You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: ਕੈਪਟਨ ਅਮਰਿੰਦਰ ਨੇ ਕਿਹਾ, 'ਪੰਜਾਬ ਦੇ ਕਿਸਾਨ ਦੇਸ-ਵਿਰੋਧੀ ਨਹੀਂ, ਉਹੀ ਦੇਸਭਗਤ ਹਨ ਜਿਨ੍ਹਾਂ ਨੇ ਗਲਵਾਨ ਘਾਟੀ 'ਚ ਦੇਸ ਲਈ ਜਾਨ ਦਿੱਤੀ'
ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕਾਫ਼ੀ ਹੰਗਾਮੇ ਵਾਲਾ ਰਿਹਾ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਲਈ ਕਈ ਐਲਾਨ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਜਪਾ 'ਤੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਇਲਜ਼ਾਮ ਲਾਇਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਆਗੂਆਂ 'ਤੇ ਹਮਲਾ ਕਰਦਿਆਂ ਕਿਹਾ, "ਪੰਜਾਬ ਦੇ ਕਿਸਾਨ ਅਤੇ ਖੇਤੀ ਕਾਮੇ ਦੇਸ-ਵਿਰੋਧੀ ਨਹੀਂ ਹਨ ਸਗੋਂ ਉਹੀ ਦੇਸਭਗਤ ਹਨ ਜਿਨ੍ਹਾਂ ਨੇ ਗਲਵਾਨ ਘਾਟੀ ਵਿੱਚ ਪਿਛਲੇ ਸਾਲ ਦੇਸ ਦੀ ਸ਼ਾਨ ਦੀ ਰਾਖੀ ਲਈ ਆਪਣੀ ਜਾਨ ਦੇ ਦਿੱਤੀ ਸੀ।"
ਗਤੀਸ਼ੀਲ ਪੰਜਾਬੀ ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਤੁਰੰਤ ਖ਼ਤਮ ਕਰਨ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ ਕਿਹਾ, "ਉਨ੍ਹਾਂ ਨੇ ਕਦੇ ਵੀ ਕੋਈ ਦੇਸ ਵਿਰੋਧੀ ਕੰਮ ਨਹੀਂ ਕੀਤਾ, ਉਹ ਦੇਸ ਵਿਰੋਧੀ ਨਹੀਂ ਹਨ ਅਤੇ ਉਹ ਕਦੇ ਵੀ ਦੇਸ ਦੀ ਏਕਤਾ ਅਤੇ ਅਖੰਡਤਾ ਵਿਰੁੱਧ ਕੁਝ ਵੀ ਕਰਨਗੇ। "
ਇਹ ਵੀ ਪੜ੍ਹੋ:
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਕਿਸਾਨਾਂ ਨੂੰ ਮੁਫ਼ਤ ਬਿਜਲੀ ਤੇ ਸਨਅਤ ਨੂੰ ਸਬਸਿਡੀ ਵਾਲੀ ਬਿਜਲੀ ਜਾਰੀ ਰਹੇਗੀ। ਇਸ ਤੋਂ ਇਲਾਵਾ ਐੱਸਸੀ, ਬੀਪੀਐੱਲ, ਬੀਸੀ ਅਤੇ ਆਜ਼ਾਦੀ ਘੁਲਾਟੀਏ ਨੂੰ 200 ਯੂਨਿਟ ਮੁਫ਼ਤ ਬਿਜਲੀ ਮਿਲਦੀ ਰਹੇਗੀ।"
ਮੁੱਖ ਮੰਤਰੀ ਨੇ 'ਖੁਸ਼ਹਾਲ ਕਿਸਾਨ ਅਤੇ ਕਾਮਯਾਬ ਕਿਸਾਨ' ਪ੍ਰਤੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ 5.64 ਲੱਖ ਛੋਟੇ ਕਿਸਾਨਾਂ ਵਿੱਚੋਂ 1.13 ਲੱਖ ਕਿਸਾਨ ਜੋ ਕਰਜ਼ਾ ਮੁਕਤ ਸਕੀਮ ਦੇ ਯੋਗ ਹਨ, ਉਨ੍ਹਾਂ ਨੂੰ ਅਗਲੇ ਸਾਲ ਇਸ ਤਹਿਤ ਕਵਰ ਕੀਤਾ ਜਾਵੇਗਾ।
ਮੁੱਖ ਮੰਤਰੀ ਦੇ ਸੰਬੋਧਨ ਦੀਆਂ ਮੁੱਖ ਗੱਲਾਂ
- ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਭਾਰਤ ਸਰਕਾਰ ਨੇ ਨਾ ਤਾਂ ਉਨ੍ਹਾਂ ਦੇ ਤਿੰਨ ਖੇਤੀ ਕਾਨੂੰਨਾਂ ਕਾਰਨ ਪੈਦਾ ਹੋਏ ਮੌਜੂਦਾ ਖੇਤੀ ਸੰਕਟ ਦਾ ਹੱਲ ਕੀਤਾ ਹੈ ਅਤੇ ਨਾ ਹੀ ਅਕਤੂਬਰ 2020 ਵਿੱਚ ਪੰਜਾਬ ਵਿਧਾਨ ਸਭਾ ਵੱਲੋਂ ਕੀਤੀਆਂ ਤਿੰਨ ਸੋਧਾਂ ਨੂੰ ਮਾਨਯੋਗ ਰਾਸ਼ਟਰਪਤੀ ਦੀ ਸਹਿਮਤੀ ਦਿੱਤੀ ਹੈ।
- ਇਸ ਗੈਰ-ਜ਼ਿੰਮੇਵਾਰਾਨਾ ਰਵੱਈਏ ਕਾਰਨ ਕਿਸਾਨਾਂ ਨੂੰ ਹੋਰ ਨਾਰਾਜ਼ ਕੀਤਾ ਹੈ ਜੋ ਕਿ ਸ਼ਾਂਤਮਈ ਅੰਦੋਲਨ ਜਾਰੀ ਰੱਖ ਰਹੇ ਹਨ। ਇਸ ਕਾਰਨ ਨਾ ਸਿਰਫ਼ ਸੂਬੇ ਨੂੰ ਆਰਥਿਕ ਨੁਕਸਾਨ ਹੋਇਆ ਹੈ, ਬਲਕਿ ਇਸ ਨੇ ਹੁਣ ਤੱਕ 125 ਕਿਸਾਨਾਂ ਦੀ ਜ਼ਿੰਦਗੀ ਵੀ ਲੈ ਲਈ ਹੈ।
- ਪੰਜਾਬ ਦੇ ਕਿਸਾਨ ਦੇਸ ਵਿਰੋਧੀ ਨਹੀਂ ਹਨ, ਉਹ ਦੇਸ ਭਗਤ ਹਨ ਅਤੇ ਉਹੀ ਲੋਕ ਹਨ ਜਿਨ੍ਹਾਂ ਨੇ ਗਲਵਾਨ ਘਾਟੀ ਵਿੱਚ ਜਾਨ ਗਵਾਈ।
- ਕਿਸਾਨਾਂ ਨੂੰ ਮੁਫ਼ਤ ਬਿਜਲੀ ਤੇ ਸਨਅਤ ਨੂੰ ਸਬਸਿਡੀ ਵਾਲੀ ਬਿਜਲੀ ਜਾਰੀ ਰਹੇਗੀ।
- ਇਸ ਤੋਂ ਇਲਾਵਾ ਐੱਸਸੀ, ਬੀਪੀਐੱਲ, ਬੀਸੀ ਅਤੇ ਆਜ਼ਾਦੀ ਘੁਲਾਟੀਏ ਨੂੰ 200 ਯੂਨਿਟ ਮੁਫ਼ਤ ਬਿਜਲੀ ਮਿਲਦੀ ਰਹੇਗੀ।
- ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸੀਨੀਅਰ ਪੁਲਿਸ ਅਧਿਕਾਰੀ ਦੀ ਕਮਾਂਡ ਹੇਠ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ।
- 2687 ਗੈਂਗਸਟਰ ਜਾਂ ਕਈ ਅਪਰਾਧਕ ਗੈਂਗਜ਼ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਜਾਂ ਨਿਊਟ੍ਰਲਾਈਜ਼ ਕੀਤਾ ਗਿਆ।
- ਇਸ ਤੋਂ ਇਲਾਵਾ 37 ਅੱਤਵਾਦੀ ਮਡਿਊਲ ਦਾ ਪਰਦਾਫਾਸ਼ ਕੀਤਾ ਗਿਆ, 221 ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ, 10 ਡਰੋਨ ਜ਼ਬਤ ਕੀਤੇ ਗਏ। ਇਸ ਤੋਂ ਇਲਾਵਾ 1928 ਨਾਜਾਇਜ਼ ਹਥਿਆਰ ਅਤੇ 38 ਹੈਂਡ ਗ੍ਰਨੇਡ ਵੀ ਸ਼ਾਮਲ ਸਨ।
- ਪਿਛਲੇ 28 ਮਹੀਨਿਆਂ ਵਿੱਚ ਸੂਬੇ ਵਿੱਚ 85 ਬੇਅਦਬੀ ਦੇ ਮਾਮਲਿਆਂ ਵਿੱਚੋਂ 57 ਦਾ ਪਤਾ ਲਗਾਇਆ ਗਿਆ ਜਦੋਂਕਿ ਅਕਾਲੀ-ਭਾਜਪਾ ਸ਼ਾਸਨ ਦੇ ਤਹਿਤ 132 ਕੇਸਾਂ ਵਿਚੋਂ ਸਿਰਫ਼ 66 ਕੇਸਾਂ ਬਾਰੇ ਪਤਾ ਲੱਗਾ ਸਕੇ ਸੀ।
ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ਦੇ ਜਵਾਬ ਦੇ ਰਹੇ ਸਨ ਤਾਂ ਵਿਰੋਧੀ ਧਿਰ ਨੇ ਉਨ੍ਹਾਂ ਦਾ ਵਿਰੋਧ ਕੀਤਾ।
ਵਿਰੋਧ ਮੁੱਖ ਮੰਤਰੀ ਵੱਲੋਂ ਆਪਣਾ ਭਾਸ਼ਣ ਅੰਗਰੇਜ਼ੀ ਵਿੱਚ ਸ਼ੁਰੂ ਕਰਨ ਤੋਂ ਹੋਇਆ। ਵਿਰੋਧੀ ਧਿਰ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਨੂੰ ਪੰਜਾਬੀ ਵਿੱਚ ਆਪਣਾ ਸੰਬੋਧਨ ਕਰਨਾ ਚਾਹੀਦਾ ਹੈ।
ਵਿਰੋਧ ਲਗਾਤਾਰ ਜਾਰੀ ਰਹਿਣ ਕਾਰਨ ਕੈਪਟਨ ਨੂੰ ਤਿੰਨ ਵਾਰ ਆਪਣਾ ਭਾਸ਼ਣ ਰੋਕਣਾ ਪਿਆ।
ਕੈਪਟਨ ਦਾ ਵਾਰ-ਵਾਰ ਵਿਰੋਧ
ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਆਪਣੀ ਸਰਕਾਰ ਦੀਆਂ ਉਪਲਭਦੀਆਂ ਦੱਸਣੀਆਂ ਸ਼ੁਰੂ ਕੀਤੀਆਂ।
ਵਿਰੋਧੀ ਧਿਰ ਨੇ ਕਿਹਾ ਕਿ ਉਪਲਭਦੀਆਂ ਦੱਸਣ ਤੋਂ ਪਹਿਲਾਂ ਕੈਪਟਨ ਇਹ ਦੱਸਣ ਕਿ ਸੂਬੇ ਵਿੱਚ ਬਿਜਲੀ ਦੇ ਭਾਅ ਕਿਉਂ ਵੱਧ ਰਹੇ ਹਨ।
ਸਪੀਕਰ ਨੇ ਵਿਰੋਧੀਆਂ ਨੂੰ ਵਾਰਵਾਰ ਕਿਹਾ ਕਿ ਮੁੱਦਾ ਚੁੱਕਣ ਲਈ ਸਮਾਂ ਦਿੱਤਾ ਗਿਆ ਸੀ। ਉਸ ਦੌਰਾਨ ਤੁਸੀਂ ਨਹੀਂ ਬੋਲੇ ਅਤੇ ਹੁਣ ਤੁਸੀਂ ਨਾ ਬੋਲੋ ਅਤੇ ਕੈਪਟਨ ਅਮਰਿੰਦਰ ਨੂੰ ਸਪੀਚ ਪੂਰੀ ਕਰਨ ਦਿਓ।
ਜਦੋਂ ਅਕਾਲੀ ਦਲ ਦੇ ਵਿਧਾਇਕ ਨਾ ਰੁਕੇ ਤਾਂ ਸਪੀਕਰ ਨੇ ਡਿਸਕਰੀਸ਼ਨਰੀ ਪਾਵਰਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਸੈਸ਼ਨ ਦੇ ਬਾਕੀ ਬਚੇ ਤਿੰਨ ਦਿਨਾਂ ਲਈ ਮੁਅਤਲ ਕਰ ਦਿੱਤਾ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਮਜੀਠੀਆ ਨੇ ਵਿਧਾਨ ਸਭਾ ਤੋਂ ਬਾਹਰ ਆ ਕੇ ਕੀ ਕਿਹਾ?
ਅਕਾਲੀ ਵਿਧਾਇਕ ਬਿਕਰਮ ਮਜੀਠੀਆ ਨੇ ਕਿਹਾ ਕਿ ਸਦਨ ਵਿੱਚ ਝੂਠ ਨਾ ਬੋਲੋ ਅਤੇ ਸੱਚ ਬੋਲੋ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕੋਰੋਨਾ ਵਿੱਚ ਬਹੁਤ ਵਧੀਆ ਪ੍ਰਬੰਧ ਕੀਤਾ। ਸਾਡਾ ਕਹਿਣਾ ਸੀ ਕਿ ਜੋ ਬਚਾਇਆ ਰੱਬ ਨੇ ਬਚਾ ਲਿਆ ਤੁਸੀਂ ਕੁਝ ਨਹੀਂ ਕੀਤਾ।
ਤੁਹਾਡੇ ਸਾਰੇ ਮੰਤਰੀਆਂ ਨੇ ਫੋਰਟਿਸ ਵਰਗੇ ਨਿੱਜੀ ਹਸਪਤਾਲਾਂ ਤੋਂ ਇਲਾਜ ਕਰਵਾਏ।
ਪਦਮ ਸ਼੍ਰੀ ਨਿਰਮਲ ਸਿੰਘ ਨਾਲ ਜੋ ਹੋਇਆ ਉਹ ਆਨ ਰਿਕਾਰਡ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਕੋਈ ਇਲਾਜ ਨਹੀਂ ਹੋਇਆ।
ਉਨ੍ਹਾਂ ਨੇ ਕਿਹਾ ਕਿ ਸਕੂਲ ਕੋਈ ਵਿਦਿਆਰਥੀ ਗਿਆ ਨਹੀਂ ਪਰ ਨਿੱਜੀ ਸਕੂਲਾਂ ਨੇ ਫ਼ੀਸਾਂ ਲਈਆਂ।
ਤੁਸੀਂ ਲੌਕਡਾਊਨ ਦੌਰਾਨ ਜੋ ਕਿਹਾ ਹੈ ਕਿ ਵਪਾਰੀਆਂ ਨੂੰ ਰਾਹਤ ਦਿੱਤੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਮੁੜ ਤੋਂ ਔਸਤ ਬਿਲ ਭੇਜ ਦਿੱਤੇ ਗਏ।
ਮਜੀਠੀਆ ਨੇ ਕਿਹਾ ਕਿ ਸਪੀਕਰ ਨੇ ਸਾਨੂੰ ਮੁੱਖ ਮੰਤਰੀ ਨਾਲ਼ ਇਸ਼ਾਰਾ ਕਰਨ ਤੋਂ ਬਾਅਦ ਬਾਹਰ ਕੱਢਿਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਸਰਕਾਰੀ ਸਪੀਕਰ ਵੱਲੋਂ ਕੱਢਿਆ ਗਿਆ।
ਹਰਪਾਲ ਸਿੰਘ ਚੀਮਾ ਨੇ ਰਣਜੀਤ ਸਿੰਘ ਦਾ ਮਸਲਾ ਚੁੱਕਿਆ
ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਕਿਸਾਨ ਅੰਦੋਲਨ ਵਿੱਚ ਪੁਲਿਸ ਤਸ਼ਦਦ ਦਾ ਸ਼ਿਕਾਰ ਹੋਏ ਨੌਜਵਾਨ ਰਣਜੀਤ ਸਿੰਘ ਦਾ ਮੁੱਦਾ ਚੁੱਕਿਆ।
ਜਦੋਂ ਸਿੰਘੂ ਬਾਰਡਰ ਉੱਪਰ ਅੰਦੋਲਨਕਾਰੀ ਕਿਸਾਨਾਂ ਉੱਪਰ ਖੇਤੀ ਕਾਨੂੰਨਾਂ ਦੇ ਹਮਾਇਤੀ ਜੋ ਕਿ ਸਥਾਨਕ ਵਾਸੀ ਬਣ ਕੇ ਆਏ ਸਨ ਅਤੇ ਧਰਨੇ ਵਾਲੀ ਥਾਂ ਖਾਲੀ ਕਰਵਾਉਣ ਦੀ ਮੰਗ ਕਰ ਰਹੇ ਸਨ। ਰਣਜੀਤ ਸਿੰਘ ਦੇ ਵਿਰੋਧ ਕਰਨ 'ਤੇ ਪੁਲਿਸ ਉਨ੍ਹਾਂ ਨੂੰ ਚੁੱਕ ਕੇ ਲੈ ਗਈ ਸੀ।
ਚੀਮਾ ਨੇ ਕਿਹਾ ਕਿ ਰਣਜੀਤ ਸਿੰਘ ਨਾਲ ਉਹੀ ਸਲੂਕ ਕੀਤਾ ਗਿਆ ਜਿਸ ਤਰ੍ਹਾਂ ਦਾ ਸਲੂਕ ਅਮਰੀਕਾ ਵਿੱਚ ਗੋਰੇ ਪੁਲਿਸ ਅਫ਼ਸਰ ਵੱਲੋਂ ਸਿਆਹਫ਼ਾਮ ਨਾਗਰਿਕ ਜੌਰਜ ਫਲੌਇਡ ਨਾਲ ਕੀਤਾ ਗਿਆ ਸੀ।
ਜਦਕਿ ਰਣਜੀਤ ਸਿੰਘ ਉੱਪਰ ਗੰਭੀਰ ਇਲਜ਼ਾਮ ਲਗਾ ਕੇ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ।
ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੁਲਿਸ ਵੱਲੋਂ ਨੌਦੀਪ ਕੌਰ, ਸ਼ਿਵ ਕੁਮਾਰ ਅਤੇ ਹੋਰਾਂ ਖ਼ਿਲਾਫ਼ ਪੁਲਿਸ ਤਸ਼ਦਦ ਖ਼ਿਲਾਫ਼ ਮਤਾ ਪਾਸ ਕਰੇ ਅਤੇ ਮਾਮਲਾ ਗ੍ਰਹਿ ਮੰਤਰੀ ਕੋਲ ਚੁੱਕਿਆ ਜਾਵੇ।
ਇਹ ਵੀ ਪੜ੍ਹੋ: