ਡਰੋਨ ਤੇ ਰੋਬੋਟ ਦੀ ਫੌਜ ਜੰਗ ਲਈ ਤਿਆਰ ਕਰਨ ਲਈ ਟਿੱਡੀਆਂ, ਪੰਛੀਆਂ ਤੇ ਮਧੂ-ਮੱਖੀਆਂ ਤੋਂ ਪ੍ਰੇਰਨਾ ਕਿਵੇਂ ਲਈ ਜਾ ਰਹੀ ਹੈ
- ਲੇਖਕ, ਥਾਮਸ ਮੈਕਮੁਲਨ
- ਰੋਲ, ਬੀਬੀਸੀ ਨਿਊਜ਼
ਰੋਬੋਟ ਦਲ ਆ ਰਹੇ ਹਨ ਅਤੇ ਉਹ ਯੁੱਧ ਲੜਨ ਦੇ ਤਰੀਕਿਆਂ ਨੂੰ ਬਦਲ ਸਕਦੇ ਹਨ।
ਫਰਵਰੀ (2019) ਵਿੱਚ ਬ੍ਰਿਟੇਨ ਦੇ ਰੱਖਿਆ ਮੰਤਰੀ ਨੇ ਕਿਹਾ ਸੀ ਕਿ ਆਉਣ ਵਾਲੇ ਸਾਲਾਂ ਵਿੱਚ ਬ੍ਰਿਟਿਸ਼ ਫ਼ੌਜ ਨੂੰ 'ਸਕੁਆਡਰਨ ਦਲ' ਨਾਲ ਲੈਸ ਕੀਤਾ ਜਾਵੇਗਾ।
ਡਰੋਨ ਦੇ ਦਲ ਵੀ ਉਸੇ ਤਰ੍ਹਾਂ ਕੰਮ ਕਰਨਗੇ ਜਿਵੇਂ ਟਿੱਡੀ ਦਲ ਅਤੇ ਪੰਛੀਆਂ ਦੀਆਂ ਡਾਰਾਂ ਕੰਮ ਕਰਦੀਆਂ ਹਨ।
ਇਹ ਵੀ ਪੜ੍ਹੋ:
ਅਮਰੀਕਾ ਵੀ ਆਪਸੀ ਤਾਲਮੇਲ ਨਾਲ ਕੰਮ ਕਰ ਸਕਣ ਵਾਲੇ ਡਰੋਨਜ਼ ਦੀ ਅਜਮਾਇਸ਼ ਉੱਪਰ ਕੰਮ ਕਰ ਰਿਹਾ ਹੈ।
ਕਿਫ਼ਾਇਤੀ, ਬੁੱਧੀਮਾਨ ਅਤੇ ਟਿੱਡੀ ਦਲਾਂ ਤੋਂ ਪ੍ਰੇਰਿਤ ਇਹ ਮਸ਼ੀਨਾਂ ਭਵਿੱਖ ਦੇ ਜੰਗੀ ਪੈਂਤੜਿਆਂ ਦਾ ਮੁਹਾਂਦਰਾ ਬਦਲ ਸਕਦੀਆਂ ਹਨ।
ਇਹ ਦੁਸ਼ਮਣ ਦੇ ਸੈਂਸਰਾਂ ਨੂੰ ਭੰਬਲਭੂਸੇ ਵਿੱਚ ਪਾ ਦੇਣਗੇ, ਇਹ ਬਚਾਅ ਮਿਸ਼ਨ ਲਈ ਕੰਮ ਕਰਦੇ ਸਮੋਂ ਵੱਡੇ ਭੂਗੌਲਿਕ ਖੇਤਰਾਂ ਵਿੱਚ ਫੈਲ ਸਕਣਗੇ। ਜੰਗ ਦੇ ਮੈਦਾਨ ਤੋਂ ਬਾਹਰ ਵੀ ਇਨ੍ਹਾਂ ਦੇ ਬਹੁਤ ਸਾਰੇ ਉੁਪਯੋਗ ਹੋ ਸਕਣਗੇ।

ਤਸਵੀਰ ਸਰੋਤ, Getty Images
ਜੋ ਗੱਲ ਇਨ੍ਹਾਂ ਨਵੀਂ ਪੀੜ੍ਹੀ ਦੇ ਡਰੋਨਜ਼ ਨੂੰ ਦੁਨੀਆਂ ਭਰ ਦੀਆਂ ਫੌਜਾਂ ਵੱਲੋਂ ਵਰਤੀਆਂ ਜਾ ਰਹੀਆਂ ਡਰੋਨ ਪ੍ਰਣਾਲੀਆਂ ਤੋਂ ਵਿਲੱਖਣ ਬਣਾਵੇਗੀ ਉਹ ਇਨ੍ਹਾਂ ਦੀ ਆਪਣੇ-ਆਪ ਨੂੰ ਸੰਗਠਿਤ ਕਰ ਸਕਣ ਦੀ ਯੋਗਤਾ ਹੈ।
ਇਹ ਵਿਅਕਤੀਗਤ ਰੂਪ ਵਿੱਚ ਨਹੀਂ ਕੰਮ ਕਰਨਗੇ ਜਿਸ ਵਿੱਚ ਹਰ ਡਰੋਨ ਨੂੰ ਜ਼ਮੀਨ ਤੇ ਬੈਠਾ ਕੋਈ ਬੰਦਾ ਕੰਟਰੋਲ ਕਰ ਰਿਹਾ ਹੁੰਦਾ ਹੈ ਸਗੋਂ ਇਹ ਇੱਕ ਝੁੰਡ ਦੀ ਤਰ੍ਹਾਂ ਕੰਮ ਕਰ ਸਕਣਗੇ।
ਡਰੋਨ ਤੇ ਰੋਬੋਟ ਕਿਵੇਂ ਕਰਨਗੇ ਤਾਲਮੇਲ?
ਸੈਂਟਰ ਫਾਰ ਏ ਨਿਊ ਅਮੇਰੀਕਨ ਸਕਿਓਰਿਟੀ ਥਿੰਕ ਟੈਂਕ ਦੇ ਪਾਲ ਸ਼ਾਰਰੇ ਕਹਿੰਦੇ ਹਨ, ''ਇੱਕ ਫੁੱਟਬਾਲ ਮੈਚ ਦੀ ਕਲਪਨਾ ਕਰੋ ਉੱਥੇ ਕੋਚ ਹਰ ਖਿਡਾਰੀ ਨੂੰ ਨਹੀਂ ਦੱਸੇਗਾ ਕਿ ਕਿੱਧਰ ਨੂੰ ਦੌੜਨਾ ਹੈ ਅਤੇ ਕੀ ਕਰਨਾ ਹੈ।''
"ਖਿਡਾਰੀ ਆਪਣੇ ਆਪ ਇਹ ਪਤਾ ਲਗਾਉਣਗੇ। ਇਸੇ ਤਰ੍ਹਾਂ ਰੋਬੋਟਸ ਨੂੰ ਆਪਸੀ ਤਾਲਮੇਲ ਕਰਨ ਦੀ ਜ਼ਰੂਰਤ ਹੈ ਕਿ ਕੀ ਕਰਨਾ ਹੈ।"
ਰਵਾਇਤੀ ਡਰੋਨਾਂ ਨਾਲੋਂ ਇਨ੍ਹਾਂ ਵਿੱਚ ਅੰਤਰ ਹੀ ਇਹੀ ਹੈ ਕਿ ਇਹ ਸਥਿਤੀ ਮੁਤਾਬਕ ਫ਼ੈਸਲਾ ਲੈ ਸਕਦੇ ਹਨ। ਹਾਲੇ ਤੱਕ ਤਕਨੀਕ ਤਜਰਬੇ ਦੇ ਪੱਧਰ 'ਤੇ ਹੈ ਪਰ ਜਲਦੀ ਹੈ ਸੱਚਾਈ ਬਣ ਜਾਵੇਗੀ।
ਅਜਿਹੇ ਦਲ ਵਿਭਿੰਨ ਸ਼ਕਲਾਂ ਅਤੇ ਆਕਾਰਾਂ ਵਿੱਚ ਆਉਂਦੇ ਹਨ। ਉਦਾਹਰਨ ਲਈ ਯੂਐੱਸ ਡਿਫੈਂਸ ਅਡਵਾਂਸਡ ਰਿਸਰਚ ਪ੍ਰਾਜੈਕਟਸ ਏਜੰਸੀ (ਡੀਏਆਰਪੀਏ), ਗ੍ਰੇਮਲਿੰਸ ਨਾਂ ਦੇ ਇੱਕ ਪ੍ਰੋਗਰਾਮ 'ਤੇ ਕੰਮ ਕਰ ਰਹੀ ਹੈ।
ਡਰੋਨ ਮਿਜ਼ਾਇਲਾਂ, ਜਿਨ੍ਹਾਂ ਨੂੰ ਜਹਾਜ਼ਾਂ ਤੋਂ ਸੁੱਟ ਕੇ ਵਿਸ਼ਾਲ ਖੇਤਰਾਂ 'ਤੇ ਮਾਰ ਮਾਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
ਪਨ੍ਹੇ ਦੇ ਦੂਜੇ ਪਾਸੇ ਵੱਡਾ XQ-58 ਵਾਲਕੀਰੀ (Valkyrie) ਡਰੋਨ ਹੈ, ਜਿਸ ਦੀ ਲੰਬਾਈ ਲਗਭਗ 9 ਐੱਮ ਹੈ। ਮਨੁੱਖੀ ਪਾਇਲਟ ਲਈ ਇਸ ਨੂੰ 'ਲੌਇਲ ਵਿੰਗਮੈਨ' ਕਿਹਾ ਗਿਆ ਹੈ - ਜੋ ਸਟੀਕ ਨਿਰਦੇਸ਼ਿਤ ਬੰਬ ਅਤੇ ਨਿਗਰਾਨੀ ਉਪਕਰਣਾਂ ਨੂੰ ਲੈ ਕੇ ਜਾਣ ਦੇ ਸਮਰੱਥ ਹੈ।

ਤਸਵੀਰ ਸਰੋਤ, Getty Images
ਇਸ ਨੇ ਹਾਲ ਹੀ ਵਿੱਚ ਆਪਣੀ ਪਹਿਲੀ ਸਫਲ ਪ੍ਰੀਖਣ ਉਡਾਣ ਪੂਰੀ ਕੀਤੀ ਹੈ।
ਹਾਲਾਂਕਿ ਇਸ ਦਾ ਅੰਤਿਮ ਟੀਚਾ ਮਨੁੱਖੀ ਪਾਇਲਟ ਦੁਆਰਾ ਚਲਾਏ ਜਾ ਰਹੇ ਜੰਗੀ ਜਹਾਜ਼ ਨਾਲ ਤਾਲਮੇਲ ਵਿੱਚ ਕੰਮ ਕਰਨਾ ਹੈ।
ਇਸ ਤਰ੍ਹਾਂ ਇਨ੍ਹਾਂ ਮਸ਼ੀਨੀ 'ਦਲਾਂ' ਦਾ ਸਭ ਤੋਂ ਵੱਡਾ ਫਾਇਦਾ ਮਸ਼ੀਨਾਂ ਦਾ ਵੱਡੀ ਗਿਣਤੀ ਵਿੱਚ ਅਤੇ ਤਾਲਮੇਲ ਨਾਲ ਕੰਮ ਕਰਨ ਦੀ ਯੋਗਤਾ ਹੈ। ਫਿਰ ਜਦੋਂ ਗੱਲ ਯੁੱਧ ਦੇ ਮੈਦਾਨ ਦੀ ਆਉਂਦੀ ਹੈ, ਤਾਂ ਗਿਣਤੀ ਮਾਅਨੇ ਰੱਖਦੀ ਹੈ।
"ਦਲ ਰਾਹੀਂ ਤੁਸੀਂ ਵੱਡੀ ਗਿਣਤੀ ਵਿੱਚ ਕਿਫ਼ਾਇਤੀ ਇੰਜਣ ਬਣਾ ਸਕਦੇ ਹੋ।' ਸ਼ਾਰੇਰ ਕਹਿੰਦੇ ਹਨ "ਇਹ ਜਹਾਜ਼ਾਂ ਦੀ ਵੱਧ ਰਹੀ ਕੀਮਤ ਅਤੇ ਸੰਖਿਆ ਦੇ ਵਧ ਰਹੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਰੁਝਾਨ ਨੂੰ ਉਲਟਾ ਦਿੰਦਾ ਹੈ।''
"ਵੱਡੀ ਗਿਣਤੀ ਵਿੱਚ ਸੈਨਿਕ ਹੋਣ ਦੇ ਉਲਟ ਰੋਬੋਟਿਕ ਏਜੰਟ ਅਜਿਹੇ ਪੈਮਾਨੇ 'ਤੇ ਤਾਲਮੇਲ ਕਰ ਸਕਦੇ ਹਨ ਜੋ ਮਨੁੱਖ ਲਈ ਅਸੰਭਵ ਹੋਵੇਗਾ।"
ਪੰਛੀ ਅਤੇ ਮਧੂ ਮੱਖੀਆਂ
ਰੱਖਿਆ ਪ੍ਰਣਾਲੀ ਵਿੱਚ ਤਾਬੜਤੋੜ ਹਮਲਾ ਕਰਨਾ ਇੱਕ ਚੀਜ਼ ਹੈ, ਪਰ ਅਜਿਹਾ ਤਾਂ ਪਹਾੜੀ ਤੋਂ ਪੱਥਰ ਸੁੱਟ ਕੇ ਵੀ ਕੀਤਾ ਜਾ ਸਕਦਾ ਹੈ। ਪੱਥਰ ਤਾਲਮੇਲ ਨਹੀਂ ਕਰ ਸਕਦੇ ਪਰ ਰੋਬੋਟ ਕਰ ਸਕਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਹ ਸਿਰਫ਼ ਫੌਜ ਹੀ ਨਹੀਂ ਹੈ ਜੋ ਇਸ ਸਮੱਸਿਆ ਵਿੱਚ ਦਿਲਚਸਪੀ ਰੱਖਦੀ ਹੈ। ਡਾ. ਜਸਟਿਨ ਵਰਫਲ ਹਾਰਵਰਡ ਦੇ ਵਾਈਸ ਇੰਸਟੀਚਿਊਟ ਫਾਰ ਬਾਇਓਲੌਜੀਕਲ ਇੰਸਪਾਇਰਡ ਇੰਜੀਨੀਅਰਿੰਗ ਵਿੱਚ ਇੱਕ ਸੀਨੀਅਰ ਵਿਗਿਆਨੀ ਹਨ।
"ਪੰਛੀਆਂ ਜਾਂ ਮਧੂ ਮੱਖੀਆਂ ਦੇ ਕੁਦਰਤੀ ਝੁੰਡ ਵਿੱਚ ਸਾਰੇ ਆਪੋ-ਆਪਣੇ ਕੰਮ ਕਰ ਰਹੇ ਹਨ। ਹਰ ਇੱਕ ਦਾ ਆਪਣਾ ਦਿਮਾਗ ਹੁੰਦਾ ਹੈ, ਉਹ ਜਾਣਦਾ ਹੈ ਕਿ ਉਹ ਆਪਣੇ ਆਪ ਕੀ ਕਰ ਸਕਦਾ ਹੈ।" "ਤੁਹਾਡੇ ਕੋਲ ਸਪੱਸ਼ਟ ਤੌਰ 'ਤੇ ਗਾਈਡ ਕਰਨ ਵਾਲਾ ਕੋਈ ਨਹੀਂ ਹੈ। ਰਾਣੀ ਮੱਖੀ ਸਾਰਿਆਂ ਨੂੰ ਨਿਰਦੇਸ਼ ਨਹੀਂ ਦੇ ਰਹੀ ਹੈ।"
'ਚੁਣੌਤੀ ਇਹ ਹੈ ਕਿ ਤੁਸੀਂ ਉਨ੍ਹਾਂ ਦਾ ਵਿਅਕਤੀਗਤ ਨਿਰਮਾਣ ਕਿਵੇਂ ਕਰਦੋ ਹੋ ਤਾਂ ਕਿ ਉਹ ਸਮੂਹਿਕ ਤੌਰ 'ਤੇ ਉਹੀ ਕਰਨ ਜੋ ਤੁਸੀਂ ਚਾਹੁੰਦੇ ਹੋ।''

ਤਸਵੀਰ ਸਰੋਤ, Getty Images
ਉਦਾਹਰਨ ਲਈ ਹਾਰਵਰਡ ਵਿੱਚ ਚੱਲਣ ਵਾਲਾ ਇੱਕ ਰੋਬੋਟਿਕ ਨਿਰਮਾਣ ਪ੍ਰਾਜੈਕਟ ਸਿਊਂਕ ਦੀਆਂ ਕਾਲੋਨੀਆਂ ਤੋਂ ਪ੍ਰੇਰਣਾ ਲੈਂਦਾ ਹੈ ਅਤੇ ਕਿਵੇਂ ਉਹ ਕੇਂਦਰੀ ਕੰਟਰੋਲ ਦੇ ਬਿਨਾਂ ਵਿਸ਼ਾਲ, ਵਿਸਥਾਰਤ ਸੰਰਚਨਾਵਾਂ ਦਾ ਨਿਰਮਾਣ ਕਰਦੀਆਂ ਹਨ।
ਉਹ 'ਸਟਿਗਮਰਜੀ' (stigmergy) ਨਾਂ ਦੇ ਇੱਕ ਤੰਤਰ ਦਾ ਉਪਯੋਗ ਕਰਕੇ ਅਜਿਹਾ ਕਰਦੇ ਹਨ, ਉਹ ਇਸ ਤਰ੍ਹਾਂ ਇੱਕ ਨਿਸ਼ਾਨ ਛੱਡਦੇ ਹਨ ਜੋ ਵਾਤਾਵਰਣ ਵਿੱਚ ਉਹ ਦੂਜਿਆਂ ਨੂੰ ਪ੍ਰਤੀਕਿਰਿਆ ਦੇਣ ਲਈ ਇੱਕ ਸੰਕੇਤ ਛੱਡ ਦਿੰਦਾ ਹੈ।
ਡਾ. ਵਰਫਲ ਕਹਿੰਦੇ ਹਨ, '' ਆਪਣੇ ਪਿੱਛੇ ਸੰਕੇਤ ਛੱਡ ਕੇ ਜਿੱਥੇ ਉਹ ਸਭ ਤੋਂ ਜ਼ਿਆਦਾ ਪ੍ਰਸੰਗਿਕ ਹੋਵੇ, ਜੀਵ ਸੰਚਾਰ ਕਰਦੇ ਹਨ। ਕੀੜੀਆਂ ਰਸਾਇਣਿਕ ਨਿਸ਼ਾਨ ਛੱਡ ਕੇ ਅਜਿਹਾ ਕਰਦੀਆਂ ਹਨ, ਸਿਊਂਕ ਅਜਿਹਾ ਹੀ ਕੰਮ ਮਿੱਟੀ ਨੂੰ ਟੀਲੇ ਵਿਚ ਪਾ ਕੇ ਕਰਦੀ ਹੈ।''
ਪੰਛੀਆਂ ਦੇ ਝੁੰਡ ਇਸ ਖੇਤਰ ਦੇ ਖੋਜੀਆਂ ਲਈ ਇੱਕ ਹੋਰ ਪ੍ਰੇਰਣਾ ਹਨ।
ਮੈਨਾ ਦੀਆਂ ਵੱਡੀਆਂ ਡਾਰਾਂ ਵਿੱਚ ਉਡਾਣ ਨੂੰ ਦੇਖੋ ਅਤੇ ਅਜਿਹਾ ਲੱਗਦਾ ਹੈ ਕਿ ਇਹ ਝੁੰਡ ਸਮੂਹਿਕ ਬੁੱਧੀ ਨਾਲ ਅੱਗੇ ਵਧ ਰਿਹਾ ਹੈ, ਪਰ ਅਸਲ ਵਿੱਚ ਇਹ ਜਨੌਰ ਗਤੀ ਅਤੇ ਦਿਸ਼ਾ ਵਿੱਚ ਸੂਖਮ ਤਬਦੀਲੀਆਂ 'ਤੇ ਪ੍ਰਤੀਕਿਰਿਆ ਦੇ ਰਹੇ ਹਨ।
ਇਸ ਦੀ ਸੂਚਨਾ ਇੱਕ ਸਕਿੰਟ ਵਿੱਚ ਝੁੰਡ ਵਿੱਚ ਫੈਲ ਜਾਂਦੀ ਹੈ ਅਤੇ ਇਹ ਵਿਕੇਂਦਰੀਕ੍ਰਿਤ ਵਿਵਹਾਰ ਠੀਕ ਉਸ ਤਰ੍ਹਾਂ ਹੀ ਹੈ ਜਿਵੇਂ ਕਿ ਡਰੋਨ ਰਿਸਰਚਰ ਕਾਪੀ ਕਰਨਾ ਚਾਹੁੰਦੇ ਹਨ।

ਤਸਵੀਰ ਸਰੋਤ, xiaomi
ਪਰ ਇਨ੍ਹਾਂ ਵਿਚਾਰਾਂ ਨੂੰ ਯੁੱਧ ਦੇ ਮੈਦਾਨ ਵਿੱਚ ਲਾਗੂ ਕਰਨਾ ਮਸਲੇ ਖੜ੍ਹੇ ਕਰਦਾ ਹੈ, ਯਾਨੀ ਇੱਕ ਯੁੱਧ ਖੇਤਰ ਇੱਕ ਨਿਰਮਾਣ ਸਥਾਨ ਜਾਂ ਆਕਾਸ਼ ਦੇ ਸ਼ਾਂਤ ਹਿੱਸੇ ਦੀ ਤੁਲਨਾ ਵਿੱਚ ਜ਼ਿਆਦਾ ਹਫੜਾ ਦਫੜੀ ਵਾਲਾ ਹੈ।
ਰੋਬੋਟਿਕ ਦਲ ਦੇ ਪ੍ਰਭਾਵੀ ਢੰਗ ਨਾਲ ਕੰਮ ਕਰਨ ਲਈ ਉਸ ਨੂੰ ਨਾ ਸਿਰਫ਼ ਮਿਜ਼ਾਇਲਾਂ ਦਾ ਜਵਾਬ ਦੇਣਾ ਹੋਵੇਗਾ, ਬਲਕਿ ਇਸ ਦੇ ਸੰਚਾਰ ਅਤੇ ਜੀਪੀਐੱਸ 'ਤੇ ਇਲੈਕਟ੍ਰੌਨਿਕ ਹਮਲਿਆਂ ਦਾ ਵੀ ਜਵਾਬ ਦੇਣਾ ਹੋਵੇਗਾ।
ਸਾਲ 2018 ਦੇ ਅੰਤ ਵਿੱਚ ਡੀਏਆਰਪੀਏ ਨੇ ਐਲਾਨ ਕੀਤਾ ਕਿ ਉਸ ਨੇ ਐਰੀਜ਼ੋਨਾ ਰੇਗਿਸਤਾਨ ਦੇ ਉੱਪਰ 'ਅਣਕਿਆਸੇ ਖਤਰਿਆਂ ਦੇ ਅਨੁਕੂਲ ਅਤੇ ਪ੍ਰਤੀਕਿਰਿਆ ਕਰਨ' ਦੀ ਸਮਰੱਥਾ ਨਾਲ ਡਰੋਨ ਦੇ ਇੱਕ ਦਲ ਨੂੰ ਲੈਸ ਕਰਨ ਲਈ ਡਿਨਾਇਡ ਐਨਵਾਇਰਨਮੈਂਟ (ਕੋਡ) ਪ੍ਰਾਜੈਕਟ ਵਿੱਚ ਮਨੁੱਖੀ ਸੰਚਾਰ ਬੰਦ ਹੋਣ ਦੇ ਬਾਅਦ ਵੀ ਆਪਣੇ ਸਹਿਯੋਗੀ ਸੰਚਾਲਨ ਦਾ ਉਪਯੋਗ ਕੀਤਾ।
ਜੇ ਡਰੋਨਾਂ ਦਾ ਦਲ "ਜੀਵਿਤ ਮਨੁੱਖੀ ਦਿਸ਼ਾ ਤੋਂ ਬਗੈਰ ਮਿਸ਼ਨ ਦੇ ਉਦੇਸ਼ਾਂ ਨੂੰ ਪੂਰਾ ਕਰਨ" ਦੇ ਯੋਗ ਹੁੰਦਾ ਹੈ, ਜਿਵੇਂ ਕਿ ਡੀਆਰਪੀਏ ਕਹਿੰਦਾ ਹੈ, ਤਾਂ ਕੀ ਇਹ ਇਸ ਨੂੰ ਇੱਕ ਸਵੈਚਾਲਿਤ ਹਥਿਆਰ ਬਣਾਉਂਦਾ ਹੈ?
ਅਜਿਹੀਆਂ ਮਸਨੂਈ ਬੁੱਧੀ ਪ੍ਰਣਾਲੀਆਂ 'ਤੇ ਪਾਬੰਦੀ ਲਗਾਉਣ ਲਈ ਕਿਹਾ ਗਿਆ ਹੈ ਜੋ ਬਿਨਾਂ ਕਿਸੇ ਮਨੁੱਖੀ ਦਖਲ ਦੇ ਹੱਤਿਆ ਕਰਨ ਵਿੱਚ ਸਮਰੱਥ ਹਨ। ਜਦੋਂ ਤੁਹਾਡੇ ਕੋਲ ਅਜਿਹਾ ਦਲ ਹੁੰਦਾ ਹੈ ਜੋ ਆਪਣੇ ਰਣਨੀਤਕ ਫੈਸਲੇ ਲੈ ਸਕਦਾ ਹੈ ਤਾਂ ਫਿਰ ਕੰਟਰੋਲ ਕਿੱਥੇ ਰਹਿ ਜਾਂਦਾ ਹੈ?
ਭਾਲ ਅਤੇ ਬਚਾਅ, ਭਾਲ ਅਤੇ ਤਬਾਹੀ
ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਸ਼ਾਰੇਰ ਕਹਿੰਦੇ ਹਨ, ''ਇਸ ਤੋਂ ਪਹਿਲਾਂ ਕਿ ਅਸੀਂ ਇਸ ਨੂੰ ਅਸਲ ਤਰੀਕੇ ਨਾਲ ਹੁੰਦਾ ਦੇਖੀਏ, ਇਸ ਵਿੱਚ ਕੁਝ ਸਮਾਂ ਲੱਗੇਗਾ।''
ਪ੍ਰਯੋਗ ਜਾਰੀ ਹਨ। ਇਸ ਮਹੀਨੇ ਯੂਕੇ ਦੀ ਰੱਖਿਆ ਵਿਗਿਆਨ ਅਤੇ ਤਕਨਾਲੋਜੀ ਪ੍ਰਯੋਗਸ਼ਾਲਾ (ਯੂਐੱਸਟੀਐੱਲ) ਅਤੇ ਯੂਐੱਸ ਏਅਰ ਫੋਰਸ ਰਿਸਰਚ ਲੈਬਾਰਟਰੀ (ਏਐੱਫਆਰਐੱਲ) ਵੱਲੋਂ ਇੱਕ 'ਸਵਰਮਿੰਗ ਡਰੋਨ' "ਹੈਕਾਥਨ" ਕਰਵਾਈ ਜਾਵੇਗੀ। ਇਸ ਦਾ ਉਦੇਸ਼ ਇਨ੍ਹਾਂ ਦਲਾਂ ਨਾਲ ਹਮਲੇ ਕਰਨਾ ਨਹੀਂ ਹੈ, ਪਰ ਜੰਗਲਾਂ ਵਿੱਚ ਅੱਗ ਲੱਗਣ 'ਤੇ ਐਮਰਜੈਂਸੀ ਸੇਵਾਵਾਂ ਦੀ ਸਹਾਇਤਾ ਲਈ ਨਵੇਂ ਤਰੀਕੇ ਲੱਭਣਾ ਹੈ।
ਡੀਐੱਸਟੀਐੱਲ ਵਿੱਚ ਏਅਰੋਸਪੇਸ ਸਿਸਟਮਜ਼ ਗਰੁੱਪ ਲੀਡਰ ਟਿਮ ਰਾਈਟ ਕਹਿੰਦੇ ਹਨ, ''ਇੱਕ ਡਰੋਨ ਦਲ ਨੂੰ ਅਪਰੇਟਰ ਦੇ ਬੋਝ ਨੂੰ ਘੱਟਾਉਣਾ ਚਾਹੀਦਾ ਹੈ। ਉਦਾਹਰਨ ਲਈ ਗੁਆਚੇ ਹੋਏ ਵਿਅਕਤੀ ਨੂੰ ਲੱਭ ਸਕਦਾ ਹੈ ਜਾਂ ਸ਼ਾਇਦ 2018 ਵਿੱਚ ਕੈਲੀਫੋਰਨੀਆ ਵਿੱਚ ਕਈ ਥਾਵਾਂ 'ਤੇ ਲੱਗੀ ਅੱਗ ਦੇ ਸਹੀ ਨਕਸ਼ੇ ਮੁਹੱਈਆ ਕਰ ਸਕਦਾ ਹੈ।''
ਕੀ ਇਨ੍ਹਾਂ ਪ੍ਰਣਾਲੀਆਂ ਨੂੰ ਵਿਆਪਕ ਸੈਨਾ ਪ੍ਰਯੋਗਾਂ ਲਈ ਵੀ ਵਿਚਾਰਿਆ ਜਾ ਸਕਦਾ ਹੈ? ਉਹ ਕਹਿੰਦੇ ਹਨ, ''ਅਸੀਂ ਨਿਸ਼ਚਤ ਰੂਪ ਨਾਲ ਆਪਣੀਆਂ ਐਮਰਜੈਂਸੀ ਸੇਵਾਵਾਂ ਅਤੇ ਬਲਾਂ ਨੂੰ ਨੁਕਸਾਨ ਦੇ ਜੋਖ਼ਮ ਨੂੰ ਘੱਟ ਕਰਨ ਦੇ ਕਿਸੇ ਵੀ ਸਾਧਨ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਾਂਗੇ।''
ਹੈਕਾਥਨ ਦੇ ਨਤੀਜੇ ਇੱਕ ਦਿਨ ਯੁੱਧ ਦੇ ਮੈਦਾਨ ਵਿੱਚ ਆਉਂਦੇ ਹਨ ਜਾਂ ਨਹੀਂ, ਪਰ ਅਜਿਹਾ ਲੱਗਦਾ ਹੈ ਕਿ ਦਲ ਸੈਨਾ ਤਕਨਾਲੋਜੀ ਦਾ ਉਪਯੋਗ ਲਾਜ਼ਮੀ ਹੈ।
ਸ਼ਾਰੇਰ ਇਸ ਦੀ ਤੁਲਨਾ ਸਟੀਕ ਨਿਰਦੇਸ਼ਿਤ ਹਥਿਆਰਾਂ ਦੇ ਵਿਕਾਸ ਨਾਲ ਕਰਦੇ ਹਨ ਜਿਨ੍ਹਾਂ ਦਾ ਟੈਸਟ ਅਤੇ ਸੁਧਾਰ 1970 ਅਤੇ 1980 ਦੇ ਦਹਾਕੇ ਦੌਰਾਨ ਕੀਤਾ ਗਿਆ ਸੀ, ਪਰ ਸਿਰਫ਼ 1990 ਦੇ ਦਹਾਕੇ ਦੇ ਪਹਿਲੇ ਖਾੜੀ ਯੁੱਧ ਦੇ ਦੌਰਾਨ ਹੀ ਇਹ ਸਾਹਮਣੇ ਆ ਸਕਿਆ ਸੀ।
ਉਸ ਯੁੱਧ ਨੇ ਕਈ ਮਾਅਨਿਆਂ ਵਿੱਚ ਆਉਣ ਵਾਲੇ ਦਹਾਕਿਆਂ ਵਿੱਚ ਸੰਘਰਸ਼ਾਂ ਦਾ ਖਾਕਾ ਤਿਆਰ ਕੀਤਾ। ਖੁਦਮੁਖਤਿਆਰ ਮਸ਼ੀਨਾਂ ਦੇ ਸਵੈ ਸੰਗਠਿਤ ਦਲ ਆਉਣ ਵਾਲੇ ਯੁੱਧਾਂ ਲਈ ਵੀ ਅਜਿਹਾ ਹੀ ਕਰ ਸਕਦੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














