ਪਾਕਿਸਤਾਨ ਤੋਂ ਮੁਹੰਮਦ ਹਨੀਫ਼ ਦਾ VLOG: 'ਇੰਝ ਜਾਪਦਾ ਹੈ ਕਿ ਪਾਰਟੀਸ਼ਨ ਅਜੇ ਵੀ ਮੁੱਕੀ ਨਹੀਂ ਹੈ ਬਲਕਿ ਪਾਰਟੀਸ਼ਨ ਅਜੇ ਸ਼ੁਰੂ ਹੋਈ ਹੈ'

    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ ਤੇ ਲੇਖਕ, ਪਾਕਿਸਤਾਨ

ਹਿੰਦੁਸਤਾਨ ਅਤੇ ਪਾਕਿਸਤਾਨ ਦਾ ਜਨਮ ਦਿਹਾੜਾ ਆ ਗਿਆ ਹੈ। 74 ਸਾਲ ਕੌਮਾਂ ਦੀ ਜ਼ਿੰਦਗੀ 'ਚ ਕੋਈ ਲੰਮਾ ਟਾਈਮ ਨਹੀਂ ਹੁੰਦਾ ਹੈ।

ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਅੱਜ ਇੱਕ ਬੇਬੀ ਦਾ ਹੈੱਪੀ ਬਰਥਡੇਅ ਹੈ ਅਤੇ ਕੱਲ੍ਹ ਦੂਜੇ ਦਾ।

ਜੰਮੇ ਤਾਂ ਇੱਕੋ ਦਿਨ ਸਨ, ਪਰ ਇਹ ਫ਼ੈਸਲਾ ਉਦੋਂ ਹੀ ਹੋ ਗਿਆ ਸੀ ਕਿ ਸਾਡਾ ਅੱਜ ਤੋਂ ਵੈਰ ਹੈ, ਨਾ ਸਾਡੀਆਂ ਖੁਸ਼ੀਆਂ ਸਾਂਝੀਆਂ ਅਤੇ ਨਾ ਹੀ ਸਾਡੇ ਗ਼ਮ।

ਪਰ ਹੈੱਪੀ ਬਰਥਡੇਅ ਤਾਂ ਸ਼ਗਨਾਂ ਵਾਲਾ ਵਕਤ ਹੁੰਦਾ ਹੈ, ਬੰਦੇ ਦਾ ਮੂੰਹ ਜਿਵੇਂ ਦਾ ਵੀ ਹੋਵੇ, ਗੱਲ ਉਸ ਨੂੰ ਕੋਈ ਚੰਗੀ ਹੀ ਸੋਚਣੀ ਚਾਹੀਦੀ ਹੈ।

ਇਹ ਵੀ ਪੜ੍ਹੋ-

ਮੈਨੂੰ ਇੱਕ ਗੱਲ 'ਤੇ ਹਮੇਸ਼ਾ ਹਾਸਾ ਆਉਂਦਾ ਹੈ ਕਿ ਹਿੰਦੁਸਤਾਨ ਵਾਲੇ ਹੋਣ ਜਾਂ ਪਾਕਿਸਤਾਨ, ਜਿਹੜੇ ਪਹਿਲੇ ਕਦੇ ਇੱਕ ਦੂਜੇ ਨਾ ਮਿਲੇ ਹੋਣ, ਪਰ ਜਦੋਂ ਕਦੀ ਮਿਲਦੇ ਹਨ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਬਚਪਨ 'ਚ ਕਿਸੇ ਮੇਲੇ 'ਚ ਵਿੱਛੜ ਗਏ ਸਨ।

ਪਹਿਲੀ ਗੱਲ ਵੀ ਇਹੋ ਕਰਦੇ ਹਨ ਕਿ ਤੁਸੀਂ ਵੀ ਬਿਲਕੁਲ ਹੀ ਸਾਡੇ ਵਰਗੇ ਹੀ ਹੋ। ਲੱਗਦਾ ਹੈ ਕਿ ਸਾਡੀਆਂ ਹਕੂਮਤਾਂ ਨੇ ਸਾਨੂੰ ਇਸ ਗੱਲ 'ਤੇ ਯਕੀਨ ਦਵਾ ਦਿੱਤਾ ਹੈ ਕਿ ਬਾਰਡਰ ਦੇ ਦੂਜੇ ਪਾਸੇ ਸਿਰਫ ਬਾਂਦਰ ਹੀ ਰਹਿੰਦੇ ਹਨ।

'ਹਜ਼ਾਰ ਸਾਲ ਲੜਨਾ ਪਵੇ ਅਸੀਂ ਲੜਾਂਗੇ'

ਸਾਨੂੰ ਸ਼ੁਰੂ ਤੋਂ ਪੜ੍ਹਾਇਆ ਗਿਆ ਸੀ ਕਿ ਸਾਡਾ ਦੁਸ਼ਮਣ ਇੱਕੋ ਹੀ ਹੈ ਅਤੇ ਉਹ ਹੈ -ਇੰਡੀਆ।

ਦੁਸ਼ਮਣ ਵੱਡਾ ਹੈ, ਇਸ ਲਈ ਭਾਂਵੇ ਸਾਨੂੰ ਹਜ਼ਾਰ ਸਾਲ ਲੜਨਾ ਪਵੇ ਅਸੀਂ ਲੜਾਂਗੇ, ਸਾਨੂੰ ਰੋਟੀ ਦੀ ਬਜਾਇ ਘਾਹ ਖਾਣੀ ਪਵੇ ਅਸੀਂ ਘਾਹ ਖਾਵਾਂਗੇ।

ਪਾਕਿਸਤਾਨ ਦੇ ਜ਼ਿਆਦਾਤਰ ਨੌਜਵਾਨਾਂ ਨੇ ਹਿੰਦੂ ਸਿਰਫ਼ ਫਿਲਮਾਂ 'ਚ ਵੇਖੇ ਹਨ ਪਰ ਸਾਡਾ ਸਭ ਤੋਂ ਵੱਡਾ ਵੈਰੀ ਕੌਣ ਹੈ? ਹਿੰਦੂ ਅਤੇ ਨਾਲ ਹੀ ਉਸ ਦਾ ਹਿੰਦੁਸਤਾਨ।

ਇਹ ਵੀ ਪੜ੍ਹੋ:-

ਹੁਣ ਇੰਡੀਆ ਵਾਕਈ ਹੀ ਵੱਡਾ ਮੁਲਕ ਹੈ, ਇਸ ਲਈ ਉਸ ਨੇ ਸਮਝਿਆ ਕਿ ਇੱਕ ਦੁਸ਼ਮਣ ਪਾਕਿਸਤਾਨ ਕਾਫ਼ੀ ਨਹੀਂ, ਇਸ ਲਈ ਉਸ ਨੇ ਆਪਣੇ ਘਰ 'ਚ ਹੀ ਛੋਟੇ-ਛੋਟੇ ਪਾਕਿਸਤਾਨ ਅਤੇ ਪਾਕਿਸਤਾਨੀ ਲੱਭ ਲਏ।

ਕਸ਼ਮੀਰੀਆਂ ਨੂੰ ਕਹਿ ਦਿੱਤਾ ਹੈ ਤੁਸੀਂ ਆਪਣੇ ਕਸ਼ਮੀਰ ਨੂੰ ਬੜੀ ਜੰਨਤ ਸਮਝਦੇ ਹੋ, ਵੇਖਾਂਗੇ ਕਿ ਤੁਸੀਂ ਕਿਵੇਂ ਆਜ਼ਾਦੀ ਦੇ ਨਾਅਰੇ ਮਾਰਦੇ ਹੋ।

ਇਹ ਜਿਹੜੀ ਨਸਲ ਅਸੀਂ ਤਿਆਰ ਕੀਤੀ ਹੈ, ਜਿਹੜੀ ਕਿਸੇ ਗਰੀਬ ਦੇ ਘਰ ਵੱਡਾ ਗੋਸ਼ਤ ਲੱਭ ਕੇ ਉਸ ਨੂੰ ਮਾਰ ਛੱਡਦੀ ਹੈ, ਕਿਸੇ ਬੁੱਢੇ ਮੁਸਲਮਾਨ ਨੂੰ ਘੇਰ ਕੇ ਰਾਮ-ਨਾਮ ਦੇ ਨਾਅਰੇ ਲਗਵਾਉਂਦੀ ਹੈ, ਇੰਝ ਜਾਪਦਾ ਹੈ ਕਿ ਪਾਰਟੀਸ਼ਨ ਅਜੇ ਵੀ ਮੁੱਕੀ ਨਹੀਂ ਹੈ ਬਲਕਿ ਪਾਰਟੀਸ਼ਨ ਅਜੇ ਸ਼ੂਰੂ ਹੋਈ ਹੈ।

ਜਿਹੜੇ ਪਾਰਟੀਸ਼ਨ ਦੇ ਖੂਨੀ ਕਿੱਸੇ ਬਜ਼ੁਰਗਾਂ ਤੋਂ ਸੁਣੀ ਦੇ ਸਨ, ਉਹ ਹੁਣ ਯੂਟਿਊਬ 'ਤੇ ਘਰ ਬੈਠੇ ਹੀ ਵੇਖ ਲਈ ਦੇ ਹਨ।

'ਤੁਸੀਂ ਤਾਂ ਸਾਡਾ ਬੰਦਾ ਗਾਇਬ ਕਰਕੇ ਮੁਕਰ ਜਾਂਦੇ ਹੋ'

ਇੱਧਰ ਸਾਡੇ ਪਾਸੇ ਮਾਂਵਾ ਕਰਲਾਉਂਦੀਆਂ ਨੇ ਕਿ ਤੁਸੀਂ ਸਾਡੇ ਪੁੱਤਰ ਚੁੱਕ ਲਏ ਸਨ, ਉਹ ਕਿੱਥੇ ਗਏ?

ਅੰਗ੍ਰੇਜ਼ ਵੀ ਬਹੁਤ ਹੀ ਜ਼ਾਲਮ ਸੀ, ਬੰਦੇ ਨੂੰ ਕਾਲੇ ਪਾਣੀ ਵੀ ਭੇਜਦਾ ਸੀ, ਪਰ ਦੱਸ ਦਿੰਦਾ ਸੀ ਕਿ ਬੰਦਾ ਕਿੱਥੇ ਗਿਆ ਹੈ।

ਤੁਸੀਂ ਤਾਂ ਸਾਡਾ ਬੰਦਾ ਗਾਇਬ ਕਰਕੇ ਮੁਕਰ ਜਾਂਦੇ ਹੋ। ਅੱਗੋਂ ਸਾਡੇ ਆਪਣੇ ਦੇਸ਼ ਭਗਤ ਜਵਾਬ ਦਿੰਦੇ ਹਨ ਕਿ ਤੁਹਾਡੇ ਪੁੱਤਰ ਇੰਡੀਆ ਤੁਰ ਗਏ ਹੋਣਗੇ।

ਇਹ ਜਿਹੜੀ ਕਠੋਰ ਅਤੇ ਖੂਨ ਦੀ ਪਿਆਸੀ ਨਸਲ ਅਸੀਂ ਤਿਆਰ ਕੀਤੀ ਹੈ, ਇਸ ਦੇ ਵਿੱਚ ਸਾਰਿਆਂ ਨੇ ਹੀ ਹਿੱਸਾ ਪਾਇਆ ਹੈ।

ਸਿਆਸਤਦਾਨਾਂ ਅਤੇ ਸੇਠਾਂ ਨੇ ਜ਼ਿਆਦਾ ਪਾਇਆ ਹੈ ਪਰ ਸਾਡੇ ਵਰਗੇ ਸਹਾਫ਼ੀਆਂ, ਲਿਖਾਰੀਆਂ, ਗਾਇਕਾਂ ਅਤੇ ਦੂਜੇ ਫ਼ਨਕਾਰਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਹੈ।

ਭਲੇ ਵਕਤਾਂ 'ਚ ਮੈਂ ਦਿੱਲੀ ਗਿਆ, ਉੱਥੇ ਨਵੀਂ ਫਿਲਮ ਲੱਗੀ ਸੀ- ਬਾਰਡਰ। ਮੈਂ ਸਿਨੇਮੇ ਪਹੁੰਚ ਗਿਆ ਫਿਲਮ ਵੇਖਣ ਲਈ।

ਸਿਨੇਮੇ 'ਚ ਬੰਦੇ 'ਤੇ ਬੰਦਾ ਚੜ੍ਹਿਆ, ਹਾਊਸ ਫੁਲ ਦੇ ਬੋਰਡ ਲੱਗੇ। ਪਰ ਫਿਰ ਤਸੱਲੀ ਹੋਈ ਕਿ ਟਿਕਟਾਂ ਬਲੈਕ ਕਰਨ ਵਾਲਾ ਭਰਾ ਵੀ ਉੱਥੇ ਖਲੋਤਾ ਸੀ।

ਮੈਂ ਉਸ ਨੂੰ ਜਾ ਕੇ ਦੱਸਿਆ ਕਿ ਮੈਂ ਪਾਕਿਸਤਾਨ ਤੋਂ ਆਇਆ ਹਾਂ, ਪਹਿਲੀ ਵਾਰੀ ਤੁਹਾਡੇ ਮੁਲਕ ਆਇਆ ਹਾਂ। ਉਸ ਨੇ ਕਿਹਾ ਭਾਵੇਂ ਤੂੰ ਵਲੈਤ 'ਚੋਂ ਆਇਆ ਹੋਵੇਂ, ਟਿਕਟ ਤਾਂ ਬਲੈਕ 'ਚ ਹੀ ਮਿਲੇਗਾ ਤੇ ਪੈਸੇ ਵੀ ਪੂਰੇ ਹੀ ਲਵਾਂਗਾ।

ਮੈਂ ਬਲੈਕ 'ਚ ਟਿਕਟ ਲੈ ਕੇ ਬਾਰਡਰ ਵੇਖੀ ਤੇ ਇੱਕ ਗਾਣਾ ਅੱਜ ਤੱਕ ਯਾਦ ਹੈ ਕਿ 'ਸੰਦੇਸ਼ੇ ਆਤੇ ਹੈਂ, ਚਿੱਠੀ ਆਤੀ ਹੈ, ਪੁੱਛੇ ਜਾਤੀ ਹੈ ਕਿ ਘਰ ਕਬ ਆਓਗੇ…'।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪਰ ਫਿਰ ਫਿਲਮ 'ਚ ਪਾਕਿਸਤਾਨ ਨੂੰ ਗਾਲਾਂ ਪੈਣੀਆਂ ਸ਼ੁਰੂ ਹੋ ਗਈਆਂ। ਫਿਲਮ ਦਾ ਹੀਰੋ ਸਨੀ ਦਿਓਲ ਇੱਕ ਗਾਲ ਕੱਢੇ ਤੇ ਫਿਲਮ ਵੇਖਣ ਵਾਲੇ ਅੱਗੋਂ ਸੌ ਗਾਲਾਂ ਕੱਢਣ।

ਮੇਰੇ ਪਾਕਿਸਤਾਨੀ ਖੂਨ ਨੇ ਵੀ ਜੋਸ਼ ਮਾਰਿਆ। ਦਿਲ 'ਚ ਆਈ ਕਿ ਮੈਂ ਵੀ ਅੱਜ ਲਾਲ ਕਿਲ੍ਹੇ 'ਤੇ ਚੜ੍ਹਾਈ ਕਰ ਹੀ ਦੇਵਾਂ, ਫਿਰ ਦਿਲ ਨੇ ਸਮਝਾਇਆ ਤੂੰ ਬੰਦਾ ਇੱਕਲਾ ਹੈ, ਟਿਕਟ ਵੀ ਤੇਰੇ ਕੋਲ ਬਲੈਕ ਦੀ ਹੈ, ਬਸ ਫਿਲਮ ਵੇਖ ਅਤੇ ਘਰ ਜਾ।

ਅੱਜ ਜਿਹੜਾ ਹੈਪੀ ਬਰਥਡੇਅ ਅਸੀਂ ਮਨਾ ਰਹੇ ਹਾਂ, ਉਸ 'ਚ ਹਿੰਦੁਸਤਾਨ ਅਤੇ ਪਾਕਿਸਤਾਨ ਤੋਂ ਇਲਾਵਾ ਲੋਕਲ ਦੇਸ਼ ਬੰਗਲਾਦੇਸ਼ ਵੀ ਵਿੱਚ ਬੈਠਾ ਹੈ।

ਉਨ੍ਹਾਂ ਨੂੰ ਪਹਿਲੀ ਆਜ਼ਾਦੀ ਰਾਸ ਨਹੀਂ ਆਈ ਅਤੇ ਉਨ੍ਹਾਂ ਨੇ ਇੱਕ ਵਾਰ ਫਿਰ ਆਜ਼ਾਦੀ ਲਈ।

ਇੱਕ ਵਾਰ ਮੈਨੂੰ ਇੱਕ ਬੰਗਲਾਦੇਸ਼ੀ ਬਜ਼ੁਰਗ ਨੇ ਸਮਝਾਇਆ ਸੀ ਕਿ ਅਸੀਂ ਹਿੰਦੁਸਤਾਨੀ ਅਤੇ ਪਾਕਿਸਤਾਨੀ ਆਜ਼ਾਦੀ ਦੀ ਕਦਰ ਇਸ ਲਈ ਨਹੀਂ ਕਰਦੇ ਕਿਉਂਕਿ ਸਾਨੂੰ ਘਰ ਬੈਠੇ ਹੀ ਮਿਲ ਗਈ ਸੀ, ਅਸੀਂ ਬੰਗਲਾਦੇਸ਼ੀਆਂ ਨੇ ਲੜ੍ਹ ਕੇ ਲਈ ਹੈ, ਇਸ ਲਈ ਅਸੀਂ ਜ਼ਰਾ ਜ਼ਿਆਦਾ ਖਿਆਲ ਰੱਖੀ ਦਾ ਹੈ।

ਹੋ ਸਕਦਾ ਹੈ ਕਿ ਬੰਗਲਾਦੇਸ਼ੀ ਬਾਬੇ ਨੇ ਬੜਕ ਹੀ ਮਾਰੀ ਹੋਵੇ, ਪਰ ਇਹ ਗੱਲ ਸੋਚਣ ਵਾਲੀ ਹੈ ਕਿ ਜੇਕਰ ਅਸੀਂ ਆਜ਼ਾਦੀ ਲੈ ਕੇ ਆਪਣੇ ਲੋਕਾਂ ਨਾਲ ਉਹੀ ਕਰਨਾ ਸੀ ਜੋ ਕਿ ਅੰਗ੍ਰੇਜ਼ ਸਾਡੇ ਸਾਰਿਆਂ ਨਾਲ ਕਰਦਾ ਸੀ ਤਾਂ ਫਿਰ ਅਸੀਂ ਇਸ ਆਜ਼ਾਦੀ ਦਾ ਆਚਾਰ ਪਾਉਣਾ ਹੈ?

ਜੇਕਰ ਸਾਡੇ ਮੁਲਕ ਆਜ਼ਾਦ ਹੋ ਗਏ ਪਰ ਸਾਡੀਆਂ ਰੂਹਾਂ ਉਂਝ ਹੀ ਕੈਦ ਰਹੀਆਂ ਤਾਂ ਫਿਰ ਇਸ ਆਜ਼ਾਦੀ ਦਾ ਕੀ ਫਾਈਦਾ? ਕਦੇ ਬਜ਼ੁਰਗਾਂ ਦੀ ਗੱਲ ਵੀ ਸੁਣ ਲਿਆ ਕਰੋ। ਸ਼ਾਹ ਹੁਸੈਨ ਫ਼ੁਰਮਾ ਗਏ ਸਨ-

ਸੁਰਤਿ ਦੀ ਸੂਈ ਪ੍ਰੇਮ ਦੇ ਧਾਗੇ ਪੇਂਵਦੁ ਲੱਗੇ ਸੱਤਸੰਗੇ।

ਕਹੈ ਹੁਸੈਨ ਫ਼ਕੀਰ ਸਾਈਂ ਦਾ, ਤਖਤ ਨਾ ਮਿਲਦੇ ਮੰਗੇ।

ਹੈੱਪੀ ਬਰਥਡੇਅ

ਰੱਬ ਰਾਖਾ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)