸ ਸਟੌਪ ਅਤੇ ਅਹਿਮ ਥਾਵਾਂ ਉੱਤੇ ਦੇਖ ਜਾਂਦੇ ਹਨ, ਜੋ ਇਸ ਰਾਹ ਉੱਤੇ ਆਉਣ-ਜਾਣ ਵਾਲੇ ਲੋਕਾਂ 'ਤੇ ਨਿਗਾਹ ਰੱਖਦੇ ਹਨ।

ਤਸਵੀਰ ਸਰੋਤ, Getty Images
ਜਿੱਥੇ ਵੀ ਉਹ ਕਿਸੇ ਅਜਿਹੇ ਵਿਅਕਤੀ ਨੂੰ ਦੇਖਦੇ ਹਨ, ਜਿਸ 'ਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਸ਼ੱਕ ਹੁੰਦਾ ਹੈ, ਉਹ ਉਸਦਾ ਪਿੱਛੇ ਕਰਦੇ ਹਨ ।
ਉਹ ਵਿਅਕਤੀ ਜਿਸ ਗੱਡੀ ਵਿੱਚ ਸਫ਼ਰ ਕਰਦਾ ਹੈ, ਜਾਸੂਸ ਉਸ ਗੱਡੀ ਦਾ ਨੰਬਰ ਅਤੇ ਸ਼ੱਕੀ ਵਿਅਕਤੀ ਦੇ ਹੁਲੀਏ ਦੀ ਜਾਣਕਾਰੀ ਫ਼ੋਨ ਰਾਹੀਂ ਰਾਹ ਵਿੱਚ ਮੌਜੂਦ ਆਪਣੇ ਸਾਥੀਆਂ ਨੂੰ ਦੇ ਦਿੰਦੇ ਹਨ।
ਦਾਊਦ ਨੇ ਬੀਬੀਸੀ ਨੂੰ ਦੱਸਿਆ ਕਿ ਯਾਤਰਾ ਦੌਰਾਨ ਕਈ ਵਾਰ ਅਜਿਹਾ ਹੋਇਆ ਕਿ ਤਾਲਿਬਾਨ ਜਿਹੜੇ ਲੋਕਾਂ ਨੂੰ ਪੁੱਛਗਿਛ ਲਈ ਹੇਠਾਂ ਲਾਹੁੰਦੇ ਸਨ।
ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਸਰਕਾਰੀ ਕਮਰਚਾਰੀਆਂ, ਅਫ਼ਗਾਨ ਫੌਜ ਜਾਂ ਪੁਲਿਸ ਵਿਭਾਗ ਨਾਲ ਤਾਲੁਕ ਰੱਖਣ ਵਾਲੇ, ਜਾਂ ਉਹ ਲੋਕ ਹੁੰਦੇ ਸਨ, ਜਿਨ੍ਹਾਂ 'ਤੇ ਤਾਲਿਬਾਨ ਵਿਰੋਧੀ ਹੋਣ ਦਾ ਸ਼ੱਕ ਹੋਵੇ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸਮਾਰਟਫੋਨ ਤੋਂ ਬਿਨਾਂ ਸਫ਼ਰ
ਕੰਧਾਰ ਤੋਂ ਕਾਬੁਲ ਜਾਂ ਕਾਬੁਲ ਤੋਂ ਕੰਧਾਰ ਤੱਕ ਸਫ਼ਰ ਕਰਨ ਲਈ ਇਸ ਰਾਹ 'ਤੇ ਜਾਣ ਵਾਲੇ ਜ਼ਿਆਦਾਤਰ ਲੋਕ ਆਪਣੇ ਨਾਲ ਕੋਈ ਸਮਾਰਟਫੋਨ ਨਹੀਂ ਲੈ ਕੇ ਜਾਂਦੇ ਹਨ।
ਦਾਊਦ ਨੇ ਵੀ ਆਪਣੇ ਸਮਾਰਟਫੋਨ ਨੂੰ ਗੱਡੀ ਵਿੱਚ ਆਪਣੇ ਸਮਾਨ 'ਚ ਲੁਕੋ ਕੇ ਰੱਖਿਆ ਅਤੇ ਇੱਕ ਸਾਧਾਰਨ ਫੋਨ ਸੈੱਟ ਦੇ ਨਾਲ ਸਫ਼ਰ ਸ਼ੁਰੂ ਕੀਤਾ।
ਦਾਊਦ ਦਾ ਕਹਿਣਾ ਹੈ ਕਿ ਇਸ ਰਾਹ 'ਤੇ ਲੋਕ ਆਪਣੇ ਨਾਲ ਸਮਾਰਟਫੋਨ ਇਸ ਲਈ ਨਹੀਂ ਲੈ ਕੇ ਜਾਂਦੇ ਕਿਉਂਕਿ ਜੇ ਤਾਲਿਬਾਨ ਨੇ ਫੜ੍ਹ ਲਿਆ ਤਾਂ ਉਹ ਫੋਨ ਦਾ ਸਾਰਾ ਡਾਟਾ ਚੈੱਕ ਕਰਦੇ ਹਨ ਅਤੇ ਫੋਨ ਦੀਆਂ ਤਸਵੀਰਾਂ 'ਤੇ ਵੀ ਪੁੱਛਗਿੱਛ ਕਰਦੇ ਹਨ।

ਤਸਵੀਰ ਸਰੋਤ, Getty Images
ਦਾਊਦ ਆਪਣੇ ਇੱਕ ਹੋਰ ਦੋਸਤ ਦਾ ਹਵਾਲਾ ਦਿੰਦੇ ਹੋਏ ਦੱਸਦੇ ਹਨ ਕਿ ਤਾਲਿਬਾਨ ਨੇ ਉਨ੍ਹਾਂ ਦੇ ਇੱਕ ਦੋਸਤ ਦੇ ਮੋਬਾਈਲ ਫੋਨ 'ਚ ਇੱਕ ਔਰਤ ਦੀ ਤਸਵੀਰ ਦੇਖੀ, ਤਾਂ ਉਨ੍ਹਾਂ ਦੇ ਦੋਸਤ ਨੂੰ ਪੁੱਛਿਆ ਕਿ ਇਹ ਔਰਤ ਕੌਣ ਹੈ?
ਉਸ ਵਿਅਕਤੀ ਨੇ ਜਵਾਬ ਦਿੱਤਾ ਕਿ ਇਹ ਉਨ੍ਹਾਂ ਦੀ ਪਤਨੀ ਹੈ ਤਾਂ ਤਾਲਿਬਾਨ ਨੇ ਨਾ ਸਿਰਫ਼ ਉਸ ਵਿਅਕਤੀ ਨੂੰ ਥੱਪੜ ਮਾਰਿਆ, ਸਗੋਂ ਉਸ ਦਾ ਮੋਬਾਈਲ ਫੋਨ ਵੀ ਇਹ ਕਹਿੰਦੇ ਹੋਏ ਤੋੜ ਦਿੱਤਾ, ਕਿ ''ਔਰਤਾਂ ਦੀ ਤਸਵੀਰਾਂ ਲੈਣ ਨਾਲ ਅਸ਼ਲੀਲਤਾ ਅਤੇ ਨੰਗੇਜ਼ ਫ਼ੈਲਦਾ ਹੈ।''
ਦਾਊਦ ਨੇ ਦੱਸਿਆ ਕਿ ਜੇ ਕਿਸੇ ਮੁਸਾਫ਼ਰ ਦੇ ਫੋਨ 'ਚ ਕਿਸੇ ਅਫ਼ਗਾਨ ਫੌਜ ਜਾਂ ਅਫ਼ਗਾਨ ਪੁਲਿਸ ਅਧਿਕਾਰੀ ਦੀ ਤਸਵੀਰ ਮਿਲਦੀ ਹੈ, ਤਾਂ ਉਸ ਨੂੰ ਹੇਠਾਂ ਲਾਹ ਲਿਆ ਜਾਂਦਾ ਹੈ ਅਤੇ ਉਸ ਤਸਵੀਰ ਬਾਰੇ ਉਸ ਤੋਂ ਪੂਰੀ ਜਾਣਕਾਰੀ ਲਈ ਜਾਂਦੀ ਹੈ।
ਤਾਲਿਬਾਨ ਅਜਿਹੇ ਲੋਕਾਂ 'ਤੇ ਅਫ਼ਗਾਨ ਫੌਜ ਜਾਂ ਪੁਲਿਸ ਕਰਨੀ ਹੋਣ ਦਾ ਸ਼ੱਕ ਕਰਦੇ ਹਨ ਅਤੇ ਜੇ ਅਜਿਹਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਉੱਥੋਂ ਹੀ ਅਗਵਾ ਕਰ ਲੈਂਦੇ ਹਨ।
ਦਾਊਦ ਨੇ ਬੀਬੀਸੀ ਨੂੰ ਤਾਲਿਬਾਨ ਦੇ ਪੁੱਛਗਿੱਛ ਕਰਨ ਦੇ ਅੰਦਾਜ਼ ਅਤੇ ਅਨੋਖੇ ਤਰੀਕੇ ਬਾਰੇ ਵੀ ਜਾਣਕਾਰੀ ਦਿੱਤੀ।
ਆਪਣੇ ਇੱਕ ਜਾਣਕਾਰ ਬਾਰੇ ਉਹ ਦੱਸਦੇ ਹਨ ਕਿ ਉਨ੍ਹਾਂ ਦੇ ਮੋਬਾਈਲ ਫ਼ੋਨ 'ਚ ਕੁਝ ਅਫ਼ਗਾਨ ਅਧਿਕਾਰੀਆਂ ਦੀਆਂ ਤਸਵੀਰਾਂ ਮਿਲੀਆਂ ਸਨ, ਜਿਸ ਤੋਂ ਬਾਅਦ ਤਾਲਿਬਾਨ ਨੇ ਉਨ੍ਹਾਂ ਨੂੰ ਲਾਹ ਲਿਆ ਅਤੇ ਉਨ੍ਹਾਂ ਕੋਲ ਹੀ ਇੱਕ ਚੌਂਕੀ 'ਤੇ ਲੈ ਗਏ।
ਬੀਬੀਸੀ ਨਾਲ ਸਾਂਝੀ ਕੀਤੀ ਇਸ ਘਟਨਾ 'ਚ ਉਨ੍ਹਾਂ ਨੇ ਦੱਸਿਆ ਕਿ ਤਾਲਿਬਾਨ ਨੇ ਉਸ ਵਿਅਕਤੀ ਦੇ ਮੋਬਾਈਲ ਫੋਨ 'ਚ ਡਾਇਲ ਲਿਸਟ ਵਿੱਚ ਮੌਜੂਦ ਇੱਕ ਨੰਬਰ 'ਤੇ ਫੋਨ ਕੀਤਾ।
ਕਾਲ ਰਿਸੀਵ ਹੋਣ 'ਤੇ ਤਾਲਿਬਾਨ ਨੇ ਖ਼ੁਦ ਨੂੰ ਇੱਕ ਅਫ਼ਗਾਨ ਪੁਲਿਸ ਅਧਿਕਾਰੀ ਦੱਸਿਆ ਅਤੇ ਕਿਹਾ ਕਿ ਉਹ ਜਿਸ ਵਿਅਕਤੀ ਦੇ ਫੋਨ ਤੋਂ ਕਾਲ ਕਰ ਰਹੇ ਹਨ, ਉਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਹੈ, ਇਸ ਲਈ ਉਨ੍ਹਾਂ ਨੂੰ ਇਨ੍ਹਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।
ਜਵਾਬ 'ਚ ਫੋਨ ਕਰਨ ਵਾਲੇ ਨੇ ਜੋ ਜਾਣਕਾਰੀ ਦਿੱਤੀ ਉਸ ਤੋਂ ਸਾਬਿਤ ਹੋਇਆ ਕਿ ਤਾਲਿਬਾਨ ਨੇ ਜਿਸ ਵਿਅਕਤੀ ਨੂੰ ਫੜ੍ਹਿਆ ਹੈ ਉਸ ਦਾ ਪੁਲਿਸ ਜਾਂ ਫੌਜ ਨਾਲ ਕੋਈ ਤਾਲੁਕ ਨਹੀਂ ਸੀ। ਹਾਲਾਂਕਿ, ਤਾਲਿਬਾਨ ਨੇ ਉਸ ਨੂੰ ਰਿਹਾ ਕਰਨ ਤੋਂ ਪਹਿਲਾਂ ਉਸ ਦਾ ਫੋਨ ਪੂਰੀ ਤਰ੍ਹਾਂ ਤੋੜ ਦਿੱਤਾ।
ਵਿਸ਼ੇਸ਼ ਕੰਪਨੀ ਦਾ ਸਿਮ ਕਾਰਡ ਮਿਲਣ 'ਤੇ 'ਚਬਾ ਕੇ ਖਾਣਾ ਪਵੇਗਾ'
ਦਾਊਦ ਨੇ ਬੀਬੀਸੀ ਨੂੰ ਦੱਸਿਆ ਕਿ ਕਾਬੁਲ ਅਤੇ ਕੰਧਾਰ ਵਿਚਾਲੇ ਇਸ ਰਾਹ 'ਤੇ ਸਫ਼ਰ ਕਰਦੇ ਹੋਏ ਬਹੁਤ ਸਾਰੇ ਲੋਕ ਸਮਾਰਟਫੋਨ ਨਾ ਲੈ ਕੇ ਜਾਣ ਦੇ ਨਾਲ-ਨਾਲ ਇੱਕ ਅਫ਼ਗਾਨ ਟੈਲੀਕੌਮ ਕੰਪਨੀ ਦਾ ਸਿਮ ਕਾਰਡ ਵੀ ਨਾਲ ਨਹੀਂ ਲੈ ਕੇ ਜਾਂਦੇ।

ਤਸਵੀਰ ਸਰੋਤ, Getty Images
ਕਿਉਂਕ ਕਿਸੇ ਵੀ ਵਿਅਕਤੀ ਕੋਲ ਜਦੋਂ ਇਹ ਵਿਸ਼ੇਸ਼ ਸਿਮ ਕਾਰਡ ਮਿਲਦਾ ਹੈ, ਤਾਂ ਤਾਲਿਬਾਨ ਉਨ੍ਹਾਂ ਨੂੰ ਜ਼ਬਰਦਸਤੀ ਉਸ ਸਿਮ ਕਾਰਡ ਨੂੰ ਚਬਾ ਕੇ ਖਾਣ 'ਤੇ ਮਜਬੂਰ ਕਰ ਦਿੰਦੇ ਹਨ। ਅਫ਼ਗਾਨਿਸਤਾਨ ਦੀ ਸਰਕਾਰ ਟੈਲੀਕੌਮ ਕੰਪਨੀ 'ਸਲਾਮ' ਲੰਬੇ ਸਮੇਂ ਤੋਂ ਤਾਲਿਬਾਨ ਦੀ ਹਿੱਟ ਲਿਸਟ 'ਚ ਹੈ।
ਅਤੀਤ ਵਿੱਚ ਤਾਲਿਬਾਨ ਨੇ ਦੇਸ਼ ਦੇ ਕਈ ਸੂਬਿਆਂ 'ਚ ਕੰਮ ਕਰਨ ਵਾਲੀ ਮੋਬਾਈਲ ਕੰਪਨੀਆਂ ਨੂੰ ਰਾਤ ਨੂੰ ਸਿਗਨਲ ਬੰਦ ਕਰਨ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਵਿੱਚੋਂ ਕਈ ਕੰਪਨੀਆਂ ਨੇ ਇਸ ਮੰਗ ਨੂੰ ਸਵੀਕਾਰ ਕਰ ਲਿਆ ਸੀ।
ਪਰ ਕਿਉਂਕਿ ਸਲਾਮ ਟੈਲੀਕੌਮ ਇੱਕ ਸਰਕਾਰੀ ਕੰਪਨੀ ਸੀ, ਇਸ ਲ਼ਈ ਉਨ੍ਹਾਂ ਨੇ ਕਦੇ ਵੀ ਤਾਲਿਬਾਨ ਦੀ ਗੱਲ ਨਹੀਂ ਮੰਨੀ ਅਤੇ ਕਿਹਾ ਜਾਂਦਾ ਹੈ ਕਿ ਇਸੇ ਕਾਰਨ ਤਾਲਿਬਾਨ ਅੱਜ ਤੱਕ ਇਸ ਮੋਬਾਈਲ ਕੰਪਨੀ ਦੇ ਖ਼ਿਲਾਫ਼ ਹੈ।
ਤਾਲਿਬਾਨ ਕਈ ਇਲਾਕਿਆਂ 'ਚ ਰਾਤ ਨੂੰ ਮੋਬਾਈਲ ਸਿਗਨਲ ਬੰਦ ਕਰਨ ਦਾ ਦਬਾਅਦ ਇਸ ਲਈ ਪਾਉਂਦੇ ਸਨ, ਕਿਉਂਕਿ ਉਨ੍ਹਾਂ ਮੁਤਾਬਕ ਰਾਤ ਨੂੰ ਹੀ ਮੋਬਾਈਲ ਫੋਨ ਰਾਹੀਂ ਉਨ੍ਹਾਂ ਦੇ ਲੜਾਕਿਆਂ ਦੀ ਜਾਸੂਸੀ ਹੁੰਦੀ ਸੀ, ਜਿਸ ਤੋਂ ਬਾਅਦ ਅਫ਼ਗਾਨ ਫੌਜ ਉਨ੍ਹਾਂ ਦੇ ਠਿਕਾਣਿਆਂ 'ਤੇ ਹਵਾਈ ਜਾਂ ਜ਼ਮੀਨੀ ਹਮਲੇ ਕਰਦੀ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
















