You’re viewing a text-only version of this website that uses less data. View the main version of the website including all images and videos.
ਇਮਰਾਨ ਖ਼ਾਨ ਨੇ ਆਪਣੀ ਸਰਕਾਰ ਦਾ ਬਹੁਮਤ ਕੀਤਾ ਸਾਬਿਤ, ਜਾਣੋ ਅਜਿਹਾ ਕਿਉਂ ਕਰਨਾ ਪਿਆ
- ਲੇਖਕ, ਪ੍ਰਵੀਨ ਸ਼ਰਮਾ
- ਰੋਲ, ਬੀਬੀਸੀ ਲਈ
ਇਮਰਾਨ ਖ਼ਾਨ ਨੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਦੀ ਗੈਰ-ਹਾਜ਼ਰੀ ਵਿੱਚ ਭਰੋਸੇ ਦਾ ਵੋਟ ਹਾਸਲ ਕਰ ਲਿਆ ਹੈ।
ਉਨ੍ਹਾਂ ਨੂੰ 341 ਸੀਟਾਂ ਵਾਲੇ ਸਦਨ ਵਿੱਚ 172 ਵੋਟਾਂ ਚਾਹੀਦੀਆਂ ਸਨ ਇਸ ਦੇ ਮੁਕਾਬਲੇ ਉਨ੍ਹਾਂ ਨੂੰ 178 ਵੋਟਾਂ ਮਿਲੀਆਂ।
ਵਿਰੋਧੀ ਧਿਰ ਨੇ ਸ਼ੁੱਕਰਵਾਰ ਸ਼ਾਮੀ ਵੋਟਿੰਗ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਨੈਸ਼ਨਲ ਅਸੈਂਬਲੀ ਵਿੱਚ ਭਰੋਸੇ ਦੀ ਵੋਟ ਨੂੰ ਸਾਬਤ ਕਰਨਗੇ।
ਇਹ ਵੀ ਪੜ੍ਹੋ:
ਇਮਰਾਨ ਖ਼ਾਨ ਆਪਣੀ ਸਰਕਾਰ ਦਾ ਬਹੁਮਤ ਸਾਬਤ ਕਿਉਂ ਕਰਨਾ ਚਾਹੁੰਦੇ ਸਨ
ਸੀਨੇਟ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦੇ ਇੱਕ ਅਹਿਮ ਉਮੀਦਵਾਰ ਦੀ ਹਾਰ ਤੋਂ ਬਾਅਦ ਖੜ੍ਹੇ ਹੋਏ ਹਾਲਾਤ ਕਾਰਨ ਉਨ੍ਹਾਂ ਨੇ ਭਰੋਸਗੀ ਮਤਾ ਹਾਸਲ ਕਰਨ ਦਾ ਫੈਸਲਾ ਕੀਤਾ ਸੀ।
ਦਰਅਸਲ ਇਮਰਾਨ ਖ਼ਾਨ ਸਰਕਾਰ ਦੇ ਖਜ਼ਾਨਾ ਮੰਤਰੀ ਅਬਦੁੱਲ ਹਫੀਜ਼ ਸ਼ੇਖ ਸੀਨੇਟ ਚੋਣਾਂ ਵਿੱਚ ਇਸਲਾਮਾਬਾਦ ਦੀ ਸਖ਼ਤ ਮੁਕਾਬਲੇ ਵਾਲੀ ਸੀਟ ਤੋਂ ਸਾਬਕਾ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਤੋਂ ਹਾਰ ਗਏ ਸਨ।
ਇਸ ਤੋਂ ਬਾਅਦ ਇਮਰਾਨ ਖਾਨ ਨੇ ਦੇਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਨੂੰ ਵਿਰੋਧੀ ਧਿਰ ਨੇ ਸਾਬਕਾ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਨੂੰ ਵੋਟ ਦੇਣ ਲਈ ਰਾਜ਼ੀ ਕਰ ਲਿਆ ਸੀ ਅਤੇ ਇਸ ਕਾਰਨ ਉਨ੍ਹਾਂ ਦੇ ਖਜ਼ਾਨਾ ਮੰਤਰੀ ਅਬਦੁੱਲ ਹਫੀਜ਼ ਦੀ ਹਾਰ ਹੋਈ ਹੈ।
ਸੀਨੇਟ 'ਚ ਹਾਰ ਤੋਂ ਬਾਅਦ ਖੜ੍ਹੇ ਹੋਏ ਸਵਾਲ
ਸੀਨੇਟ ਦੀਆਂ ਚੋਣਾਂ ਵਿੱਚ ਸੰਸਦ ਦੇ ਹੇਠਲੇ ਸਦਨ, ਨੈਸ਼ਨਲ ਅਸੈਂਬਲੀ ਦੇ ਮੈਂਬਰ ਅਤੇ ਚਾਰ ਸੂਬਾਈ ਅਸੈਂਬਲੀਆਂ ਦੇ ਮੈਂਬਰ ਵੋਟ ਪਾਉਂਦੇ ਹਨ। ਇਹ ਵੋਟਿੰਗ ਬੁੱਧਵਾਰ ਨੂੰ ਹੋਈ।
ਇਸ ਹਾਰ ਤੋਂ ਬਾਅਦ ਇਹ ਸਵਾਲ ਖੜ੍ਹੇ ਹੋਣ ਲੱਗੇ ਕਿ ਇਮਰਾਨ ਖ਼ਾਨ ਕੋਲ ਸਦਨ ਵਿੱਚ ਬਹੁਮਤ ਸੀ ਜਾਂ ਨਹੀਂ? ਸੀਨੇਟ ਸੰਸਦ ਦਾ ਉਪਰਲਾ ਸਦਨ ਹੁੰਦਾ ਹੈ। ਇਸ ਚੋਣ ਵਿੱਚ ਗਿਲਾਨੀ ਨੂੰ 169 ਵੋਟਾਂ ਮਿਲੀਆਂ ਸਨ, ਜਦੋਂਕਿ ਹਫੀਜ਼ ਸ਼ੇਖ ਨੂੰ 164 ਵੋਟਾਂ ਮਿਲੀਆਂ ।
ਤਕਰੀਬਨ ਅੱਧੇ ਘੰਟੇ ਦੇ ਆਪਣੇ ਸੰਬੋਧਨ ਵਿੱਚ ਇਮਰਾਨ ਖ਼ਾਨ ਨੇ ਵਿਰੋਧੀ ਪਾਰਟੀਆਂ ਉੱਤੇ ਜ਼ਬਰਦਸਤ ਹਮਲਾ ਕੀਤਾ। ਉਨ੍ਹਾਂ ਨੇ ਉਨ੍ਹਾਂ ਦੀ ਨੀਅਤ 'ਤੇ ਸਵਾਲ ਚੁੱਕੇ।
ਉਨ੍ਹਾਂ ਨੇ ਕਿਹਾ ਕਿ ਸੀਨੇਟ ਦੀ ਸਭ ਤੋਂ ਚਰਚਾ ਵਾਲੀ ਇਸਲਾਮਾਬਾਦ ਸੀਟ ਹਾਰਨ ਤੋਂ ਬਾਅਦ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਅਹੁਦਾ ਛੱਡ ਦੇਣ ਪਰ ਇਮਰਾਨ ਖ਼ਾਨ ਨੇ ਇਸ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ।
ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ ਨੂੰ ਕਰੋੜਾਂ ਰੁਪਏ ਦੀ ਰਿਸ਼ਵਤ ਦਿੱਤੀ ਗਈ ਸੀ। ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ਕੁਝ ਲੋਕਾਂ ਨੇ ਖੁਦ ਨੂੰ ਵੀ ਵੇਚ ਦਿੱਤਾ।
ਹਾਲਾਂਕਿ 100 ਮੈਂਬਰਾਂ ਵਾਲੀ ਸੀਨੇਟ ਵਿੱਚ ਇਮਰਾਨ ਖ਼ਾਨ ਦੀ ਪਾਰਟੀ ਦੀ ਹਾਲਤ ਵਿੱਚ ਕੁਝ ਸੁਧਾਰ ਹੋਇਆ ਹੈ ਪਰ ਸ਼ੇਖ ਦੀ ਹਾਰ ਸਰਕਾਰ ਅਤੇ ਉਨ੍ਹਾਂ ਦੀ ਪਾਰਟੀ ਲਈ ਕਰਾਰਾ ਝਟਕਾ ਹੈ।
ਇਮਰਾਨ ਖਾਨ ਨੇ ਕਿਹਾ, "ਮੈਂ ਸ਼ਨੀਵਾਰ ਨੂੰ ਭਰੋਸਗੀ ਮਤੇ ਦੀ ਮੰਗ ਕਰ ਰਿਹਾ ਹਾਂ। ਮੈਂ ਨੈਸ਼ਨਲ ਅਸੈਂਬਲੀ ਜਾਊਂਗਾ ਅਤੇ ਪੁੱਛਾਂਗਾ ਕਿ ਤੁਸੀਂ ਫੈਸਲਾ ਕਰੋ। ਇਹ ਇੱਕ ਓਪਨ ਵੋਟ ਹੋਵੇਗੀ ਅਤੇ ਮੈਂ ਸਾਰੇ ਮੈਂਬਰਾਂ ਨੂੰ ਕਹਾਂਗਾ ਕਿ ਉਹ ਆਪਣੇ ਲੋਕਤੰਤਰਿਕ ਅਧਿਕਾਰ ਦੀ ਵਰਤੋਂ ਕਰਨ ਅਤੇ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਇਮਰਾਨ ਖ਼ਾਨ ਦੇ ਨਾਲ ਨਹੀਂ ਹੋ। ਮੈਂ ਇਸ ਦਾ ਸਨਮਾਨ ਕਰਾਂਗਾ। ਜੇ ਤੁਸੀਂ ਜਿੱਤ ਜਾਂਦੇ ਹੋ ਤਾਂ ਮੈਂ ਵਿਰੋਧੀ ਧਿਰ ਵਿੱਚ ਬੈਠਾਂਗਾ। "
ਪਾਕਿਸਤਾਨ ਵਿੱਚ ਮੌਜੂਦਾ ਸਿਆਸੀ ਸੰਕਟ ਬਾਰੇ ਇਸਲਾਮਾਬਾਦ ਸਥਿਤ ਇੰਡੀਪੈਂਡੇਂਟ ਉਰਦੂ ਦੇ ਮੈਨੇਜਿੰਗ ਐਡੀਟਰ ਹਾਰੂਨ ਰਸ਼ੀਦ ਦਾ ਕਹਿਣਾ ਹੈ, "ਇਮਰਾਨ ਖਾਨ ਦਾ ਅਕਸ ਗੁੱਸੇ ਇੱਕ ਐਂਗਰੀ ਓਲਡ ਮੈਨ ਦਾ ਹੈ। ਜਿਸ ਤਰ੍ਹਾਂ ਉਨ੍ਹਾਂ ਨੇ ਇਲਜ਼ਾਮ ਲਗਾਏ ਹਨ, ਉਸ ਨਾਲ ਉਨ੍ਹਾਂ ਦੀ ਬੇਵਸੀ ਝਲਕ ਰਹੀ ਹੈ ਕਿ ਸਰਕਾਰ ਵਿੱਚ ਰਹਿੰਦੇ ਹੋਏ ਅਤੇ ਬਤੌਰ ਪ੍ਰਧਾਨ ਮੰਤਰੀ ਵੀ ਉਹ ਇਨ੍ਹਾਂ ਧਾਂਦਲੀਆਂ ਨੂੰ ਰੋਕ ਨਹੀਂ ਸਕੇ।
ਉਨ੍ਹਾਂ ਨੇ ਰਿਸ਼ਵਤ ਦੇ ਇਲਜ਼ਾਮ ਲਗਾਏ ਹਨ ਅਤੇ ਸ਼ੱਕ ਜ਼ਾਹਰ ਕੀਤਾ ਹੈ ਕਿ ਉਨ੍ਹਾਂ ਦੀ ਹੀ ਪਾਰਟੀ ਦੇ ਕੁਝ ਮੈਂਬਰਾਂ ਨੇ ਉਨ੍ਹਾਂ ਨੂੰ ਵੋਟ ਨਹੀਂ ਦਿੱਤੀ ਹੈ। ਇਸ ਕਾਰਨ ਉਨ੍ਹਾਂ ਦੀ ਹਾਰ ਹੋਈ ਹੈ। "
ਹਾਰੂਨ ਦਾ ਕਹਿਣਾ ਹੈ ਕਿ ਇਮਰਾਨ ਖ਼ਾਨ ਪਹਿਲਾਂ ਤੋਂ ਹੀ ਵਿਰੋਧੀ ਧਿਰ 'ਤੇ ਸਖ਼ਤ ਹਮਲੇ ਕਰਦੇ ਰਹੇ ਹਨ ਪਰ ਪਹਿਲੀ ਵਾਰ ਉਨ੍ਹਾਂ ਨੇ ਚੋਣ ਕਮਿਸ਼ਨ 'ਤੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਕਾਰਨ ਇਹ ਸਾਰੇ ਘੁਟਾਲੇ ਹੋਏ ਹਨ। ਉਨ੍ਹਾਂ ਕਿਹਾ ਹੈ ਕਿ ਚੋਣ ਕਮਿਸ਼ਨ ਨੂੰ ਵੋਟਾਂ ਦੀ ਗਲਤ ਵਰਤੋਂ ਨੂੰ ਰੋਕਣਾ ਚਾਹੀਦਾ ਸੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਮਰਾਨ ਖ਼ਾਨ ਦਾ ਭਰੋਸਗੀ ਮਤਾ ਹਾਰਨ ਦਾ ਕਿੰਨਾ ਖ਼ਤਰਾ
ਭਰੋਸਗੀ ਮਤਾ ਲਿਆਉਣ ਪਿੱਛੇ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਖੁਦ ਨੂੰ ਨੈਤਿਕ ਤੌਰ 'ਤੇ ਮਜ਼ਬੂਤ ਦਿਖਾਉਣਾ ਚਾਹੁੰਦੇ ਹਨ।
ਹਾਰੂਨ ਕਹਿੰਦੇ ਹਨ, "ਮੈਨੂੰ ਨਹੀਂ ਲੱਗਦਾ ਕਿ ਪ੍ਰਧਾਨ ਮੰਤਰੀ ਨੂੰ ਭਰੋਸਗੀ ਮਤੇ ਵਿੱਚ ਕੋਈ ਵੱਡਾ ਖ਼ਤਰਾ ਹੈ। ਉਹ ਨੈਤਿਕ ਅਧਾਰ 'ਤੇ ਭਰੋਸਗੀ ਮਤੇ ਲਈ ਜਾ ਰਹੇ ਹਨ। ਉਨ੍ਹਾਂ ਲਈ ਫਿਲਹਾਲ ਕੋਈ ਵੱਡਾ ਸਿਆਸੀ ਸੰਕਟ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਉਹ ਅਸਾਨੀ ਨਾਲ ਇਸ ਵਿੱਚ ਜਿੱਤ ਜਾਣਗੇ।
ਪਰ ਦੇਖਣ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਕਿੰਨੀਆਂ ਵੋਟਾਂ ਮਿਲਦੀਆਂ ਹਨ।
ਹਾਰੂਨ ਦਾ ਮੰਨਣਾ ਹੈ ਕਿ ਇਮਰਾਨ ਖ਼ਾਨ ਇਸ ਸੰਕਟ ਤੋਂ ਬਾਅਦ ਹੋਰ ਮਜ਼ਬੂਤ ਹੋ ਕੇ ਉੱਭਰ ਸਕਦੇ ਹਨ। ਉਹ ਨੈਤਿਕ ਤੌਰ 'ਤੇ ਸਖ਼ਤ ਸਟੈਂਡ ਲੈਣ ਲਈ ਇਹ ਕਰ ਰਹੇ ਹਨ।
ਇਹ ਵੀ ਪੜ੍ਹੋ:
ਵਿਰੋਧੀ ਧਿਰ ਨੇ ਸਖ਼ਤ ਹਮਲਾ ਕੀਤਾ
ਪਿਛਲੇ ਦਿਨਾਂ ਵਿੱਚ ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਨੇ ਸਰਕਾਰ ਅਤੇ ਇਮਰਾਨ ਖ਼ਾਨ 'ਤੇ ਹਮਲਿਆਂ ਨੂੰ ਤੇਜ਼ ਕਰ ਦਿੱਤਾ ਹੈ।
ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਸੀਨੇਟ ਚੋਣਾਂ ਵਿੱਚ ਪੀਟੀਆਈ ਦੇ ਅਬਦੁੱਲ ਹਫੀਜ਼ ਸ਼ੇਖ ਦੇ ਹਾਰਨ ਤੋਂ ਬਾਅਦ ਵੀਰਵਾਰ ਨੂੰ ਕਿਹਾ ਹੈ ਕਿ ਹੁਣ ਕੋਈ ਵੀ ਇਸ ਸਰਕਾਰ ਨੂੰ ਬਚਾਅ ਨਹੀਂ ਸਕਦਾ।
ਬਿਲਾਵਲ ਨੇ ਇਹ ਵੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਸਹਿਯੋਗੀਆਂ ਨੇ ਉਨ੍ਹਾਂ ਨੂੰ ਸੀਨੇਟ ਚੋਣਾਂ ਵਿੱਚ ਨਕਾਰ ਦਿੱਤਾ ਹੈ। ਉਨ੍ਹਾਂ ਨੇ ਇਮਰਾਨ ਖਾਨ ਦੀ ਸਰਕਾਰ ਨੂੰ ਨਿਕੰਮਾ ਅਤੇ ਗੈਰ ਕਾਨੂੰਨੀ ਕਰਾਰ ਦਿੱਤਾ ਹੈ।
ਬਿਲਾਵਲ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਇਲਜ਼ਾਮ ਲਾਇਆ, "ਉਹ ਇੱਕ ਡਰਪੋਕ ਹਨ ਅਤੇ ਚੋਣਾਂ ਤੋਂ ਡਰਦੇ ਹਨ।"
ਦੂਜੇ ਪਾਸੇ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਉਪ-ਪ੍ਰਧਾਨ ਮਰੀਅਮ ਨਵਾਜ਼ ਨੇ ਵੀ ਪਿਛਲੇ ਦਿਨਾਂ ਵਿਚ ਇਮਰਾਨ ਖ਼ਾਨ 'ਤੇ ਜ਼ਬਰਦਸਤ ਹਮਲੇ ਕੀਤੇ।
ਸੋਮਵਾਰ ਨੂੰ ਮਰੀਅਮ ਨਵਾਜ਼ ਨੇ ਇਮਰਾਨ ਖ਼ਾਨ 'ਤੇ ਹਮਲਾ ਕਰਦੇ ਹੋਏ ਕਿਹਾ, "ਤੁਸੀਂ ਵੋਟਾਂ ਦੀ ਤਾਕਤ ਤੋਂ ਕਿਉਂ ਡਰਦੇ ਹੋ?"
ਹਾਲਾਂਕਿ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਵਿਰੋਧੀ ਧਿਰ ਉਨ੍ਹਾਂ ਨੂੰ ਬਲੈਕਮੇਲ ਕਰਨਾ ਚਾਹੁੰਦੀ ਹੈ।
ਉਨ੍ਹਾਂ ਨੇ ਕਿਹਾ, "ਵਿਰੋਧੀ ਧਿਰ ਮੇਰੇ ਸਿਰ 'ਤੇ ਭਰੋਸਗੀ ਮਤੇ ਰਾਹੀਂ ਬਲੈਕਮੇਲ ਕਰਨਾ ਚਾਹੁੰਦੀ ਸੀ ਤਾਂ ਕਿ ਮੈਂ ਉਨ੍ਹਾਂ ਨੂੰ ਐਨਆਰਓ ਦੇਵਾਂ। ਜਿਨ੍ਹਾਂ ਨੇ ਇਸ ਦੇਸ਼ ਨੂੰ ਲੁੱਟਿਆ ਹੈ, ਮੈਂ ਉਨ੍ਹਾਂ ਨੂੰ ਇਹ ਛੋਟ ਨਹੀਂ ਦੇਵਾਂਗਾ।"
ਐੱਨਆਰਓ ਦਾ ਮਤਲਬ ਨੈਸ਼ਨਲ ਰੀਕਾਨਸੀਲੀਏਸ਼ਨ ਆਰਡਰ ਹੈ ਜਿਸ ਦੇ ਤਹਿਤ ਵਿਦੇਸ਼ਾਂ ਵਿੱਚ ਜਲਾਵਤਨ ਰਹਿ ਰਹੇ ਆਗੂਆਂ ਨੂੰ ਦੇਸ ਪਰਤਣ ਤੋਂ ਰਾਹਤ ਮਿਲੀ ਸੀ। ਐੱਨਆਰਓ ਤਹਿਤ ਆਗੂਆਂ ਖਿਲਾਫ਼ ਲੱਗੇ ਸਾਰੇ ਇਲਜ਼ਾਮ ਹਟਾ ਦਿੱਤੇ ਗਏ ਸਨ।
ਹਾਲਾਂਕਿ ਹਾਰੂਨ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਭਲੇ ਹੀ ਕੁਝ ਵੀ ਦਾਅਵਾ ਕਰਨ ਪਰ ਅਸਲ ਵਿੱਚ ਉਹ ਇਨ੍ਹਾਂ ਇਲਜ਼ਾਮਾਂ ਨੂੰ ਸਾਬਤ ਨਹੀਂ ਕਰ ਪਾ ਰਹੇ।
ਉਹ ਕਹਿੰਦੇ ਹਨ, "ਭ੍ਰਿਸ਼ਟਾਚਾਰ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਇਲਜ਼ਾਮ ਕਮਜ਼ੋਰ ਹੁੰਦੇ ਹਨ। ਅਜਿਹੇ ਵਿੱਚ ਸਰਕਾਰ ਨੂੰ ਵਧੇਰੇ ਮਜ਼ਬੂਤ ਕੇਸ ਬਣਾਉਣ ਉੱਤੇ ਧਿਆਨ ਦੇਣਾ ਚਾਹੀਦਾ ਹੈ।"
ਇਹ ਵੀ ਪੜ੍ਹੋ: