ਕੀ ਹੈ ਕਨਵਰਜ਼ਨ ਥੈਰੇਪੀ ਜਿਸ ਕਾਰਨ ਸਮਲਿੰਗੀ ਵਿਅਕਤੀਆਂ ਨੂੰ ਸ਼ੋਸ਼ਣ ਝੱਲਣਾ ਪੈਂਦਾ ਹੈ

    • ਲੇਖਕ, ਜਾਨ੍ਹਵੀ ਮੂਲੇ
    • ਰੋਲ, ਬੀਬੀਸੀ ਪੱਤਰਕਾਰ

ਜੇ ਕੋਈ ਵਿਅਕਤੀ ਖੱਬੇ ਹੱਥ ਨਾਲ ਕੰਮ ਕਰਦਾ ਹੈ ਤਾਂ ਕੀ ਤੁਸੀਂ ਉਸ ਨੂੰ ਖੱਬੇ ਹੱਥ ਨਾ ਕੰਮ ਕਰਨ ਲਈ ਮਜਬੂਰ ਕਰੋਗੇ? ਜੇ ਉਸ ਨੂੰ ਇਹ ਪਸੰਦ ਨਹੀਂ ਤਾਂ ਕੀ ਉਹ ਅਜਿਹਾ ਕਰ ਸਕੇਗਾ? ਸਮਲਿੰਗਿਕਤਾ ਦੇ ਨਾਲ ਵੀ ਕੁਝ ਅਜਿਹਾ ਹੀ ਹੁੰਦਾ ਹੈ।"

ਕਨਵਰਜ਼ਨ ਥੈਰਿਪੀ ਬਾਰੇ ਗੱਲ ਕਰਦੇ ਹੋਏ ਮੁੰਬਈ ਦੇ ਸੁਮਿਤ (ਬਦਲਿਆ ਹੋਇਆ ਨਾਂਅ) ਨੇ ਇਹ ਸ਼ਬਦ ਕਹੇ।

ਕਨਵਰਜ਼ਨ ਥੈਰਿਪੀ ਇੱਕ ਅਜਿਹੇ ਇਲਾਜ ਜਾਂ ਮਨੋਵਿਗਿਆਨਕ ਇਲਾਜ ਨੂੰ ਕਹਿੰਦੇ ਹਨ ਜਿਸ ਦਾ ਮਕਸਦ ਜ਼ਬਰਨ ਕਿਸੇ ਵਿਅਕਤੀ ਦੇ ਜਿਣਸੀ ਝੁਕਾਅ ਅਤੇ ਜਿਣਸੀ ਪਥਾਣ ਨੂੰ ਦਬਾਉਣਾ ਹੁੰਦਾ ਹੈ। ਇਸ ਵਿੱਚ ਕਈ ਖ਼ਤਰਨਾਕ ਉਪਾਅ ਸ਼ਾਮਲ ਹੋ ਸਕਦੇ ਹਨ ਜਿਵੇਂ- ਬਿਜਲਈ ਝਟਕੇ ਦੇਣਾ, ਕਿਸੇ ਨੂੰ ਭੁੱਖਿਆਂ ਰੱਖਣਾ, ਸਰੀਰਕ ਅਤੇ ਮਾਨਸਿਕ ਹਿੰਸਾ।

ਇਹ ਵੀ ਪੜ੍ਹੋ:

ਸਮਲਿੰਗਕਤਾ ਬਾਰੇ ਗ਼ਲਤ ਜਾਣਕਾਰੀਆਂ ਲੋਕਾਂ ਨੂੰ ਅਜਿਹੇ ਉਪਚਾਰਾਂ ਵੱਲ ਲੈ ਜਾਂਦੀਆਂ ਹਨ। ਹੁਣ ਮਦਰਾਸ ਹਾਈ ਕੋਰਟ ਨੇ ਇਸ ਥੈਰਿਪੀ ਉੱਪਰ ਰੋਕ ਲਗਾ ਦਿੱਤੀ ਹੈ ਅਤੇ ਦੇਸ਼ ਭਰ ਵਿੱਚ ਐੱਲਜੀਬੀਟੀਕਿਊ ਕਾਰਕੁਨ ਇਸ ਫ਼ੈਸਲੇ ਦਾ ਸਵਾਗਤ ਕਰ ਰਹੇ ਹਨ।

ਸੁਮਿਤ ਨੇ ਵੀ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ।

ਉਹ ਕਹਿੰਦੇ ਹਨ,"ਹਾਈਕੋਰਟ ਦਾ ਫ਼ੈਸਲਾ ਇੱਕ ਅਹਿਮ ਕਦਮ ਹੈ, ਪਰ ਅਜੇ ਅਸੀਂ ਲੰਬਾ ਪੈਂਢਾ ਤੈਅ ਕਰਨਾ ਹੈ। ਇਹ ਇੱਕ ਚੰਗੀ ਸ਼ੁਰੂਆਤ ਹੈ।"

ਅੱਜ ਵੀ ਜੇ ਕੋਈ ਆਪਣੇ-ਆਪ ਨੂੰ ਸਮਲਿੰਗੀ ਦੱਸਦਾ ਹੈ ਤਾਂ ਬਹੁਤ ਸਾਰੇ ਲੋਕ ਉਸ ਨੂੰ ਗ਼ਲਤ ਤਰੀਕੇ ਨਾਲ ਦੇਖਦੇ ਹਨ। ਉਹ ਉਸ ਵਿਅਕਤੀ ਨੂੰ ਸੁਝਾਅ ਦਿੰਦੇ ਹਨ ਕਿ ਇਹ ਇੱਕ ਮਨੋਵਿਗਿਆਨਕ ਵਿਕਾਰ ਹੈ, ਜਿਸ ਦਾ ਇਲਾਜ ਕੀਤਾ ਜਾ ਸਕਦਾ ਹੈ। ਮਾਂ-ਬਾਪ ਵੀ ਵਹਿਮਾਂ ਵਿੱਚ ਅਕੀਦਾ ਰੱਖਦੇ ਹਨ। ਮੈਨੂੰ ਉਮੀਦ ਹੈ ਕਿ ਅਦਾਲਤ ਦੇ ਫ਼ੈਸਲੇ ਇਨ੍ਹਾਂ ਦਲੀਲਾਂ ਉੱਪਰ ਪੂਰਣ ਵਿਰਾਮ ਲੱਗ ਜਾਵੇਗਾ।"

ਪਛਾਣ ਸਵੀਕਾਰ ਕਰਨ ਦਾ ਸੰਘਰਸ਼

ਸੁਮਿਤ ਨੂੰ ਆਪਣੇ ਜਿਣਸੀ ਝੁਕਾਅ ਦਾ ਅਹਿਸਾਸ ਕਾਲਜ ਦੀ ਪੜ੍ਹਾਈ ਦੌਰਾਨ ਹੋਇਆ। ਹਾਲਾਂਕਿ ਆਪਣੀ ਪਛਾਣ ਸਵੀਕਾਰ ਕਰਨ ਵਿੱਚ ਉਨ੍ਹਾਂ ਨੂੰ ਕਈ ਸਾਲ ਲੱਗ ਗਏ।

ਉਹ ਕਹਿੰਦੇ ਹਨ,"ਮੈਂ ਆਪਣੀਆਂ ਭਾਵਨਾਵਾਂ ਨੂੰ ਮੰਨਣ ਤੋਂ ਇਨਕਾਰ ਕਰਦਾ ਸੀ। ਮੈਨੂੰ ਲਗਦਾ ਸੀ ਕਿ ਇਹ ਇੱਕ ਦੌਰ ਹੈ ਜੋ ਖ਼ਤਮ ਹੋ ਜਾਵੇਗਾ। ਸਾਡੇ ਸਮਾਜ ਵਿੱਚ ਪੁਰਸ਼ਾਂ ਦਾ ਪ੍ਰਭਾਵ ਅਜਿਹਾ ਹੁੰਦਾ ਹੈ ਕਿ ਕਈ ਵਾਰ ਉਹ ਆਪਣੀ ਅਸਲ ਪਛਾਣ ਨੂੰ ਸਵੀਕਾਰ ਨਹੀਂ ਕਰਦੇ ਹਨ।"

ਆਖ਼ਰਕਾਰ ਇੱਕ ਦਿਨ ਸੁਮਿਤ ਨੇ ਹਿੰਮਤ ਕਰ ਕੇ ਆਪਣੇ ਮਾਪਿਆਂ ਨਾਲ ਆਪਣੇ ਮਨ ਦੀ ਪੀੜ੍ਹ ਵੰਡੀ। ਸ਼ੁਰੂ ਵਿੱਚ ਉਨ੍ਹਾਂ ਨੇ ਸੁਮਿਤ ਦੀ ਪਛਾਣ ਦੱਬਣ ਦੀ ਕੋਸ਼ਿਸ਼ ਕੀਤੀ।

ਸੁਮਿਤ ਯਾਦ ਕਰਦੇ ਹਨ,"ਇਹ ਕਾਫ਼ੀ ਦਰਦਨਾਕ ਸੀ। ਮੈਂ ਖ਼ੁਦ ਆਪਣੀਆਂ ਭਾਵਨਾਵਾਂ ਨੂੰ ਨਕਾਰ ਰਿਹਾ ਸੀ। ਮੈਂ ਕੁਝ ਕੁੜੀਆਂ ਨੁੰ ਡੇਟ ਕਰਨ ਦੀ ਕੋਸ਼ਿਸ਼ ਕੀਤੀ ਇਸ ਨੇ ਮੇਰੇ ਮਾਪਿਆਂ ਨੂੰ ਭਰਮ ਵਿੱਚ ਪਾਇਆ। ਉਹ ਪੁੱਛਦੇ ਸਨ ਕਿ ਮੈਂ ਕਿਵੇਂ ਕਹਿ ਸਕਦਾ ਹਾਂ ਕਿ ਮੈਂ ਸਮਲਿੰਗੀ ਹਾਂ ਜਦਕਿ ਮੇਰੀਆਂ ਇੰਨੀਆਂ ਸਹੇਲੀਆਂ ਹਨ।"

ਖ਼ੁਦਕੁਸ਼ੀ ਦਾ ਖ਼ਿਆਲ

ਸੁਮਿਤ ਨੇ ਆਪਣੀ ਭਾਵੁਕ ਕਸ਼ਮਕਸ਼ ਨੂੰ ਹੱਲ ਕਰਨ ਲਈ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਨੇ ਮੁਸ਼ਕਲਾਂ ਹੋਰ ਵਧਾ ਦਿੱਤੀਆਂ।

“ਕਨਵਰਜ਼ਨ ਥੈਰਿਪੀ ਦੌਰਾਨ ਕੁਝ ਲੋਕਾਂ ਨੂੰ ਬਿਜਲਈ ਝਟਕੇ ਦਿੱਤੇ ਜਾਂਦੇ ਹਨ। ਖ਼ੁਸ਼ਕਿਸਮਤੀ ਨਾਲ ਮੈਨੂੰ ਅਜਿਹੀਆਂ ਚੀਜ਼ਾਂ ਦਾ ਸਾਹਮਣਾ ਨਹੀਂ ਕਰਨਾ ਪਿਆ, ਲੇਕਿਨ ਕਈਆਂ ਨੂੰ ਲਗਦਾ ਸੀ ਕਿ ਮੇਰੇ ਸਮਲਿੰਗਕਤਾ ਇੱਕ ਵਿਗਾੜ ਹੈ। ਕੁਝ ਆਯੁਰਵੈਦਿਕ ਡਾਕਟਰਾਂ ਨੇ ਦਵਾਈ ਦਿੱਤੀ। ਉਨ੍ਹਾਂ ਮੁਤਾਬਕ ਮੇਰਾ ਝੁਕਾਅ ਕੁਦਰਤੀ ਨਹੀਂ ਹੈ।"

ਜੇ ਸੁਮੀਤ ਕਿਸੇ ਨਾਲ ਇਸ ਬਾਰੇ ਗੱਲ ਕਰਦੀ ਤਾਂ ਅੱਗੋਂ ਸੁਣਨ ਨੂੰ ਮਿਲਦਾ ਕਿ ਉਨ੍ਹਾਂ ਤੋਂ ਅਜਿਹੀ ਉਮੀਦ ਨਹੀਂ ਕੀਤੀ ਗਈ ਸੀ। ਸੁਮਿਤ ਲਈ ਇਹ ਸਭ ਸਹਿਣ ਤੋਂ ਬਾਹਰ ਹੋ ਰਿਹਾ ਸੀ।

ਉਸ ਦੌਰਾਨ ਉਨ੍ਹਾਂ ਨੇ ਖ਼ੁਦਕੁਸ਼ੀ ਕਰਨ ਬਾਰੇ ਵੀ ਸੋਚਿਆ। ਸੁਮਿਤ ਦੇ ਮਾਂ-ਪਿਓ ਨੂੰ ਲਗਦਾ ਕਿ ਉਨ੍ਹਾਂ ਨੂੰ ਕੋਈ ਮਾਨਸਿਕ ਬੀਮਾਰੀ ਹੈ।

ਸੁਮਿਤ ਦਸਦੇ ਹਨ, "ਉਹ ਮਾਨਸਿਕ ਵਿਕਾਰ ਅਤੇ ਜਿਣਸੀ ਝੁਕਾਅ ਵਿਚਕਾਰ ਉਲਝ ਗਏ। ਉਹ ਮੈਨੂੰ ਪੁਛਦੇ ਕੀ ਮੈਨੂੰ ਤਣਾਅ ਹੈ ਅਤੇ ਕੀ ਇਹੀ ਤਾਂ ਮੈਨੂੰ ਸਮਲਿੰਗੀ ਖਿੱਚ ਵੱਲ ਤਾਂ ਨਹੀਂ ਲਿਜਾ ਰਿਹਾ? ਜਦਕਿ ਤਣਾਅ ਦੇ ਕਾਰਨ ਅਜਿਹਾ ਨਹੀਂ ਸੀ। ਸਗੋਂ ਮੈਂ ਉਦਾਸ ਰਹਿੰਦਾ ਸੀ ਕਿਉਂਕਿ ਮੈਂ ਆਪਣੀ ਪਛਾਣ ਸਵੀਕਰ ਨਹੀਂ ਕਰ ਪਾ ਰਿਹਾ ਸੀ।"

ਖ਼ੁਸ਼ਕਿਸਤਮੀ ਨਾਲ ਸੁਮਿਤ ਦੇ ਮਾਪਿਆਂ ਨੇ ਉਨ੍ਹਾਂ ਉੱਪਰ ਵਿਆਹ ਲਈ ਦਬਾਅ ਨਹੀਂ ਪਾਇਆ। ਸੁਮਿਤ ਉਨ੍ਹਾਂ ਨੂੰ ਸਮਝਾ ਸਕੇ ਕਿ ਇਸ ਤਰ੍ਹਾਂ ਦੇ ਵਿਆਹ ਨਾਲ ਗੁੰਝਲਾਂ ਵਧ ਜਾਂਦੀਆਂ ਹਨ। "ਹਾਲਾਂਕਿ ਉਹ ਮੇਰੀ ਨਾਲ ਪੂਰੀ ਹਮਦਰਦੀ ਤਾਂ ਨਹੀਂ ਰਖਦੇ ਸਨ ਪਰ ਹੌਲੀ-ਹੌਲੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।"

ਫਿਰ ਸੁਮਿਤ ਦਸਦੇ ਹਨ ਕਿ ਖ਼ੁਸ਼ਕਿਸਤਮੀ ਨਾਲ ਉਨ੍ਹਾਂ ਦੀ ਮੁਲਾਕਾਤ ਇੱਕ ਚੰਗੇ ਕਾਊਂਸਲਰ ਨਾਲ ਹੋਈ ਜਿਸਨੇ ਉਨ੍ਹਾਂ ਨੂੰ ਆਪਣੀ ਪਛਾਣ ਸਵੀਕਾਰ ਕਰਨ ਵਿੱਚ ਮਦਦ ਕੀਤੀ।

ਕਾਊਂਸਲਰ ਨੇ ਉਨ੍ਹਾਂ ਨੂੰ ਸਮਝਾਇਆ ਕਿ ਸਮਾਂ ਪੈਣ ਨਾਲ ਖ਼ੁਦ-ਬ-ਖ਼ੁਦ ਉਨ੍ਹਾਂ ਨੂੰ ਆਪਣੀ ਪਛਾਣ ਦਾ ਅਹਿਸਾਸ ਹੋ ਜਾਵੇਗਾ।

ਕਾਊਂਸਰ ਨੇ ਸੁਮਿਤ ਨੂੰ ਦੱਸਿਆ ਕਿ ਉਹ ਇੱਕ ਤਿਕੋਣ ਵਿੱਚ ਵਰਗ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਨਹੀ ਹੋ ਸਕਦਾ।

ਇਹ ਵੀ ਹੋ ਸਕਦਾ ਹੈ ਕਿ ਅਖ਼ੀਰ ਵਿੱਚ ਸਾਨੂੰ ਸਮਝ ਆਵੇ ਕਿ ਨਾ ਹੀ ਅਸੀਂ ਤਿਕੋਣ ਹਾਂ ਅਤੇ ਨਾ ਹੀ ਵਰਗ ਸਗੋਂ ਅਸੀਂ ਤਾਂ ਇੱਕ ਚੱਕਰ ਹਾਂ।

ਸਮੇਂ ਨਾਲ ਸੁਮਿਤ ਆਪਣੀ ਪਛਾਣ ਨਾਲ ਸਹਿਜ ਹੋ ਗਏ ਅਤੇ ਹੁਣ ਉਹ 34 ਸਾਲ ਦੀ ਉਮਰ ਵਿੱਚ ਮੁੰਬਈ ਦੀ ਇੱਕ ਆਈਟੀ ਕੰਪਨੀ ਵਿੱਚ ਟੀਮ-ਲੀਡਰ ਹਨ। ਉਹ ਸਵੈ-ਭਰੋਸੇ ਨਾਲ ਭਰਭੂਰ ਹਨ ਪਰ ਸਾਰਿਆਂ ਨੂੰ ਅਜਿਹਾ ਮੌਕਾ ਨਹੀਂ ਮਿਲਦਾ।

ਕਨਵਰਜ਼ਨ ਥੈਰਿਪੀ ਦੇ ਸ਼ਿਕਾਰ

ਮਨੋਵਿਗਿਆਨਕ ਹੇਮਾਂਗੀ ਮਹਾਪਰਕਰ ਕਹਿੰਦੇ ਹਨ, ਮਨੋਵਿਗਿਆਨ ਦੇ ਮੁਤਾਬਕ ਕਨਵਰਜ਼ਨ ਥੈਰਿਪੀ ਇੱਕ ਤਰ੍ਹਾਂ ਦੀ ਬਿਹੇਵੀਅਰਲ ਥੈਰਿਪੀ ਹੈ। ਇਸ ਦਾ ਅਰਥ ਹੈ ਕਿ ਜੇ ਕਿਸੇ ਵਿਅਕਤੀ ਨੂੰ ਕੋਈ ਮਾਨਸਿਕ ਵਿਕਾਰ ਹੈ ਤਾਂ ਇਸ ਚਕਿਤਸਾ ਦੀ ਵਰਤੋਂ ਸੰਬੰਧਿਤ ਵਿਅਕਤੀ ਦੇ ਵਿਹਾਰ ਵਿੱਚ ਜ਼ਰੂਰੀ ਬਦਲਾਅ ਲਿਆਉਣ ਲਈ ਕੀਤੀ ਜਾ ਸਕਦੀ ਹੈ।

ਹਾਲਾਂਕਿ ਉਹ ਸਪਸ਼ਟ ਕਰਦੇ ਹਨ ਕਿ ਸਮਲਿੰਗਤਾ ਕੋਈ ਵਿਕਾਰ ਨਹੀਂ ਹੈ ਇਸ ਲਈ ਅਜਿਹੇ ਇਲਾਜ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।

ਪਿਛਲੇ ਸਾਲ ਕੇਰਲ ਦੀਆਂ ਇੱਕ ਬਾਈਸੈਕਸ਼ੂਅਲ ਕੁੜੀ ਅੰਜਨਾ ਹਰੀਸ਼ ਦੇ ਖ਼ੁਦਕੁਸ਼ੀ ਕਰਨ ਤੋਂ ਬਾਅਦ ਕਨਵਰਜ਼ਨ ਥੈਰਿਪੀ ਬਾਰੇ ਬਹਿਸ ਤੇਜ਼ ਹੋ ਗਈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਅੰਜਨਾ ਨੇ ਫੇਸਬੁੱਕ ਉੱਪਰ ਇੱਕ ਵੀਡੀਓ ਪੋਸਟ ਕੀਤਾ ਸੀ ਜਿਸ ਵਿੱਚ ਉਸ ਨੇ ਇਸ ਖ਼ਤਰਨਾਕ ਇਲਾਜ ਬਾਰੇ ਦੱਸਿਆ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂ੍ੰ ਕਿਸੇ ਈਸਾਈ ਸੰਗਠਨ ਦੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਉਸ ਨੂੰ ਰੋਬੋਟ ਵਾਂਗ ਕੰਮ ਕਰਨ ਲਈ ਜ਼ਬਰਦਸਤੀ ਦਵਾਈਆਂ ਦਿੱਤੀਆਂ ਜਾਂਦੀਆਂ ਸਨ।

ਉਨ੍ਹਾਂ ਨੇ ਲਿਖਿਆ ਸੀ,"ਮੇਰੇ ਆਪਣੇ ਪਰਿਵਾਰ ਨੇ ਮੇਰੇ ਨਾਲ ਅਜਿਹਾ ਕੀਤਾ ਸੀ ਪਰ ਇਸ ਘਟਨਾ ਤੋਂ ਬਾਅਦ ਕੇਰਲ ਅਤੇ ਦੇਸ਼ ਭਰ ਵਿੱਚ ਕਨਵਰਜ਼ਨ ਥੈਰਿਪੀ ਦੀ ਭਾਰੀ ਆਲੋਚਨਾ ਹੋਈ ਸੀ।

ਹਾਲ ਹੀ ਵਿੱਚ ਅਦਾਕਾਰਾ ਨਿਸ਼ਿਗੰਧਾ ਵਾਡ ਨੇ ਮਹਾਰਾਸ਼ਟਰ ਵਿੱਚ ਇਸ ਥੈਰਿਪੀ ਬਾਰੇ ਕੁਝ ਵਿਵਾਦਿਤ ਬਿਆਨ ਦਿੱਤੇ ਸਨ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਮਹਾਰਾਸ਼ਟਰ ਵਿੱਚ ਇਸ ਬਾਰੇ ਕਿਸ ਤਰ੍ਹਾਂ ਦੀਆਂ ਗਲਤਫ਼ਹਿਮੀਆਂ ਹਨ। ਬਾਅਦ ਵਿੱਚ ਨਿਸ਼ਿਗੰਧਾ ਨੇ ਆਪਣੇ ਬਿਆਨ ਬਾਰੇ ਸਪਸ਼ਟੀਕਰਨ ਵੀ ਜਾਰੀ ਕੀਤਾ।

ਅਜਿਹੀਆਂ ਗ਼ਲਤਫ਼ਹਿਮੀਆਂ ਸਾਰੇ ਦੇਸ਼ ਵਿੱਚ ਹੀ ਆਮ ਹਨ।

ਦੂਜੇ ਦੇਸ਼ਾਂ ਵਿੱਚ ਕੀ ਹੈ ਹਾਲ?

ਕਈ ਦੂਜੇ ਦੇਸ਼ਾਂ ਵਿੱਚ ਵੀ ਸਥਿਤੀ ਅਜਿਹੀ ਹੀ ਹੈ, ਯਹੂਦੀ ਧਰਮ, ਈਸਾਈ ਧਰਮ ਅਤੇ ਇਸਲਾਮ ਵਿੱਚ ਵੀ ਸਮਲਿੰਗਤਾ ਨੂੰ ਸਹੀ ਨਹੀਂ ਮੰਨਿਆ ਜਾਂਦਾ ਹੈ।

  • ਅੱਜ ਵੀ ਯੂਰਪ ਅਤੇ ਅਮਰੀਕਾ ਵਿੱਚ ਅਜਿਹੇ ਲੋਕ ਹਨ ਜੋ ਸਮਲਿੰਗਤਾ ਦਾ ਵਿਰੋਧ ਅਤੇ ਕਨਵਰਜ਼ਨ ਥੈਰਿਪੀ ਦੀ ਹਮਾਇਤ ਕਰਦੇ ਹਨ।
  • ਜਰਮਨੀ, ਕੈਨੇਡਾ, ਮੈਕਸੀਕੋ, ਮਾਲਟਾ, ਆਸਟਰੇਲੀਆ ਅਤੇ ਅਮਰੀਕਾ ਦੇ ਕੁਝ ਸੂਬਿਆਂ ਵਿੱਚ ਸਮਲਿੰਗੀ ਸੰਬੰਧਾਂ ਉੱਪਰ ਪਾਬੰਦੀ ਹੈ।
  • ਭਾਰਤ ਵਿੱਚ ਤਿੰਨ ਸਾਲ ਪਹਿਲਾਂ ਤੱਕ ਸਮਲਿੰਗਤਾ ਨੂੰ ਅਪਰਾਧ ਮੰਨਿਆ ਜਾਂਦਾ ਸੀ ਪਰ ਸੁਪਰੀਮ ਕੋਰਟ ਦੇ 6 ਦਸੰਬਰ 2018 ਦੇ ਇੱਕ ਫ਼ੈਸਲੇ ਤੋਂ ਬਾਅਦ ਇਹ ਅਪਰਾਧ ਨਹੀਂ ਰਿਹਾ।

ਹੁਣ ਮਦਰਾਸ ਹਾਈ ਕੋਰਟ ਨੇ ਇਹ ਅਹਿਮ ਫ਼ੈਸਲਾ ਦਿੱਤਾ ਹੈ।

ਇਤਿਹਾਸਕ ਫ਼ੈਸਲਾ

ਮਦੁਰੈ ਵਿੱਚ ਜਦੋਂ ਦੋ ਕੁੜੀਆਂ ਨੇ ਆਪੋ-ਆਪਣੇ ਪਰਿਵਾਰਾਂ ਨੂੰ ਆਪਣੇ ਸਮਲਿੰਗੀ ਰਿਸ਼ਤੇ ਬਾਰੇ ਦਸਿਆ ਤਾਂ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰ ਦਾ ਵਿਰੋਧ ਸਹਿਣਾ ਪਿਆ।

ਕੁੜੀਆਂ ਉੱਪਰ ਕਨਵਰਜ਼ਨ ਥੈਰਿਪੀ ਲਈ ਦਬਾਅ ਪਾਇਆ ਗਿਆ ਪਰ ਕੁੜੀਆਂ ਚੇਨਈ ਭੱਜ ਗਈਆਂ।

ਪੁਲਿਸ ਨੇ ਜਦੋਂ ਮਾਂ-ਬਾਪ ਦੀ ਸ਼ਿਕਾਇਤ ਤੇ ਕੁੜੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਤਾਂ ਕੁੜੀਆਂ ਨੂੰ ਪੁਲਿਸ ਦੇ ਅਜੀਬੋ-ਗ਼ਰੀਬ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿੱਚ ਕੁੜੀਆਂ ਨੇ ਪੁਲਿਸ ਜਾਂਚ ਦੇ ਦੌਰਾਨ ਸਰਕਾਰੀ ਪੱਖ ਅਤੇ ਕਨਵਰਜ਼ਨ ਥੈਰਿਪੀ ਲਈ ਪਰਿਵਾਰ ਦੇ ਦਬਾਅ ਬਾਰੇ ਮਦਰਾਸ ਹਾਈ ਕੋਰਟ ਵਿੱਚ ਅਪੀਲ ਕੀਤੀ।

ਸੁਣਵਾਈ ਦੌਰਾਨ ਜਸਟਿਸ ਐੱਨ. ਆਨੰਦ ਵੈਂਕਟੇਸ਼ ਨੇ ਇਤਿਹਾਸਕ ਬਿਆਨ ਦਿੱਤਾ।

ਉਨ੍ਹਾਂ ਨੇ ਕਿਹਾ,"ਐੱਲਜੀਬੀਟੀਕਿਊ ਭਾਈਚਾਰੇ ਦੇ ਲੋਕਾਂ ਨੂੰ ਆਪਣੀ ਸੈਕਸ਼ੂਐਲਿਟੀ ਛੁਪਾਉਣ ਦਾ ਹੱਕ ਹੈ। ਉਨ੍ਹਾਂ ਨੂੰ ਆਪਣੀ ਸੈਕਸ਼ੂਐਲਿਟੀ ਬਾਰੇ ਫ਼ੈਸਲਾ ਕਰਨ ਦਾ ਵੀ ਹੱਕ ਹੈ।”

“ਇਸ ਬਾਰੇ ਫ਼ੈਸਲਾ ਕਰਨ, ਉਸ ਬਾਰੇ ਜਨਤਕ ਰੂਪ ਵਿੱਚ ਬੋਲਣ, ਆਪਣੀਆਂ ਜਿਣਸੀ ਇੱਛਵਾਂ ਅਜ਼ਾਦ ਤੌਰ ਤੇ ਪਰਗਟਾਉਣ ਅਤੇ ਆਪਣੀ ਮਰਜ਼ੀ ਦਾ ਸਾਥੀ ਚੁਣਨ ਦਾ ਵੀ ਹੱਕ ਹੈ। ਉਨ੍ਹਾਂ ਨੂੰ ਸਮਾਜ ਵਿੱਚ ਸਤਿਕਾਰ ਮਿਲਣਾ ਚਾਹੀਦਾ ਹੈ।"

ਅਦਾਲਤ ਨੇ ਕਨਵਰਜ਼ਨ ਥੈਰਿਪੀ ਬਾਰੇ ਝਾੜ ਪਾਈ ਅਤੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀ ਗਤੀਵਿਧੀ ਵਿੱਚ ਸ਼ਾਮਲ ਡਾਕਟਰਾਂ ਦੇ ਲਾਈਸੈਂਸ ਰੱਦ ਕਰ ਦਿੱਤੇ ਜਾਣਗੇ।

ਇਸ ਤੋਂ ਵੀ ਅਹਿਮ ਇਹ ਹੈ ਕਿ ਅਦਾਲਤ ਨੇ ਹਦਾਇਤ ਜਾਰੀ ਕੀਤੀਆ ਤਾਂ ਜੋ ਜਿਣਸੀ ਝੁਕਾਅ ਤੋਂ ਵੱਖ ਬੱਚਿਆਂ ਨਾਲ ਹਮਦਰਦੀ ਰੱਖਣ ਦੀ ਕੋਸ਼ਿਸ਼ ਕੀਤੀ ਜਾ ਸਕੇ ਅਤੇ ਇਹ ਵੀ ਕਿਹਾ ਕਿ ਸਕੂਲਾਂ ਵਿੱਚ ਮਾਂ-ਬਾਪ ਅਤੇ ਅਧਿਆਪਕ ਇਸ ਬਾਰੇ ਮਦਦ ਮੁਹੱਈਆ ਕਰ ਸਕਦੇ ਹਨ।

ਹੇਮਾਂਗੀ ਇਸ ਨੂੰ ਇੱਕ ਅਹਿਮ ਕਦਮ ਮੰਨਦੇ ਹਨ। ਉਹ ਕਹਿੰਦੇ ਹਨ,"ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਪਿਛਲੀਆਂ ਪੀੜ੍ਹੀਆਂ ਨੂੰ ਸਮਲਿੰਗਤਾ ਬਾਰੇ ਖ਼ੁੱਲ ਕੇ ਗੱਲ ਕਰਨਾ ਵੀ ਮੁਸ਼ਕਲ ਲਗਦਾ ਸੀ।

ਇਹ ਜ਼ਰੂਰੀ ਹੈ ਕਿ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਉਵੇਂ ਹੀ ਸਵੀਕਾਰ ਕਰਨ ਜਿਵੇਂ ਉਹ ਹਨ ਪਰ ਉਨ੍ਹਾਂ ਲੋਕਾਂ ਨੂੰ ਵੀ ਆਪਣੇ-ਆਪ ਨੂੰ ਸਵੀਕਾਰ ਕਰਨਾ ਹੋਵੇਗਾ, ਉਨ੍ਹਾਂ ਨੂੰ ਅਜ਼ਾਦੀ ਮਿਲਣੀ ਚਾਹੀਦੀ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)