ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਕੋਰੋਨਾ ਕਾਰਨ ਦੇਹਾਂਤ ਹੋਇਆ- ਅਹਿਮ ਖ਼ਬਰਾਂ

ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਦੇਸ਼-ਦੁਨੀਆਂ ਦੀਆਂ ਤਮਾਮ ਅੱਜ ਦੀਆਂ ਅਹਿਮ ਖ਼ਬਰਾਂ ਪਹੁੰਚਾਂ ਰਹੇ ਹਾਂ।

ਮਿਲਖਾ ਸਿੰਘ ਦੀ ਪਤਨੀ ਤੇ ਸਾਬਕਾ ਐਥਲੀਟ ਨਿਰਮਲ ਮਿਲਖਾ ਸਿੰਘ ਦਾ ਕੋਰੋਨਾ ਕਾਰਨ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 83 ਸਾਲ ਸੀ।

ਮਿਲਖਾ ਸਿੰਘ ਦੇ ਪਰਿਵਾਰ ਵੱਲੋਂ ਬਿਆਨ ਜਾਰੀ ਕਰਕੇ ਉਨ੍ਹਾਂ ਦੇ ਦੇਹਾਂਤ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ:

ਨਿਰਮਲ ਮਿਲਖਾ ਸਿੰਘ ਭਾਰਤੀ ਵੌਲੀ ਬੌਲ ਟੀਮ ਦੀ ਸਾਬਕਾ ਕਪਤਾਨ ਰਹੇ ਹਨ। ਉਹ ਪੰਜਾਬ ਸਰਕਾਰ ਵਿੱਚ ਡਾਇਰੈਕਟਰ ਆਫ ਸਪੋਰਟਸ ਫਾਰ ਵੂਮੈਨ ਦੇ ਅਹੁਦੇ 'ਤੇ ਤਾਇਨਾਤ ਰਹਿ ਚੁੱਕੇ ਸਨ।

ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਇਹ ਬੇਹੱਦ ਮੰਦਭਾਗਾ ਹੈ ਕਿ ਮਿਲਖਾ ਸਿੰਘ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਨਹੀਂ ਹੋ ਸਕੇ ਕਿਉਂਕਿ ਉਹ ਵੀ ਆਈਸੀਯੂ ਵਿੱਚ ਹਨ।

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਕੈਪਟਨ ਅਮਰਿੰਦਰ ਵੱਲੋਂ ਵੀ ਨਿਰਮਲ ਮਿਲਖਾ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਕੈਪਟਨ ਅਮਰਿੰਦਰ ਦੀ ਇਸ ਵਾਰ ਜ਼ਮਾਨਤ ਜ਼ਬਤ ਹੋਵੇਗੀ-ਸੁਖਬੀਰ

ਖ਼ਬਰ ਏਜੰਸੀ ਏਐਨਆਈ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਉਂਦੀਆਂ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਜ਼ਮਾਨਤ ਜ਼ਬਤ ਹੋਵੇਗੀ।

ਸੁਖਬੀਰ ਨੇ ਕਿਹਾ ਕਿ ਜੇ ਤੁਸੀਂ ਪੰਜਾਬ 'ਚ ਸਭ ਤੋਂ ਵੱਧ ਨਫ਼ਰਤ ਵਾਲੇ ਵਿਅਕਤੀ ਬਾਰੇ ਚੋਣ ਕਰਵਾਓ ਤਾਂ ਨਤੀਜਾ ਅਮਰਿੰਦਰ ਸਿੰਘ ਹੋਵੇਗਾ।

ਉਨ੍ਹਾਂ ਕਿਹਾ, "ਅਸੀਂ ਹੀ ਨਹੀਂ ਸਗੋਂ ਲੋਕ ਅਤੇ ਕਾਂਗਰਸੀ ਵਿਧਾਇਕ ਵੀ ਕੈਪਟਨ ਖ਼ਿਲਾਫ਼ ਹਨ।"

ਉਧਰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਵਾਬੀ ਹਮਲਾ ਕਰਦਿਆਂ ਸੁਖਬੀਰ ਬਾਦਲ ਨੂੰ ਪਟਿਆਲਾ ਤੋਂ ਚੋਣ ਲੜਨ ਨੂੰ ਕਿਹਾ ਹੈ।

ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਪਾਰਟੀ ਕੋਲ ਪੰਜਾਬ ਵਿੱਚ ਅੱਜ ਕਿੰਨੇ ਵਿਧਾਇਕ ਹਨ...ਇਸ ਤਰ੍ਹਾਂ ਦੇ ਸ਼ਬਦਾਂ ਨਾਲ ਕੁਝ ਨਹੀਂ ਹੁੰਦਾ, ਜੇ ਉਹ ਲੋਕਾਂ ਵਿੱਚ ਜਾਣਗੇ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ

ਤੇਜ਼ ਹਨੇਰੀ ਤੇ ਮੀਂਹ ਕਰਕੇ ਨੁਕਸਾਨ

ਸ਼ਨਿੱਚਰਵਾਰ ਸ਼ਾਮ ਨੂੰ ਅਚਾਨਕ ਤੇਜ਼ ਹਨੇਰੀ ਅਤੇ ਮੀਂਹ ਪੈਣ ਨਾਲ ਸਿਰਸਾ ਸ਼ਹਿਰ ਵਿੱਚ ਕਾਫ਼ੀ ਨੁਕਸਾਨ ਹੋਇਆ ਹੈ। ਪਰਸ਼ੂਰਾਮ ਚੌਂਕ ਕੋਲ ਇੱਕ ਦੁਕਾਨ ਦਾ ਛੱਜਾ ਡਿੱਗਣ ਨਾਲ ਸੜਕ 'ਤੇ ਜਾ ਰਹੀ ਇੱਕ ਗੱਡੀ ਦੁਰਘਟਨਾ ਦਾ ਸ਼ਿਕਾਰ ਹੋ ਗਈ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਪ੍ਰਭੂ ਦਿਆਲ ਮੁਤਾਬਕ ਸੜਕ 'ਤੇ ਮਲਬਾ ਫ਼ੈਲ ਗਿਆ ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ।

ਇਸ ਦੇ ਨਾਲ ਹੀ ਕਿਸਾਨ ਚੌਂਕ ਸਮੇਤ ਕਈ ਦੁਕਾਨਾਂ ਦੇ ਬਾਹਰ ਲੱਗੇ ਸ਼ੀਸ਼ੇ ਦੇ ਫਲੈਕਸ ਬੋਰਡ ਅਤੇ ਦਰਖ਼ਤ ਟੁੱਟ ਕੇ ਡਿੱਗ ਗਏ।

ਸ਼ਹਿਰ ਵਿੱਚ ਹਰ ਪਾਸੇ ਜਲਮਗਨ ਹੋ ਗਿਆ ਅਤੇ ਆਵਾਜਾਈ ਬਿਲਕੁਲ ਟੁੱਟ ਗਈ।

ਮੀਂਹ-ਹਨੇਰੀ ਰੁਕਣ ਤੋਂ ਬਾਅਦ ਪ੍ਰਸ਼ਾਸਨ ਦੀਆਂ ਟੀਮਾਂ ਨੇ ਡਿੱਗੇ ਹੋਏ ਦਰਖ਼ਤਾਂ ਅਤੇ ਬਿਜਲੀ ਦੀਆਂ ਤਾਰਾਂ ਠੀਕ ਕਰਨ ਸਮੇਤ ਹੋਰ ਕੰਮ ਸ਼ੁਰੂ ਕੀਤੇ।

ਮੀਂਹ ਕਾਰਨ ਲੱਗੇ ਜਾਮ ਨੂੰ ਤੋਰਨ ਲਈ ਜ਼ਿਲ੍ਹੇ ਦੀ ਟਰੈਫਿਕ ਪੁਲਿਸ ਵੀ ਸਰਗਮਰ ਹੋ ਗਈ।

ਨਗਰ ਪ੍ਰੀਸ਼ਦ ਦੀ ਪ੍ਰਧਾਨ ਰੀਨਾ ਸੇਠੀ ਨੇ ਦੱਸਿਆ ਕਿ ਹਨੇਰੀ ਅਤੇ ਮੀਂਹ ਦੇ ਕਾਰਨ ਦੁਕਾਨ ਦਾ ਛੱਜਾ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਸਨ। ਨਗਰ ਨਿਗਮ ਦੀ ਟੀਮ ਨੂੰ ਵੀ ਬੁਲਾਇਆ ਗਿਆ ਸੀ, ਜਿਸ ਨੇ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਉਹ ਮੀਂਹ ਕਾਰਨ ਹੋਏ ਨੁਕਸਾਨ ਦੇ ਹਰਜਾਨੇ ਲਈ ਸਰਕਾਰ ਨੂੰ ਚਿੱਠੀ ਲਿਖਣਗੇ।

ਥਾਣਾ ਮੁਖੀ (ਟ੍ਰੈਫਿਕ) ਬਹਾਦੁਰ ਸਿੰਘ ਨੇ ਦੱਸਿਆ ਕਿ ਹਨੇਰੀ ਅਤੇ ਮੀਂਹ ਦੇ ਕਾਰਨ ਉਹ ਕਈ ਰਾਹਾਂ ਵਿੱਚ ਦਰਖ਼ਤ ਅਤੇ ਬਿਜਲੀ ਦੇ ਖੰਭੇ ਡਿੱਗ ਗਏ ਹਨ ਜਿਨ੍ਹਾਂ ਕਾਰਨ ਆਵਾਜਾਈ ਠੱਪ ਹੋ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਸਥਿਤੀ ਨਾਲ ਨਿਪਟਣ ਲਈ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਸਥਿਤੀ ਦੀ ਖ਼ੁਦ ਨਿਗਰਾਨੀ ਰੱਖ ਰਹੇ ਹਨ।

ਗੀਤਾ ਭਵਨ ਵਾਲੀ ਗ਼ਲੀ ਵਿੱਚ ਦੁਕਾਨਦਾਰ ਰਾਮ ਕ੍ਰਿਸ਼ਨ ਗੋਇਲ ਨੇ ਦੱਸਿਆ ਕਿ ਹਨੇਰੀ ਦੀ ਵਜ੍ਹਾ ਨਾਲ ਦੁਕਾਨ ਦਾ ਛੱਜਾ ਡਿੱਗ ਗਿਆ। ਥੱਲੇ ਖੜ੍ਹੀਆਂ ਗੱਡੀ ਹਾਦਸੇ ਦਾ ਸ਼ਿਕਾਰ ਹੋਈਆਂ ਹਨ ਪਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)