ਅਮਰੀਕਾ ਵਿੱਚ ਵੱਡਾ ਸਾਈਬਰ ਹਮਲਾ, ਐਮਰਜੈਂਸੀ ਲਾਗੂ

ਤਸਵੀਰ ਸਰੋਤ, COLONIAL PIPELINE
ਅਮਰੀਕਾ ਦੀ ਸਰਕਾਰ ਨੇ ਦੇਸ ਦੀ ਸਭ ਤੋਂ ਵੱਡੀ ਗੈਸ ਪਾਈਪਲਾਈਨ 'ਤੇ ਹੋਏ ਇੱਕ ਸਾਈਬਰ ਹਮਲੇ ਤੋਂ ਬਾਅਦ ਦੇਸ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਹਮਲਾ ਕੋਰੋਨਾ ਮਹਾਂਮਾਰੀ ਕਾਰਨ ਹੋਇਆ ਹੈ ਕਿਉਂਕਿ ਪਾਈਪਲਾਈਨ ਦੇ ਬਹੁਤੇ ਇੰਜੀਨੀਅਰ ਘਰਾਂ ਤੋਂ ਕੰਪਿਊਟਰ 'ਤੇ ਕੰਮ ਕਰ ਰਹੇ ਸਨ।
ਕੋਲੋਨੀਏਲ ਪਾਈਪਲਾਈਨ ਨਾਲ ਹਰ ਰੋਜ਼ 25 ਲੱਖ ਬੈਰਲ ਤੇਲ ਜਾਂਦਾ ਹੈ। ਅਮਰੀਕਾ ਦੇ ਈਸਟ ਕੋਸਟ ਦੇ ਸੂਬਿਆਂ ਵਿੱਚ ਡੀਜ਼ਲ, ਗੈਸ ਅਤੇ ਜੇਟ ਗੈਸ ਦੀ 45 ਫ਼ੀਸਦ ਸਪਲਾਈ ਇਸੇ ਪਾਈਪਲਾਈਨ ਤੋਂ ਹੁੰਦੀ ਹੈ।
ਪਾਈਪਲਾਈਨ 'ਤੇ ਸਾਈਬਰ ਅਪਰਾਧੀਆਂ ਦੇ ਇੱਕ ਗੈਂਗ ਨੇ ਸ਼ੁੱਕਰਵਾਰ ਨੂੰ ਹਮਲਾ ਕੀਤਾ ਜਿਸ ਤੋਂ ਬਾਅਦ ਤੋਂ ਇਸ ਦੀ ਮੁਰੰਮਤ ਦਾ ਕੰਮ ਹਾਲੇ ਤੱਕ ਵੀ ਜਾਰੀ ਹੈ।
ਇਸ ਦਾ ਅਸਰ ਅਮਰੀਕਾ ਦੇ 18 ਸੂਬਿਆਂ 'ਤੇ ਪਵੇਗਾ।
ਇਹ ਵੀ ਪੜ੍ਹੋ
ਐਮਰਜੈਂਸੀ ਦੇ ਐਲਾਨ ਤੋਂ ਬਾਅਦ ਹੁਣ ਇਥੋਂ ਹੋਣ ਵਾਲੀ ਗੈਸ ਦੀ ਸਪਲਾਈ ਪਾਈਪਲਾਈਨ ਦੀ ਬਜਾਇ ਸੜਕ ਮਾਰਗ ਜ਼ਰੀਏ ਹੋ ਸਕਦੀ ਹੈ।
ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਵਜ੍ਹਾ ਨਾਲ ਸੋਮਵਾਰ ਨੂੰ ਗੈਸ ਦੀਆਂ ਕੀਮਤਾਂ ਵਿੱਚ 2 ਤੋਂ 3 ਫ਼ੀਸਦ ਵੱਧ ਜਾਣਗੀਆਂ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਅਸੀਂ ਜਲਦੀ ਬਹਾਲ ਨਹੀਂ ਕੀਤਾ ਤਾਂ ਇਸਦਾ ਅਸਰ ਵਿਆਪਕ ਹੋ ਸਕਦਾ ਹੈ।
ਕਿਸ ਨੇ ਕੀਤਾ ਹਮਲਾ
ਕਈ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਰੈਨਸਮਵੇਅਰ ਹਮਲਾ ਡਾਰਕਸਾਈਡ ਨਾਮ ਦੇ ਇੱਕ ਸਾਈਬਰ-ਅਪਰਾਧੀ ਗਿਰੋਹ ਨੇ ਕੀਤਾ ਹੈ।
ਉਨ੍ਹਾਂ ਨੇ ਵੀਰਵਾਰ ਨੂੰ ਕੋਲੋਨੀਏਲ ਨੈੱਟਵਰਕ ਵਿੱਚ ਸੰਨ੍ਹ ਲਗਾਈ ਅਤੇ ਤਕਰੀਬਨ 100 ਜੀਬੀ ਡਾਟਾ ਆਪਣੇ ਕਬਜ਼ੇ ਵਿੱਚ ਲੈ ਲਿਆ।
ਇਸ ਤੋਂ ਬਾਅਦ ਹੈਕਰਾਂ ਨੇ ਕੁਝ ਕੰਪਿਊਟਰਾਂ ਅਤੇ ਸਰਵਰਾਂ ’ਤੇ ਡਾਟਾ ਲੌਕ ਕਰ ਦਿੱਤਾ ਅਤੇ ਸ਼ੁੱਕਰਵਾਰ ਨੂੰ ਫ਼ਿਰੌਤੀ ਦੀ ਮੰਗ ਕੀਤੀ।
ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇ ਪੈਸੇ ਨਾ ਦਿੱਤੇ ਗਏ ਤਾਂ ਉਹ ਇਸ ਡਾਟਾ ਨੂੰ ਇੰਟਰਨੈੱਟ ਤੇ ਲੀਕ ਕਰ ਦੇਣਗੇ। ਕੰਪਨੀ ਦਾ ਕਹਿਣਾ ਹੈ ਕਿ ਉਹ ਸੇਵਾਵਾਂ ਨੂੰ ਬਹਾਲ ਕਰਨ ਲਈ ਪੁਲਿਸ, ਸਾਈਬਰ ਸੁਰੱਖਿਆ ਮਾਹਰਾਂ ਅਤੇ ਊਰਜਾ ਵਿਭਾਗ ਨਾਲ ਸੰਪਰਕ ਵਿੱਚ ਹਨ।

ਤਸਵੀਰ ਸਰੋਤ, COLONIAL PIPELINE
ਐਤਵਾਰ ਨੂੰ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਚਾਰ ਮੁੱਖ ਲਾਈਨਾਂ ਠੱਪ ਹਨ ਅਤੇ ਟਰਮੀਨਲ ਤੋਂ ਡਿਲਵਰੀ ਪੁਆਇੰਟ ਤੱਕ ਲੈ ਜਾਣ ਵਾਲੀਆਂ ਕੁਝ ਛੋਟੀਆਂ ਲਾਈਨਾਂ ਕੰਮ ਕਰਨ ਲੱਗੀਆਂ ਹਨ।
ਕੰਪਨੀ ਨੇ ਕਿਹਾ, "ਹਮਲੇ ਦਾ ਪਤਾ ਲੱਗਣ ਤੋਂ ਫ਼ੌਰਨ ਬਾਅਦ, ਅਸੀਂ ਆਪਣੇ ਸਿਸਟਮ ਦੀਆਂ ਕੁਝ ਲਾਈਨਾਂ ਨੂੰ ਕੱਟ ਦਿੱਤਾ ਤਾਂਕਿ ਉਨ੍ਹਾਂ 'ਤੇ ਹਮਲਾ ਨਾ ਹੋ ਸਕੇ। ਇਸ ਤੋਂ ਕੁਝ ਸਮਾਂ ਬਾਅਦ ਲਈ ਸਾਡੇ ਸਾਰੇ ਪਾਈਪਲਾਈਨਾਂ ਅਤੇ ਕੁਝ ਆਈਟੀ ਸਿਸਟਮਸ ’ਤੇ ਕੰਮ ਬੰਦ ਹੋ ਗਿਆ, ਜਿਨ੍ਹਾਂ ਨੂੰ ਅਸੀਂ ਹੁਣ ਤੱਕ ਠੀਕ ਕਰਨ ਲਈ ਕੰਮ ਕਰ ਰਹੇ ਹਾਂ।"
ਤੇਲ ਬਾਜ਼ਾਰ ਦੇ ਆਜ਼ਾਦ ਵਿਸ਼ਲੇਸ਼ਕ ਗੌਰਵ ਸ਼ਰਮਾਂ ਨੇ ਬੀਬੀਸੀ ਨੂੰ ਦੱਸਿਆ ਕਿ ਹਾਲੇ ਬਹੁਤ ਸਾਰੀ ਗੈਸ ਟੈਕਸਸ ਸੂਬੇ ਦੀ ਰਿਫਾਇਨਰੀ ਵਿੱਚ ਫ਼ਸ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਐਮਰਜੈਂਸੀ ਲਾਉਣ ਨਾਲ ਤੇਲ, ਗੈਲ ਵਰਗੇ ਬਾਲਣਾਂ ਨੂੰ ਟੈਂਕਰਾਂ ਜ਼ਰੀਏ ਨਿਊਯਾਰਕ ਤੱਕ ਭੇਜਿਆ ਜਾ ਸਕਦਾ ਹੈ। ਪਰ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਪਾਈਪਲਾਈਨ ਦੀ ਸਮਰੱਥਾ ਦੇ ਹਿਸਾਬ ਨਾਲ ਇਹ ਸਪਲਾਈ ਬਹੁਤ ਘੱਟ ਹੋਵੇਗੀ।
ਗੌਰਵ ਸ਼ਰਮਾਂ ਨੇ ਕਿਹਾ, "ਜੇ ਉਹ ਮੰਗਲਵਾਰ ਤੱਕ ਇਸ ਨੂੰ ਠੀਕ ਨਹੀਂ ਕਰਦੇ, ਤਾਂ ਉਹ ਬਹੁਤ ਵੱਡੀ ਮੁਸ਼ਕਿਲ ਵਿੱਚ ਫ਼ਸ ਜਾਣਗੇ।"
"ਸਭ ਤੋਂ ਪਹਿਲਾਂ ਅਟਲਾਂਟਾ ਅਤੇ ਟੇਨੇਸੀ 'ਤੇ ਅਸਰ ਪਵੇਗਾ ਅਤੇ ਇਸ ਦਾ ਅਸਰ ਵੱਧਦੇ ਵੱਧਦੇ ਨਿਊਯਾਰਕ ਤੱਕ ਚਲਾ ਜਾਵੇਗਾ।"
ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿੱਚ ਹਾਲੇ ਗੈਸ, ਤੇਲ ਦੀ ਮੰਗ ਵੱਧ ਰਹੀ ਹੈ ਕਿਉਂਕਿ ਅਮਰੀਕਾ ਦੇ ਮਹਾਂਮਾਰੀ ਦੇ ਝਟਕੇ ਤੋਂ ਉਭਰਣ ਲਈ ਹੁਣ ਲੋਕ ਬਾਹਰ ਆ ਰਹੇ ਹਨ ਅਤੇ ਤੇਲ ਕੰਪਨੀਆਂ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਜਦੋਜਹਿਦ ਕਰ ਰਹੀਆਂ ਹਨ।
ਇਹ ਵੀ ਪੜ੍ਹੋ

ਤਸਵੀਰ ਸਰੋਤ, Sm viral post
ਕਿਵੇਂ ਹੋਇਆ ਹਮਲਾ
ਲੰਡਨ ਸਥਿਤ ਇੱਕ ਸਈਬਰ ਸਕਿਊਰਿਟੀ ਕੰਪਨੀ ਡਿਜੀਟਲ ਸ਼ੈਡੋਜ਼ ਦਾ ਮੰਨਣਾ ਹੈ ਕਿ ਕੋਲੋਨਿਏਨ ਪਾਈਪਲਾਈਨ 'ਤੇ ਹਮਲੇ ਦਾ ਇੱਕ ਵੱਡਾ ਕਾਰਨ ਮਹਾਂਮਾਰੀ ਹੋ ਸਕਦੀ ਹੈ ਕਿਉਂਕਿ ਕੰਪਨੀ ਦੇ ਬਹੁਤੇ ਇੰਜੀਨੀਅਰ ਘਰ ਤੋਂ ਕੰਪਿਊਟਰਾਂ 'ਤੇ ਕੰਮ ਕਰ ਰਹੇ ਸਨ।
ਡਿਜੀਟਲ ਸ਼ੈਡੋਜ਼ ਦੇ ਸਹਿ-ਸੰਸਥਾਪਕ ਅਤੇ ਚੀਫ਼ ਇਨੋਵੇਸ਼ਨ ਆਫ਼ੀਸਰ ਜੇਮਜ਼ ਚੈਪਲ ਦਾ ਮੰਨਣਾ ਹੈ ਕਿ ਡਾਰਕਸਾਈਡ ਨੇ ਟੀਮਵਿਊਅਰ ਅਤੇ ਮਾਈਕ੍ਰੋਸਾਫ਼ਟ ਰਿਮੋਟ ਡੇਸਕਟੌਪ ਵਰਗੇ ਰਿਮੋਟ ਡੈਸਕਟੌਮ ਸਾਫ਼ਵੇਅਰ ਨਾਲ ਜੁੜੇ ਅਕਾਉਂਟਸ ਦੇ ਲੌਗਿਨ ਡਿਟੇਲ ਖ਼ਰੀਦ ਲਏ।
ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਸ਼ਖ਼ਸ ਸ਼ੋਡਾਨ ਵਰਗੇ ਸਰਚ ਇੰਜਨ 'ਤੇ ਇੰਟਰਨੈੱਟ ਨਾਲ ਜੁੜੇ ਕੰਪਿਊਟਰਾਂ ਦੇ ਲੌਗਿਨ ਪੋਰਟਲਸ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ ਅਤੇ ਉਨ੍ਹਾਂ ਦੇ ਬਾਅਦ ਯੂਜ਼ਰਨੇਮ ਅਤੇ ਪਾਸਵਰਡ ਦੇ ਖਾਤਿਆਂ ਵਿੱਚ ਲੌਗਿਨ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।
ਚੈਪਲ ਕਹਿੰਦੇ ਹਨ, ਬਹੁਤ ਸਾਰੇ ਲੋਕ ਹੁਣ ਇਸ ਦਾ ਸ਼ਿਕਾਰ ਹੋਣ ਜਾ ਰਹੇ ਹਨ, ਇਹ ਇੱਕ ਵੱਡੀ ਮੁਸੀਬਤ ਬਣ ਰਿਹਾ ਹੈ। ਹਰ ਦਿਨ ਕੋਈ ਨਵਾਂ ਸ਼ਿਕਾਰ ਆਉਂਦਾ ਹੈ। ਅਤੇ ਛੋਟੇ ਕਾਰੋਬਾਰ ਜਿਸ ਤਰ੍ਹਾਂ ਨਾਲ ਇਸਦਾ ਸ਼ਿਕਾਰ ਬਣਦੇ ਜਾ ਰਹੇ ਹਨ, ਉਸ ਨਾਲ ਵਿਸ਼ਵ ਪੱਧਰ 'ਤੇ ਆਰਥਚਾਰੇ ਲਈ ਇਹ ਇੱਕ ਵੱਡੀ ਸਮੱਸਿਆ ਬਣ ਚੁੱਕਿਆ ਹੈ।
ਉਨ੍ਹਾਂ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਕੰਪਨੀ ਦੀ ਸਰਚ ਤੋਂ ਪਤਾ ਲੱਗਿਆ ਹੈ ਕਿ ਸਾਈਬਰ-ਅਪਰਾਧੀਆਂ ਦਾ ਗੈਂਗ ਕਿਸੇ ਰੂਸੀ ਭਾਸ਼ਾ ਬੋਲਣ ਵਾਲੇ ਦੇਸ ਵਿੱਚ ਸਥਿਤ ਹੈ ਕਿਉਂਕਿ ਇਹ ਉਨ੍ਹਾਂ ਕੰਪਨੀਆਂ 'ਤੇ ਹਮਲਾ ਨਹੀਂ ਕਰਦਾ ਜੋ ਰੂਸ ਅਤੇ ਉਸ ਦੇ ਨੇੜੇ ਤੇੜੇ ਦੇ ਦੇਸਾਂ ਵਿੱਚ ਸਥਿਤ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

ਕੰਪਨੀ ਦੀ ਤਰ੍ਹਾਂ ਕੰਮ ਕਰਦਾ ਹੈ ਗਰੋਹ
ਹਾਲਾਂਕਿ ਡਾਰਕਸਾਈਟ ਸਾਈਬਰ ਜ਼ੁਰਮ ਦੀ ਦੁਨੀਆਂ ਵਿੱਚ ਸਭ ਤੋਂ ਵੱਡਾ ਨਾਮ ਨਹੀਂ ਹੈ, ਪਰ ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਰੈਨਸਮਵੇਅਰ ਵਰਗੇ ਹਮਲੇ ਮਹਿਜ਼ ਕਿਸੇ ਪੇਸ਼ੇ ਜਾਂ ਦਫ਼ਤਰ ਨੂੰ ਹੀ ਨਹੀਂ, ਕਿਸੇ ਦੇਸ ਦੇ ਅਹਿਮ ਉਦਯੋਗਿਕ ਢਾਂਚੇ ਲਈ ਵੀ ਖ਼ਤਰਾ ਬਣ ਸਕਦੇ ਹਨ।
ਇਸ ਹਮਲੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਾਈਬਰ ਅਪਰਾਧੀਆਂ ਦੀ ਦੁਨੀਆਂ ਅਰਬਾਂ ਰੁਪਏ ਦੀ ਹੋ ਚੁੱਕੀ ਹੈ, ਜਿਸ ਨੂੰ ਸਾਈਬਰ ਸੁਰੱਖਿਆ ਦੇ ਜਾਣਕਾਰਾਂ ਨੇ ਪਹਿਲਾਂ ਮਹਿਸੂਸ ਨਹੀਂ ਸੀ ਕੀਤਾ।
ਹਮਲੇ ਦੇ ਸ਼ਿਕਾਰ ਕੰਪਿਊਟਰਾਂ ਦੀ ਸਕਰੀਨ 'ਤੇ ਇੱਕ ਨੋਟਿਸ ਤੋਂ ਇਲਾਵਾ ਇੱਕ ਇੰਫ਼ਰਮੇਸ਼ਨ ਪੈਕ ਵੀ ਭੇਜਿਆ ਗਿਆ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਕੰਪਿਊਟਰ ਅਤੇ ਸਰਵਰ ਇੰਨਕਰਪਟ ਹੋ ਚੁੱਕੇ ਹਨ, ਯਾਨੀ ਉਨ੍ਹਾਂ ਦੇ ਕਬਜੇ ਵਿੱਚ ਹਨ।
ਗੈਂਗ ਨੇ ਚੋਰੀ ਹੋਏ ਹਰ ਤਰ੍ਹਾਂ ਦੇ ਡਾਟਾ ਦੀ ਲਿਸਟ ਬਣਾਈ ਹੈ ਅਤੇ ਉਸਦਾ ਇੱਕ ਪੇਜ਼ ਬਣਾਕੇ ਉਸਦਾ ਯੁਆਰਐੱਲ ਯਾਨੀ ਲਿੰਕ ਭੇਜ ਦਿੱਤਾ ਹੈ ਜਿਸ ’ਤੇ ਡਾਟਾ ਪਹਿਲਾਂ ਤੋਂ ਹੀ ਲੋਡ ਕੀਤਾ ਜਾ ਚੁੱਕਿਆ ਹੈ ਅਤੇ ਜੇ ਡੈੱਡਲਾਈਨਜ਼ ਤੋਂ ਪਹਿਲਾਂ ਪੈਸੇ ਨਹੀਂ ਭੇਜੇ ਗਏ ਤਾਂ ਇਹ ਪੰਨਾ ਆਪਣੇ ਆਪ ਪ੍ਰਕਾਸ਼ਿਤ ਹੋ ਜਾਵੇਗਾ।
ਡਾਰਕਸਾਈਡ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਗੱਲ ਦੇ ਸਬੂਤ ਦੇ ਸਕਦਾ ਹੈ ਕਿ ਉਸ ਕੋਲ ਕੀ ਕੀ ਡਾਟਾ ਹੈ ਅਤੇ ਉਹ ਨੈੱਟਵਰਕ ਤੋਂ ਉਨ੍ਹਾਂ ਨੂੰ ਡਿਲੀਟ ਕਰ ਸਕਦਾ ਹੈ।
ਲੰਡਨ ਸਥਿਤ ਸਾਈਬਰ ਸਕਿਊਰਿਟੀ ਕੰਪਨੀ ਡਿਜੀਟਲ ਸ਼ੈਡੋਜ਼ ਮੁਤਾਬਕ ਡਾਰਕਸਾਈਡ ਇੱਕ ਕਾਰੋਬਾਰੀ ਕੰਪਨੀ ਦੀ ਤਰ੍ਹਾਂ ਕੰਮ ਕਰਦਾ ਹੈ।

ਇਹ ਗੈਂਗ ਚੋਰੀ ਅਤੇ ਹੈਕਿੰਗ ਦੇ ਲਈ ਸਾਫਟਵੇਅਰ ਬਣਾਉਂਦਾ ਹੈ। ਉਸ ਦੇ ਬਾਅਦ ਇਸ ਅਪਰਾਧ ਵਿੱਚ ਸ਼ਾਮਲ ਹੋਣ ਵਾਲੇ ਸਹਿਯੋਗੀਆਂ ਨੂੰ ਟਰੇਨਿੰਗ ਦਿੰਦਾ ਹੈ ਜਿਨ੍ਹਾਂ ਨੂੰ ਉਹ ਇੱਕ ਟੂਲਕਿੱਟ ਭੇਜਦਾ ਹੈ ਜਿਸ ਵਿੱਚ ਉਹ ਸਾਫਟਵੇਅਰ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਫਿਰੌਤੀ ਮੰਗਣ ਵਾਲੀ ਈਮੇਲ ਦਾ ਇਕ ਟੈਂਪਲੇਟ ਵੀ ਭੇਜਿਆ ਜਾਂਦਾ ਹੈ ਅਤੇ ਸਿਖਾਇਆ ਜਾਂਦਾ ਹੈ ਕਿ ਹਮਲਾ ਕਿਵੇਂ ਕੀਤਾ ਜਾਵੇ।
ਇਸ ਤੋਂ ਬਾਅਦ ਅਪਰਾਧ ਵਿੱਚ ਹਿੱਸਾ ਲੈਣ ਵਾਲੇ ਲੋਕ ਹਮਲੇ ਦੇ ਕਾਮਯਾਬ ਹੋਣ ਦੀ ਸੂਰਤ ਵਿੱਚ ਡਾਰਕਸਾਈਡ ਨੂੰ ਆਪਣੀ ਕਮਾਈ ਦਾ ਇੱਕ ਹਿੱਸਾ ਦਿੰਦੇ ਹਨ।
ਮਾਰਚ ਵਿੱਚ ਡਾਰਕਸਾਈਡ ਨੇ ਜਦੋਂ ਇਕ ਨਵਾਂ ਸਾਫਟਵੇਅਰ ਲਾਂਚ ਕੀਤਾ ਸੀ ਜੋ ਪਹਿਲਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਡੈਟਾ ਨੂੰ ਲੌਕ ਕਰ ਦਿੰਦਾ ਸੀ। ਉਨ੍ਹਾਂ ਨੇ ਇੱਕ ਪ੍ਰੈੱਸ ਰਿਲੀਜ਼ ਜਾਰੀ ਕਰਕੇ ਪੱਤਰਕਾਰਾਂ ਨੂੰ ਉਨ੍ਹਾਂ ਨਾਲ ਇੰਟਰਵਿਊ ਕਰਨ ਦਾ ਨਿਉਤਾ ਵੀ ਦਿੱਤਾ ਸੀ।
ਡਾਰਕ ਵੈੱਬ ਉੱਪਰ ਗਿਰੋਹ ਨੇ ਆਪਣੀ ਇੱਕ ਵੈੱਬਸਾਈਟ ਵੀ ਬਣਾਈ ਹੋਈ ਹੈ ਜਿੱਥੇ ਉਨ੍ਹਾਂ ਨੇ ਵਿਸਥਾਰ ਨਾਲ ਆਪਣੇ ਕੰਮ ਬਾਰੇ ਦੱਸਿਆ ਹੈ ਅਤੇ ਉਨ੍ਹਾਂ ਕੰਪਨੀਆਂ ਦੀ ਸੂਚੀ ਬਣਾਈ ਹੈ ਜੋ ਹੁਣ ਤੱਕ ਉਨ੍ਹਾਂ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਦੇ ਨਾਲ ਹੀ ਇੱਕ ਆਚਾਰ ਸਹਿੰਤਾ ਦਾ ਪੰਨਾ ਵੀ ਹੈ ਜਿਸ ਵਿੱਚ ਉਨ੍ਹਾਂ ਕੰਪਨੀਆਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ।
ਇਹ "ਐਕਸੈਸ ਬ੍ਰੋਕਰਜ਼" ਨਾਲ ਵੀ ਕੰਮ ਕਰਦੀ ਹੈ ਜੋ ਅਜਿਹੇ ਹੈਕਰ ਹੁੰਦੇ ਹਨ ਜੋ ਲੋਕਾਂ ਅਤੇ ਸੇਵਾਵਾਂ ਦੇ ਲੌਗ ਇਨ ਬਾਰੇ ਜਾਣਕਾਰੀ ਚੋਰੀ ਕਰਦੇ ਹਨ।
ਇਹ ਬ੍ਰੋਕਰ ਇਨ੍ਹਾਂ ਖਾਤਿਆਂ ਦੇ ਜ਼ਰੀਏ ਉਨ੍ਹਾਂ ਯੂਜ਼ਰਜ਼ ਤੋਂ ਫਿਰੌਤੀ ਮੰਗਣ ਦੀ ਜਗ੍ਹਾ ਇਨ੍ਹਾਂ ਦੇ ਯੂਜ਼ਰਨੇਮ ਅਤੇ ਪਾਸਵਰਡ ਦੀ ਨਿਲਾਮੀ ਕਰਕੇ ਦੂਸਰੇ ਅਜਿਹੇ ਗਿਰੋਹਾਂ ਨੂੰ ਵੇਚ ਦਿੰਦੇ ਹਨ ਜੋ ਇਨ੍ਹਾਂ ਦਾ ਇਸਤੇਮਾਲ ਕਰਕੇ ਵੱਡੇ ਅਪਰਾਧ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












