ਕੋਵਿਡ-19 ਵੈਕਸੀਨ: ਯੂਕੇ ਨੇ ਦਿੱਤੀ ਇਸ ਵੈਕਸੀਨ ਨੂੰ ਮਨਜ਼ੂਰੀ, ਕੁਝ ਦਿਨਾਂ 'ਚ ਲੱਗਣਗੇ ਟੀਕੇ

ਯੂਕੇ ਫਾਈਜ਼ਰ (ਬਾਓਟੈੱਕ) ਦੀ ਕੋਰੋਨਾਵਾਇਰਸ ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।

ਬ੍ਰਿਟਿਸ਼ ਰੈਗੂਲੇਟਰ, ਐੱਮਐੱਚਆਰਏ ਦਾ ਕਹਿਣਾ ਹੈ, ਕੋਵਿਡ-19 ਲਈ 95 ਫੀਸਦ ਸੁਰੱਖਿਅਤ ਇਹ ਵੈਕਸੀਨ ਅਗਲੇ ਹਫ਼ਤੇ ਲੋਕਾਂ ਲਈ ਤਿਆਰ ਹੈ।

ਪ੍ਰਾਥਮਿਕਤਾ ਵਾਲੇ ਲੋਕਾਂ ਦੇ ਸਮੂਹਾਂ ਵਿੱਚ ਇਸ ਦੀ ਸ਼ੁਰੂਆਤ ਜਲਦ ਹੋ ਸਕਦੀ ਹੈ।

ਯੂਕੇ ਨੇ ਪਹਿਲਾਂ ਹੀ 40 ਮਿਲੀਅਨ ਖ਼ੁਰਾਕਾਂ ਦਾ ਆਰਡਰ ਦਿੱਤਾ ਹੋਇਆ ਹੈ, ਜੋ 20 ਮਿਲੀਅਨ ਲੋਕਾਂ ਨੂੰ ਡੋਜ਼ ਦੇਣ ਲਈ ਕਾਫੀ ਹੈ।

ਕਰੀਬ 10 ਮਿਲੀਅਨ ਖ਼ੁਰਾਕਾਂ ਛੇਤੀ ਉਪਲਬਧ ਹੋ ਜਾਣਗੀਆਂ।

ਇਹ ਹੁਣ ਤੱਕ ਦੀ ਸਭ ਤੋਂ ਤੇਜ਼ ਬਣਨ ਵਾਲਾ ਵੈਕਸੀਨ ਹੈ ਅਤੇ ਲੋੜੀਂਦੇ ਗੇੜਾਂ ਦਾ ਪਾਲਣ ਕਰਨ ਲਈ 10 ਮਹੀਨੇ ਲੱਗੇ, ਜੋ ਕਿ ਆਮ ਤੌਰ 'ਤੇ ਦਹਾਕਿਆਂ ਦਾ ਕੰਮ ਹੁੰਦਾ ਹੈ।

ਸਿਹਤ ਸਕੱਤਰ ਮੈਟ ਹੈਨਕੌਕ ਨੇ ਟਵੀਟ ਕਰਦਿਆਂ ਕਿਹਾ, "ਮਦਦ ਜਲਦ ਹੀ ਤੁਹਾਡੇ ਤੱਕ ਪਹੁੰਚੇਗੀ, ਐੱਨਐੱਚਏ ਅਗਲੇ ਹਫ਼ਤੇ ਟੀਕਾਕਰਨ ਲਈ ਤਿਆਰ ਹੈ।"

ਮਾਹਰਾਂ ਦਾ ਕਹਿਣਾ ਹੈ ਕਿ ਹਾਲਾਂਕਿ, ਟੀਕਾਕਰਨ ਸ਼ੁਰੂ ਹੋ ਸਕਦਾ ਹੈ ਪਰ ਫਿਰ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਅਤੇ ਕੋਰੋਨਾਵਾਇਰਸ ਸਬੰਧੀ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ।

ਜਿਸ ਦਾ ਮਤਲਬ ਹੈ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਾਉਣ ਦੀ ਲੋੜ ਹੈ।

ਵੈਕਸੀਨ ਕਿਹੜੀ ਹੈ?

ਇਹ ਨਵੇਂ ਪ੍ਰਕਾਰ ਦੀ mRNA ਵੈਕਸੀਨ ਹੈ, ਜੋ ਸਰੀਰ ਨੂੰ ਕੋਵਿਡ-19 ਤੋਂ ਬਚਾਉਣ ਲਈ ਅਤੇ ਰੋਗ ਪ੍ਰਤੀਰੋਧਕ ਸਮਰਥਾ ਵਧਾਉਣ ਲਈ ਛੋਟੇ ਜਿਹੇ ਜੈਨੇਟਿਕ ਕੋਡ ਦੀ ਵਰਤੋਂ ਕਰਦੀ ਹੈ।

mRNA ਵੈਕਸੀਨ ਨੂੰ ਪਹਿਲਾਂ ਕਦੇ ਵੀ ਮਨੁੱਖਾਂ ਵਿੱਚ ਨਹੀਂ ਵਰਤਿਆਂ ਗਿਆ, ਹਾਲਾਂਕਿ ਇਸ ਨੂੰ ਕਲੀਨਿਕਲ ਟ੍ਰਾਇਲ ਵਿੱਚ ਲੋਕਾਂ ਨੂੰ ਦਿੱਤਾ ਗਿਆ ਹੈ।

ਵੈਕਸੀਨ ਨੂੰ ਸਟੋਰ ਕਰਨ ਲਈ -70C ਤਾਪਮਾਨ ਦੀ ਲੋੜ ਹੈ ਅਤੇ ਇਸ ਨੂੰ ਡਰਾਈ ਆਇਸ ਦੇ ਸਪੈਸ਼ਲ ਬਕਸਿਆਂ ਵਿੱਚ ਪਾ ਕੇ ਟਰਾਂਸਪੋਰਟ ਕੀਤਾ ਜਾਵੇਗਾ।

ਇੱਕ ਵਾਰ ਜਦੋਂ ਇਸ ਦੀ ਡਿਲੀਵਰੀ ਹੋ ਜਾਂਦੀ ਹੈ ਤਾਂ ਇਹ 5 ਦਿਨਾਂ ਤੱਕ ਫਰਿਜ਼ ਵਿੱਚ ਰੱਖੀ ਜਾ ਸਕਦੀ ਹੈ।

ਕਿਸ ਨੂੰ ਅਤੇ ਕਦੋਂ ਮਿਲੇਗੀ?

ਮਾਹਰਾਂ ਨੇ ਇੱਕ ਪ੍ਰਾਥਮਿਕਤਾ ਸੂਚੀ ਉਲੀਕੀ ਹੋਈ ਹੈ, ਜਿਨ੍ਹਾਂ ਵਿੱਚ ਵਧੇਰੇ ਜੋਖ਼ਮ ਵਾਲੇ ਲੋਕ ਸ਼ਾਮਲ ਹਨ।

ਇਨ੍ਹਾਂ ਵਿੱਚ ਸਭ ਤੋਂ ਪਹਿਲਾਂ ਕੇਅਰ ਹੋਮਸ ਵਿੱਚ ਰਹਿਣ ਵਾਲੇ ਅਤੇ ਸਟਾਫ, 80 ਸਾਲਾਂ ਤੋਂ ਵੱਧ ਉਮਰ ਦੇ ਲੋਕ ਅਤੇ ਸਿਹਤ ਤੇ ਸਮਾਜਕ ਵਰਕਰਾਂ ਨੂੰ ਪ੍ਰਾਥਮਿਕਤਾ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਉਨ੍ਹਾਂ ਨੂੰ ਵੈਕਸੀਨ ਦਾ ਪਹਿਲਾਂ ਸਟੌਕ ਅਗਲੇ ਹਫ਼ਤੇ ਮਿਲ ਸਕਦਾ ਹੈ। ਸਾਮੂਹਿਕ ਟੀਕਾਕਰਨ ਵਿੱਚ 50 ਤੋਂ ਵੱਧ ਉਮਰ ਦੇ ਲੋਕ, ਇਸ ਦੇ ਨਾਲ ਨੌਜਵਾਨ ਲੋਕ, ਜਿਨ੍ਹਾਂ ਨੂੰ ਸਿਹਤ ਸਮੱਸਿਆਵਾਂ ਹਨ, ਉਨ੍ਹਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।

ਵਧੇਰੇ ਸਟੌਕ 2021 ਵਿੱਚ ਉਪਲਬਧ ਹੋ ਸਕਦਾ ਹੈ। 21 ਦਿਨਾਂ ਦੇ ਵਕਫ਼ੇ ਵਿੱਚ ਦੋ ਟੀਕੇ ਲੱਗਣਗੇ।

ਹੋਰ ਵੈਕਸੀਨ

ਕਈ ਹੋਰ ਵੀ ਵੈਕਸੀਨ ਵੀ ਹਨ, ਜਿਨ੍ਹਾਂ ਨੂੰ ਜਲਦ ਹੀ ਮਨਜ਼ੂਰੀ ਮਿਲ ਸਕਦੀ ਹੈ।

ਉਨ੍ਹਾਂ ਵਿੱਚੋਂ ਇੱਕ ਮੌਡਰਨਾ ਵੀ ਫਾਈਜ਼ਰ ਵਾਂਗ ਸੁੱਰਿਅਤ ਪ੍ਰਤੀਕਰਮ ਦੇ ਰਹੀ ਹੈ। ਯੂਕੇ ਨੇ ਇਸ ਲਈ ਵੀ ਪਹਿਲਾਂ ਤੋਂ 7 ਮਿਲੀਅਨ ਖੁਰਾਕਾਂ ਦਾ ਆਦੇਸ਼ ਦਿੱਤਾ ਹੋਇਆ ਹੈ।

ਯੂਕੇ ਨੇ ਓਕਸਫੋਰਡ ਅਤੇ ਐਸਟਰਾ-ਜ਼ੈਨੇਕਾ ਤੋਂ ਕੋਵਿਡ-19 ਦੇ ਬਚਾਅ ਲਈ ਵੱਖ-ਵੱਖ ਤਰ੍ਹਾਂ ਦੀਆਂ ਵੈਕਸੀਨ ਦੇ 100 ਮਿਲੀਅਨ ਖੁਰਾਕਾਂ ਦਾ ਆਰਡਰ ਦਿੱਤੀ ਹੋਇਆ ਹੈ।

ਇਨ੍ਹਾਂ ਵਿੱਚ ਨੁਕਸਾਨ-ਰਹਿਤ ਵਾਇਰਸ ਦੀ ਵਰਤੋਂ ਕੀਤੀ ਹੈ।

ਰੂਸ ਇੱਕ ਹੋਰ ਵੈਕਸੀਨ ਦੀ ਵਰਤੋਂ ਕਰਨ ਰਿਹਾ ਹੈ, ਜਿਸ ਦਾ ਨਾਮ ਸਪੁਤਨਿਕ ਹੈ ਅਤੇ ਚੀਨੀ ਫੌਜ ਨੇ ਵੀ ਕੈਨਸਿਨੋ ਬਾਓਲੌਜਿਕਸ ਵੱਲੋਂ ਬਣਾਈ ਗਈ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ।

ਦੋਵੇਂ ਦੀ ਓਕਸਫੌਰਡ ਯੂਨੀਵਰਸਿਟੀ ਵਾਂਗ ਹੀ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)