ਕੋਵਿਡ 19 ਵੈਕਸੀਨ: ਯੂਕੇ ’ਚ ਪਹਿਲੀ ਬਜ਼ੁਰਗ ਔਰਤ ’ਤੇ ਫਾਈਜ਼ਰ ਨੇ ਸ਼ੁਰੂ ਕੀਤਾ ਟੀਕਾਕਰਣ

ਤਸਵੀਰ ਸਰੋਤ, Reuters
ਉੱਤਰੀ ਆਇਰਲੈਂਡ ਦੀ 90 ਸਾਲਾ ਔਰਤ ਨੂੰ ਫਾਈਜ਼ਰ ਯਾਨੀ ਬਾਓ-ਏਨ-ਟੈੱਕ ਦੀ ਕੋਵਿਡ ਵੈਕਸੀਨ ਦਿੱਤੀ ਗਈ ਹੈ।
ਉਹ ਦੁਨੀਆਂ ਦੇ ਪਹਿਲੀ ਅਜਿਹੇ ਸ਼ਖ਼ਸ ਹਨ ਜਿਨ੍ਹਾਂ ਨੂੰ ਇਹ ਵੈਕਸੀਨ ਦਿੱਤੀ ਗਈ ਹੈ।
ਮੱਧ ਬ੍ਰਿਟੇਨ ਦੇ ਕੋਵੇਂਟ੍ਰੀ ਵਿੱਚ ਸਥਿਤ ਯੂਨੀਵਰਸਿਟੀ ਹਸਪਤਾਲ ’ਚ ਮਾਰਗ੍ਰੇਟ ਕੀਨਾਨ ਨਾਮ ਦੀ ਇਸ ਔਰਤ ਨੂੰ ਟੀਕਾ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ, “ਮੈਨੂੰ ਸਭ ਤੋਂ ਪਹਿਲਾਂ ਵੈਕਸੀਨ ਦੇਣ ਲਈ ਚੁਣਿਆ ਗਿਆ, ਇਸ ਲਈ ਮੈਂ ਕਾਫ਼ੀ ਮਾਨ ਮਹਿਸੂਸ ਕਰ ਰਹੀ ਹਾਂ। ਇਹ ਮੇਰੇ ਜਨਮਦਿਨ ਤੋਂ ਕੁਝ ਦਿਨਾਂ ਪਹਿਲਾਂ ਮਿਲਿਆ ਇੱਕ ਬੇਹਤਰੀਨ ਤੋਹਫ਼ਾ ਹੈ। ਮੈਨੂੰ ਉਮੀਦ ਹੈ ਕਿ ਮੈਂ ਹੁਣ ਆਮ ਜੀਵਨ ਵੱਲ ਪਰਤ ਪਾਵਾਂਗੀ। ਨਵੇਂ ਸਾਲ ’ਤੇ ਆਪਣੇ ਪਰਿਵਾਰ ਨੂੰ ਮਿਲ ਸਕਾਂਗੀ।”
ਇਹ ਵੀ ਪੜ੍ਹੋ
ਕੀਨਾਨ ਨੇ ਲੋਕਾਂ ਨੂੰ ਇਹ ਵੈਕਸੀਨ ਲਗਵਾਉਣ ਲਈ ਪ੍ਰੋਤਸਾਹਿਤ ਵੀ ਕੀਤਾ ਹੈ।
ਉਨ੍ਹਾਂ ਨੇ ਕਿਹਾ, “ਜੇਕਰ 90 ਸਾਲਾ ਦੀ ਉਮਰ ਵਿੱਚ ਇਹ ਵੈਕਸੀਨ ਲਗਵਾ ਸਕਦੀ ਹਾਂ ਤਾਂ ਬਾਕੀ ਲੋਕ ਕਿਉਂ ਨਹੀਂ।”
ਉਨ੍ਹਾਂ ਨੂੰ 6.31 ਵਜੇ (ਜੀਐੱਮਟੀ) 'ਤੇ ਟੀਕਾ ਲਗਾਇਆ ਗਿਆ-ਫਾਈਜ਼ਰ/ਬਾਇਓਐੱਨਟੈੱਕ ਵੈਕਸੀਨ ਦੀਆਂ ਆਉਣ ਵਾਲੇ ਹਫ਼ਤਿਆਂ ਵਿੱਚ ਦਿੱਤੀਆਂ ਜਾਣ ਵਾਲੀਆਂ 800,000 ਖੁਰਾਕਾਂ ਵਿੱਚੋਂ ਇਹ ਪਹਿਲੀ ਖੁਰਾਕ ਹੈ।
ਮਹੀਨੇ ਦੇ ਅੰਤ ਤੱਕ ਇਹ ਚਾਰ ਮਿਲੀਅਨ ਹੋਣ ਦੀ ਉਮੀਦ ਹੈ।
ਕਿਵੇਂ ਹੋਵੇਗਾ ਟੀਕਾਕਰਣ
ਯੂਕੇ ਵਿੱਚ 80 ਸਾਲਾਂ ਤੋਂ ਉੱਪਰ ਅਤੇ ਕੁਝ ਸਿਹਤ ਅਤੇ ਸਿਹਤ ਸੰਭਾਲ ਕਰਮਚਾਰੀਆਂ ਦਾ ਟੀਕਾਕਰਨ ਕੀਤਾ ਜਾਵੇਗਾ-ਪ੍ਰੋਗਰਾਮ ਦਾ ਉਦੇਸ਼ ਸਭ ਤੋਂ ਕਮਜ਼ੋਰ ਅਤੇ ਉਨ੍ਹਾਂ ਦੇ ਜੀਵਨ ਦੀ ਰੱਖਿਆ ਕਰਨਾ ਹੈ।
ਸਿਹਤ ਸਕੱਤਰ ਮੈਟ ਹੈਨਕੌਕ ਜਿਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਟੀਕਾਕਰਨ ਦੀ ਇਹ ਸਾਧਾਰਨ ਕਾਰਵਾਈ ''ਵਿਗਿਆਨਕ ਉਪਰਾਲਿਆਂ ਅਤੇ ਮਨੁੱਖੀ ਉੱਦਮ ਅਤੇ ਬਹੁਤ ਸਾਰੇ ਲੋਕਾਂ ਦੀ ਸਖ਼ਤ ਮਿਹਨਤ ਨੂੰ ਸਿੱਜਦਾ ਕਰਦੀ ਹੈ।''
ਉਨ੍ਹਾਂ ਨੇ ਕਿਹਾ, ''ਅੱਜ ਸਾਡੇ ਸਾਂਝੇ ਦੁਸ਼ਮਣ ਕੋਰੋਨਾਵਾਇਰਸ ਵਿਰੁੱਧ ਲੜਾਈ ਦੀ ਸ਼ੁਰੂਆਤ ਹੈ।''
ਸਕਾਟਲੈਂਡ ਦੀ ਫਸਟ ਮੰਤਰੀ ਨਿਕੋਲਾ ਸਟਰਜਨ ਨੇ ਕਿਹਾ ਕਿ ਇਸ ਪਲ ਦੀ ਫੁਟੇਜ਼ ਦੇਖਣ ਨਾਲ ਉਸ ਨੂੰ ਬਹੁਤ ਖੁਸ਼ੀ ਹੋਈ।

ਤਸਵੀਰ ਸਰੋਤ, Reuters
ਪ੍ਰਧਾਨ ਮੰਤਰੀ ਬੋਰਿਸ ਜੌਨਸਨ ਲੰਡਨ ਦੇ ਇੱਕ ਹਸਪਤਾਲ ਦੇ ਦੌਰੇ 'ਤੇ ਖੁਰਾਕ ਲੈਣ ਵਾਲੇ ਪਹਿਲੇ ਵਿਅਕਤੀਆਂ ਨੂੰ ਦੇਖਣ ਲਈ ਗਏ, ਉਨ੍ਹਾਂ ਨੇ ਕਿਹਾ ਕਿ ਟੀਕਾਕਰਨ ਕਰਨਾ, 'ਤੁਹਾਡੇ ਲਈ ਅਤੇ ਪੂਰੇ ਦੇਸ਼ ਲਈ ਚੰਗਾ ਹੈ।''
ਯੂਨੀਵਰਸਿਟੀ ਹਸਪਤਾਲ, ਕੋਵੈਂਟਰੀ ਵਿਖੇ ਮੈਟਰਨ ਮੇਅ ਪਰਸਨਜ਼ ਨੇ ਸ੍ਰੀਮਤੀ ਕੀਨਨ ਨੂੰ ਸਭ ਤੋਂ ਪਹਿਲਾ ਟੀਕਾ ਲਗਾਇਆ।
ਸ੍ਰੀਮਤੀ ਕੀਨਨ ਜੋ ਮੂਲ ਰੂਪ ਨਾਲ ਅਨਿਸਕਿਲਨ, ਕੋ ਫਾਰਮਨਾਗ ਦੀ ਰਹਿਣ ਵਾਲੀ ਹੈ, ਨੇ ਕਿਹਾ, ''ਮੈਨੂੰ ਪਹਿਲੇ ਵਿਅਕਤੀ ਵਜੋਂ ਕੋਵਿਡ-19 ਖਿਲਾਫ ਟੀਕਾ ਲਗਵਾਉਣ ਦਾ ਸੁਭਾਗ ਪ੍ਰਾਪਤ ਹੋਇਆ।''
''ਇਹ ਜਨਮ ਦਿਨ ਤੋਂ ਪਹਿਲਾਂ ਦੀ ਸਭ ਤੋਂ ਚੰਗੀ ਸ਼ੁਰੂਆਤ ਹੈ ਜਿਸ ਦੀ ਮੈਂ ਇੱਛਾ ਕਰ ਸਕਦੀ ਸੀ ਕਿਉਂਕਿ ਇਸ ਦਾ ਮਤਲਬ ਹੈ ਕਿ ਮੈਂ ਅੰਤ ਵਿੱਚ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਜ਼ਿਆਦਾ ਵਧੀਆ ਢੰਗ ਨਾਲ ਨਵਾਂ ਸਾਲ ਬਿਤਾਉਣ ਦੀ ਉਮੀਦ ਕਰ ਸਕਦੀ ਹਾਂ।''
ਉਨ੍ਹਾਂ ਨੇ ਕਿਹਾ, ''ਮੇਰੀ ਸਲਾਹ ਹੈ ਕਿ ਜਿਸ ਨੂੰ ਵੀ ਵੈਕਸੀਨ ਲਗਾਉਣ ਦੀ ਪੇਸ਼ਕਸ਼ ਮਿਲਦੀ ਹੈ, ਉਸ ਨੂੰ ਜ਼ਰੂਰ ਲਗਾਉਣੀ ਚਾਹੀਦੀ ਹੈ। ਜੇਕਰ ਮੈਂ ਇਸ ਨੂੰ 90 ਸਾਲ ਦੀ ਉਮਰ ਵਿੱਚ ਲੁਆ ਸਕਦੀ ਹਾਂ ਤਾਂ ਤੁਸੀਂ ਵੀ ਅਜਿਹਾ ਕਰ ਸਕਦੇ ਹੋ।''
ਇਹ ਵੀ ਪੜ੍ਹੋ

ਤਸਵੀਰ ਸਰੋਤ, Reuters
ਹੋਰ ਕਿਸ ਨੂੰ ਲੱਗਿਆ ਟੀਕਾ
ਕੋਵੈਂਟਰੀ ਵਿੱਚ ਟੀਕਾ ਲਗਾਉਣ ਵਾਲੇ ਦੂਜੇ ਵਿਅਕਤੀ ਵਾਰਵਿਕਸ਼ਾਇਰ ਦੇ 81 ਸਾਲਾ ਵਿਲੀਅਮ ਸ਼ੇਕਸਪੀਅਰ ਹਨ, ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਟੀਕਾ ਲਗਾਇਆ ਜਾਣ 'ਤੇ ਉਹ ਖੁਸ਼ ਸਨ ਅਤੇ ਹਸਪਤਾਲ ਦਾ ਸਟਾਫ 'ਸ਼ਾਨਦਾਰ' ਸੀ।
ਸਵੇਰ ਤੋਂ ਹੀ ਯੂਕੇ ਦੇ ਆਲੇ-ਦੁਆਲੇ ਦੇ 50 ਹਸਪਤਾਲਾਂ ਵਿੱਚ ਮਰੀਜ਼ਾਂ ਅਤੇ ਸਿਹਤ ਕਾਮਿਆਂ ਨੂੰ ਟੀਕਾ ਲਗਾਇਆ ਜਾ ਰਿਹਾ ਸੀ।
•ਸਿਸਟਰ ਜੋਆਨਾ ਸਲੋਅਨ ਜੋ ਬੇਲਫਾਸਟ ਵਿੱਚ ਵੈਕਸੀਨ ਰੋਲਆਊਟ ਦੀ ਕਮਾਂਡ ਸੰਭਾਲੇਗੀ, ਉਨ੍ਹਾਂ ਨੂੰ ਉੱਤਰੀ ਆਇਰਲੈਂਡ ਵਿੱਚ ਰੌਇਲ ਵਿਕਟੋਰੀਆ ਹਸਪਤਾਲ ਵਿੱਚ 08:00 ਵਜੇ (ਜੀਐੱਮਟੀ) ਪਹਿਲੀ ਵੈਕਸੀਨ ਦਿੱਤੀ ਗਈ।
•ਵੇਲਜ਼ ਵਿੱਚ ਏਬਵ ਵੇਲੇ ਦੇ 48 ਸਾਲਾ ਨਰਵਸ ਕਰੇਗ ਅਟਕਿੰਸ ਟੀਕਾ ਲਗਾਉਣ ਵਾਲੇ ਪਹਿਲੇ ਵਿਅਕਤੀ ਬਣੇ। ਉਨ੍ਹਾਂ ਨੇ ਕਿਹਾ, ''ਇਹ ਡਰਾਉਣਾ ਸੀ, ਪਰ ਹੁਣ ਉਹ ਮੁਸਕਰਾ ਸਕਦਾ ਹੈ।''
•ਕੰਸਲਟੈਂਟ ਅਨੇਸਥੇਟਿਸਟ ਡਾ. ਕੇਟੀ ਸਟੀਵਰਟ ਸਕਾਟਲੈਂਡ ਵਿੱਚ ਟੀਕਾ ਲਗਾਉਣ ਵਾਲੇ ਪਹਿਲੇ ਵਿਅਕਤੀਆਂ ਵਿੱਚੋਂ ਸੀ। ਉਨ੍ਹਾਂ ਨੇ ਕਿਹਾ ਕਿ ਕੋਵਿਡ ਦੇ ਮਰੀਜ਼ਾਂ ਦੀ ਦੇਖਭਾਲ ਕਰਨ ਅਤੇ ਇੱਕ ਦੂਜੇ ਨੂੰ ਸੁਰੱਖਿਅਤ ਰੱਖਣ ਲਈ ਅਲੱਗ ਰਹਿਣ ਦੇ ਬਾਅਦ 'ਬਹੁਤ ਸਖ਼ਤ ਸਮੇਂ' ਤੋਂ ਬਾਅਦ ਹੁਣ ਕੁਝ ਜਸ਼ਨ ਮਨਾਉਣਾ ਹੈ।

ਤਸਵੀਰ ਸਰੋਤ, Reuters
ਯੂਕੇ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸ ਨੇ ਪਿਛਲੇ ਹਫ਼ਤੇ ਰੈਗੂਲੇਟਰਾਂ ਵੱਲੋਂ ਇਸ ਦੀ ਵਰਤੋਂ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਫਾਈਜ਼ਰ ਟੀਕੇ ਦੀ ਵਰਤੋਂ ਸ਼ੁਰੂ ਕੀਤੀ ਸੀ।
ਕਾਮਨਜ਼ ਸਦਨ ਵਿੱਚ ਬੋਲਦਿਆਂ ਸਿਹਤ ਸਕੱਤਰ ਮੈਟ ਹੈਨਕੌਕ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੂੰ ਟੀਕੇ ਲਈ ਬਿਨੈ ਕਰਨ ਦੀ ਜ਼ਰੂਰਤ ਨਹੀਂ ਹੈ, ਐੱਨਐੱਚਐੱਸ ਯੋਗ ਵਿਅਕਤੀਆਂ ਦੇ ਸੰਪਰਕ ਵਿੱਚ ਰਹੇਗਾ ਅਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 'ਕਿਰਪਾ ਕਰਕੇ ਆਪਣੇ ਦੇਸ਼ ਲਈ ਕਦਮ ਅੱਗ ਵਧਾਉਣ।''
ਹੈਨਕੌਕ ਨੇ ਚਿਤਾਵਨੀ ਦਿੱਤੀ ਕਿ ਭਾਵੇਂ ਅਸੀਂ ਅਗਲਾ ਰਸਤਾ ਦੇਖ ਸਕਦੇ ਹਾਂ, ਪਰ ਹੁਣ ਵੀ ' ਅਜੇ ਲੰਬਾ ਸਫ਼ਰ ਬਾਕੀ ਹੈ', ਉਨ੍ਹਾਂ ਨੇ ਕਿਹਾ ਏਸੇਕਸ, ਲੰਡਨ ਅਤੇ ਕੇਂਟ ਵਿੱਚ ਵਾਇਰਸ ਦੇ ਵਧਣ ਦੇ 'ਚਿੰਤਾਜਨਕ ਸੰਕੇਤ' ਹਨ।
27 ਨਵੰਬਰ ਨੂੰ ਖਤਮ ਹੋਏ ਹਫ਼ਤੇ ਵਿੱਚ ਰਾਸ਼ਟਰੀ ਅੰਕੜਾ ਵਿਗਿਆਨੀਆਂ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਰਜਿਸਟਰਡ ਹੋਈਆਂ 14,106 ਮੌਤਾਂ ਵਿੱਚ ਲਗਭਗ 3,400 ਕੋਵਿਡ ਦੀਆਂ ਸਨ।
ਇਹ ਪੰਜ ਸਾਲਾ ਔਸਤ ਨਾਲੋਂ 20 ਫੀਸਦੀ ਵੱਧ ਹੈ, ਪਰ ਪਿਛਲੇ ਦੋ ਹਫ਼ਤਿਆਂ ਵਿੱਚ ਵੇਖੀ ਗਈ ਪ੍ਰਤੀਸ਼ਤਤਾ ਦੇ ਬਰਾਬਰ ਹੈ।
ਲੰਡਨ ਦੇ ਗਾਯ ਹਸਪਤਾਲ ਦੇ ਦੌਰੇ 'ਤੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ 81 ਸਾਲਾ ਲਿਨ ਵੀਲ੍ਹਰ ਨਾਲ ਗੱਲ ਕੀਤੀ ਜੋ ਉੱਥੇ ਟੀਕਾ ਲਗਾਉਣ ਵਾਲੇ ਪਹਿਲੇ ਵਿਅਕਤੀ ਸਨ।
ਜੌਨਸਨ ਨੇ ਕਿਹਾ, ''ਅਸਲ ਵਿੱਚ ਉਸਨੂੰ ਇਹ ਕਹਿੰਦੇ ਸੁਣਨਾ ਕਿ ਉਹ ਬ੍ਰਿਟੇਨ ਲਈ ਇਹ ਕਰ ਰਹੀ ਹੈ, ਜੋ ਬਿਲਕੁਲ ਸਹੀ ਹੈ-ਉਹ ਖੁਦ ਦੀ ਸੁਰੱਖਿਆ ਕਰ ਰਹੀ ਹੈ, ਪਰ ਪੂਰੇ ਦੇਸ਼ ਦੀ ਸੁਰੱਖਿਆ ਕਰਨ ਵਿੱਚ ਵੀ ਮਦਦ ਕਰ ਰਹੀ ਹੈ।''
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਐੱਨਐੱਚਐੱਸ ਅਤੇ 'ਉਨ੍ਹਾਂ ਸਾਰੇ ਵਿਗਿਆਨੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਵੈਕਸੀਨ ਨੂੰ ਵਿਕਸਤ ਕਰਨ ਲਈ ਇੰਨੀ ਮਿਹਨਤ ਕੀਤੀ', ਵਾਲੰਟੀਅਰਾਂ ਅਤੇ 'ਹਰ ਕੋਈ ਜੋ ਦੂਜਿਆਂ ਦੀ ਸੁਰੱਖਿਆ ਲਈ ਨਿਯਮਾਂ ਦਾ ਪਾਲਣ ਕਰ ਰਿਹਾ ਹੈ।'
ਲੇਬਰ'ਜ਼ ਦੇ ਸ਼ੈਡੋ ਸਿਹਤ ਸਕੱਤਰ ਜੌਨ ਐਸ਼ਵਰਥ ਨੇ ਕਿਹਾ ਕਿ ਲੋਕਾਂ ਨੂੰ ਟੀਕੇ ਲਗਾਉਂਦੇ ਹੋਏ ਦੇਖਣਾ 'ਸ਼ਾਨਦਾਰ' ਸੀ ਅਤੇ ਇਸ ਨੂੰ ਬਣਾਉਣ ਵਿੱਚ ਸ਼ਾਮਲ ਸਾਰਿਆਂ ਦਾ ਧੰਨਵਾਦ।
ਫਾਈਜ਼ਰ/ਬਾਇਓਐੱਨਟੈਕ ਵੈਕਸੀਨ ਦੀਆਂ 800,000 ਖੁਰਾਕਾਂ ਸਰਕਾਰ ਵੱਲੋਂ ਆਉਣ ਵਾਲੇ ਹਫ਼ਤਿਆਂ ਵਿੱਚ ਦਿੱਤੀਆਂ ਜਾਣੀਆਂ ਹਨ, ਪਰ ਟੀਕਾਕਰਨ ਲਾਜ਼ਮੀ ਨਹੀਂ ਹੈ।
ਇਸ ਲਈ ਆਰਡਰ 40 ਮਿਲੀਅਨ ਦਾ ਦਿੱਤਾ ਗਿਆ ਹੈ-20 ਮਿਲੀਅਨ ਲੋਕਾਂ ਲਈ ਇਹ ਉਚਿਤ ਹੈ ਕਿਉਂਕਿ ਇਸ ਦੇ ਦੋ ਕੋਰਸਾਂ ਦੀ ਜ਼ਰੂਰਤ ਹੈ।
ਹਾਲਾਂਕਿ ਇਨ੍ਹਾਂ ਵਿੱਚ ਜ਼ਿਆਦਾਤਰ ਅਗਲੇ ਸਾਲ ਤੱਕ ਉਪਲੱਬਧ ਹੋਣ ਦੀ ਉਮੀਦ ਨਹੀਂ ਹੈ, ਸਰਕਾਰੀ ਸੂਤਰਾਂ ਨੇ ਕਿਹਾ ਕਿ ਇਸ ਮਹੀਨੇ ਦੇ ਅੰਤ ਤੱਕ ਦੇਸ਼ ਵਿੱਚ ਚਾਰ ਮਿਲੀਅਨ ਤੋਂ ਜ਼ਿਆਦਾ ਖੁਰਾਕ ਆਉਣੀ ਚਾਹੀਦੀ ਹੈ।
ਸ੍ਰੀ ਹੈਨਕੌਕ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਿਹਤ ਕਰਮਚਾਰੀਆਂ, ਦੇਖਭਾਲ ਕਰਮਚਾਰੀਆਂ ਅਤੇ 80 ਸਾਲ ਦੀ ਉਮਰ ਤੋਂ ਜ਼ਿਆਦਾ ਵਾਲਿਆਂ ਦੇ ਪਹਿਲੇ ਗਰੁੱਪ ਨੂੰ ਮੁਕੰਮਲ ਹੋਣ ਵਿੱਚ 'ਕਈ ਹਫ਼ਤੇ' ਲੱਗਣਗੇ।
ਵੈਕਸੀਨ ਟਾਸਕਫੋਰਸ ਦੀ ਚੇਅਰਵੁਮੈਨ ਕੇਟ ਬਿੰਘਮ ਨੇ ਇੱਕ ਸਕਾਰਾਤਮਕ ਟਿੱਪਣੀ ਕੀਤੀ, ਜਿਸ ਵਿੱਚ ਬੀਬੀਸੀ ਨੂੰ ਉਨ੍ਹਾਂ ਨੇ 'ਬੇਹੱਦ ਖੁਸ਼ੀ' ਦੀ ਭਾਵਨਾ ਬਾਰੇ ਦੱਸਿਆ ਕਿ 'ਅਸੀਂ ਸਾਰੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਜਾ ਰਹੇ ਹਾਂ।'
ਸ੍ਰੀ ਹੈਨਕੌਕ ਨੇ ਬਾਅਦ ਵਿੱਚ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ 2021 ਦੀਆਂ ਗਰਮੀਆਂ ਦਾ ਮੌਸਮ ਸੁਹਾਵਣਾ ਹੋਵੇਗਾ ਅਤੇ ਉਨ੍ਹਾਂ ਨੇ ਕੌਰਨਵੈੱਲ ਵਿੱਚ ਪਹਿਲਾਂ ਹੀ ਛੁੱਟੀਆਂ ਲਈ ਬੁਕਿੰਗ ਕਰਵਾ ਦਿੱਤੀ ਹੈ।

ਤਸਵੀਰ ਸਰੋਤ, PA Media
'ਇੱਕ ਮਹੱਤਵਪੂਰਨ ਦਿਨ, ਪਰ ਅੱਗੇ ਵੱਡਾ ਟਾਸਕ'
ਇਹ ਇੱਕ ਮਹੱਤਵਪੂਰਨ ਦਿਨ ਹੈ, ਪਰ ਐੱਨਐੱਚਐੱਸ ਨੂੰ ਇਸ ਵੈਕਸੀਨ ਨੂੰ ਲਗਾਉਣ ਦੇ ਵੱਡੇ ਕਾਰਜ ਨੂੰ ਪੂਰਾ ਕਰਨ ਲਈ ਕੋਈ ਗਲਤੀ ਨਹੀਂ ਕਰਨੀ ਚਾਹੀਦੀ।
ਪਹਿਲਾਂ ਇੱਥੇ ਨਿਰਵਿਘਨ ਸਪਲਾਈ ਦੀ ਜ਼ਰੂਰਤ ਹੈ-ਅਤੇ ਪਹਿਲਾਂ ਤੋਂ ਹੀ ਨਿਰਮਾਣ ਸਮੱਸਿਆਵਾਂ ਦੀਆਂ ਰਿਪੋਰਟਾਂ ਆ ਰਹੀਆਂ ਹਨ, ਜਿਸ ਦਾ ਅਰਥ ਹੈ ਕਿ ਯੂਕੇ ਫਾਈਜ਼ਰ ਟੀਕੇ ਦੀ 10 ਮਿਲੀਅਨ ਤੋਂ ਘੱਟ ਖੁਰਾਕ ਦੀ ਉਮੀਦ ਕਰ ਰਿਹਾ ਹੈ ਜੋ ਕਿ ਸਾਲ ਦੇ ਅੰਤ ਤੱਕ ਇਸ ਦੀ ਯੋਜਨਾ ਬਣਾ ਰਿਹਾ ਹੈ।
ਤੱਥ ਇਹ ਹੈ ਕਿ ਇਸ ਨੂੰ ਅਲਟਰਾ-ਕੋਲਡ ਸਟੇਰੇਜ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਅਤੇ 975 ਯੂਨਿਟਾਂ ਦੇ ਬੈਚ ਦੀ ਇੱਕ ਹੋਰ ਮੁਸ਼ਕਿਲ ਹੈ ਜਿਸ ਦਾ ਅਰਥ ਹੈ ਕਿ ਅਜੇ ਤੱਕ ਕੇਅਰ ਹੋਮਜ਼ ਦੇ ਨਿਵਾਸੀਆਂ ਨੂੰ ਟੀਕਾ ਨਹੀਂ ਲਗਾਇਆ ਜਾ ਸਕਦਾ, ਜੋ ਬਹੁਤ ਹੀ ਉੱਚ ਤਰਜੀਹ ਵਾਲਾ ਸਮੂਹ ਹੈ।
ਐੱਨਐੱਚਐੱਸ ਅਧਿਕਾਰੀ ਅਗਲੇ ਹਫ਼ਤੇ ਰੈਗੂਲੇਟਰਾਂ ਤੋਂ ਮਾਰਗਦਰਸ਼ਨ ਪ੍ਰਾਪਤ ਕਰਨ ਦੀ ਉਮੀਦ ਕਰਦੇ ਹਨ ਕਿ ਇਸ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਹ ਕਾਰਕ ਦਰਸਾਉਂਦੇ ਹਨ ਕਿ ਯੂਕੇ ਅਜੇ ਵੀ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੇ ਗਏ ਦੂਜੇ ਟੀਕੇ 'ਤੇ ਆਪਣੀਆਂ ਉਮੀਦਾਂ ਕਿਉਂ ਪਾਲੀ ਬੈਠਾ ਹੈ।
ਉਸ ਨੂੰ ਫਰਿੱਜਾਂ ਵਿੱਚ ਰੱਖਿਆ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਵੰਡਣਾ ਸੌਖਾ ਹੈ, ਦੂਜਾ ਇਸ ਨੂੰ ਬ੍ਰਿਟੇਨ ਵਿੱਚ ਬਣਾਇਆ ਗਿਆ ਹੈ ਅਤੇ ਜੋ ਕਾਫ਼ੀ ਹੈ-ਵਰਤਣ ਲਈ ਇੱਕ ਭੰਡਾਰ ਤਿਆਰ ਹੈ।
ਜੇਕਰ ਇਸ ਵੈਕਸੀਨ ਨੂੰ ਰੈਗੂਲੇਟਰਾਂ ਤੋਂ ਗਰੀਨ ਸਿਗਨਲ ਮਿਲ ਜਾਂਦਾ ਹੈ ਤਾਂ ਇੱਕ ਉਮੀਦ ਹੋਵੇਗੀ ਕਿ 2021 ਦੇ ਪਹਿਲੇ ਕੁਝ ਮਹੀਨਿਆਂ ਵਿੱਚ ਸਭ ਤੋਂ ਕਮਜ਼ੋਰਾਂ ਨੂੰ ਟੀਕਾ ਲਗਾਉਣ ਵਿੱਚ ਯੂਕੇ ਤੇਜ਼ੀ ਨਾਲ ਪ੍ਰਗਤੀ ਕਰੇਗਾ ਤਾਂ ਕਿ ਯੂਕੇ ਆਮ ਸਥਿਤੀ ਦੇ ਨਜ਼ਦੀਕ ਆ ਸਕੇ।
ਐੱਨਐੱਚਐੱਮ ਇੰਗਲੈਂਡ ਦੇ ਰਾਸ਼ਟਰੀ ਮੈਡੀਕਲ ਡਾਇਰੈਕਟਰ ਪ੍ਰੋਫੈਸਰ ਸਟੀਫਨ ਪੋਵਿਸ ਨੇ ਬੀਬੀਸੀ ਬਰੇਕਫਾਸਟ ਵਿੱਚ ਦੱਸਿਆ ਕਿ ਟੀਕਾਕਰਨ ਦਵਾਈ ਦੇ ਸਭ ਤੋਂ ਸੁਰੱਖਿਅਤ ਰੂਪਾਂ ਵਿੱਚੋਂ ਇੱਕ ਹੈ।
''ਇਹ ਕਈ ਹਜ਼ਾਰ ਲੋਕਾਂ ਵਿੱਚ ਕਲੀਨਿਕਲ ਅਜ਼ਮਾਇਸ਼ਾਂ ਵਿੱਚ ਪਰਖਿਆ ਗਿਆ ਹੈ ਅਤੇ ਬਿਨਾਂ ਸ਼ੱਕ ਰੈਗੂਲੇਟਰ ਐੱਮਐੱਚਆਰਏ ਨੇ ਇਸ ਨੂੰ ਧਿਆਨ ਨਾਲ ਦੇਖਿਆ ਹੈ-ਜਿਵੇਂ ਕਿ ਇਹ ਹਮੇਸ਼ਾ ਕਰਦਾ ਹੈ ਅਤੇ ਇਸ ਨੂੰ ਗਰੀਨ ਸਿਗਨਲ ਦਿੱਤਾ ਗਿਆ ਹੈ।''
'ਇਸ ਲਈ ਜੇਕਰ ਤੁਹਾਨੂੰ ਸੱਦਿਆ ਜਾਂਦਾ ਹੈ, ਅਸੀਂ ਤੁਹਾਨੂੰ ਬੁਲਾਵਾਂਗੇ ਅਤੇ ਇਸ ਨੂੰ ਲੈਣ ਲਈ ਕਹਾਂਗੇ, ਤਾਂ ਮੇਰੀ ਸਲਾਹ ਹੈ ਕਿ ਤੁਸੀਂ ਇਸ ਨੂੰ ਲਗਵਾਓ।''
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












