ਕੋਰੋਨਾ ਵੈਕਸੀਨ ਦੀਆਂ 1 ਅਰਬ ਡੋਜ਼ G-7 ਮੁਲਕ ਗਰੀਬ ਮੁਲਕਾਂ ਨੂੰ ਦਾਨ ਕਰਨਗੇ

ਜੀ-7 ਮੁਲਕਾਂ ਦੀ ਕਾਨਫਰੰਸ ਦੌਰਾਨ ਲੀਡਰਾਂ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਕੋਵਿਡ ਵੈਕਸੀਨ ਦੀਆਂ 1 ਅਰਬ ਡੋਜ਼ ਬਹੁਤ ਹੀ ਗ਼ਰੀਬ ਮੁਲਕਾਂ ਨੂੰ ਦਿੱਤੀਆਂ ਜਾਣਗੀਆਂ।

ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਸ ਬਾਰੇ ਕਿਹਾ, ''ਦੁਨੀਆਂ ਨੂੰ ਵੈਕਸੀਨ ਦੇਣ ਵੱਲ ਇਹ ਇੱਕ ਹੋਰ ਵੱਡਾ ਕਦਮ ਹੈ।''

ਜੀ-7 ਮੁਲਕਾਂ ਦੇ ਲੀਡਰਾਂ ਨੇ ਅਗਲੇ ਸਾਲ ਤੱਕ ਕੋਰੋਨਾ ਵੈਕਸੀਨ ਦੀਆਂ 1 ਅਰਬ ਡੋਜ਼ ਦਾਨ ਕਰਨ ਦਾ ਐਲਾਨ ਕੀਤਾ ਹੈ। ਬ੍ਰਿਟੇਨ ਇਸ ਸਾਲ ਜੀ-7 ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ।

47ਵੇਂ ਜੀ-7 ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੂਅਲੀ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ:

10 ਕਰੋੜ ਡੋਜ਼ ਬ੍ਰਿਟੇਨ ਦੇਵੇਗਾ

ਬੋਰਿਸ ਜੌਨਸਨ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਜੀ-7 ਦੇਸ਼ਾਂ ਦੇ ਨੇਤਾ ਮਹਾਂਮਾਰੀ ਦੇ ਦੌਰ ਵਿੱਚ 'ਰਾਸ਼ਟਰਵਾਦੀ' ਅਤੇ ਸ਼ੁਰੂਆਤ ਦੇ 'ਸਵਾਰਥੀ' ਰੁਖ ਤੋਂ ਅੱਗੇ ਵਧਣਾ ਚਾਹੁੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਜੀ-7 ਮੁਲਕਾਂ ਦੇ ਲੀਡਰਾਂ ਨੇ ਅਗਲੇ ਸਾਲ ਤੱਕ ਗਰੀਬ ਦੇਸ਼ਾਂ ਨੂੰ ਕੋਵਿਜ ਵੈਕਸੀਨ ਦੀ 1 ਅਰਬ ਡੋਜ਼ ਦਾਨ ਕਰਨ ਦਾ ਤਹੱਈਆ ਕੀਤਾ ਹੈ।

ਇਹ ਵੈਕਸੀਨ ਜਾਂ ਤਾਂ ਸਿੱਧੇ ਦਿੱਤੀ ਜਾਵੇਗੀ ਜਾਂ ਫ਼ਿਰ ਕੋਵੈਕਸ ਸਕੀਮ ਦੇ ਤਹਿਤ। ਇਨ੍ਹਾਂ ਵਿੱਚ 10 ਕਰੋੜ ਡੋਜ ਇਕੱਲਾ ਬ੍ਰਿਟੇਨ ਦੇਵੇਗਾ।

ਉੱਤਰੀ ਆਇਰਲੈਂਡ 'ਤੇ 'ਮੈਕਰੋਨ ਦੀ ਟਿੱਪਣੀ', ਬੋਰਿਸ ਜੌਨਸਨ ਭੜਕੇ

ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਕਿਹਾ ਹੈ ਕਿ ਉੱਤਰੀ ਆਇਰਲੈਂਡ 'ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਦੀ ਟਿੱਪਣੀ 'ਅਪਮਾਨ ਵਾਲੀ' ਹੈ।

ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਮੈਕਰੋਨ ਨੇ ਇਹ ਦਾਅਵਾ ਕੀਤਾ ਸੀ ਕਿ ਉੱਤਰੀ ਆਇਰਲੈਂਡ ਬ੍ਰਿਟੇਨ ਦਾ ਹਿੱਸਾ ਨਹੀਂ ਹੈ।

ਬ੍ਰਿਟੇਨ ਵਿੱਚ ਚੱਲ ਰਹੀ ਜੀ-7 ਦੇਸ਼ਾਂ ਦੀ ਬੈਠਕ ਦੌਰਾਨ ਇੱਕ ਮੀਟਿੰਗ ਵਿੱਚ ਇਮੈਨੁਏਲ ਮੈਕਰੋਨ ਨੇ ਕਥਿਤ ਤੌਰ 'ਤੇ ਇਹ ਟਿੱਪਣੀ ਕੀਤੀ ਸੀ।

ਅੰਗਰੇਜ਼ੀ ਅਖ਼ਬਾਰ 'ਦਿ ਟੈਲੀਗ੍ਰਾਫ਼' ਨੇ ਕਿਹਾ ਕਿ ਮੈਕਰੋਨ ਦੀ ਟਿੱਪਣੀ ਨਾਲ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਭੜਕ ਗਏ।

ਡੋਮਿਨਿਕ ਰਾਬ ਨੇ ਕਿਹਾ ਹੈ ਕਿ ਯੂਰਪੀ ਸੰਘ ਸਾਲਾਂ ਤੱਕ ਉੱਤਰੀ ਆਇਰਲੈਂਡ ਨੂੰ 'ਇੱਕ ਵੱਖਰੇ ਦੇਸ਼ ਦੇ ਰੂਪ 'ਚ' ਦੇਖਦਾ ਰਿਹਾ ਸੀ।

ਫਰਾਂਸ ਦੇ ਰਾਸ਼ਟਰਪਤੀ ਦਫ਼ਤਰ ਨੇ ਖ਼ਬਰ ਏਜੰਸੀ ਰਾਇਟਰਜ਼ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬੋਰਿਸ ਜੌਨਸਨ ਅਤੇ ਮੈਕਰੋਨ ਵਿਚਾਲੇ ਇਹ ਗੱਲਬਾਤ ਹੋਈ ਸੀ ਪਰ ਫਰਾਂਸਿਸੀ ਰਾਸ਼ਟਰਪਤੀ ਇੱਕ ਖ਼ੇਤਰ ਵਿਸ਼ੇਸ਼ ਬਾਰੇ ਗੱਲ ਕਰ ਰਹੇ ਸਨ ਨਾ ਕਿ ਇਹ ਕਹਿ ਰਹੇ ਸਨ ਕਿ ਉੱਤਰੀ ਆਇਰਲੈਂਡ ਬ੍ਰਿਟੇਨ ਦਾ ਹਿੱਸਾ ਹੈ ਜਾਂ ਨਹੀਂ।

ਇਹ ਵਿਵਾਦ ਅਜਿਹੇ ਸਮੇਂ ਹੋਇਆ ਹੈ ਜਦੋਂ ਬ੍ਰੈਗਜ਼ਿਟ ਤੋਂ ਬਾਅਦ ਉੱਤਰੀ ਆਇਰਲੈਂਡ ਦੀ ਸਥਿਤੀ ਨੂੰ ਲੈ ਕੇ ਪਹਿਲਾਂ ਤੋਂ ਸਮੱਸਿਆਵਾਂ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)