ਟੋਕਿਓ ਓਲੰਪਿਕ ਕੋਰੋਨਾ ਕਾਲ ’ਚ ਕਿਵੇਂ ਹੋਣ ਜਾ ਰਹੇ ਹਨ, 7 ਸਵਾਲਾਂ ਦੇ ਜਵਾਬ

ਤਸਵੀਰ ਸਰੋਤ, Getty Images
ਜਪਾਨ 'ਚ ਕੋਵਿਡ-19 ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਬਾਵਜੂਦ ਟੋਕਿਓ ਓਲੰਪਿਕ ਖੇਡਾਂ ਸ਼ੁਰੂ ਹੋ ਗਈਆਂ ਹਨ।
ਟੋਕਿਓ 2020 ਦੇ ਪ੍ਰਧਾਨ ਸੀਕੋ ਹਾਸ਼ੀਮੋਟੋ ਨੂੰ 100% ਵਿਸ਼ਵਾਸ ਹੈ ਕਿ ਸ਼ਹਿਰ 'ਚ ਐਮਰਜੈਂਸੀ ਦੀ ਸਥਿਤੀ ਹੋਣ ਦੇ ਬਾਵਜੂਦ ਇਹ ਖੇਡਾਂ ਅੱਗੇ ਵੱਧਣਗੀਆਂ।
1. ਓਲੰਪਿਕ ਕਦੋਂ ਅਤੇ ਕਿੱਥੇ ਆਯੋਜਿਤ ਹੋ ਰਿਹਾ ਹੈ?
2020 ਗਰਮੀਆਂ ਦੀਆਂ ਓਲੰਪਿਕ ਖੇਡਾਂ 23 ਜੁਲਾਈ ਤੋਂ 8 ਅਗਸਤ ਤੱਕ ਜਾਪਾਨ ਦੀ ਰਾਜਧਾਨੀ ਟੋਕਿਓ ਵਿਖੇ ਆਯੋਜਿਤ ਹੋ ਰਹੀਆਂ ਹਨ। ਇਸ ਤੋਂ ਇਲਾਵਾ ਪੈਰਾ ਓਲੰਪਿਕ ਖੇਡਾਂ 24 ਅਗਸਤ ਤੋਂ 25 ਸਤੰਬਰ ਦਰਮਿਆਨ ਹੋਣਗੀਆਂ।
ਇਹ ਵੀ ਪੜ੍ਹੋ
ਪਿਛਲੇ ਸਾਲ ਕੋਵਿਡ ਦੇ ਕਾਰਨ ਇੰਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਓਲੰਪਿਕ 'ਚ 33 ਮੁਕਾਬਲੇ ਅਤੇ 339 ਈਵੈਂਟ ਸ਼ਾਮਲ ਹਨ ਜੋ ਕਿ 42 ਥਾਵਾਂ 'ਤੇ ਆਯੋਜਿਤ ਕੀਤੇ ਜਾਂਦੇ ਹਨ। ਪੈਰਾ ਓਲੰਪਿਕ 'ਚ 22 ਖੇਡਾਂ ਅਤੇ 539 ਈਵੈਂਟ ਸ਼ਾਮਲ ਹਨ ਜੋ ਕਿ 21 ਵੱਖ-ਵੱਖ ਥਾਵਾਂ 'ਤੇ ਆਯੋਜਿਤ ਹੁੰਦੇ ਹਨ।
ਵਧੇਰੇ ਈਵੈਂਟ ਗ੍ਰੇਟਰ ਟੋਕਿਓ 'ਚ ਹੋਣਗੇ। ਕੁਝ ਫੁੱਟਬਾਲ ਗੇਮਜ਼ ਅਤੇ ਮੈਰਾਥਨ ਦਾ ਆਯੋਜਨ ਹੋਕਾਇਡੋ ਦੇ ਸਪੋਰੋ ਵਿਖੇ ਹੋਵੇਗਾ, ਜੋ ਕਿ ਇੱਕ ਐਮਰਜੈਂਸੀ ਵਾਲਾ ਇਲਾਕਾ ਹੈ।
2. ਕੋਵਿਡ ਨੇ ਜਪਾਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?
ਜਪਾਨ 'ਚ ਕੋਵਿਡ ਦੇ ਮਾਮਲਿਆਂ ਦੀ ਗਿਣਤੀ ਅਜੇ ਘੱਟ ਹੈ। ਇੱਥੇ ਤਕਰੀਬਨ 778,000 ਮਾਮਲੇ ਅਤੇ 14150 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਪਰ ਅਪ੍ਰੈਲ 'ਚ ਸ਼ੁਰੂ ਹੋਈ ਲਾਗ ਦੀ ਦੂਜੀ ਲਹਿਰ ਤੋਂ ਬਾਅਦ ਕੁਝ ਇਲਾਕਿਆਂ 'ਚ 20 ਜੂਨ ਤੱਕ ਪਾਬੰਦੀਆਂ ਲਗਾਈਆਂ ਗਈਆਂ ਸਨ।
ਜਪਾਨ ਨੇ ਦੂਜੇ ਵਿਕਸਤ ਦੇਸ਼ਾਂ ਦੇ ਮੁਕਾਬਲੇ ਇਸ ਸਾਲ ਫਰਵਰੀ ਮਹੀਨੇ ਹੀ ਦੇਸ਼ 'ਚ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਕਰਕੇ ਹੁਣ ਤੱਕ ਸਿਰਫ 71 ਲੱਖ ਲੋਕਾਂ ਜਾਂ ਜਪਾਨ ਦੀ ਕੁੱਲ ਆਬਾਦੀ ਦੇ 5.6% ਦਾ ਹੀ ਟੀਕਾਕਰਨ ਹੋਇਆ ਹੈ।
ਟੋਕਿਓ ਅਤੇ ਓਸਾਕਾ ਦੋਵਾਂ ਹੀ ਸ਼ਹਿਰਾਂ 'ਚ ਕੋਵਿਡ ਦੇ ਮਾਮਲਿਆਂ 'ਚ ਖਾਸਾ ਵਾਧਾ ਹੋਇਆ ਹੈ । ਅਧਿਕਾਰੀਆਂ ਨੂੰ ਉਮੀਦ ਹੈ ਕਿ ਜੁਲਾਈ ਮਹੀਨੇ ਦੇ ਅੰਤ ਤੱਕ 65 ਤੋਂ ਵੱਧ ਉਮਰ ਦੇ ਲੋਕਾਂ ਦਾ ਮੁਕੰਮਲ ਟੀਕਾਕਰਨ ਹੋ ਜਾਵੇਗਾ।

ਤਸਵੀਰ ਸਰੋਤ, Reuters
3. ਓਲੰਪਿਕ ਲਈ ਕਿਹੜੇ ਕੋਵਿਡ ਉਪਾਅ ਅਪਣਾਏ ਜਾ ਰਹੇ ਹਨ?
ਜਪਾਨ ਦੀਆਂ ਸਰਹੱਦਾਂ ਵਿਦੇਸ਼ੀ ਲੋਕਾਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ, ਇਸ ਲਈ ਕੋਈ ਵੀ ਕੌਮਾਂਤਰੀ ਪ੍ਰਸ਼ੰਸਕ ਇੰਨ੍ਹਾਂ ਖੇਡਾਂ ਨੂੰ ਵੇਖਣ ਨਹੀਂ ਆ ਸਕਣਗੇ। ਸਥਾਨਕ ਪ੍ਰਸ਼ੰਸਕ ਵੀ ਇਸ 'ਚ ਹਿੱਸਾ ਲੈ ਸਕਦੇ ਹਨ ਜਾਂ ਫਿਰ ਨਹੀਂ, ਇਸ ਸਬੰਧੀ ਫ਼ੈਸਲਾ ਨਹੀਂ ਹੋ ਸਕਿਆ ਹੈ।
ਅੰਤਰਰਾਸ਼ਟਰੀ ਖਿਡਾਰੀਆਂ ਅਤੇ ਸਹਾਇਤਾ ਅਮਲੇ ਦਾ ਜਪਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਅਤੇ ਇੱਥੇ ਪਹੁੰਚਣ 'ਤੇ ਕੋਰੋਨਾ ਟੈਸਟ ਕੀਤਾ ਜਾਵੇਗਾ। ਜ਼ਰੂਰੀ ਨਹੀਂ ਹੈ ਕਿ ਉਨ੍ਹਾਂ ਨੂੰ ਏਕਾਂਤਵਾਸ 'ਚ ਰੱਖਿਆ ਜਾਵੇਗਾ ਪਰ ਸਥਾਨਕ ਲੋਕਾਂ ਤੋਂ ਦੂਰੀ ਕਾਇਮ ਰੱਖਣ ਲਈ ਜ਼ਰੂਰ ਹਦਾਇਤ ਦਿੱਤੀ ਜਾਵੇਗੀ।
ਡੈਲਟਾ ਵੇਰੀਐਂਟ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਯੂਕੇ ਨੂੰ ਜਪਾਨ ਨੇ ਰੈੱਡ ਟ੍ਰੇਵਲ ਸੂਚੀ 'ਚ ਸ਼ਾਮਲ ਕੀਤਾ ਹੈ, ਜਿਸ ਕਰਕੇ ਜੀਬੀ ਖਿਡਾਰੀਆਂ ਨੂੰ ਕੁਆਰੰਟੀਨ ਕੀਤਾ ਜਾ ਸਕਦਾ ਹੈ।
ਸਹਾਇਤਾ ਅਮਲੇ ਅਤੇ ਮੀਡੀਆ ਦੇ ਮੈਂਬਰਾਂ ਸਮੇਤ ਯੂਕੇ ਤੋਂ ਆਉਣ ਵਾਲੇ ਲੋਕਾਂ ਨੂੰ ਤੁਰੰਤ ਹੀ ਆਪਣੇ ਆਪ ਨੂੰ 6 ਦਿਨਾਂ ਲਈ ਸਵੈ-ਇੱਛਾ ਨਾਲ ਏਕਾਂਤਵਾਸ 'ਚ ਰੱਖਣਾ ਹੋਵੇਗਾ।
ਟੋਕਿਓ 2020 ਨੇ ਕਿਹਾ ਹੈ ਕਿ ਖਿਡਾਰੀਆਂ ਲਈ ਕੋਈ ਅਫਵਾਦ ਨਹੀਂ ਬਣਾਇਆ ਜਾਵੇਗਾ, ਪਰ ਟੀਮ ਜੀਬੀ ਦਾ ਕਹਿਣਾ ਹੈ ਕਿ ਉਹ ਸਥਿਤੀ ਨੂੰ ਜਲਦ ਸੁਲਝਾਉਣ ਦੀ ਉਮੀਦ ਕਰਦਾ ਹੈ। ਇਸ ਫ਼ੈਸਲੇ ਦੀ ਸਮੀਖਿਆ 1 ਜੁਲਾਈ ਨੂੰ ਹੋਵੇਗੀ।
ਖਿਡਾਰੀਆਂ ਨੂੰ ਵੀ ਟੀਕਾਕਰਨ ਦੀ ਜ਼ਰੂਰਤ ਨਹੀਂ ਹੈ, ਪਰ ਆਈਓਸੀ ਦੇ ਅਧਿਕਾਰੀਆਂ ਨੂੰ ਉਮੀਦ ਹੈ ਕਿ ਲਗਭਗ 80% ਖਿਡਾਰੀਆਂ ਦਾ ਟੀਕਾਕਰਨ ਹੋਇਆ ਹੋਵੇਗਾ। ਓਲੰਪਿਕ 'ਚ ਸ਼ਾਮਲ ਹੋਣ ਵਾਲੇ ਪ੍ਰਤੀਭਾਗੀਆਂ ਦਾ ਰੋਜ਼ਾਨਾ ਹੀ ਟੈਸਟ ਹੋਵੇਗਾ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
4. ਕੀ ਜਪਾਨ ਦੇ ਲੋਕ ਓਲੰਪਿਕ ਚਾਹੁੰਦੇ ਹਨ?
ਪ੍ਰਮੁੱਖ ਅਸਾਹੀ ਸ਼ਿਮਬੁਨ ਅਖ਼ਬਾਰ 'ਚ ਹਾਲ 'ਚ ਹੀ ਹੋਏ ਇਕ ਸਰਵੇਖਣ 'ਚ ਕਿਹਾ ਗਿਆ ਹੈ ਕਿ 80% ਤੋਂ ਵੱਧ ਆਬਾਦੀ ਚਾਹੁੰਦੀ ਹੈ ਕਿ ਜਾਂ ਤਾਂ ਖੇਡਾਂ ਰੱਦ ਕਰ ਦਿੱਤੀਆਂ ਜਾਣ ਜਾਂ ਫਿਰ ਮੁਲਤਵੀ ਕਰ ਦਿੱਤੀਆਂ ਜਾਣ।
ਜਿੰਨ੍ਹਾਂ ਇਲਾਕਿਆਂ 'ਚ ਓਲੰਪਿਕ ਖੇਡਾਂ ਦਾ ਆਯੋਜਨ ਹੋਣਾ ਹੈ, ਉਨ੍ਹਾਂ 'ਚੋਂ ਕਈ ਤਾਂ ਕੋਵਿਡ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਕਾਰਨ ਡਰ ਗਏ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਸਿਹਤ ਸੰਭਾਲ ਪ੍ਰਣਾਲੀ 'ਤੇ ਦਬਾਅ ਪਵੇਗਾ।
ਮਈ ਮਹੀਨੇ 'ਚ ਇਕ ਡਾਕਟਰ ਯੂਨੀਅਨ ਨੇ ਸਰਕਾਰ ਨੂੰ ਕਿਹਾ ਸੀ ਕਿ ਮਹਾਮਾਰੀ ਦੇ ਮੱਦੇਨਜ਼ਰ ਖੇਡਾਂ ਦਾ ਆਯੋਜਨ ਕਰਨਾ 'ਅਸੰਭਵ' ਹੈ ਅਤੇ ਅਸਾਹੀ ਸ਼ਿਮਬੁਨ ਨੇ ਓਲੰਪਿਕ ਖੇਡਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ
5. ਐਥਲੀਟਾਂ ਦੇ ਨੁਮਾਇੰਦਿਆਂ ਦਾ ਕੀ ਕਹਿਣਾ ਹੈ ?
ਬਹੁਤ ਸਾਰੀਆਂ ਸੰਸਥਾਵਾਂ ਅਤੇ ਮਾਹਰਾਂ ਨੇ ਇਸ ਸਬੰਧੀ ਚਿੰਤਾ ਜ਼ਾਹਰ ਕੀਤੀ ਹੈ।
ਵਰਲਡ ਪਲੇਅਰ ਐਸੋਸੀਏਸ਼ਨ, ਜੋ ਕਿ 60 ਤੋਂ ਵੱਧ ਦੇਸ਼ਾਂ ਦੇ 85,000 ਖਿਡਾਰੀਆਂ ਦੀ ਨੁਮਾਇੰਦਗੀ ਕਰਦੀ ਹੈ, ਨੇ ਕਿਹਾ ਹੈ ਕਿ ਖਿਡਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਈਓਸੀ ਨੂੰ ਸਰੀਰਕ ਦੂਰੀ ਅਤੇ ਹੋਰ ਉਪਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਪਵੇਗਾ।
ਜਪਾਨੀ ਖਿਡਾਰੀਆਂ ਨੇ ਇਸ ਮੁੱਦੇ 'ਤੇ ਚੁੱਪ ਧਾਰੀ ਹੋਈ ਹੈ ਪਰ ਦੇਸ਼ ਦੇ ਸਭ ਤੋਂ ਵੱਡੇ ਖੇਡ ਸਟਾਰ, ਟੈਨਿਸ ਚੈਂਪੀਅਨ ਨਾਓਮੀ ਓਸਾਕਾ ਨੇ ਕਿਹਾ ਹੈ ਕਿ ਇਸ 'ਤੇ ਬਹਿਸ, ਵਿਚਾਰ ਚਰਚਾ ਹੋਣੀ ਚਾਹੀਦੀ ਹੈ।

ਤਸਵੀਰ ਸਰੋਤ, Photoshot
6. ਦੂਜੇ ਦੇਸ਼ਾਂ ਨੇ ਓਲੰਪਿਕ 'ਚ ਹਿੱਸਾ ਲੈਣ ਬਾਰੇ ਕੀ ਕਿਹਾ ਹੈ ?
ਕਿਸੇ ਵੀ ਵੱਡੇ ਦੇਸ਼ ਨੇ ਇੰਨ੍ਹਾਂ ਖੇਡਾਂ ਦੇ ਖ਼ਿਲਾਫ ਕੋਈ ਵੀ ਗੱਲ ਨਹੀਂ ਕੀਤੀ ਹੈ।
ਅਮਰੀਕਾ ਨੇ ਜਪਾਨ 'ਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਜਪਾਨ ਲਈ ਯਾਤਰਾ ਚੇਤਾਵਨੀ ਜਾਰੀ ਜ਼ਰੂਰ ਕੀਤੀ ਹੈ, ਪਰ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਖਿਡਾਰੀ ਇਸ 'ਚ ਹਿੱਸਾ ਲੈਣਗੇ।
ਟੀਮ ਜੀਬੀ ਸਾਪਣੀ ਪੂਰੀ ਟੀਮ ਟੋਕਿਓ ਓਲੰਪਿਕ ਖੇਡਾਂ 'ਚ ਭੇਜਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਆਪਣੇ ਸਮਰਥਨ ਦਾ ਵਾਅਦਾ ਦਿੱਤਾ ਹੈ। ਚੀਨ ਅਗਲੇ ਸਾਲ ਫਰਵਰੀ ਮਹੀਨੇ ਵਿੰਟਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ।
7. ਕੀ ਓਲੰਪਿਕ ਰੱਦ ਹੋ ਸਕਦਾ ਹੈ?
ਹਾਂ, ਓਲੰਪਿਕ ਰੱਦ ਹੋ ਸਕਦਾ ਹੈ, ਪਰ ਬਹੁਤ ਹੀ ਅਪਵਾਦ ਵਾਲੀ ਸਥਿਤੀ 'ਚ ਜਿਵੇਂ ਕਿ ਜੰਗ ਅਤੇ ਸਿਵਲ ਵਾਰ।
ਆਈਓਸੀ ਅਤੇ ਮੇਜ਼ਬਾਨ ਸ਼ਹਿਰ ਟੋਕਿਓ ਵਿਚਾਲੇ ਹੋਏ ਸਮਝੌਤੇ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਿਰਫ ਤਾਂ ਸਿਰਫ ਆਈਓਸੀ ਹੀ ਇਸ ਈਵੈਂਟ ਨੂੰ ਰੱਦ ਕਰ ਸਕਦਾ ਹੈ।
ਮੰਨਿਆ ਜਾਂਦਾ ਹੈ ਕਿ ਆਈਓਸੀ ਆਪਣੀ ਕਮਾਈ ਦਾ 70% ਹਿੱਸਾ ਪ੍ਰਸਾਰਣ ਅਧਿਕਾਰਾਂ ਅਤੇ 18% ਸਪਾਂਸਰਸ਼ਿਪ ਤੋਂ ਹਾਸਲ ਕਰਦੀ ਹੈ। ਇਸ ਲਈ ਜੇਕਰ ਇਹ ਖੇਡਾਂ ਆਯੋਜਿਤ ਨਹੀਂ ਹੁੰਦੀਆਂ ਹਨ ਤਾਂ ਆਈਓਸੀ ਦੇ ਵਿੱਤ ਪ੍ਰਬੰਧਨ ਅਤੇ ਓਲੰਪਿਕ ਦੇ ਭਵਿੱਖ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਇਹ ਸਭ ਵੇਖਦਿਆਂ ਆਈਓਸੀ ਨੇ ਵਾਰ-ਵਾਰ ਜ਼ੋਰ ਦੇ ਕੇ ਕਿਹਾ ਹੈ ਕਿ ਖੇਡਾਂ ਸੁਰੱਖਿਅਤ ਢੰਗ ਨਾਲ ਆਯੋਜਿਤ ਹੋ ਸਕਦੀਆਂ ਹਨ। ਇੱਥੋਂ ਤੱਕ ਕਿ ਐਮਰਜੈਂਸੀ ਦੀ ਸਥਿਤੀ ਦੇ ਬਾਵਜੂਦ ਵੀ ਬਹੁਤ ਘੱਟ ਮੌਕਾ ਹੈ ਕਿ ਆਈਓਸੀ ਕੁਝ ਅਜਿਹਾ ਫ਼ੈਸਲਾ ਲਵੇ।
ਜੇਕਰ ਟੋਕਿਓ ਇਸ ਇਕਰਾਰਨਾਮੇ ਨੂੰ ਭੰਗ ਕਰਦਾ ਹੈ ਤਾਂ ਇਸ ਕਾਰਨ ਪੈਦਾ ਹੋਣ ਵਾਲੇ ਜ਼ੋਖਮ ਅਤੇ ਘਾਟੇ ਦੀ ਭਰਪਾਈ ਜਪਾਨ ਨੂੰ ਹੀ ਕਰਨੀ ਪਵੇਗੀ।
ਟੋਕਿਓ 2020 ਦਾ ਬਜਟ 12.6 ਬਿਲੀਅਨ ਡਾਲਰ ਤੈਅ ਕੀਤਾ ਗਿਆ ਸੀ, ਪਰ ਕਿਹਾ ਜਾ ਰਿਹਾ ਹੈ ਕਿ ਇਹ ਨਿਰਧਾਰਤ ਰਕਮ ਤੋਂ ਦੁਗਣਾ ਹੋ ਸਕਦਾ ਹੈ।
ਭਾਵੇਂ ਕਿ ਓਲੰਪਿਕ ਦਾ ਭਾਰੀ ਬੀਮਾ ਹੋਇਆ ਹੁੰਦਾ ਹੈ ਪਰ ਫਿਰ ਵੀ ਨੁਕਸਾਨ ਵਧੇਰੇ ਹੋਵੇਗਾ।
ਪ੍ਰਬੰਧਕ ਓਲੰਪਕ ਆਯੋਜਿਤ ਕਰਵਾਉਣ ਲਈ ਪੱਕਾ ਇਰਾਦੇ ਨਾਲ ਜੁੱਟੇ ਹੋਏ ਹਨ।
ਹਾਸੀਮੋਟੋ ਨੇ ਬੀਬੀਸੀ ਸਪੋਰਟ ਨੂੰ ਦੱਸਿਆ ਕਿ "ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਖੇਡਾਂ ਸਾਡੇ ਇੱਥੇ ਹੀ ਜ਼ਰੂਰ ਹੋਣਗੀਆਂ। ਇਸ ਲਈ ਅਸੀਂ ਉਹ ਸਭ ਕੁਝ ਕਰ ਰਹੇ ਹਾਂ, ਜੋ ਅਸੀਂ ਕਰ ਸਕਦੇ ਹਾਂ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












