ਡੋਕਲਾਮ ਤੋਂ ਬਾਅਦ ਭਾਰਤ-ਚੀਨ ਵਿਚਾਲੇ ਪਹਿਲੀ ਮੁਲਾਕਾਤ

ਡੋਕਲਾਮ ਵਿਵਾਦ ਤੋਂ ਬਾਅਦ ਭਾਰਤ ਤੇ ਚੀਨ ਦੇ ਸਰਹੱਦੀ ਮਾਮਲਿਆਂ ਨੂੰ ਲੈ ਕੇ ਪਹਿਲੀ ਵਾਰ ਮੁਲਾਕਾਤ ਹੋਈ।

ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਇਹ ਬੈਠਕ ਬੀਜਿੰਗ ਵਿੱਚ 17 ਨਵੰਬਰ ਨੂੰ ਵਰਕਿੰਗ ਮੈਕੇਨਿਜ਼ਮ ਫਾਰ ਕਨਸਲਟੇਸ਼ਨ ਐਂਡ ਕੋਆਰਡੀਨੇਸ਼ਨ (WMCC) ਦੇ 10ਵੇਂ ਰਾਊਂਡ ਦੀ ਮੀਟਿੰਗ ਹੋਈ।

ਭਾਰਤੀ ਵਫ਼ਦ ਦੀ ਅਗੁਵਾਈ ਵਿਦੇਸ਼ ਮੰਤਰਾਲੇ ਦੇ ਪੂਰਬੀ ਏਸ਼ੀਆ ਦੇ ਜੁਆਇੰਟ ਸਕੱਤਰ ਪ੍ਰਣਯ ਵਰਮਾ ਕਰ ਰਹੇ ਸਨ, ਜਦਕਿ ਚੀਨੀ ਵਫ਼ਦ ਦੀ ਅਗੁਵਾਈ ਏਸ਼ੀਅਨ ਅਫੇਅਰਸ ਦੇ ਡਾਇਰੈਕਟਰ ਜਨਰਲ ਸ਼ਾਊ ਚੀਆਨ ਕਰ ਰਹੇ ਸਨ।

ਇਹ ਗੱਲਬਾਤ ਉਸਾਰੂ ਅਤੇ ਅਗਾਂਹਵਧੂ ਰਹੀ। ਦੋਹਾਂ ਪਾਸਿਆਂ ਤੋਂ ਭਾਰਤ ਤੇ ਚੀਨ ਸਰਹੱਦ ਨਾਲ ਜੁੜੇ ਸਾਰੇ ਮੁੱਦਿਆਂ 'ਤੇ ਗੱਲਬਾਤ ਹੋਈ ਤੇ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਬਣਾਈ ਰੱਖਣ 'ਤੇ ਜ਼ੋਰ ਦਿੱਤਾ।

ਇਸ ਤੋਂ ਇਲਾਵਾ ਦੋਹਾਂ ਮੁਲਕਾਂ ਦੇ ਵਫ਼ਦ ਨੇ ਭਰੋਸਾ ਬਣਾਈ ਰੱਖਣ ਤੇ ਫੌਜੀ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਚਰਚਾ ਕੀਤੀ।

ਡਬਲਿਊਐੱਮਸੀਸੀ ਦਾ ਗਠਨ 2012 ਵਿੱਚ ਹੋਇਆ ਸੀ। ਇਸ ਦਾ ਮਕਸਦ ਹੈ ਭਾਰਤ-ਚੀਨ ਦੇ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਬਰਕਾਰ ਰੱਖਣ ਲਈ ਲੋੜੀਂਦੇ ਕਦਮ ਚੁੱਕਣ ਲਈ ਗੱਲਬਾਤ ਕਰਨ ਦਾ ਇੱਕ ਮਾਧਿਅਮ ਦੇਣਾ।

ਦੋਹਾਂ ਮੁਲਕਾਂ ਨੇ ਡਬਲਿਊਐੱਮਸੀਸੀ ਦੀ ਅਗਲੀ ਬੈਠਕ ਦਾ ਸਮਾਂ ਦੋਹਾਂ ਦੀ ਸਹੂਲਤ ਮੁਤਾਬਕ ਤੈਅ ਕਰਨ ਦਾ ਫੈਸਲਾ ਕੀਤਾ।

ਕੀ ਸੀ ਡੋਕਲਾਮ ਵਿਵਾਦ?

ਡੋਕਲਾਮ ਵਿਵਾਦ ਨੂੰ ਲੈ ਕੇ ਤਿੰਨ ਮਹੀਨੇ ਤੱਕ ਦੋਹਾਂ ਮੁਲਕਾਂ ਵਿੱਚ ਖਿੱਚੋਤਾਣ ਜਾਰੀ ਰਹੀ। ਡੋਕਲਾਮ 269 ਸਕੇਅਰ ਕਿਲੋਮੀਟਰ ਖੇਤਰ ਹੈ ਜੋ ਕਿ ਪੱਛਮੀ ਭੂਟਾਨ 'ਚ ਸਥਿਤ ਹੈ।

ਡੋਕਲਾਮ ਦਾ ਕੁਝ ਹਿੱਸਾ ਸਿੱਕਮ ਵਿੱਚ ਭਾਰਤੀ ਸਰਹੱਦ ਨਾਲ ਜੁੜਿਆ ਹੈ। ਜਿੱਥੇ ਚੀਨ ਸੜਕ ਦੀ ਉਸਾਰੀ ਕਰਨਾ ਚਾਹੁੰਦਾ ਹੈ।

ਭੂਟਾਨ ਤੇ ਚੀਨ ਵਿਚਾਲੇ ਕੋਈ ਕੂਟਨੀਤਿਕ ਸਬੰਧ ਨਹੀਂ ਹੈ। ਇਸ ਲਈ ਭੂਟਾਨ ਨੂੰ ਅਜਿਹੇ ਮਾਮਲਿਆਂ ਵਿੱਚ ਭਾਰਤ ਵੱਲੋਂ ਫੌਜੀ ਤੇ ਸਿਆਸੀ ਸਹਿਯੋਗ ਮਿਲਦਾ ਹੈ।

ਭੂਟਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ 1988 ਤੇ 1998 ਵਿੱਚ ਸਰਹੱਦ 'ਤੇ ਸ਼ਾਂਤੀ ਬਰਕਾਰ ਰੱਖਣ ਲਈ ਸਿੱਧਾ ਦਖਲ ਕਰਾਰ ਦਿੱਤਾ ਸੀ।

ਵਿਵਾਦਿਤ ਖਿੱਤੇ 'ਚ ਦੋਹਾਂ ਮੁਲਕਾਂ ਦੀ ਫੌਜ ਮੌਜੂਦ ਸੀ, ਜਿਸ ਨੂੰ ਲੈ ਕੇ ਤਣਾਅ ਬਰਕਾਰ ਰਿਹਾ। ਚੀਨ ਨੇ ਅਲਟੀਮੇਟਮ ਦਿੱਤਾ ਸੀ ਕਿ ਜਦੋਂ ਤੱਕ ਭਾਰਤ ਆਪਣੀ ਫੌਜ ਹਟਾਉਂਦਾ ਨਹੀਂ, ਉਦੋਂ ਤੱਕ ਮਹੌਲ ਚੰਗਾ ਨਹੀਂ ਸਮਝਿਆ ਜਾਵੇਗਾ।

ਅਖੀਰ ਫੌਜਾਂ ਪਿੱਛੇ ਹਟੀਆਂ, ਪਰ ਦੋਹਾਂ ਮੁਲਕਾਂ ਦੇ ਮੀਡੀਆ ਵਿੱਚ ਅਖ਼ਬਾਰਾਂ ਦੀਆਂ ਸੁਰਖੀਆਂ ਵੱਖਰੀਆਂ ਸਨ।

ਭਾਰਤ ਜਿਸ ਥਾਂ 'ਤੇ ਖੜ੍ਹਾਂ ਸੀ, ਉਹ ਭੂਟਾਨ ਅਤੇ ਚੀਨ ਦੀ ਹੈ। ਭਾਰਤ ਨੂੰ ਕੋਈ ਨੁਕਸਾਨ ਨਹੀਂ ਸੀ। ਅਸੀਂ ਬੇਹਤਰ ਹਾਲਤ ਵਿੱਚ ਸੀ।

ਭਾਰਤ-ਚੀਨ ਸਰਹੱਦ ਵਿਵਾਦ ਦੇ ਦਾਇਰੇ ਵਿੱਚ 3,488 ਕਿਲੋਮੀਟਰ ਲੰਬੀ ਅਸਲ ਕਾਬੂ ਰੇਖਾ (LAC) ਹੈ। ਚੀਨ ਅਰੁਣਾਚਲ ਪ੍ਰਦੇਸ਼ ਨੂੰ ਦੱਖਣ ਤਿੱਬਤ ਕਹਿ ਕੇ ਉਸ 'ਤੇ ਆਪਣਾ ਦਾਅਵਾ ਠੋਕਦਾ ਹੈ।

ਜਦਕਿ ਭਾਰਤ ਜ਼ੋਰ ਦੇ ਕੇ ਕਹਿੰਦਾ ਹੈ ਕਿ ਅਕਸਾਈ ਚੀਨ ਦਾ ਇਲਾਕਾ ਇਸ ਵਿਵਾਦ ਦੇ ਦਾਇਰੇ ਵਿੱਚ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)