ਕੋਰੋਨਾਵਾਇਰਸ: ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ 70% ਅਸਰਦਾਰ, ਭਾਰਤ ਲਈ ਇਹ ਟੀਕਾ ਜ਼ਰੂਰੀ ਕਿਉਂ

    • ਲੇਖਕ, ਜੇਮਸ ਗੇਲੇਘਰ
    • ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ

ਵੱਡੇ ਪੱਧਰ 'ਤੇ ਹੋਏ ਟਰਾਇਲ ਦੇ ਨਤੀਜੇ ਦਰਸਾਉਂਦੇ ਹਨ ਕਿ ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਨੇ 70 ਫ਼ੀਸਦ ਲੋਕਾਂ ਵਿੱਚ ਕੋਵਿਡ-19 ਦੇ ਲੱਛਣਾਂ ਨੂੰ ਵਿਕਸਿਤ ਹੋਣ ਤੋਂ ਰੋਕਿਆ ਹੈ।

ਹਾਲਾਂਕਿ ਇਸ ਨੂੰ ਇੱਕ ਜਿੱਤ ਵਾਂਗ ਦੇਖਿਆ ਜਾ ਰਿਹਾ ਹੈ ਪਰ ਫਾਈਜ਼ਰ ਅਤੇ ਮੌਡਰਨਾ ਵੱਲੋਂ ਤਿਆਰ ਕੀਤੀ ਗਏ ਟੀਕੇ ਤੋਂ ਇਹ ਨਤੀਜਿਆਂ ਦੇ ਮਾਮਲੇ ਵਿੱਚ ਪਿੱਛੇ ਰਹਿ ਗਿਆ ਹੈ ਜੋ 95 ਫ਼ੀਸਦ ਤੱਕ ਬਚਾਅ ਕਰਨ ਵਿੱਚ ਅਸਰਦਾਰ ਸਾਬਿਤ ਹੋਏ ਹਨ।

ਆਕਸਫੋਰਡ ਟੀਕਾ ਹੋਰ ਦੋ ਟੀਕਿਆਂ ਦੇ ਮੁਕਾਬਲੇ ਵੱਧ ਸਸਤਾ, ਸਟੋਰ ਕਰਨ ਵਿੱਚ ਸੌਖਾ ਹੈ। ਇਸ ਨੂੰ ਦੁਨੀਆਂ ਦੇ ਹਰ ਕੋਨੇ ਵਿੱਚ ਪਹੁੰਚਾਉਣਾ ਵੀ ਸੌਖਾ ਹੈ।

ਜੇ ਕਰ ਇਸ ਨੂੰ ਰੇਗੂਲੇਟਰਾਂ ਵੱਲੋਂ ਮਾਨਤਾ ਮਿਲ ਜਾਂਦੀ ਹੈ ਤਾਂ ਇਹ ਹਾਲੇ ਵੀ ਮਹਾਂਮਾਰੀ ਨਾਲ ਨਜਿੱਠਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।

ਦਿਲਚਸਪ ਡਾਟਾ ਇਹ ਵੀ ਸੁਝਾਅ ਦਿੰਦਾ ਹੈ ਕਿ ਟੀਕੇ ਦੀ ਖ਼ੁਰਾਕ ਦੀ ਮਾਤਰਾ ਵਿੱਚ ਸੁਧਾਰ ਕਰਨ ਨਾਲ ਬਚਾਅ ਨੂੰ 90 ਫ਼ੀਸਦ ਤੱਕ ਲਿਜਾਇਆ ਜਾ ਸਕਦਾ ਹੈ।

ਆਕਸਫੋਰਡ ਦੇ ਖੋਜਕਾਰਾਂ ਨੇ ਆਮਤੌਰ 'ਤੇ ਕੋਈ ਵੈਕਸੀਨ ਤਿਆਰ ਕਰਨ ਲਈ ਦਹਾਕਿਆਂ ਤੱਕ ਚੱਲਣ ਵਾਲੀ ਪ੍ਰਕਿਰਿਆ ਨੂੰ ਕਰੀਬ 10 ਮਹੀਨਿਆਂ ਵਿੱਚ ਪੂਰਾ ਕੀਤਾ ਹੈ।

ਕੀ ਕਹਿੰਦੇ ਹਨ ਟ੍ਰਾਇਲ?

ਇਸ ਟ੍ਰਾਇਲ ਵਿੱਚ 20 ਹਜ਼ਾਰ ਲੋਕ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਅੱਧੇ ਯੂਕੇ ਤੋਂ ਅਤੇ ਬਾਕੀ ਬ੍ਰਾਜ਼ੀਲ ਤੋਂ ਸਨ।

ਜਿਨ੍ਹਾਂ ਨੂੰ ਟੀਕੇ ਦੇ ਦੋ ਡੋਜ਼ ਦਿੱਤੇ ਸਨ, ਉਨ੍ਹਾਂ ਵਿੱਚ ਕੋਵਿਡ ਦੇ 30 ਕੇਸ ਸਨ ਅਤੇ ਜਿਨ੍ਹਾਂ ਨੂੰ ਡਮੀ ਟੀਕਾ ਲਗਾਇਆ ਸੀ ਉਨ੍ਹਾਂ ਵਿੱਚ 101 ਕੇਸ ਸਨ।

ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਟੀਕਾ 70 ਫੀਸਦ ਸੁਰੱਖਿਅਤ ਰਿਹਾ।

ਟ੍ਰਾਇਲ ਦੀ ਅਗਵਾਈ ਕਰਨ ਵਾਲੇ ਪ੍ਰੋਫੈਸਰ ਐਂਡਰਿਊ ਪੋਲਾਰਡ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਇਨ੍ਹਾਂ ਨਤੀਜਿਆਂ ਨਾਲ ਸੱਚਮੁੱਚ ਖੁਸ਼ ਹਾਂ।"

ਉਨ੍ਹਾਂ ਨੇ ਕਿਹਾ ਕਿ 90 ਫੀਸਦ ਪ੍ਰਭਾਵਸ਼ਾਲੀ ਡਾਟਾ "ਦਿਲਚਸਪ" ਸੀ ਅਤੇ ਇਸ ਦਾ ਮਤਲਬ ਹੋਵੇਗਾ ਕਿ "ਸਾਡੇ ਕੋਲ ਵੰਡਣ ਲਈ ਕਾਫੀ ਡੋਜ਼ ਹੋਣਗੇ।"

ਹਾਈ ਡੋਜ਼ ਵਿੱਚ ਏਸਿਮਪਟੋਮੈਟਿਕ ਇਨਫੈਕਸ਼ਨ ਦਾ ਪੱਧਰ ਘੱਟ ਸੀ। ਇਸ ਦਾ ਮਤਲਬ ਇਹ ਹੈ ਕਿ "ਅਸੀਂ ਵਾਇਰਸ ਨੂੰ ਉਸ ਦੇ ਟਰੈਕ ਵਿੱਚ ਰੋਕ ਸਕਦੇ ਹਾਂ।"

ਵੈਕਸੀਨ ਕਦੋਂ ਉਪਲਬਧ ਹੋਵੇਗੀ?

ਯੂਕੇ ਵਿੱਚ 4 ਮਿਲੀਅਨ (40 ਲੱਖ) ਖ਼ੁਰਾਕਾਂ ਤਿਆਰ ਹਨ ਅਤੇ ਇਸ ਦੇ ਨਾਲ ਹੀ 96 ਮਿਲੀਅਨ ਪਹੁੰਚ ਜਾਣਗੀਆਂ।

ਪਰ ਜਦੋਂ ਤੱਕ ਰੈਗੂਲੇਟਰ ਵੱਲੋਂ ਵੈਕਸੀਨ ਨੂੰ ਮਨਜ਼ੂਰੀ ਨਹੀਂ ਮਿਲ ਜਾਂਦੀ, ਉਦੋਂ ਤੱਕ ਕੁਝ ਨਹੀਂ ਹੋ ਸਕੇਗਾ।

ਇਹ ਰੇਗੂਲੇਟਰ ਪਹਿਲਾਂ ਵੈਕਸੀਨ ਦੀ ਸੁਰੱਖਿਆ, ਅਸਰ ਅਤੇ ਇਸ ਨੂੰ ਬਣਾਉਣ ਲਈ ਉੱਚ ਮਾਨਕਾਂ ਦਾ ਮੁਲੰਕਣ ਕਰਨਗੇ। ਇਹ ਪ੍ਰਕਿਰਿਆ ਆਉਣ ਵਾਲਿਆਂ ਹਫ਼ਤਿਆਂ ਵਿੱਚ ਹੋਵੇਗੀ।

ਹਾਲਾਂਕਿ, ਯੂਕੇ ਸਾਮੂਹਿਕ ਰੋਗ-ਪ੍ਰਤੀਰੋਧਕ ਟੀਕਾਕਰਨ ਅਭਿਆਨ ਲਈ ਤਿਆਰ ਹੈ, ਜੋ ਸਾਲਾਨਾ ਫਲੂ ਜਾਂ ਬੱਚਿਆਂ ਵਿੱਚ ਹੋਣ ਵਾਲੇ ਟੀਕਾਰਨ ਤੋਂ ਕਾਫੀ ਵੱਡਾ ਹੈ।

ਯੂਕੇ ਵਿੱਚ ਟੀਕਾ ਹਾਸਲ ਕਰਨ ਵਿੱਚ ਕੇਅਰ ਹੋਮਸ ਦੇ ਨਿਵਾਸੀ ਅਤੇ ਸਟਾਫ਼ ਮੋਹਰੀ ਰਹਿਣਗੇ। ਉਸ ਤੋਂ ਬਾਅਦ ਹੈਲਥ ਵਰਕਰ ਅਤੇ 80 ਸਾਲਾਂ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ।

ਇਸ ਤੋਂ ਬਾਅਦ ਹੋਰ ਉਮਰ ਵਰਗੇ ਦੇ ਲੋਕਾਂ ਨੂੰ ਇਹ ਵੈਕਸੀਨ ਉਪਲਬਧ ਕਰਵਾਈ ਜਾਵੇਗੀ।

ਇਹ ਕੰਮ ਕਿਵੇਂ ਕਰਦੀ ਹੈ?

ਇਹ ਟੀਕਾ ਜੈਨੇਟਿਕ ਤੌਰ 'ਤੇ ਸੋਧਿਆ ਹੋਇਆ ਠੰਢਾ ਵਾਇਰਸ ਹੈ ਅਤੇ ਇਸ ਦੀ ਲਾਗ ਚਿੰਪੈਂਜ਼ੀਆਂ ਵਿੱਚ ਮਿਲਦੀ ਹੈ।

ਇਸ ਵਾਇਰਸ ਨੂੰ ਇਸ ਤਰੀਕੇ ਨਾਲ ਬਦਲਿਆ ਗਿਆ ਹੈ ਤਾਂ ਜੋ ਇਹ ਲੋਕਾਂ ਨੂੰ ਲਾਗ ਨਾ ਲਗਾ ਸਕੇ ਤੇ ਕੋਰੋਨਾਵਾਇਰਸ ਦਾ ਬਲੂ ਪ੍ਰਿੰਟ ਲਵੇ ਜਿਸ ਨੂੰ ਸਪਾਈਕ ਪ੍ਰੋਟੀਨ ਕਿਹਾ ਜਾਂਦਾ ਹੈ।

ਇੱਕ ਵਾਰ ਜਦੋਂ ਇਹ ਬਲੂਪ੍ਰਿੰਟਸ ਸਰੀਰ ਅੰਦਰ ਹੋਣ ਤਾਂ ਇਹ ਕੋਰੋਨਾਵਾਇਰਸ ਸਪਾਇਕ ਪ੍ਰੋਟੀਨ ਪੈਦਾ ਕਰਨ ਲਗਦੇ ਹਨ, ਜਿਸ ਨੂੰ ਰੋਗ ਪ੍ਰਤੀਰੋਧਕ ਪ੍ਰਣਾਲੀ ਖ਼ਤਰੇ ਵਜੋਂ ਪਛਾਣਦੀ ਹੈ ਅਤੇ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੀ ਹੈ।

ਜਦੋਂ ਰੋਗ ਪ੍ਰਤੀਰੋਧਕ ਪ੍ਰਣਾਲੀ ਅਸਲ 'ਚ ਇਸ ਵਾਇਰਸ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਉਸ ਨੂੰ ਪਤਾ ਹੁੰਦਾ ਹੈ ਕਿ ਕੀ ਕਰਨਾ ਹੈ।

ਕੀ ਨਤੀਜੇ ਨਿਰਾਸ਼ਾਜਨਕ ਹਨ?

ਫਾਈਜ਼ਰ ਅਤੇ ਮੌਡਰਨਾ ਦੋਵਾਂ ਵੱਲੋਂ ਕੋਵਿਡ-19 ਲਈ 95 ਫੀਸਦ ਸੁਰੱਖਿਅਤ ਅਸਰਦਾਰ ਹੋਣ ਤੋਂ ਬਾਅਦ 70 ਫੀਸਦ ਦਾ ਅੰਕੜਾ ਕੁਝ ਨਿਰਾਸ਼ਾਜਨਕ ਤਾਂ ਲਗਦਾ ਹੀ ਹੈ।

ਹਾਲਾਂਕਿ, ਇੱਕ ਮਹੀਨਾ ਪਹਿਲਾਂ ਜੋ ਵੀ 50 ਫੀਸਦ ਤੋਂ ਵੱਧ ਸੀ ਉਸ ਨੂੰ ਜਿੱਤ ਵਜੋਂ ਲਿਆ ਜਾ ਰਿਹਾ ਸੀ ਅਤੇ ਮੌਸਮੀ ਫਲੂ ਜੈਬ ਦੀ ਤੁਲਨਾ ਵਿੱਚ 70 ਫੀਸਦ ਬਿਹਤਰ ਹੈ।

ਇਹ ਵੀ ਇੱਕ ਟੀਕਾ ਹੈ ਜੋ ਜ਼ਿੰਦਗੀਆਂ ਨੂੰ ਕੋਵਿਡ-19 ਤੋਂ ਬਚਾ ਸਕਦਾ ਹੈ।

ਇਸ ਦੇ ਮਹੱਤਵਪੂਰਨ ਲਾਭ ਵੀ ਹਨ ਜੋ ਇਸ ਦੀ ਵਰਤੋਂ ਨੂੰ ਸੁਖਾਲਾ ਬਣਾਉਂਦੇ ਹਨ। ਇਸ ਫਰਿਜ਼ ਤਾਪਮਾਨ 'ਤੇ ਸਟੋਰ ਕੀਤਾ ਜਾ ਸਕਦਾ ਹੈ, ਇਸ ਦਾ ਮਤਲਬ ਹੈ ਕਿ ਇਸ ਨੂੰ ਦੁਨੀਆਂ ਦੇ ਕਿਸੇ ਵੀ ਕੋਨੇ 'ਤੇ ਪਹੁੰਚਾਇਆ ਜਾ ਸਕਦਾ ਹੈ।

ਹਾਲਾਂਕਿ, ਫਾਈਜ਼ਰ/ਬਾਓਟੈੱਕ ਅਤੇ ਮੌਡਰਨਾ ਵੈਕਸੀਨ ਨੂੰ ਵਧੇਰੇ ਠੰਢੇ ਤਾਪਮਾਨ ਵਿੱਚ ਰੱਖਣ ਦੀ ਲੋੜ ਹੈ।

ਆਕਸਫੋਰਡ ਦੇ ਮੈਨੂਫੈਕਚਰਿੰਗ ਪਾਰਟਨਰ, ਐਸਟਰਾਜੈਨੇਕਾ 3 ਬਿਲੀਅਨ ਖ਼ੁਰਾਕਾਂ ਬਣਾਉਣ ਲਈ ਤਿਆਰ ਹੈ।

ਆਕਸਫੋਰਡ ਵੈਕਸੀਨ ਦੀ ਕੀਮਤ 3 ਪੌਂਡ (ਕਰੀਬ 300 ਰੁਪਏ) ਹੈ ਅਤੇ ਇਹ ਫਾਈਜ਼ਰ, ਜਿਸ ਦੀ ਕੀਮਤ 15 ਪੌਂਡ (ਕਰੀਬ 1500 ਰੁਪਏ) ਅਤੇ ਮੌਡਰਨਾ ਦੀ ਕੀਮਤ 25 ਪੌਂਡ (ਕਰੀਬ 2500 ਰੁਪਏ) ਹੈ।

ਇਸ ਨਾਲ ਮੇਰੀ ਜ਼ਿੰਦਗੀ ਵਿੱਚ ਕੀ ਫਰਕ ਪਵੇਗਾ?

ਇਹ ਉਹੀ ਵੈਕਸੀਨ ਹੈ ਜਿਸ ਦਾ ਇੰਤਜ਼ਾਰ ਅਸੀਂ ਇੱਕ ਸਾਲ ਤੋਂ ਕਰ ਰਹੇ ਹਾਂ ਅਤੇ ਇਸ ਕਾਰਨ ਲੌਕਡਾਊਨ ਲਗਾਉਣਾ ਪਿਆ।

ਹਾਲਾਂਕਿ, ਯੂਕੇ ਵਿੱਚ ਵੈਕਸੀਨ ਦਾ ਉਤਪਾਦਨ ਅਤੇ ਲੱਖਾਂ ਲੋਕਾਂ ਦਾ ਟੀਕਾਕਰਨ ਕਰਨਾ ਅਤੇ ਫਿਰ ਪੂਰੀ ਦੁਨੀਆਂ ਦੇ ਕਰੋੜਾਂ ਦੇ ਲੋਕਾਂ ਦਾ, ਇਹ ਇੱਕ ਬਹੁਤ ਵੱਡੀ ਚੁਣੌਤੀ ਹੈ।

ਜ਼ਿੰਦਗੀ ਕੱਲ੍ਹ ਤੱਕ ਆਮ ਤਾਂ ਨਹੀਂ ਹੋਵੇਗੀ ਪਰ ਹਾਲਾਤ ਸੁਧਰ ਸਕਦੇ ਹਨ।

ਸਿਹਤ ਸਕੱਤਰ ਮੈੱਟ ਹੈਨਕੋਕ ਨੇ ਬੀਬੀਸੀ ਬ੍ਰੇਕਫਾਸਟ ਨੂੰ ਦੱਸਿਆ, "ਅਸੀਂ ਗਰਮੀਆਂ ਤੱਕ "ਹਾਲਾਤ ਆਮ ਕਰਨ ਦੇ ਕੁਝ ਨੇੜੇ ਹਾਂ" ਪਰ "ਜਦ ਤੱਕ ਵੈਕਸੀਨ ਨਹੀਂ ਆ ਜਾਂਦੀ, ਸਾਨੂੰ ਇੱਕ-ਦੂਜੇ ਦਾ ਖ਼ਿਆਲ ਰੱਖਣ ਦੀ ਲੋੜ ਹੈ।"

ਕੀ ਹੈ ਮਾਹਿਰਾਂ ਦੀ ਰਾਇ?

ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਪੀਟਰ ਹੋਰਬੀ, ਜੋ ਟ੍ਰਾਇਲ ਵਿੱਚ ਸ਼ਾਮਲ ਨਹੀਂ ਸਨ, ਉਨ੍ਹਾਂ ਕਿਹਾ, "ਇਹ ਇੱਕ ਵਧੀਆ ਖ਼ਬਰ ਹੈ, ਅਸੀਂ ਸਪੱਸ਼ਟ ਤੌਤ 'ਤੇ ਅੰਤ ਨੇੜੇ ਆ ਗਿਆ ਹੈ। ਜਿਨ੍ਹਾਂ ਨੂੰ ਆਕਸਫੋਰਡ ਦੀ ਦਵਾਈ ਦਿੱਤੀ ਗਈ ਹੈ ਉਨ੍ਹਾਂ ਵਿੱਚੋਂ ਕੋਈ ਵੀ ਹਸਪਤਾਲ 'ਚ ਦਾਖ਼ਲ ਨਹੀਂ ਹੋਇਆ ਅਤੇ ਨਾ ਹੀ ਕਿਸੇ ਦੀ ਮੌਤ ਹੋਈ।"

ਲੀਡ ਯੂਨੀਵਰਸਿਟੀ ਦੇ ਡਾ. ਸਟੀਫਵ ਗਰੀਫਿਨ ਨੇ ਕਿਹਾ, "ਇਹ ਹੁਣ ਤੱਕ ਦੀ ਸਭ ਤੋਂ ਵਧੀਆ ਖ਼ਬਰ ਹੈ ਅਤੇ ਇਸ ਨੂੰ ਕਾਫੀ ਉਤਸ਼ਾਹਿਤ ਮੰਨਿਆ ਜਾ ਰਿਹਾ ਹੈ। ਇਹ ਪੂਰੀ ਦੁਨੀਆਂ ਨੂੰ ਵੈਕਸੀਨ ਮੁਹੱਈਆ ਕਰਵਾਉਣ ਲਈ ਵੱਡੀ ਸਮਰੱਥਾ ਰੱਖਦਾ ਹੈ। ਜਿਸ ਨਾਲ ਵੱਡੇ ਪੱਧਰ 'ਤੇ ਸਿਹਤ ਲਾਭ ਹੋਣਗੇ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)