You’re viewing a text-only version of this website that uses less data. View the main version of the website including all images and videos.
ਕਾਂਗਰਸ ਨੇ ਰਾਹੁਲ ਨੂੰ ਇਸ ਕਰਕੇ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਨਹੀਂ ਐਲਾਨਿਆ
ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਦੇਸ ਦੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨਾਲ ਬੀਬੀਸੀ ਦੀ ਕਈ ਖਾਸ ਮੁੱਦਿਆਂ 'ਤੇ ਗੱਲਬਾਤ।
ਕੀ NYAY ਯੋਜਨਾ ਅਸਲ ਵਿੱਚ ਸੰਭਵ ਹੈ? ਜੇਕਰ ਹਾਂ ਤਾਂ ਦੇਸ ਦੇ ਲੱਖਾਂ ਗਰੀਬ ਨਾਗਰਿਕਾਂ ਨੂੰ 72,000 ਰੁਪਏ ਦੇਣ ਲਈ ਪੈਸੇ ਦਾ ਸਰੋਤ ਕੀ ਹੈ?
ਸਾਡੀ ਯੋਜਨਾ ਨੂੰ ਧਿਆਨ ਨਾਲ ਪੜ੍ਹੋ। ਅਸੀਂ ਕਿਹਾ ਹੈ ਕਿ ਜਿੰਨੀ ਜੀਡੀਪੀ ਸਾਡੇ ਦੇਸ ਦੀ ਹੈ, ਜਿੰਨਾ ਖਰਚਾ ਕੇਂਦਰ ਅਤੇ ਸੂਬਾ ਸਰਕਾਰਾਂ ਕਰਦੀਆਂ ਹਨ ਅਤੇ ਜਿੰਨੀ ਜੀਡੀਪੀ ਅਗਲੇ ਪੰਜ ਸਾਲਾਂ ਵਿੱਚ ਸਾਡੇ ਦੇਸ ਦੀ ਹੋਵੇਗੀ ਉਸ ਹਿਸਾਬ ਨਾਲ ਅਸੀਂ ਮੰਨਦੇ ਹਾਂ ਕਿ ਅਸੀਂ ਅਜਿਹੀ ਸਕੀਮ ਲਾਗੂ ਕਰ ਸਕਦੇ ਹਾਂ।
ਅਸੀਂ ਅਜਿਹਾ 20 ਸਾਲ ਪਹਿਲਾਂ ਨਹੀਂ ਕਰ ਸਕਦੇ ਸੀ, 10 ਸਾਲ ਪਹਿਲਾਂ ਵੀ ਅਜਿਹਾ ਸੰਭਵ ਨਹੀਂ ਸੀ ਪਰ ਅੱਜ ਸਾਨੂੰ ਭਰੋਸਾ ਹੈ ਕਿ ਭਾਰਤ 20 ਫ਼ੀਸਦ ਲੋਕਾਂ ਦੀ ਗਰੀਬੀ ਨੂੰ ਹਟਾਉਣ ਦੇ ਕਾਬਿਲ ਹੈ।
ਕਾਂਗਰਸ ਦੇ ਮੈਨੀਫੈਸਟੋ ਵਿੱਚ ਕੇਂਦਰ 'ਚ 4 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਹੈ। ਸੂਬਿਆਂ ਵਿੱਚ ਵੀ ਵੱਡੇ ਪੱਧਰ 'ਤੇ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਹੈ। ਜ਼ਿਆਦਾਤਰ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਹੈ। ਅਜਿਹੀ ਸਥਿਤੀ ਨਾਲ ਕਾਂਗਰਸ ਕਿਵੇਂ ਨਜਿੱਠੇਗੀ?
ਦੇਸ ਦੇ ਨੌਜਵਾਨਾਂ ਵੱਲੋਂ ਉਨ੍ਹਾਂ ਦੀ ਅਸਲੀਅਤ ਸਾਹਮਣੇ ਲਿਆਂਦੀ ਜਾਵੇਗੀ। ਜੇਕਰ ਇੱਕ ਵਾਰ ਸੂਬਾ ਸਰਕਾਰ ਅਸਾਮੀਆਂ ਭਰਨੀਆਂ ਸ਼ੁਰੂ ਕਰ ਦੇਵੇ ਅਤੇ ਕੇਂਦਰ ਸਰਕਾਰ ਅਜਿਹਾ ਨਾ ਕਰੇ ਤਾਂ ਨੌਜਵਾਨ ਵਿਰੋਧ ਜਤਾਉਣਾ ਸ਼ੁਰੂ ਕਰ ਦੇਣਗੇ।
ਉਹ ਮੁੱਖ ਮੰਤਰੀ ਦਫ਼ਤਰ ਜਾਣਗੇ ਅਤੇ ਪੁੱਛਣਗੇ ਕਿ ਤੁਸੀਂ ਅਸਾਮੀਆਂ ਕਿਉਂ ਨਹੀਂ ਭਰ ਰਹੇ। ਉਨ੍ਹਾਂ ਨੂੰ ਜਨਤਾ ਨੂੰ ਜਵਾਬ ਦੇਣਾ ਪਵੇਗਾ। ਇਸ ਲਈ ਮੈਨੂੰ ਲਗਦਾ ਹੈ ਲੋਕ ਸੂਬਾ ਸਰਕਾਰ ਨੂੰ ਅਸਾਮੀਆਂ ਭਰਨ ਨੂੰ ਮਜਬੂਰ ਕਰਨਗੇ।
ਇਹ ਵੀ ਪੜ੍ਹੋ:
ਤੁਸੀਂ ਇਹ ਵਾਅਦਾ ਕਿਉਂ ਕੀਤਾ ਕਿ ਤੁਸੀਂ AFSPA ਦੀ ਸਮੀਖਿਆ ਕਰਨ ਜਾ ਰਹੇ ਹੋ? ਭਾਜਪਾ ਵੱਲੋਂ ਅਲੋਚਨਾ ਕੀਤੀ ਜਾ ਰਹੀ ਹੈ ਕਾਂਗਰਸ ਰਾਸ਼ਟਰ ਦੇ ਨਾਲ ਸਮਝੌਤਾ ਕਰ ਰਹੀ ਹੈ। ਤੁਹਾਨੂੰ ਕੀ ਲਗਦਾ ਹੈ ਕਿ ਇਹ ਮੁੱਦਾ ਤੁਹਾਨੂੰ ਵੋਟਾਂ ਦੁਆਏਗਾ ਜਦਕਿ ਵਧੇਰੇ ਵੋਟਰਾਂ ਦਾ ਇਹ ਮੁੱਦਾ ਨਹੀਂ ਹੈ?
ਭਾਜਪਾ ਦੋਗਲੀ ਗੱਲ ਕਰ ਰਹੀ ਹੈ। 2015 ਵਿੱਚ ਭਾਜਪਾ ਨੇ ਤ੍ਰਿਪੁਰਾ ਵਿੱਚੋਂ AFSPA ਹਟਾ ਦਿੱਤਾ। 2018 ਵਿੱਚ ਮੇਘਾਲਿਆ ਵਿੱਚੋਂ ਵੀ ਇਹ ਕਾਨੂੰਨ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ। 1 ਅਪ੍ਰੈਲ 2019 ਨੂੰ ਅਰੁਣਾਚਲ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਵਿੱਚੋਂ AFSPA ਹਟਾ ਦਿੱਤਾ ਗਿਆ।
2 ਅਪ੍ਰੈਲ ਨੂੰ ਕਾਂਗਰਸ ਪਾਰਟੀ ਨੇ ਕਿਹਾ ਅਸੀਂ ਮਨੁੱਖੀ ਹੱਕਾਂ ਅਤੇ ਸੁਰੱਖਿਆਂ ਬਲਾਂ ਦੇ ਹੱਕਾਂ ਵਿੱਚ ਸੰਤੁਲਨ ਬਣਾਉਣ ਲਈ AFSPA 'ਚ ਸੋਧ ਕਰਾਂਗੇ। ਸ਼ਰਮਿੰਦਾ ਹੋਈ ਭਾਜਪਾ ਨੇ ਸਾਨੂੰ ਪੁੱਛਿਆ, ਤੁਸੀਂ ਇਹ ਕਿਵੇਂ ਕਰੋਗੇ? ਪਰ ਅਸੀਂ ਇਹ ਪੁੱਛ ਰਹੇ ਹਾਂ, ਤੁਸੀਂ ਇਸ ਨੂੰ ਪੂਰੀ ਤਰ੍ਹਾਂ ਕਿਵੇਂ ਖ਼ਤਮ ਕਰ ਸਕਦੇ ਹੋ?
ਤਮਿਲ ਨਾਡੂ ਨੂੰ ਛੱਡ ਕੇ, ਅਜਿਹਾ ਲਗਦਾ ਹੈ ਕਿ ਕਾਂਗਰਸ ਨੂੰ ਕਿਸੇ ਹੋਰ ਸੂਬੇ ਵਿੱਚ ਮਜ਼ਬੂਤ ਗਠਜੋੜ ਨਹੀਂ ਮਿਲਿਆ ਜਿੱਥੇ ਗੈਰ-ਭਾਜਪਾ ਸਹਿਯੋਗੀ ਵੰਡੇ ਗਏ ਹੋਣ। ਅਜਿਹੇ ਹਾਲਾਤ ਵਿੱਚ ਤੁਸੀਂ ਨਰਿੰਦਰ ਮੋਦੀ ਨੂੰ ਕਿਵੇਂ ਹਟਾ ਸਕਦੇ ਹੋ?
ਜ਼ਾਹਰ ਹੈ, ਤੁਸੀਂ ਹਾਲਾਤ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹੋ। ਮਹਾਰਾਸ਼ਟਰ, ਅਸਾਮ, ਬਿਹਾਰ, ਕਰਨਾਟਕ ਅਤੇ ਕੇਰਲ ਵਿੱਚ ਸਾਡਾ ਮਜ਼ਬੂਤ ਗਠਜੋੜ ਹੈ। ਇਹ ਵੱਡੇ ਸੂਬੇ ਹਨ। ਤਮਿਲਨਾਡੂ ਤਾਂ ਹੈ ਹੀ। ਇਨ੍ਹਾਂ ਸੂਬਿਆਂ ਵਿੱਚ ਸੀਟਾਂ ਦੀ ਵੱਡੀ ਗਿਣਤੀ ਹੈ। ਇਸ ਲਈ ਕਈ ਸੂਬਿਆਂ ਵਿੱਚ ਸਾਡਾ ਮਜ਼ਬੂਤ ਗਠਜੋੜ ਹੈ।
ਭਾਜਪਾ ਦਾ ਕਿੰਨੇ ਸੂਬਿਆਂ ਵਿੱਚ ਗਠਜੋੜ ਹੈ? 4 ਸੂਬਿਆਂ ਵਿੱਚ ਉਨ੍ਹਾਂ ਦਾ ਗਠਜੋੜ ਹੈ। ਤਮਿਲਨਾਡੂ ਵਿੱਚ ਉਨ੍ਹਾਂ ਦੇ ਗਠਜੋੜ ਦਾ ਕੋਈ ਮਤਲਬ ਨਹੀਂ ਹੈ। ਫਿਰ ਬਿਹਾਰ ਅਤੇ ਮਹਾਰਾਸ਼ਟਰ। ਹੋਰ ਕਿੱਥੇ ਉਨ੍ਹਾਂ ਦਾ ਗਠਜੋੜ ਹੈ?
ਇਹ ਵੀ ਪੜ੍ਹੋ:
ਤੁਸੀਂ ਅਜੇ ਤੱਕ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਕਿਉਂ ਨਹੀਂ ਐਲਾਨਿਆ?
ਕਿੰਨੀ ਵਾਰ ਮੈਨੂੰ ਇਹ ਦੱਸਣ ਦੀ ਲੋੜ ਹੈ? ਅਸੀਂ ਇਹ ਸਾਫ਼ ਕਰ ਚੁੱਕੇ ਹਾਂ ਕਿ ਚੋਣਾਂ ਤੋਂ ਬਾਅਦ ਗਠਜੋੜ ਦੀਆਂ ਪਾਰਟੀਆਂ ਨੇਤਾ ਬਾਰੇ ਫ਼ੈਸਲਾ ਕਰਨਗੀਆਂ। ਇਹ ਨਹੀਂ ਹੈ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ। ਮੁਰਾਰਜੀ ਦੇਸਾਈ, ਵੀਪੀ ਸਿੰਘ ਅਤੇ ਦੇਵਗੋੜਾ ਵਰਗੇ ਨੇਤਾਵਾਂ ਦਾ ਐਲਾਨ ਚੋਣਾਂ ਤੋਂ ਬਾਅਦ ਹੋਇਆ ਸੀ। ਚੋਣਾਂ ਤੋਂ ਬਾਅਦ ਗਠਜੋੜ ਦੀਆਂ ਪਾਰਟੀਆਂ ਵੱਲੋਂ ਆਪਣਾ ਨੇਤਾ ਤੈਅ ਕਰਨਾ ਕੁਝ ਨਵਾਂ ਨਹੀਂ ਹੈ ਅਤੇ ਇਸ ਵਾਰ ਵੀ ਅਜਿਹਾ ਹੀ ਹੋਵੇਗਾ।
ਰਾਹੁਲ ਗਾਂਧੀ ਦੇ ਵਾਇਨਾਡ ਤੋਂ ਚੋਣ ਲੜਨ ਪਿੱਛੇ ਕੀ ਕਾਰਨ ਹੈ? ਉਨ੍ਹਾਂ ਨੇ ਕਿਹਾ ਹੈ ਕਿ ਦੱਖਣੀ ਭਾਰਤ ਮੰਨਦਾ ਹੈ ਕਿ ਭਾਜਪਾ ਉਨ੍ਹਾਂ ਵੱਲ ਲੋੜੀਂਦਾ ਧਿਆਨ ਨਹੀਂ ਦੇ ਰਹੀ। ਤਾਂ ਭਾਜਪਾ ਨੇ ਉੱਥੋਂ ਦੇ ਲੋਕਾਂ ਲਈ ਅਜਿਹਾ ਕੀ ਨਹੀਂ ਕੀਤਾ ਅਤੇ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਕੀ ਕੀਤਾ?
ਇਹ ਬਿਲਕੁਲ ਸੱਚ ਹੈ। ਭਾਜਪਾ ਵੱਲੋਂ ਦੱਖਣੀ ਸੂਬਿਆਂ ਨੂੰ ਅਣਦੇਖਾ ਕੀਤਾ ਗਿਆ ਹੈ। ਭਾਜਪਾ ਇੱਕ ਉੱਤਰ-ਭਾਰਤੀ ਦੀ ਅਤੇ ਹਿੰਦੀ ਭਾਸ਼ੀ ਸੂਬਿਆਂ ਦੀ ਪਾਰਟੀ ਹੈ। ਦੱਖਣੀ ਸੂਬਿਆਂ ਨਾਲ ਉਨ੍ਹਾਂ ਦੀਆਂ ਜੜ੍ਹਾਂ ਨਹੀਂ ਜੁੜੀਆਂ ਹੋਈਆਂ। ਇਸ ਲਈ ਉਹ ਉਨ੍ਹਾਂ ਦੀ ਪਰਵਾਹ ਨਹੀਂ ਕਰਦੇ। ਹਮੇਸ਼ਾ ਦੀ ਤਰ੍ਹਾਂ ਰਾਹੁਲ ਗਾਂਧੀ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਾਂਗਰਸ ਪੂਰੇ ਭਾਰਤ ਦੀ ਪਾਰਟੀ ਹੈ। ਕਾਂਗਰਸ ਦੇ ਲੀਡਰ ਉੱਤਰ ਅਤੇ ਦੱਖਣ ਦੋਵਾਂ ਤੋਂ ਚੋਣ ਲੜ ਸਕਦੇ ਹਨ। ਇੰਦਰਾ ਗਾਂਧੀ ਨੇ ਵੀ ਉੱਥੋਂ ਚੋਣ ਲੜੀ ਸੀ, ਸੋਨੀਆ ਗਾਂਧੀ ਨੇ ਵੀ ਅਤੇ ਰਾਹੁਲ ਗਾਂਧੀ ਵੀ ਲੜ ਰਹੇ ਹਨ। ਮੈਨੂੰ ਲਗਦਾ ਹੈ ਕਿ ਇਹ ਇੱਕ ਸਮਝਦਾਰੀ ਵਾਲਾ ਕਦਮ ਹੈ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ