ਚੀਨ ਵਲੋਂ 1000 ਕਿਲੋਮੀਟਰ ਸੁਰੰਗ ਪੁੱਟਣ ਦੀਆਂ ਖ਼ਬਰਾਂ ਰੱਦ

ਚੀਨ ਨੇ 1000 ਕਿਲੋਮੀਟਰ ਲੰਬੀ ਸੁਰੰਗ ਬਣਾਉਣ ਦੀਆਂ ਭਾਰਤੀ ਮੀਡੀਆ ਦੀਆਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ।

ਖ਼ਬਰਾਂ ਸਨ ਕਿ ਚੀਨ ਸੁਰੰਗ ਬਣਾ ਰਿਹਾ ਹੈ, ਜੋ ਕਿ ਅਰੁਣਾਚਲ ਪ੍ਰਦੇਸ਼ ਦੇ ਨੇੜੇ ਬ੍ਰਹਮਪੁੱਤਰ ਦਰਿਆ ਤੋਂ ਪਾਣੀ ਮੋੜ ਕੇ ਸੁੱਕੇ ਇਲਾਕੇ ਸ਼ਿਨਜਿਆਂਗ ਖੇਤਰ ਵੱਲ ਮੋੜ ਦੇਵੇਗਾ।

ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੁਆ ਚੁਨਿੰਗ ਨੇ ਕਿਹਾ ਕਿ, "ਇਹ ਝੂਠ ਹੈ। ਇਹ ਗਲਤ ਰਿਪੋਰਟ ਹੈ।"

ਉਨ੍ਹਾਂ ਕਿਹਾ ਕਿ ਚੀਨ ਸਰਹੱਦ ਪਾਰ ਦਰਿਆ ਲਈ ਸਹਿਯੋਗ ਨੂੰ ਅਹਿਮੀਅਤ ਦਿੰਦਾ ਹੈ।

ਚੀਨ ਦਾ ਇਹ ਸਪਸ਼ਟੀਕਰਨ ਉਦੋਂ ਆਇਆ ਜਦੋਂ ਭਾਰਤੀ ਮੀਡੀਆ ਨੇ ਹਾਂਗ ਕਾਂਗ ਦੇ ਅੰਗਰੇਜ਼ੀ ਅਖ਼ਬਾਰ 'ਸਾਉਥ ਚਾਈਨਾ ਮੋਰਨਿੰਗ ਪੋਸਟ' ਵਿੱਚ ਇਹ ਸੁਰੰਗ ਬਣਾਉਣ ਬਾਰੇ ਛਪੀ ਖਬਰ ਨੂੰ ਚੁੱਕਿਆ।

ਸੁਰੰਗ ਬਾਰੇ ਕੀ ਹਨ ਖ਼ਬਰਾਂ

ਰਿਪੋਰਟਾਂ ਮੁਤਾਬਕ, ਝਰਨਿਆਂ ਨਾਲ ਜੁੜੀ ਇਹ ਸੁਰੰਗ ਸਭ ਤੋਂ ਉੱਚੇ ਪਹਾੜ ਤੋਂ ਕਈ ਹਿੱਸਿਆਂ ਵਿੱਚ ਡਿੱਗੇਗੀ। ਇਹ ਚੀਨ ਦੇ ਸਭ ਤੋਂ ਵੱਡੇ ਰੇਤਲੇ ਪ੍ਰਸ਼ਾਸਨਿਕ ਖੇਤਰ ਵਿੱਚ ਪਾਣੀ ਦੀ ਪੂਰਤੀ ਕਰੇਗੀ।

ਪਾਣੀ ਦੱਖਣੀ ਤਿੱਬਤ ਤੋਂ ਯਾਰਲੁੰਗ ਸਾਂਗਪੋ ਦਰਿਆ ਤੋਂ ਮੋੜ ਕੇ ਸ਼ਿਨਜਿਆਂਗ ਦੇ ਟਾਕਲਾਮਕਾਨ ਰੇਗਸਿਤਾਨ ਵੱਲ ਮੋੜਿਆ ਜਾਵੇਗਾ। ਇਹ ਦਰਿਆ ਭਾਰਤ ਵਿੱਚ ਦਾਖਲ ਹੁੰਦਿਆ ਬ੍ਰਹਮਪੁੱਤਰ ਦਰਿਆ ਕਹਾਉਂਦਾ ਹੈ।

ਰਾਈਪੇਰਿਅਨ ਸਟੇਟ ਹੋਣ ਕਰਕੇ ਭਾਰਤ ਨੇ ਬ੍ਰਹਮਪੁਤਰ ਦਰਿਆ ਤੇ ਬਣੇ ਡੈਮਾਂ ਨਾਲ ਜੁੜੇ ਕਈ ਮਾਮਲੇ ਚੀਨ ਨਾਲ ਚੁੱਕੇ ਹਨ, ਜੋ ਕਿ ਚੀਨ ਵਿੱਚ ਯਾਰਲੁੰਗ ਸਾਂਗਪੋ ਵਜੋਂ ਜਾਣੇ ਜਾਂਦੇ ਹਨ।

ਬੰਗਲਾਦੇਸ਼ ਦੀ ਵਿੱਤੀ ਹਾਲਤ ਲਈ ਬ੍ਰਹਪੁਤਰ ਦਰਿਆ ਦੀ ਅਮਿਹੀਅਤ ਹੈ। ਇਹ ਵਿਸ਼ਾਲ ਦਰਿਆ ਬੰਗਲਾਦੇਸ਼ 'ਚ ਗੰਗਾ ਦਰਿਆ 'ਚ ਮਿਲ ਕੇ 'ਪਦਮਾ' ਬਣ ਜਾਂਦਾ ਹੈ। ਇਹ ਵਿਸ਼ਾਲ ਦਰਿਆ ਸਭ ਤੋਂ ਵੱਡਾ ਡੈਲਟਾ ਤੇ ਸੁੰਦਰਬਨ ਨਾਂ ਦੀਆਂ ਵਿਭਿੰਨਤਾਵਾਂ ਬਣਾਉਂਦਾ ਹੈ।

ਬੀਜਿੰਗ ਭਾਰਤ ਤੇ ਬੰਗਲਾਦੇਸ਼ ਨੂੰ ਕਈ ਵਾਰ ਭਰੋਸਾ ਦੇ ਚੁੱਕਾ ਹੈ ਕਿ ਇਸ ਦੇ ਡੈਮ ਪਾਣੀ ਜਮ੍ਹਾ ਕਰਨ ਲਈ ਨਹੀਂ ਬਣੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)