ਭਾਰਤ-ਚੀਨ ਤਣਾਅ: ਚੀਨ ਨੇ ਕਿਹਾ, ‘ਗੋਲੀਬਾਰੀ ਰੋਕਣਾ ਤੇ ਉਕਸਾਉਣ ਵਾਲਿਆਂ ’ਤੇ ਠੱਲ੍ਹ ਪਾਉਣਾ ਸਾਡਾ ਮੁੱਖ ਟੀਚਾ’

ਲੱਦਾਖ ਵਿੱਚ ਭਾਰਤ-ਚੀਨ ਲਾਈਨ ਆਫ ਐਕਚੁਅਲ ਕੰਟਰੋਲ (ਐਲਏਸੀ) 'ਤੇ ਜਾਰੀ ਤਣਾਅ ਨੂੰ ਘੱਟ ਕਰਨ ਲਈ ਦੋਵਾਂ ਦੇਸਾਂ ਵਿੱਚ ਪੰਜ ਨੁਕਤਿਆਂ 'ਤੇ ਸਹਿਮਤੀ ਬਣ ਗਈ ਹੈ।

ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਵੀਰਵਾਰ ਨੂੰ ਮੌਸਕੋ ਵਿੱਚ ਹੋਈ ਮੁਲਾਕਾਤ ਵਿੱਚ ਇਹ ਫ਼ੈਸਲਾ ਲਿਆ ਗਿਆ।

ਸਮਾਚਾਰ ਏਜੰਸੀ ਏਐਨਆਈ ਮੁਤਾਬਕ ਭਾਰਤੀ ਵਿਦੇਸ਼ ਮੰਤਰੀ ਨੇ ਇਹ ਸਪੱਸ਼ਟ ਕੀਤਾ ਕਿ ਭਾਰਤ ਐਲਏਸੀ 'ਤੇ ਜਾਰੀ ਤਣਾਅ ਨੂੰ ਹੋਰ ਨਹੀਂ ਵਧਾਉਣਾ ਚਾਹੁੰਦਾ ਹੈ ਅਤੇ ਚੀਨ ਦੇ ਪ੍ਰਤੀ ਭਾਰਤ ਦੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਭਾਰਤ ਦਾ ਇਹ ਵੀ ਮੰਨਣਾ ਹੈ ਕਿ ਭਾਰਤ ਦੇ ਪ੍ਰਤੀ ਚੀਨ ਦੀ ਨੀਤੀ ਵਿੱਚ ਵੀ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ-

ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਦੋ ਗੁਆਂਢੀ ਦੇਸ ਹੋਣ ਦੇ ਨਾਤੇ ਇਹ ਬਹੁਤ ਸੁਭਾਵਿਕ ਹੈ ਕਿ ਚੀਨ ਅਤੇ ਭਾਰਤ ਵਿੱਚ ਕੁਝ ਮੁੱਦਿਆਂ 'ਤੇ ਅਸਹਿਮਤੀ ਹੈ, ਪਰ ਅਹਿਮ ਗੱਲ ਇਹ ਹੈ ਕਿ ਉਨ੍ਹਾਂ ਅਸਹਿਮਤੀਆਂ ਨੂੰ ਸਹੀ ਨਜ਼ਰੀਏ ਨਾਲ ਦੇਖਿਆ ਜਾਵੇ।

ਸਮਾਚਾਰ ਏਜੰਸੀ ਏਐਨਆਈ ਨੇ ਚੀਨੀ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਲਿਖਿਆ ਹੈ, "ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਚੀਨ ਅਤੇ ਭਾਰਤ ਦੇ ਰਿਸ਼ਤੇ ਇੱਕ ਵਾਰ ਮੁੜ ਦੋਰਾਹੇ 'ਤੇ ਖੜ੍ਹੇ ਹਨ। ਪਰ ਜਦੋਂ ਤੱਕ ਦੋਵੇਂ ਪੱਖ ਆਪਣੇ ਰਿਸ਼ਤਿਆਂ ਨੂੰ ਸਹੀ ਦਿਸ਼ਾ ਵਿੱਚ ਵਧਾਉਂਦੇ ਰਹਿਣਗੇ, ਉਦੋਂ ਤੱਕ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ ਅਤੇ ਅਜਿਹੀ ਕੋਈ ਵੀ ਚੁਣੌਤੀ ਨਹੀਂ ਹੋਵੇਗੀ ਜਿਸਦਾ ਹੱਲ ਨਾ ਕੱਢਿਆ ਜਾ ਸਕੇਗਾ।"

ਚੀਨ ਦੇ ਅਖ਼ਬਾਰ ਗਲੋਬਲ ਟਾਈਮਜ਼ ਮੁਤਾਬਕ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ, "ਚੀਨ ਆਨਸਾਈਟ ਗੱਲਬਾਤ ਨੂੰ ਮਜ਼ਬੂਤ ਕਰਨ ਅਤੇ ਖ਼ਾਸ ਮੁੱਦਿਆਂ ਨੂੰ ਹੱਲ ਕਰਨ ਲਈ ਸੀਮਾ ਸੈਨਿਕਾਂ ਦਾ ਸਮਰਥਨ ਕਰਦਾ ਹੈ। ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਨੂੰ ਬਹਾਲ ਕਰਨ ਲਈ ਚੀਨ ਭਾਰਤ ਦੇ ਨਾਲ ਕੂਟਨੀਤਕ ਅਤੇ ਫੌਜੀ ਸੰਚਾਰ ਬਣਾਏ ਰੱਖਣ ਲਈ ਵੀ ਤਿਆਰ ਹੈ।"

ਵਾਂਗ ਯੀ ਨੇ ਕਿਹਾ, ''ਸਾਡਾ ਮੁੱਖ ਟਾਸਕ ਹੁਣ ਗੋਲੀਬਾਰੀ ਰੋਕਣਾ, ਵੱਚਨਬੱਧਤਾ ਦੀ ਉਲੰਘਣਾ ਕਰਨ ਅਤੇ ਉਕਸਾਉਣ ਵਾਲਿਆਂ ਨੂੰ ਰੋਕਣਾ, ਉਲੰਘਣਾ ਕਰਨ ਵਾਲੇ ਕਰਮੀਆਂ ਅਤੇ ਹਥਿਆਰਾਂ ਨੂੰ ਵਾਪਿਸ ਲੈਣਾ ਅਤੇ ਛੇਤੀ ਤੋਂ ਛੇਤੀ ਸਥਿਤੀ ਨੂੰ ਸ਼ਾਂਤ ਕਰਨਾ ਹੈ।''

ਇਨ੍ਹਾਂ ਪੰਜ ਨੁਕਤਿਆਂ 'ਤੇ ਬਣੀ ਸਹਿਮਤੀ

  • ਦੋਵੇਂ ਧਿਰਾਂ ਭਾਰਤ-ਚੀਨ ਦੇ ਰਿਸ਼ਤਿਆਂ ਨੂੰ ਵਿਕਸਿਤ ਕਰਨ ਅਤੇ ਵਖਰੇਵਿਆਂ ਨੂੰ ਫਸਾਦ ਬਣਨ ਤੋਂ ਰੋਕਣ ਲਈ ਆਗੂਆਂ ਵਿੱਚ ਬਣੀਆਂ ਸਹਿਮਤੀਆਂ ਤੋਂ ਅਗਵਾਈ ਲੈਣਗੀਆਂ।
  • ਸਰਹੱਦ ਉੱਪਰ ਮੌਜੂਦਾ ਸਥਿਤੀ ਕਿਸੇ ਦੇ ਹਿੱਤ ਵਿੱਚ ਨਹੀਂ ਹੈ।
  • ਦੋਵਾਂ ਪਾਸਿਆਂ ਦੇ ਦਸਤਿਆਂ ਨੂੰ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ, ਡਿਸਇੰਗੇਜ ਹੋਣਾ ਚਾਹੀਦਾ ਹੈ ਤੇ ਢੁੱਕਵੀਂ ਦੂਰੀ ਬਣਾ ਕੇ ਤਣਾਅ ਘਟਾਉਣਾ ਚਾਹੀਦਾ ਹੈ।
  • ਦੋਵੇਂ ਪੱਖ ਸਰਹੱਦ ਬਾਰੇ ਮੌਜੂਦਾ ਸਮਝੌਤਿਆਂ ਦੀ ਪਾਲਣਾ ਕਰਨਗੇ।
  • ਸਥਿਤੀ ਸੁਧਰਦਿਆਂ ਹੀ ਭਰੋਸਾ ਉਸਾਰੂ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਮੌਸਕੋ ਵਿੱਚ ਚੱਲ ਰਹੀ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜ਼ੇਸ਼ਨ (ਐਸਸੀਓ) ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਹਿੱਸਾ ਲੈਣ ਲਈ ਦੋਵੇਂ ਨੇਤਾ ਉੱਥੇ ਮੌਜੂਦ ਹਨ।

ਪਿਛਲੇ ਹਫ਼ਤੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਦੇ ਰੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਇਹ ਮੁਲਾਕਾਤ ਮੌਸਕੋ ਵਿੱਚ ਹੀ ਐਸਸੀਓ ਦੀ ਬੈਠਕ ਦੌਰਾਨ ਹੋਈ ਸੀ।

ਦੋਵਾਂ ਰੱਖਿਆ ਮੰਤਰੀ ਵਿਚਾਲੇ ਐਲਏਸੀ 'ਤੇ ਤਣਾਅ ਨੂੰ ਘੱਟ ਕਰਨ ਬਾਰੇ ਗੱਲਬਾਤ ਹੋਈ ਸੀ ਜਿਸ ਤੋਂ ਬਾਅਦ ਹੀ ਕਿਹਾ ਜਾ ਰਿਹਾ ਸੀ ਕਿ ਛੇਹੀ ਹੀ ਦੋਵਾਂ ਦੇਸਾਂ ਦੇ ਵਿਦੇਸ਼ ਮੰਤਰੀਆਂ ਦੀ ਵੀ ਬੈਠਕ ਹੋਵੇਗੀ।

ਵੀਰਵਾਰ ਨੂੰ ਭਾਰਤੀ ਸਮੇਂ ਮੁਤਾਬਕ ਕਰੀਬ 8 ਵਜੇ ਸ਼ਾਮ ਨੂੰ ਬੈਠਕ ਸ਼ੁਰੂ ਹੋਈ ਜੋ ਲਗਭਗ ਤਿੰਨ ਘੰਟੇ ਤੱਕ ਚੱਲੀ।

ਇਹ ਵੀ ਪੜ੍ਹੋ-

ਐਲਏਸੀ 'ਤੇ ਫੌਜੀ ਗੱਲਬਾਤ ਜਾਰੀ

ਇੱਕ ਪਾਸੇ ਮੌਸਕੋ ਵਿੱਚ ਜਿੱਥੇ ਦੋਵਾਂ ਵਿਦੇਸ਼ ਮੰਤਰੀਆਂ ਵਿਚਾਲੇ ਗੱਲਬਾਤ ਹੋਈ ਉੱਥੇ ਹੀ ਦੂਜੇ ਪਾਸੇ ਐਲਏਸੀ 'ਤੇ ਫੌਜੀ ਗੱਲਬਾਤ ਦਾ ਦੌਰ ਵੀ ਜਾਰੀ ਹੈ।

ਵੀਰਵਾਰ ਨੂੰ ਦੋਵਾਂ ਫੌਜਾਂ ਵਿਚਾਲੇ ਬ੍ਰਿਗੇਡੀਅਰ ਪੱਧਰ ਦੀ ਗੱਲਬਾਤ ਹੋਈ।

ਇਸ ਤੋਂ ਪਹਿਲਾਂ ਦੋਵਾਂ ਦੇਸਾਂ ਵਿਚਾਲੇ ਲੈਫਟੀਨੈਂਟ ਜਨਰਲ ਜਾਂ ਕੋਰ ਕਮਾਂਡਰ ਪੱਧਰ ਦੀ ਕਈ ਰਾਊਂਡ ਗੱਲਬਾਤ ਹੋ ਚੁੱਕੀ ਹੈ ਪਰ ਤਣਾਅ ਘਟਾਉਣ ਵਿੱਚ ਜ਼ਿਆਦਾ ਫਾਇਦਾ ਨਹੀਂ ਮਿਲ ਸਕਿਆ।

ਇਹ ਵੀ ਪੜ੍ਹੋ-

ਇਹ ਵੀ ਵੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)