ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਵਜੋਂ ਕਿਉਂ ਦੇਖਣਾ ਚਾਹੁੰਦੇ ਹਨ ਇਮਰਾਨ ਖਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੀਬੀਸੀ ਨੂੰ ਕਿਹਾ ਕਿ ਕਸ਼ਮੀਰ ਦੇ ਵਿਵਾਦਤ ਇਲਾਕੇ ਨੂੰ ਲੈ ਕੇ ਭਾਰਤ ਨਾਲ ਸ਼ਾਂਤੀ, ਇਸ ਪੂਰੇ ਖਿੱਤੇ ਲਈ ਬਹੁਤ 'ਅਹਿਮ ਗੱਲ' ਹੋਵੇਗੀ।

ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਅੱਠ ਮਹੀਨੇ ਪਹਿਲਾਂ ਪ੍ਰਧਾਨਮੰਤਰੀ ਬਣੇ ਹਨ। ਉਨ੍ਹਾਂ ਨੇ ਕਿਹਾ ਕਿ ਪਰਮਾਣੂ ਸ਼ਕਤੀ ਨਾਲ ਲੈਸ ਗੁਆਂਢੀ ਆਪਸੀ ਮਤਭੇਦਾਂ ਨੂੰ ਸਿਰਫ਼ ਗੱਲਬਾਤ ਜ਼ਰੀਏ ਹੀ ਹੱਲ ਕਰ ਸਕਦੇ ਹਨ।

ਇਮਰਾਨ ਖ਼ਾਨ ਦਾ ਇਹ ਬਿਆਨ ਅਜਿਹੇ ਵੇਲੇ ਆਇਆ ਹੈ ਜਦੋਂ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਹਿੰਸਾ ਦੀ ਘਟਨਾ ਤੋਂ ਕੁਝ ਸਮੇਂ ਬਾਅਦ ਹੀ ਭਾਰਤ ਵਿੱਚ ਆਮ ਚੋਣਾਂ ਹੋਣ ਜਾ ਰਹੀਆਂ ਹਨ।

ਪੁਲਵਾਮਾ ਵਿੱਚ ਭਾਰਤੀ ਸੁਰੱਖਿਆ ਬਲਾਂ 'ਤੇ ਇੱਕ ਆਤਮਘਾਤੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਇੱਕ ਕਥਿਤ ਅੱਤਵਾਦੀ ਕੈਂਪ 'ਤੇ ਹਵਾਈ ਹਮਲਾ ਕੀਤਾ ਸੀ।

ਇਹ ਪੁੱਛਣ 'ਤੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਦੇਸ ਨੂੰ ਉਹ ਕੀ ਸੰਦੇਸ਼ ਦੇਣਾ ਚਾਹੁੰਦੇ ਹਨ, ਇਮਰਾਨ ਖਾਨ ਨੇ ਬੀਬੀਸੀ ਦੇ ਜੌਨ ਸਿੰਪਸਨ ਨੂੰ ਕਿਹਾ ਕਿ "ਕਸ਼ਮੀਰ ਮੁੱਦੇ ਨੂੰ ਹੱਲ ਕਰਨਾ ਹੋਵੇਗਾ ਅਤੇ ਇਸ ਮਸਲੇ ਨੂੰ ਲੰਬੇ ਵੇਲੇ ਤੱਕ ਜਿਉਂਦਾ ਨਹੀਂ ਰੱਖਿਆ ਜਾ ਸਕਦਾ।

ਉਨ੍ਹਾਂ ਕਿਹਾ, "ਦੋਵਾਂ ਸਰਕਾਰਾਂ ਦਾ ਪਹਿਲਾ ਟੀਚਾ ਗਰੀਬੀ ਨੂੰ ਖ਼ਤਮ ਕਰਨ ਦਾ ਹੋਣਾ ਚਾਹੀਦਾ ਹੈ ਅਤੇ ਗਰੀਬੀ ਨੂੰ ਘੱਟ ਕਰਨ ਦਾ ਰਸਤਾ ਹੈ ਕਿ ਅਸੀਂ ਆਪਸੀ ਮਤਭੇਦਾਂ ਨੂੰ ਗੱਲਬਾਤ ਜ਼ਰੀਏ ਹੱਲ ਕਰੀਏ, ਸਾਡੇ ਵਿੱਚ ਇੱਕ ਹੀ ਮਤਭੇਦ ਹੈ, ਉਹ ਹੈ ਕਸ਼ਮੀਰ।"

ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪਣੇ ਚੋਣ ਪ੍ਰਚਾਰ ਮੁਹਿੰਮ ਵਿੱਚ ਪਾਕਿਸਤਾਨ ਵਿਰੋਧੀ ਬਿਆਨਬਾਜ਼ੀਆਂ ਦਾ ਸਹਾਰਾ ਲਿਆ ਅਤੇ ਕੌਮੀ ਸੁਰੱਖਿਆ 'ਤੇ ਜ਼ੋਰ ਦਿੱਤਾ ਹੈ।

ਕਈ ਲੋਕਾਂ ਨੂੰ ਲਗਦਾ ਹੈ ਕਿ ਇਹ ਚੋਣਾਂ, ਹਿੰਦੂ ਰਾਸ਼ਟਰਵਾਦੀ ਭਾਜਪਾ ਦੀ ਧਰੁਵੀਕਰਨ ਦੀ ਸਿਆਸਤ 'ਤੇ ਰਾਇ ਸ਼ੁਮਾਰੀ ਜਿਹੀਆਂ ਹਨ।

ਇਹ ਵੀ ਪੜ੍ਹੋ:

ਗੈਰ-ਜ਼ਿੰਮੇਦਾਰਾਨਾ

ਇਮਰਾਨ ਖਾਨ ਦੋਹਾਂ ਗੁਆਂਢੀ ਦੇਸਾਂ ਵਿਚਕਾਰ ਤਣਾਅ ਦੇ ਖ਼ਤਰੇ ਨੂੰ ਲੈ ਕੇ ਵੀ ਬੋਲੇ। ਉਨ੍ਹਾਂ ਕਿਹਾ, "ਇੱਕ ਵਾਰ ਜਵਾਬੀ ਕਾਰਵਾਈ ਕਰਦੇ ਹਾਂ ਤਾਂ ਕੋਈ ਨਹੀਂ ਕਹਿ ਸਕਦਾ ਕਿ ਇਹ ਅੱਗੇ ਕਿੱਥੋਂ ਤੱਕ ਜਾਏਗਾ।"

ਉਨ੍ਹਾਂ ਕਿਹਾ,"ਜੇਕਰ ਭਾਰਤ ਫ਼ਿਰ ਤੋਂ ਪਾਕਿਸਤਾਨ 'ਤੇ ਹਮਲਾ ਬੋਲਦਾ ਹੈ ਤਾਂ ਪਾਕਿਸਤਾਨ ਕੋਲ ਜਵਾਬੀ ਕਾਰਵਾਈ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ ਬਚਦਾ।ਉਸ ਹਾਲਾਤ ਵਿੱਚ ਜਦੋਂ ਦੋਵਾਂ ਦੇਸਾਂ ਕੋਲ ਪਰਮਾਣੂ ਸ਼ਕਤੀ ਹੈ, ਮੈਨੂੰ ਲੱਗ ਰਿਹਾ ਸੀ ਕਿ ਇਹ ਬਿਲਕੁਲ ਗੈਰ-ਜ਼ਿੰਮੇਦਰਾਨਾ ਰਵੱਈਆ ਸੀ।"

ਚੋਣਾਂ ਮੌਕੇ ਦੋਸਤੀ ਦਾ ਹੱਥ

ਬੀਬੀਸੀ ਵਰਲਡ ਅਫੇਅਰਜ਼ ਐਡੀਟਰ ਜੌਨ ਸਿੰਪਸਨ ਮੁਤਾਬਕ, ਅੱਠ ਮਹੀਨੇ ਤੋਂ ਆਪਣੇ ਕਾਰਜਕਾਲ ਵਿੱਚ ਇਮਰਾਨ ਖਾਨ ਨੇ ਬਹੁਤ ਘੱਟ ਇੰਟਰਵਿਊ ਦਿੱਤੇ ਹਨ। ਇਸ ਲਈ ਜਦੋਂ ਉਨ੍ਹਾਂ ਨੇ ਬੀਬੀਸੀ ਅਤੇ ਬ੍ਰਿਟਿਸ਼ ਤੇ ਅਮਰੀਕੀ ਸਮਾਚਾਰ ਸੰਸਥਾਵਾਂ ਦੇ ਇੱਕ ਛੋਟੇ ਜਿਹੇ ਸਮੂਹ ਨੂੰ ਮਿਲਣ ਲਈ ਬੁਲਾਇਆ ਤਾਂ ਉਨ੍ਹਾਂ ਦਾ ਮਕਸਦ ਸੀ ਭਾਰਤ ਨੂੰ ਆਮ ਚੋਣਾਂ ਤੋਂ ਪਹਿਲਾਂ ਇੱਕ ਸੰਦੇਸ਼ ਦੇਣਾ।

ਉਹ ਦੋਸਤੀ ਦਾ ਹੱਥ ਵਧਾ ਰਹੇ ਸੀ, "ਆਓ ਆਪਣੀਆਂ ਇੱਕੋ ਜਿਹੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਮਿਲ ਕੇ ਕੰਮ ਕਰੀਏ।"

ਸੱਚਾਈ ਇਹ ਹੈ ਕਿ ਇਮਰਾਨ ਖਾਨ ਮਾਹੌਲ ਨੂੰ ਹਲਕਾ ਕਰਨ ਦੀ ਲੋੜ ਮਹਿਸੂਸ ਕਰਦੇ ਹਨ।

ਪਾਕਿਸਤਾਨ ਦੀ ਅਰਥ ਵਿਵਸਥਾ ਆਪਣੇ ਬੁਰੇ ਦੌਰ ਵਿੱਚ ਹੈ। ਭਾਰਤ ਨਾਲ ਤਣਾਅਪੂਰਨ ਰਿਸ਼ਤੇ ਅਤੇ ਪਾਕਿਸਤਾਨ 'ਤੇ ਆਪਣੇ ਇਲਾਕੇ ਵਿੱਚ ਕੱਟੜਪੰਥੀ ਇਸਲਾਮੀ ਸੰਗਠਨਾਂ ਨੂੰ ਖੁੱਲ੍ਹੀ ਛੋਟ ਦੇਣ ਦੇ ਇਲਜ਼ਾਮਾਂ ਕਾਰਨ ਵਿਦੇਸ਼ੀ ਨਿਵੇਸ਼ਕ ਦੂਰ ਹੋ ਗਏ ਹਨ।

ਹਾਲਾਂਕਿ ਇਮਰਾਨ ਖਾਨ ਜ਼ੋਰ ਦੇ ਕੇ ਇਹਨਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਹਨ।

ਉਹਨਾਂ ਦਾ ਦਾਅਵਾ ਹੈ ਕਿ ਪਹਿਲਾਂ ਕਿਸੇ ਵੀ ਪਾਕਿਸਤਾਨੀ ਸਰਕਾਰ ਨੇ ਅੱਤਵਾਦੀ ਸੰਗਠਨਾਂ 'ਤੇ ਐਨੀਆਂ ਕਾਰਵਾਈਆਂ ਨਹੀਂ ਕੀਤੀਆਂ ਹਨ।

ਉਹਨਾਂ ਲਈ ਹਰ ਚੀਜ਼ ਕਸ਼ਮੀਰ ਦੀ ਸਮੱਸਿਆ ਦੇ ਹੱਲ 'ਤੇ ਨਿਰਭਰ ਕਰਦੀ ਹੈ।

ਉਹ ਕਹਿੰਦੇ ਹਨ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਇਸਦਾ ਕੋਈ ਹੱਲ ਲੱਭ ਸਕਦੇ ਹਨ ਤਾਂ ਬਾਕੀ ਸਾਰੀਆਂ ਚੀਜ਼ਾਂ ਅਸਾਨੀ ਨਾਲ ਹੱਲ ਹੋ ਸਕਣਗੀਆਂ।

ਕਸ਼ਮੀਰ ਨੂੰ ਲੈ ਕੇ ਤਣਾਅ ਕਿਉਂ ਹੈ?

ਭਾਰਤ ਅਤੇ ਪਾਕਿਸਤਾਨ ਦੋਹੇਂ ਮੁਸਲਿਮ ਬਹੁ-ਗਿਣਤੀ ਵਾਲੇ ਕਸ਼ਮੀਰ ਦੇ ਪੂਰੇ ਹਿੱਸੇ 'ਤੇ ਦਾਅਵਾ ਕਰਦੇ ਹਨ ਪਰ ਦੋਹਾਂ ਦਾ ਕੰਟਰੋਲ ਕੁਝ ਹਿੱਸਿਆਂ 'ਤੇ ਹੀ ਹੈ।

ਦੋਹਾਂ ਗੁਆਂਢੀਆਂ ਵਿਚਕਾਰ ਦੋ ਜੰਗਾਂ ਹੋ ਚੁੱਕੀਆਂ ਹਨ। 2003 ਵਿੱਚ ਦੋਹੇਂ ਧਿਰਾਂ ਐਲ.ਓ.ਸੀ 'ਤੇ ਜੰਗ ਖ਼ਤਮ ਕਰਨ ਲਈ ਸਹਿਮਤ ਹੋਈਆਂ ਸੀ, ਪਰ ਅੰਦੂਰਨੀ ਅਸ਼ਾਂਤੀ ਕਾਇਮ ਰਹੀ।

ਭਾਰਤ ਪ੍ਰਸ਼ਾਸਿਤ ਕਸ਼ਮੀਰ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਵਿੱਚ ਭਾਰਤੀ ਸ਼ਾਸਨ ਨੂੰ ਲੈ ਕੇ ਅਸੰਤੋਸ਼ ਹੈ ਅਤੇ ਦਿੱਲੀ ਲੰਬੇ ਸਮੇਂ ਤੋਂ ਪਾਕਿਸਤਾਨ 'ਤੇ ਵੱਖਵਾਦੀ ਕੱਟੜਪੰਥੀਆਂ ਨੂੰ ਸਮਰਥਨ ਦੇਣ ਦਾ ਇਲਜ਼ਾਮ ਲਗਾਉਂਦੀ ਰਹੀ ਹੈ।

ਵੱਡੇ ਪੱਧਰ 'ਤੇ ਬੇਰੁਜ਼ਗਾਰੀ ਅਤੇ ਸੁਰੱਖਿਆ ਬਲਾਂ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਦੀਆਂ ਸ਼ਿਕਾਇਤਾਂ ਨੇ ਵੀ ਅੰਦਰੂਨੀ ਤਣਾਅ ਨੂੰ ਵਧਾਇਆ ਹੈ ਅਤੇ ਵਿਦਰੋਹ ਨੂੰ ਹਵਾ ਦਿੱਤੀ ਹੈ।

ਇਹ ਵੀ ਪੜ੍ਹੋ:

ਇਸ ਸਾਲ ਸਬੰਧਾਂ ਵਿੱਚ ਤਣਾਅ ਦਾ ਕੀ ਕਾਰਨ ਹੈ?

ਬੀਤੀ ਫ਼ਰਵਰੀ ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਸੀਆਰਪੀਐਫ ਦੇ 40 ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ ।

ਦਾਅਵਾ ਕੀਤਾ ਗਿਆ ਕਿ ਇਸ ਪਿੱਛੇ ਪਾਕਿਸਤਾਨ ਵਿੱਚ ਪਨਾਹ ਲੈਣ ਵਾਲੇ ਅੱਤਵਾਦੀਆਂ ਦਾ ਹੱਥ ਹੈ।

ਪਿਛਲੇ ਕਈ ਦਹਾਕਿਆਂ ਵਿੱਚ ਇਹ ਆਪਣੀ ਤਰ੍ਹਾਂ ਦਾ ਸਭ ਤੋਂ ਘਾਤਕ ਹਮਲਾ ਸੀ ਅਤੇ ਭਾਰਤ ਨੇ ਕਿਹਾ ਕਿ ਇਸ ਹਮਲੇ ਵਿੱਚ ਪਾਕਿਸਤਾਨੀ ਸਰਕਾਰ ਦਾ ਹੱਥ ਹੈ।

ਇਸ ਦੇ ਜਵਾਬ ਵਿੱਚ ਭਾਰਤ ਨੇ ਹਵਾਈ ਹਮਲਾ ਕੀਤਾ ਅਤੇ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਇਲਾਕੇ ਵਿੱਚ ਅੱਤਵਾਦੀਆਂ ਦੇ ਟ੍ਰੇਨਿੰਗ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ।

ਇਸ ਕਾਰਵਾਈ ਦੌਰਾਨ ਪਾਕਿਸਤਾਨ ਨੇ ਭਾਰਤ ਦੇ ਇੱਕ ਲੜਾਕੂ ਜਹਾਜ਼ ਨੂੰ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਮਾਰ ਸੁੱਟਿਆ।

ਜਹਾਜ਼ ਦਾ ਪਾਇਲਟ ਜਿਉਂਦਾ ਫੜਿਆ ਗਿਆ, ਪਰ ਉਸ ਨੂੰ ਸੁਰੱਖਿਅਤ ਭਾਰਤ ਨੂੰ ਵਾਪਸ ਕਰ ਦਿੱਤਾ ਗਿਆ।

ਇਮਰਾਨ ਖਾਨ ਨੇ ਇਸ ਨੂੰ 'ਸ਼ਾਂਤੀ ਦਾ ਸੰਦੇਸ਼' ਕਿਹਾ ਸੀ।

ਉਸਦੇ ਬਾਅਦ ਤੋਂ ਤਣਾਅ ਕੁਝ ਘਟਿਆ, ਪਰ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਭਾਰਤ 'ਤੇ ਇੱਕ ਹੋਰ ਫੌਜੀ ਕਾਰਵਾਈ ਕਰਨ ਦੀ ਯੋਜਨਾ ਬਣਾਉਣ ਦਾ ਇਲਜ਼ਾਮ ਲਗਾਇਆ।

ਭਾਰਤ ਨੇ ਪਾਕਿਸਤਾਨ 'ਤੇ ਇਸ ਇਲਾਕੇ ਵਿੱਚ ਯੁੱਧ ਦਾ ਮਾਹੌਲ ਬਣਾਉਣ ਦੀ ਚਾਲ ਦਸਦਿਆਂ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਸੀ।

ਇਮਰਾਨ ਖਾਨ ਨੇ ਹੋਰ ਕੀ ਕਿਹਾ?

ਇਮਰਾਨ ਖਾਨ ਨੇ ਮੰਗਲਵਰ ਨੂੰ ਰਾਇਟਰਜ਼ ਸਮਾਚਾਰ ਏਜੰਸੀ ਨਾਲ ਵੀ ਗੱਲਬਾਤ ਕੀਤੀ। ਉਸ ਇੰਟਰਵਿਊ ਵਿੱਚ ਉਹਨਾਂ ਨੇ ਮੋਦੀ ਨੂੰ ਫਿਰ ਤੋਂ ਚੁਣੇ ਜਾਣ 'ਤੇ ਸ਼ਾਂਤੀ ਦੀ ਬਿਹਤਰ ਸੰਭਾਵਨਾ ਜਤਾਈ ਸੀ।

ਉਹਨਾਂ ਨੇ ਕਿਹਾ ਸੀ, ਸ਼ਾਇਦ ਜੇ ਬੀਜੇਪੀ ਲਜਿੱਤਦੀ ਹੈ ਤਾਂ ਕਸ਼ਮੀਰ ਵਿੱਚ ਕਿਸੇ ਪ੍ਰਕਾਰ ਦਾ ਸਮਝੌਤਾ ਹੋ ਸਕਦਾ ਹੈ।

ਉਹਨਾਂ ਦਾ ਕਹਿਣਾ ਹੈ ਕਿ ਬਾਕੀ ਪਾਰਟੀਆਂ ਸੱਜੇ-ਪੱਖੀ ਪਾਰਟੀਆਂ ਦੀ ਅਲੋਚਨਾ ਦੇ ਡਰੋਂ ਕਿਸੇ ਸਮਝੌਤੇ ਤੇ ਪਹੁੰਚਣ ਤੋਂ ਝਿਜਕ ਸਕਦੀ ਹੈ।

ਬੀਬੀਸੀ ਦੇ ਇੰਟਰਵਿਊ ਵਿੱਚ ਇਮਰਾਨ ਖਾਨ ਨੇ ਆਸੀਯਾ ਬੀਬੀ ਦੇ ਮਾਮਲੇ 'ਤੇ ਵੀ ਆਪਣੀ ਰਾਏ ਰੱਖੀ।

ਇਹ ਵੀ ਪੜ੍ਹੋ:

ਇਹ ਇੱਕ ਹਾਈ ਪ੍ਰੋਫਾਈਲ ਮਾਮਲਾ ਹੈ ਜਿਸ ਵਿੱਚ ਇੱਕ ਇਸਾਈ ਮਹਿਲਾ 'ਤੇ ਈਸ਼ਨਿੰਦਾ ਦਾ ਮਾਮਲਾ ਚੱਲ ਰਿਹਾ ਹੈ।

ਜਨਵਰੀ ਵਿੱਚ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਆਸੀਯਾ ਬੀਬੀ ਦੀ ਮੌਤ ਦੀ ਸਜ਼ਾ ਨੂੰ ਖਾਰਜ ਕਰ ਦਿੱਤਾ ਸੀ, ਪਰ ਉਹਨਾਂ ਨੇ ਪਾਕਿਸਤਾਨ ਨੂੰ ਛੱਡਣਾ ਹੈ।

ਇਮਰਾਨ ਖਾਨ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਜਲਦ ਹੀ ਦੇਸ਼ ਛੱਡ ਦੇਵੇਗੀ।

ਉਨ੍ਹਾਂ ਨੇ ਕਿਹਾ, "ਇਸ ਵਿੱਚ ਥੋੜ੍ਹੀ ਜਟਿਲਤਾ ਹੈ ਅਤੇ ਮੈਂ ਇਸ ਬਾਰੇ ਮੀਡੀਆ ਵਿੱਚ ਨਹੀਂ ਬੋਲ ਸਕਦਾ। ਪਰ ਮੈਂ ਤੁਹਾਨੂੰ ਭਰੋਸਾ ਦਵਾ ਸਕਦਾ ਹਾਂ ਕਿ ਉਹ ਸੁਰੱਖਿਅਤ ਹੈ ਅਤੇ ਕੁਝ ਹਫ਼ਤਿਆਂ ਵਿੱਚ ਉਹ ਦੇਸ਼ ਤੋਂ ਚਲੀ ਜਾਏਗੀ।"

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)