25 ਸਾਲ ਦੀ ਔਰਤ ਨੇ ਇੱਕੋ ਸਮੇਂ 9 ਬੱਚਿਆਂ ਨੂੰ ਦਿੱਤਾ ਜਨਮ

ਤਸਵੀਰ ਸਰੋਤ, EPA
ਮਾਲੀ ਦੀ 25 ਸਾਲ ਦੀ ਔਰਤ ਨੇ ਇੱਕੋ ਸਮੇਂ ਨੌਂ ਬੱਚਿਆਂ ਨੂੰ ਜਨਮ ਦਿੱਤਾ ਹੈ।
ਹਲਿਮਾ ਸਿਸੇ ਨੇ ਮੋਰੱਕੋ ਦੇ ਇੱਕ ਹਸਪਤਾਲ ਵਿੱਚ 9 ਬੱਚਿਆਂ ਨੂੰ ਜਨਮ ਦਿੱਤਾ। ਮਾਲੀ ਦੀ ਸਰਕਾਰ ਨੇ ਉਨ੍ਹਾਂ ਨੂੰ ਵਿਸ਼ੇਸ਼ ਦੇਖਭਾਲ ਲਈ ਮੋਰੱਕੋ ਭੇਜਣ ਦਾ ਇੰਤਜ਼ਾਮ ਕੀਤਾ ਸੀ।
ਬੀਬੀਸੀ ਨੂੰ ਹਲੀਮਾ ਦੇ ਪਤੀ ਨੇ ਕਿਹਾ, ''ਮੈਂ ਬਹੁਤ ਖ਼ੁਸ਼ ਹਾਂ ਕਿ ਮੇਰੀ ਪਤਨੀ ਤੇ ਬੱਚੇ ਸੁਰੱਖਿਅਤ ਹਨ।''
ਇਹ ਵੀ ਪੜ੍ਹੋ:
ਸਾਲ 2009 ਵਿੱਚ ਇੱਕੋ ਵੇਲੇ ਅੱਠ ਬੱਚੇ ਪੈਦਾ ਕਰਨ ਵਾਲੀ ਅਮਰੀਕਾ ਵਿੱਚ ਰਹਿਣ ਵਾਲੀ ਇੱਕ ਔਰਤ ਦੇ ਕੋਲ ਸਭ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਦਾ ਗਿਨੀਜ਼ ਵਰਲਡ ਰਿਕਾਰਡ ਹੈ।
ਇਸ ਤੋਂ ਪਹਿਲਾਂ ਵੀ ਅਜਿਹੇ ਦੋ ਮਾਮਲੇ ਆਏ ਸਨ। ਸਾਲ 1971 ਵਿੱਚ ਆਸਟਰੇਲੀਆ 'ਚ ਇੱਕ ਔਰਤ ਨੇ ਇੱਕੋ ਸਮੇਂ ਨੌਂ ਬੱਚਿਆਂ ਨੂੰ ਜਨਮ ਦਿੱਤਾ ਸੀ ਅਤੇ 1999 ਵਿੱਚ ਇੰਡੋਨੇਸ਼ੀਆ 'ਚ ਇੱਕ ਔਰਤ ਨੇ ਵੀ ਨੌਂ ਬੱਚਿਆਂ ਨੂੰ ਜਨਮ ਦਿੱਤਾ ਸੀ, ਪਰ ਇਹ ਬੱਚੇ ਕੁਝ ਦਿਨਾਂ ਤੱਕ ਹੀ ਜ਼ਿੰਦਾ ਰਹਿ ਸਕੇ ਸਨ।
ਵਰਲਡ ਰਿਕਾਰਡ ਰੱਖਣ ਵਾਲੀ ਨਾਦਯਾ ਸੁਲੇਮਾਨ ਨੇ ਇੱਕੋ ਵੇਲੇ ਅੱਠ ਬੱਚਿਆਂ ਨੂੰ ਜਨਮ ਦਿੱਤਾ ਸੀ ਜੋ ਹੁਣ 12 ਸਾਲ ਦੇ ਹੋ ਚੁੱਕੇ ਹਨ, ਇਹ ਪ੍ਰੈਗਨੈਂਸੀ ਵਿਟ੍ਰੋ ਫਰਟੀਲਾਈਜ਼ੇਸ਼ਨ (IVF) ਰਾਹੀਂ ਹੋਈ ਸੀ।
ਮਾਲੀ ਦੀ ਸਿਹਤ ਮੰਤਰੀ ਫੇਂਟਾ ਸਿਬੀ ਨੇ ਮਾਲੀ ਅਤੇ ਮੋਰੱਕੋ ਦੀ ਮੈਡੀਕਲ ਟੀਮ ਨੂੰ ਇਸ ਲਈ ਵਧਾਈ ਦਿੱਤੀ ਹੈ।
ਮੋਰੱਕੋ ਦੇ ਐਨ ਬੋਰਜਾ ਕਲੀਨਿਕ ਵਿੱਚ ਹਲੀਮਾ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ। ਇਸ ਦੇ ਡਾਇਕਰੈਕਟਰ ਪ੍ਰੋਫ਼ੈਸਰ ਯੁਸੂਫ਼ ਅਲੌਈ ਨੇ ਖ਼ਬਰ ਏਜੰਸੀ ਏਐਫ਼ਪੀ ਨੂੰ ਕਿਹਾ ਹੈ, ''ਇਹ ਮਾਮਲਾ ਬੇਹੱਦ ਦੁਰਲਭ ਅਤੇ ਅਸਾਧਾਰਣ ਸੀ। 10 ਡਾਕਟਰਾਂ ਅਤੇ 25 ਨਰਸਾਂ ਅਤੇ ਮੈਡੀਕਲ ਸਟਾਫ਼ ਨੇ ਇਨ੍ਹਾਂ ਬੱਚਿਆਂ ਦੀ ਡਿਲੀਵਰੀ ਕਰਵਾਈ ਹੈ।''

ਤਸਵੀਰ ਸਰੋਤ, EPA
''ਬੱਚਿਆਂ ਦਾ ਭਾਰ 500 ਗ੍ਰਾਮ ਤੋਂ ਲੈ ਕੇ 1 ਕਿੱਲੋ ਗ੍ਰਾਮ ਤੱਕ ਹੈ, ਇਨ੍ਹਾਂ ਬੱਚਿਆਂ ਨੂੰ ਦੋ ਤੋਂ ਤਿੰਨ ਮਹੀਨਿਆਂ ਤੱਕ ਇਨਕਿਊਬੇਟਰ 'ਚ ਰੱਖਿਆ ਜਾਵੇਗਾ।''
ਹਲੀਮਾ ਦੀ ਪ੍ਰੈਗਨੈਂਸੀ ਪੂਰੇ ਮਾਲੀ ਵਿੱਚ ਚਰਚਾ 'ਚ ਸੀ। ਪੱਛਮੀ ਅਫ਼ਰੀਕਾ ਦੇ ਡਾਕਟਰ ਇਸ ਡਿਲੀਵਰੀ ਨੂੰ ਲੈ ਕੇ ਖ਼ਾਸ ਤੌਰ 'ਚੇ ਚਿੰਤਤ ਸਨ। ਉਨ੍ਹਾਂ ਨੂੰ ਡਰ ਸੀ ਕਿ ਜ਼ਰੂਰੀ ਦੇਖ਼ਭਾਲ ਨਹੀਂ ਮਿਲੀ ਤਾਂ ਬੱਚੇ ਜ਼ਿੰਦਾ ਨਹੀਂ ਰਹਿ ਸਕਣਗੇ, ਪਰ ਸਾਰੀਆਂ ਫਿਕਰਾਂ ਵਿਚਾਲੇ ਮਾਲੀ ਸਰਕਾਰ ਨੇ ਹਲੀਮਾ ਨੂੰ ਮੋਰੱਕੋ ਭੇਜਿਆ ਸੀ।
30 ਮਾਰਚ ਨੂੰ ਉਹ ਮੋਰੱਕੋ ਆਏ ਅਤੇ ਪੰਜ ਹਫ਼ਤਿਆਂ ਬਾਅਦ ਮੰਗਲਵਾਰ ਨੂੰ ਸੀ-ਸੈਕਸ਼ਨ ਆਪਰੇਸ਼ਨ ਦੇ ਰਾਹੀਂ ਬੱਚਿਆਂ ਨੂੰ ਜਨਮ ਦਿੱਤਾ।
ਹਲੀਮਾ ਦੇ ਪਤੀ ਅਦਜੁਦਾਂਤ ਕਦੇਰ ਅਰਬੀ ਇਸ ਵੇਲੇ ਮਾਲੀ ਵਿੱਚ ਹੀ ਹਨ ਅਤੇ ਆਪਣੀ ਵੱਡੀ ਧੀ ਦਾ ਖ਼ਿਆਲ ਰੱਖ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਲਗਾਤਾਰ ਸੰਪਰਕ ਵਿੱਚ ਹਨ।

ਤਸਵੀਰ ਸਰੋਤ, Mali's Health Ministry
ਬੀਬੀਸੀ ਨੂੰ ਉਨ੍ਹਾਂ ਨੇ ਕਿਹਾ, ''ਰੱਬ ਨੇ ਸਾਨੂੰ ਬੱਚੇ ਦਿੱਤੇ ਹਨ ਅਤੇ ਉਹੀ ਤੈਅ ਕਰਨਗੇ ਕਿ ਅੱਗੇ ਕੀ ਹੋਵੇਗਾ, ਮੈਂ ਬਿਲਕੁਲ ਵੀ ਪਰੇਸ਼ਾਨ ਨਹੀਂ ਹਾਂ।''
ਇਸ ਤਰ੍ਹਾਂ ਦੀ ਪ੍ਰੈਗਨੈਂਸੀ ਪਿੱਛੇ ਵਜ੍ਹਾ ਕੀ ਹੁੰਦੀ ਹੈ?
ਰੋਡਾ ਓਧਿਆਂਬੋ, ਬੀਬੀਸੀ ਪੱਤਰਕਾਰ (ਸਿਹਤ ਮਾਮਲੇ), ਨੈਰੋਬੀ
ਆਮ ਤੌਰ 'ਤੇ ਇਸ ਤਰ੍ਹਾਂ ਦੀ ਪ੍ਰੈਗਨੈਂਸੀ ਕੁਦਰਤੀ ਨਹੀਂ ਹੁੰਦੀ - ਕੁਝ ਫਰਟਿਲਟੀ ਟ੍ਰੀਟਮੈਂਟ ਨਾਲ ਅਜਿਹੀ ਪ੍ਰੈਗਨੈਂਸੀ ਕੀਤੀ ਜਾਂਦੀ ਹੈ। ਹਾਲਾਂਕਿ ਹਲੀਮਾ ਦੇ ਮਾਮਲੇ ਵਿੱਚ ਇਹ ਕਿਵੇਂ ਹੋਇਆ, ਇਸ ਨੂੰ ਲੈ ਕੇ ਕੋਈ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ।
ਕੀਨੀਆ ਦੇ ਕੇਨਯਾਟਾ ਨੈਸ਼ਨਲ ਹਸਪਤਾਲ ਦੀ ਗਾਇਨੇਕੋਲੌਜਿਸਟ ਬਿਲ ਕਾਲੁਮੀ ਮੰਨਦੇ ਹਨ ਕਿ ਫਰਟਿਲਟੀ ਟ੍ਰੀਟਮੈਂਟ ਹੀ ਇਸ ਦਾ ਕਾਰਨ ਹੈ। ਫਰਟਿਲਟੀ ਨਾਲ ਜੁੜੇ ਇਲਾਜ ਲੈਣ ਦੇ ਕਈ ਕਾਰਨ ਹੋ ਸਕਦੇ ਹਨ।
ਅਫ਼ਰੀਕਾ ਵਿੱਚ ਜ਼ਿਆਦਾਤਰ ਔਰਤਾਂ ਜਦੋਂ ਕੋਈ ਗਰਭ ਨਿਰੋਧਕ ਲੈਂਦੀਆਂ ਹਨ ਤਾਂ ਉਸ ਨਾਲ ਹੋਣ ਵਾਲੇ ਹਾਰਮੋਨ ਨਾਲ ਜੁੜੀਆਂ ਸਮੱਸਿਆਵਾਂ ਦੇ ਇਲਾਜ ਲਈ ਫਰਟਿਲਟੀ ਡਰੱਗ ਦਿੱਤੇ ਜਾਂਦੇ ਹਨ। ਇਸ ਨਾਲ ਔਰਤਾਂ ਦੇ ਪੀਰੀਅਡ ਚੱਕਰ 'ਚ ਦੇਰੀ ਹੁੰਦੀ ਹੈ ਅਤੇ ਜਦੋਂ ਉਨ੍ਹਾਂ ਦੇ ਪੀਰੀਅਡਜ਼ ਆਉਂਦੇ ਹਨ ਤਾਂ ਇੱਕ ਅੰਡਾ ਨਹੀਂ ਸਗੋਂ ਕਈ ਅੰਡੇ ਸਰੀਰ ਤੋਂ ਬਾਹਰ ਨਿਕਲਦੇ ਹਨ।
ਇਸ ਤਰ੍ਹਾਂ ਕਈ ਸਾਰੇ ਬੱਚਿਆਂ ਨੂੰ ਜਨਮ ਦੇਣ ਵਾਲੀ ਡਿਲੀਵਰੀ ਨਾ ਸਿਰਫ਼ ਬੱਚਿਆਂ ਲਈ ਔਖੀ ਹੁੰਦੀ ਹੈ ਸਗੋਂ ਮਾਂ ਦੇ ਲਈ ਵੀ ਕਾਫ਼ੀ ਜੋਖਿਮ ਭਰਿਆ ਹੁੰਦਾ ਹੈ। ਅਜਿਹੇ ਵਿੱਚ ਦੇਸ਼ 'ਚ ਜਿੱਥੇ ਗਰਭਪਾਤ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ, ਉੱਥੇ ਹੀ ਔਰਤਾਂ ਨੂੰ ਚਾਰ ਤੋਂ ਜ਼ਿਆਦਾ ਬੱਚੇ ਇੱਕ ਵਾਰ 'ਚ ਕੰਸੀਵ (ਗਰਭਧਾਰਣ) ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਜ਼ਿਆਦਾਤਰ ਅਜਿਹੀ ਪ੍ਰੈਗਨੈਂਸੀ ਵਿੱਚ ਬੱਚੇ ਪ੍ਰੀਮਿਚਿਓਰ (ਸਮੇ ਤੋਂ ਪਹਿਲਾਂ) ਪੈਦਾ ਹੁੰਦੇ ਹਨ, ਜਿਵੇਂ ਕਿ ਹਲੀਮਾ ਦੇ ਕੇਸ ਵਿੱਚ ਵੀ ਦੇਖਿਆ ਗਿਆ ਹੈ।
ਜਿਹੜੇ ਬੱਚੇ 37 ਹਫ਼ਤਿਆਂ ਤੋਂ ਪਹਿਲਾਂ ਪੈਦਾ ਹੋ ਜਾਂਦੇ ਹਨ, ਉਨ੍ਹਾਂ ਨੂੰ ਪ੍ਰੀਮਿਚਿਓਰ ਕਿਹਾ ਜਾਂਦਾ ਹੈ। ਅਜਿਹੇ ਬੱਚਿਆਂ ਵਿੱਚ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਹੋਣ ਅਤੇ ਲਾਗ ਦੇ ਖ਼ਤਰੇ ਜ਼ਿਆਦਾ ਹੁੰਦੇ ਹਨ। ਕਈ ਮਾਮਲਿਆਂ 'ਚ ਅਜਿਹੇ ਬੱਚਿਆਂ ਦਾ ਦਿਮਾਗ ਸਹੀ ਢੰਗ ਨਾਲ ਵਿਕਸਿਤ ਨਹੀਂ ਹੋ ਪਾਉਂਦਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












