ਕੋਰੋਨਾਵਾਇਰਸ ਵੈਕਸੀਨ : ਦੋ ਟੀਕੇ ਲੁਆ ਚੁੱਕੇ ਇਹ ਲੋਕ ਤੀਜੇ ਦੀ ਮੰਗ ਕਿਉਂ ਕਰ ਰਹੇ

ਤਸਵੀਰ ਸਰੋਤ, Antara/Reuters
- ਲੇਖਕ, ਰਾਜਾ ਲੰਬਨਰਾਉ ਤੇ ਰੇਬੇਕਾ ਹੈਂਸਕੇ
- ਰੋਲ, ਬੀਬੀਸੀ ਨਿਊਜ਼ ਇੰਡੋਨੇਸ਼ੀਆ
ਇੰਡੋਨੇਸ਼ੀਆ ਦੇ ਡਾਕਟਰਾਂ ਅਤੇ ਨਰਸਾਂ ਦੀ ਐਸੋਸੀਏਸ਼ਨ ਅਨੁਸਾਰ ਇਸ ਸਾਲ ਫਰਵਰੀ ਤੋਂ ਜੂਨ ਮਹੀਨੇ ਦੌਰਾਨ ਦੇਸ਼ 'ਚ ਘੱਟੋ-ਘੱਟ 20 ਡਾਕਟਰਾਂ ਅਤੇ 10 ਨਰਸਾਂ ਦੀ ਮੌਤ ਹੋਈ ਹੈ।
ਇਹ ਸਾਰੇ ਕੋਵਿਡ-19 ਦੀ ਵੈਕਸੀਨ ਲਗਵਾ ਚੁੱਕੇ ਸਨ।
ਮਾਹਰਾਂ ਨੇ ਇਸ ਸਥਿਤੀ ਦੀ ਗੰਭੀਰਤਾ ਨੂੰ ਭਾਪਦਿਆਂ ਸਿਹਤ ਕਰਮਚਾਰੀਆਂ ਨੂੰ ਸੀਨੋਵੇਕ ਵੈਕਸੀਨ ਦੀ ਤੀਜੀ ਖੁਰਾਕ ਦੇਣ ਦੀ ਮੰਗ ਕੀਤੀ ਹੈ, ਕਿਉਂਕਿ ਦੇਸ਼ 'ਚ ਵਾਇਰਸ ਦੇ ਨਵੇਂ ਵੇਰੀਐਂਟਾਂ ਕਾਰਨ ਲਾਗ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ।
ਅਜਿਹੀ ਸਥਿਤੀ ਕਾਰਨ ਹਸਪਤਾਲਾਂ ਅਤੇ ਕਬਰਿਸਤਾਨਾਂ 'ਤੇ ਭਾਰੀ ਦਬਾਅ ਪੈ ਰਿਹਾ ਹੈ।
ਇਹ ਵੀ ਪੜ੍ਹੋ:
ਜਕਾਰਤਾ ਦੇ ਬਾਹਰਵਾਰ ਇਲਾਕੇ 'ਚ ਟੀਕਾਕਰਨ ਕੇਂਦਰ ਦੇ ਗੇਟਾਂ 'ਤੇ ਵੈਕਸੀਨ ਲੈਣ ਲਈ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ। ਹਰ ਕੋਈ ਧੱਕਾਮੁੱਕੀ ਕਰ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਉਹ ਵੈਕਸੀਨ ਲਗਵਾ ਸਕੇ।
ਇੱਕ ਸੁਰੱਖਿਆ ਗਾਰਡ ਉਨ੍ਹਾਂ ਨੂੰ ਸਬਰ ਰੱਖਣ ਲਈ ਕਹਿੰਦਾ ਹੈ। ਉਹ ਕਹਿੰਦਾ ਹੈ ਕਿ ਅੰਦਰ ਕੋਈ ਜਗ੍ਹਾ ਨਹੀਂ ਹੈ।
ਇੰਡੋਨੇਸ਼ੀਆ ਦੀ 250 ਮਿਲੀਅਨ ਦੀ ਆਬਾਦੀ ਦੇ ਫੀਸਦ ਤੋਂ ਵੀ ਘੱਟ ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ ਅਤੇ ਡੈਲਟਾ ਵਰਗੇ ਨਵੇਂ ਵੇਰੀਐਂਟ ਦੇ ਕਾਰਨ ਲਾਗ ਦੇ ਮਾਮਲਿਆਂ 'ਚ ਖਾਸਾ ਵਾਧਾ ਦਰਜ ਕੀਤਾ ਗਿਆ ਹੈ।
ਲੋਕ ਹਰ ਹਾਲਤ 'ਚ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।
ਸਥਾਨਕ ਮੇਅਰ ਆਰੀਫ਼ ਵਿਸਮਾਂਸਿਆਹ ਦੱਸਦੇ ਹਨ ਕਿ ਇੱਥੇ ਇੱਕ ਗਲਤਫ਼ਹਿਮੀ ਹੋਈ ਹੈ। ਲੋਕਾਂ ਨੂੰ ਪਹਿਲਾਂ ਰਜਿਸਟਰ ਕਰਵਾਉਣ ਦੀ ਜ਼ਰੂਰਤ ਹੈ।
ਪਰ ਬਾਹਰ ਖੜ੍ਹੇ ਗਾਰਡ ਲਾਊਡਸਪੀਕਰ 'ਤੇ ਲੋਕਾਂ ਨੂੰ ਆਪੋ-ਆਪਣੇ ਘਰੀਂ ਜਾਣ ਲਈ ਕਹਿ ਰਹੇ ਹਨ…ਪਰ ਕੋਈ ਵੀ ਉੱਥੋਂ ਟਸ ਤੋਂ ਮਸ ਨਹੀਂ ਹੋ ਰਿਹਾ ਹੈ।
'ਕੋਈ ਅਸਰ ਨਹੀਂ'
ਮੌਜੂਦਾ ਸਮੇਂ 'ਚ ਇੰਡੋਨੇਸ਼ੀਆ 'ਚ ਰੋਜ਼ਾਨਾ 20,000 ਨਵੇਂ ਕੋਵਿਡ ਮਾਮਲੇ ਦਰਜ ਕੀਤੇ ਜਾ ਰਹੇ ਹਨ, ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਇਹ ਅੰਕੜਾ ਕਿਤੇ ਵੱਧ ਹੈ, ਕਿਉਂਕਿ ਜਕਾਰਤਾ ਦੇ ਬਾਹਰੀ ਖੇਤਰਾਂ 'ਚ ਟੈਸਟਿੰਗ ਸਹੀ ਢੰਗ ਨਾਲ ਨਹੀਂ ਹੋ ਰਹੀ ਹੈ।

ਤਸਵੀਰ ਸਰੋਤ, Getty Images
ਜੇਕਰ ਲੋਕ ਟੀਕਾ ਲਗਵਾ ਵੀ ਲੈਂਦੇ ਹਨ ਤਾਂ ਵੀ ਇਸ ਗੱਲ ਦੀ ਚਿੰਤਾ ਬਰਕਰਾਰ ਹੈ ਕਿ ਚੀਨ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਕਿੰਨੀ ਸੁਰੱਖਿਅਤ ਹੋਵੇਗੀ। ਇੱਥੇ ਸਿਰਫ ਇਹ ਹੀ ਵੈਕਸੀਨ ਉਪਲਬਧ ਹੈ।
ਇੰਡੋਨੇਸ਼ੀਆ 'ਚ ਫਰਵਰੀ ਅਤੇ ਜੂਨ ਦੇ ਅਰਸੇ ਦੌਰਾਨ ਕੋਵਿਡ-19 ਦੇ ਕਾਰਨ 949 ਸਿਹਤ ਮੁਲਾਜ਼ਮਾਂ ਦੀ ਮੌਤ ਹੋਈ ਹੈ ਅਤੇ ਇਨ੍ਹਾਂ 'ਚੋਂ 20 ਡਾਕਟਰ ਅਤੇ 10 ਨਰਸਾਂ ਨੇ ਪੂਰੀ ਤਰ੍ਹਾਂ ਨਾਲ ਸਿਨੋਵੇਕ ਵੈਕਸੀਨ ਦੀ ਖੁਰਾਕ ਲਈ ਸੀ।
ਡਾਕਟਰ ਰਿਕਾਰਡ 'ਤੇ ਬੋਲਣ ਤੋਂ ਝਿਜਕ ਰਹੇ ਹਨ ਪਰ ਉਨ੍ਹਾਂ ਮੰਨਿਆ ਹੈ ਕਿ ਉਹ ਬਹੁਤ ਹੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਫੇਫੜਿਆਂ ਦੀ ਇੱਕ ਮਾਹਰ ਨੇ ਨਾਮ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਦੱਸਿਆ ਕਿ ਉਨ੍ਹਾਂ ਨੇ ਸਿਨੋਵੈਕ ਦੀਆਂ ਦੋਵੇਂ ਖੁਰਾਕਾਂ ਲਗਵਾਈਆਂ ਹਨ।
ਇੱਕ ਮਹੀਨੇ ਬਾਅਦ ਜਦੋਂ ਉਨ੍ਹਾਂ ਨੇ ਆਪਣੇ ਸਰੀਰ 'ਚ ਐਂਟੀਬਾਡੀਜ਼ ਦੇ ਪੱਧਰ ਦੀ ਜਾਂਚ ਕਰਨ ਲਈ ਟੈਸਟ ਕਰਵਾਇਆ ਤਾਂ ਟੈਸਟ ਦਾ ਨਤੀਜਾ ਵੇਖ ਕੇ ਉਹ ਹੈਰਾਨ ਸਨ।
ਉਨ੍ਹਾਂ ਨੇ ਬੀਬੀਸੀ ਇੰਡੋਨੇਸ਼ੀਆਂ ਨੂੰ ਦੱਸਿਆ, "ਇਸ ਦਾ ਕੋਈ ਅਸਰ ਨਹੀਂ ਹੋਇਆ। ਵੈਕਸੀਨ ਨੇ ਮੇਰੇ ਸਰੀਰ 'ਚ ਐਂਟੀਬਾਡੀਜ਼ ਹੀ ਤਿਆਰ ਨਹੀਂ ਕੀਤੇ। ਮੈਂ ਫਿਰ ਇੱਕ ਮਹੀਨੇ ਬਾਅਦ ਆਪਣਾ ਐਂਟੀਬਾਡੀਜ਼ ਟੈਸਟ ਕਰਵਾਇਆ ਪਰ ਨਤੀਜਾ ਪਹਿਲਾਂ ਵਾਲਾ ਹੀ ਸੀ।"
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਇਸ ਦੇ ਵਧੀਆ ਨਤੀਜੇ ਹਾਸਲ ਹੋਏ ਹਨ ਪਰ ਉਨ੍ਹਾਂ ਦੇ ਮਾਮਲੇ 'ਚ ਸਿਨੋਵੈਕ ਟੀਕੇ ਦਾ ਕੋਈ ਪ੍ਰਭਾਵ ਵੇਖਣ ਨੂੰ ਨਹੀਂ ਮਿਲਿਆ ਹੈ।

ਤਸਵੀਰ ਸਰੋਤ, EPA
ਸਿਨੋਵੈਕ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਐਮਰਜੈਂਸੀ ਵਰਤੋਂ ਲਈ ਹਰੀ ਝੰਡੀ ਹਾਸਲ ਹੋਈ ਸੀ। ਸੰਗਠਨ ਨੇ ਕਿਹਾ ਸੀ ਕਿ ਨਤੀਜਿਆਂ ਨੇ ਦਰਸਾਇਆ ਹੈ ਕਿ ਇਸ ਟੀਕੇ ਨੂੰ ਲਗਵਾਉਣ ਤੋਂ ਬਾਅਦ 51% ਲੋਕ ਇਸ ਮਹਾਮਾਰੀ ਦੀ ਝਪੇਟ 'ਚ ਆਉਣ ਤੋਂ ਬੱਚ ਸਕਦੇ ਹਨ।
ਇਸ ਨੇ ਵੀ ਇਹ ਵੀ ਨੋਟਿਸ ਕੀਤਾ ਕਿ ਅਧਿਐਨ ਕੀਤੀ ਆਬਾਦੀ ਦੇ 100% 'ਚ ਇਸ ਵੈਕਸੀਨ ਨੇ ਗੰਭੀਰ ਕੋਵਿਡ-19 ਮਾਮਲਿਆਂ ਅਤੇ ਲਾਗ ਪ੍ਰਭਾਵਿਤ ਲੋਕਾਂ ਨੂੰ ਹਸਪਤਾਲ 'ਚ ਭਰਤੀ ਹੋਣ ਤੋਂ ਬਚਾਇਆ ਹੈ।
ਸਿਨੋਵੈਕ ਬਾਇਓਟੈਕ, ਜਿਸ ਵੱਲੋਂ ਇਹ ਵੈਕਸੀਨ ਤਿਆਰ ਕੀਤੀ ਗਈ ਹੈ, ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਸ ਟੀਕੇ ਦੀਆਂ ਦੋ ਖੁਰਾਕਾਂ ਗੰਭੀਰ ਵਾਇਰਸ ਤੋਂ ਬਚਾਅ ਲਈ ਕਾਫ਼ੀ ਹਨ।
ਵੈਕਸੀਨ ਨਿਰਮਾਤਾ ਨੇ ਕਿਹਾ ਹੈ ਕਿ ਉਹ ਤੀਜੇ ਟੀਕੇ ਦੀ ਪ੍ਰਭਾਵਸ਼ੀਲਤਾ ਲਈ ਕਲੀਨਿਕ ਟਰਾਇਲ ਕਰ ਰਹੇ ਹਨ ਅਤੇ ਦਾਅਵਾ ਕੀਤਾ ਹੈ ਕਿ ਸ਼ੁਰੂਆਤੀ ਨਤੀਜੇ ਉਤਸ਼ਾਹਜਨਕ ਹਨ।
ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸਿਨੋਵੈਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਯਿਨ ਵੇਡੋਂਗ ਨੇ ਹਾਲ 'ਚ ਹੀ ਚੀਨ ਸੈਂਟਰਲ ਟੈਲੀਵੀਜ਼ਨ ਨੂੰ ਦੱਸਿਆ, "ਵੈਕਸੀਨ ਦੀਆਂ ਦੋ ਖੁਰਾਕਾਂ ਲੈਣ ਤੋਂ ਬਾਅਦ ਸਾਡੇ ਸਰੀਰ ਨੇ ਪਹਿਲਾਂ ਹੀ ਇਮਿਊਨ ਮੈਮੋਰੀ ਤਿਆਰ ਕਰ ਲਈ ਹੈ। ਤੀਜੀ ਖੁਰਾਕ ਦੀ ਜ਼ਰੂਰਤ ਕਿਸ ਸਮੇਂ ਹੋਵੇਗੀ, ਕ੍ਰਿਪਾ ਕਰਕੇ ਖੋਜਕਰਤਾਵਾਂ ਨੂੰ ਇਸ ਬਾਰੇ ਅਧਿਐਨ ਕਰਨ ਲਈ ਹੋਰ ਸਮਾਂ ਦਿਓ।"
ਯਿਨ ਨੇ ਕਿਹਾ ਕਿ ਜਦੋਂ ਸਵੈ-ਸੇਵਕਾਂ, ਜਿਨ੍ਹਾਂ ਨੂੰ ਸਿਨੋਵੈਕ ਦੀਆਂ ਦੋ ਖੁਰਾਕਾਂ ਦਿੱਤੀ ਜਾ ਚੁੱਕੀਆ ਹਨ, ਨੂੰ ਤਿੰਨ ਅਤੇ ਛੇ ਮਹੀਨਿਆਂ ਬਾਅਦ ਤੀਜੀ ਖੁਰਾਕ ਦਿੱਤੀ ਗਈ ਤਾਂ ਉਨ੍ਹਾਂ ਦੇ ਸਰੀਰ 'ਚ ਐਂਟੀਬਾਡੀ ਪ੍ਰਤੀਕਿਰਿਆ ਇੱਕ ਹਫ਼ਤੇ 'ਚ ਦਸ ਗੁਣਾ ਅਤੇ 15 ਦਿਨਾਂ 'ਚ 20 ਗੁਣਾ ਵੱਧ ਸਕਦੀ ਹੈ।

ਤਸਵੀਰ ਸਰੋਤ, EPA
ਇੰਡੋਨੇਸ਼ੀਆ ਮੈਡੀਕਲ ਅੇਸੋਸੀਏਸ਼ਨ ਦੀ ਜ਼ੋਖਮ ਘਟਾਉਣ ਵਾਲੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕੁਲ ਮਿਲਾ ਕੇ ਵਿਸ਼ਵ ਸਿਹਤ ਸੰਗਠਨ ਵੱਲੋਂ ਮਨਜ਼ੂਰਸ਼ੁਦਾ ਕੋਈ ਵੀ ਟੀਕਾ ਅਤੇ ਇੰਡੋਨੇਸ਼ੀਆਈ ਪ੍ਰਸ਼ਾਸਨ ਗੰਭੀਰ ਕੋਵਿਡ ਦੇ ਜ਼ੋਖਮ ਨੂੰ ਘੱਟ ਕਰਨ 'ਚ ਮਦਦ ਕਰ ਰਹੇ ਸਨ।
ਪਰ ਹੁਣ ਇਹ ਵਿਚਾਰ ਕੀਤਾ ਜਾ ਰਿਹਾ ਹੈ ਕਿ ਸਿਹਤ ਮੁਲਾਜ਼ਮਾਂ ਨੂੰ ਵਾਧੂ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ:
ਬੂਸਟਰ ਖੁਰਾਕ 'ਤੇ ਛਿੜੀ ਬਹਿਸ
ਡਾ. ਡਿੱਕੀ ਬੁਡੀਮਨ, ਜੋ ਕਿ ਗ੍ਰਿਫਿਥ ਯੁਨੀਵਰਸਿਟੀ ਆਸਟਰੇਲੀਆ 'ਚ ਇੱਕ ਮਹਾਮਾਰੀ ਵਿਗਿਆਨੀ ਹਨ, ਉਨ੍ਹਾਂ ਨੇ ਵੀ ਇਸ ਪਹਿਲ ਦਾ ਸਮਰਥਨ ਕੀਤਾ ਹੈ।
ਉਨ੍ਹਾਂ ਦਾ ਕਹਿਣਾ ਹੈ, "ਇਸ ਸਮੇਂ ਜਦੋਂ ਅਸੀਂ ਨਵੇਂ ਵੇਰੀਐਂਟਾਂ ਕਾਰਨ ਲਾਗ ਦੇ ਵੱਧ ਰਹੇ ਮਾਮਲਿਆਂ ਨਾਲ ਜੂਝ ਰਹੇ ਹਾਂ, ਅਜਿਹੀ ਸਥਿਤੀ 'ਚ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਬੂਸਟਰ ਖੁਰਾਕ ਮਿਲੇ। ਇਸ ਸਮੇਂ ਸਿਨੋਵੈਕ ਵੈਕਸੀਨ ਦੀ ਪ੍ਰਭਾਵਸ਼ੀਲਤਾ ਅਤੇ ਡੈਲਟਾ ਵਨ ਵਰਗੇ ਵੇਰੀਐਂਟਾਂ ਦਾ ਸਾਹਮਣਾ ਕਰਨ ਲਈ ਐਂਟੀਬਾਡੀਜ਼ ਨੂੰ ਵਧਾਉਣ ਦੀ ਜ਼ਰੂਰਤ ਹੈ।"

ਤਸਵੀਰ ਸਰੋਤ, Reuters
ਇੰਡੋਨੇਸ਼ੀਆ ਯੁਨੀਵਰਸਿਟੀ 'ਚ ਇੱਕ ਮਹਾਮਾਰੀ ਵਿਗਿਆਨੀ ਡਾ. ਟ੍ਰੀ ਯੁਨਿਸ ਮਿਕੋ ਦਾ ਕਹਿਣਾ ਹੈ ਕਿ ਸਮੇਂ ਦੇ ਬੀਤਣ ਦੇ ਨਾਲ-ਨਾਲ ਟੀਕੇ ਦੀ ਪ੍ਰਭਾਵਸ਼ੀਲਤਾ ਘੱਟ ਜਾਂਦੀ ਹੈ। ਸਿਹਤ ਮੁਲਾਜ਼ਮਾਂ ਨੂੰ ਜਨਵਰੀ ਮਹੀਨੇ ਵੈਕਸੀਨ ਲੱਗੀ ਸੀ ਅਤੇ ਇਸ ਗੱਲ ਨੂੰ ਛੇ ਮਹੀਨੇ ਬੀਤ ਚੁੱਕੇ ਹਨ।
ਪਰ ਏਅਰੰਗਾ ਯੁਨੀਵਰਸਿਟੀ 'ਚ ਲੈਕਚਰਾਰ ਡਾ. ਵਿੰਧੂ ਪੁਰਨੋਮੋ ਸਵਾਲ ਕਰਦੇ ਹਨ ਕਿ ਕੀ ਤੀਜੀ ਖੁਰਾਕ ਲੈਣ ਦਾ ਕੋਈ ਮਤਲਬ ਹੈ?
ਉਹ ਕਹਿੰਦੇ ਹਨ, "ਅਸੀਂ ਕਈ ਅਜਿਹੇ ਮਾਮਲੇ ਵੇਖੇ ਹਨ , ਜਿਨ੍ਹਾਂ 'ਚ ਸਿਹਤ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਨਾਲ ਵੈਕਸੀਨ ਲੱਗੀ ਹੋਈ ਸੀ, ਪਰ ਫਿਰ ਵੀ ਉਨ੍ਹਾਂ ਦੀ ਮੌਤ ਹੋ ਗਈ। ਅਜਿਹਾ ਨਹੀਂ ਹੋਣਾ ਚਾਹੀਦਾ ਸੀ।"
"ਜੇਕਰ ਸੀਨੋਵੈਕ ਵੈਕਸੀਨ ਅਸਲ 'ਚ ਲੋਕਾਂ ਨੂੰ ਲਾਗ ਦੇ ਨਵੇਂ ਰੂਪਾਂ ਤੋਂ ਬਚਾਉਣ 'ਚ ਅਸਮਰੱਥ ਹੈ ਤਾਂ ਫਿਰ ਤੀਜੀ ਖੁਰਾਕ ਦੇਣ ਦਾ ਵੀ ਕੋਈ ਲਾਭ ਨਹੀਂ ਹੋਵੇਗਾ।"
ਵੈਕਸੀਨ ਰੋਲਆਊਟ ਲਈ ਇੰਡੋਨੇਸ਼ੀਆ ਸਰਕਾਰ ਦੀ ਤਰਜਮਾਨ ਡਾ. ਸੀਤੀ ਨਾਡੀ ਤਰਮਿਜ਼ੀ ਦਾ ਕਹਿਣਾ ਹੈ ਕਿ ਉਹ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਨ।
"ਵੈਕਸੀਨ ਦੀ ਤੀਜੀ ਖੁਰਾਕ ਦੇ ਸੁਝਾਅ ਦੇ ਸਬੰਧ 'ਚ ਇੱਥੇ ਕੋਈ ਵਿਗਿਆਨਕ ਪ੍ਰਕਾਸ਼ਤ ਨਹੀਂ ਹੋਇਆ ਹੈ ਅਤੇ ਨਾ ਹੀ ਵਿਸ਼ਵ ਸਿਹਤ ਸੰਗਠਨ ਵੱਲੋਂ ਅਜਿਹੀ ਕੋਈ ਸਿਫਾਰਸ਼ ਕੀਤੀ ਗਈ ਹੈ। ਇਸ ਲਈ ਸਾਨੂੰ ਥੋੜਾ ਇੰਤਜ਼ਾਰ ਕਰਨ ਦੀ ਲੋੜ ਹੈ।"
"ਸਾਡੀ ਆਪਣੀ ਖੋਜ ਟੀਮ ਹੈ, ਜੋ ਕਿ ਸੀਨੋਵੈਕ ਵੈਕਸੀਨ ਦੀਆਂ ਦੋ ਖੁਰਾਕਾਂ ਤੋਂ ਬਾਅਦ ਦੀ ਪ੍ਰਭਾਵਸ਼ੀਲਤਾ ਨੂੰ ਵੇਖਣ ਲਈ ਕਲੀਨਿਕਲ ਟਰਾਇਲ ਦੇ ਤੀਜੇ ਪੜਾਅ 'ਤੇ ਕੰਮ ਕਰ ਰਹੀ ਹੈ। ਇਸ ਦੇ ਨਤੀਜੇ ਸਾਨੂੰ ਸੇਧ ਦੇਣਗੇ ਕਿ ਕੀ ਸਾਨੂੰ ਤੀਜੀ ਖੁਰਾਕ ਬੂਸਟਰ ਦੀ ਜ਼ਰੂਰਤ ਹੈ ਜਾਂ ਨਹੀਂ।"
ਕੋਵਿਡ ਦਾ ਵੱਧ ਰਿਹਾ ਕਹਿਰ
ਦੱਖਣ-ਪੂਰਬੀ ਏਸ਼ੀਆ 'ਚ ਇੰਡੋਨੇਸ਼ੀਆ ਕੋਵਿਡ-19 ਦਾ ਸਭ ਤੋਂ ਵੱਧ ਸ਼ਿਕਾਰ ਹੋਇਆ ਹੈ। ਇੱਥੇ ਲਗਭਗ 2.1 ਮਿਲੀਅਨ ਲਾਗ ਪ੍ਰਭਾਵਿਤ ਮਾਮਲੇ ਅਤੇ 57,000 ਮੌਤਾਂ ਦਾ ਅੰਕੜਾ ਦਰਜ ਕੀਤਾ ਗਿਆ ਹੈ।
ਪਿਛਲੇ ਮਹੀਨੇ ਇੰਡੋਨੇਸ਼ੀਆ ਦੇ ਰੈੱਡ ਕਰਾਸ ਨੇ ਦੇਸ਼ ਦੀ ਸਥਿਤੀ ਨੂੰ "ਕੋਵਿਡ-19 ਤਬਾਹੀ ਦੇ ਕਿਨਾਰੇ 'ਤੇ" ਦੇ ਰੂਪ 'ਚ ਦਰਸਾਇਆ ਹੈ, ਜਿਸ 'ਚ ਸਮਰੱਥਾ ਭਰਪੂਰ ਹਸਪਤਾਲ ਅਤੇ ਆਕਸੀਜਨ ਦਾ ਪੱਧਰ ਗੰਭੀਰ ਤੌਰ 'ਤੇ ਘੱਟ ਸੀ।
ਕੋਵਿਡ ਦੀ ਲਾਗ ਨਾਲ ਪ੍ਰਭਾਵਿਤ ਹੋਣ ਵਾਲੇ ਬੱਚਿਆਂ ਦੀ ਗਿਣਤੀ ਮਈ ਮਹੀਨੇ ਤੋਂ ਲਗਭਗ ਤਿੰਨ ਗੁਣਾ ਹੋ ਗਈ ਹੈ। ਦੇਸ਼ 'ਚ ਲਾਗ ਦੇ ਲਗਾਤਾਰ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਚੱਲਦਿਆਂ ਛੋਟੇ ਬੱਚਿਆਂ ਦੀਆਂ ਮੌਤਾਂ ਵਧੇਰੇ ਹੋ ਰਹੀਆਂ ਹਨ।
ਰਾਸ਼ਟਰਪਤੀ ਜੋਕੋ ਵਿਡੋਡੋ ਨੇ ਹਾਲ 'ਚ ਹੀ ਐਲਾਨ ਕੀਤਾ ਹੈ ਕਿ ਸਰਕਾਰ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵੈਕਸੀਨ ਲਗਵਾਏਗੀ।
ਜਾਵਾ ਦੇ ਮੁੱਖ ਟਾਪੂਆਂ ਅਤੇ ਬਾਲੀ 'ਚ ਦੋ ਹਫ਼ਤਿਆਂ ਦੇ ਲੌਕਡਾਊਨ ਦਾ ਵੀ ਐਲਾਨ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਲਾਗ ਨਾਲ ਪ੍ਰਭਾਵਿਤ ਮਾਮਲਿਆਂ ਦੀ ਗਿਣਤੀ ਨੂੰ ਘੱਟ ਕਰਨਾ ਹੈ।
ਹਾਲਾਂਕਿ ਇੰਡੋਨੇਸ਼ੀਆਂ 'ਚ ਹੋਰ ਵੀ ਵੈਕਸੀਨ ਉਪਲਬਧ ਹੋ ਸਕਦੇ ਹਨ, ਜਿਵੇਂ ਕਿ ਐਸਟਰਾਜ਼ੈਨੇਕਾ ਅਤੇ ਸਿਨੋਫਰਮ ਜੈਬਸ, ਪਰ ਜ਼ਿਆਦਾਤਰ ਵੈਕਸੀਨ ਦੀਆਂ ਖੁਰਾਕਾਂ ਇਸਦੇ ਨਜ਼ਦੀਕੀ ਸਹਿਯੋਗੀ ਮੁਲਕ ਚੀਨ ਵੱਲੋਂ ਹੀ ਸਪਲਾਈ ਕੀਤੀਆਂ ਗਈਆਂ ਹਨ।
ਹਕੀਕਤ ਇਹ ਹੈ ਕਿ ਸਿਨੋਵੈਕ ਦੀ ਵਰਤੋਂ ਜਾਰੀ ਰੱਖਣ ਤੋਂ ਇਲਾਵਾ ਸਰਕਾਰ ਕੋਲ ਕੁਝ ਹੋਰ ਬਦਲ ਵੀ ਮੌਜੂਦ ਹਨ।
ਇਹ ਵੀ ਪੜ੍ਹੋ:
ਇਹ ਵੀ ਵੇਖੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












