ਦੁਬਈ ਦੇ ਬੁਰਜ਼ਾਂ ਦੀ ਉਸਾਰੀ ਲਈ ਡੁੱਲਿਆ ਭਾਰਤੀਆਂ ਦਾ ਪਸੀਨਾ

    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ

ਦੁਬਈ ਜਾਂ ਦੂਜੇ ਸ਼ਬਦਾਂ ਵਿੱਚ ਯੁਨਾਇਟਿਡ ਅਰਬ ਅਮੀਰਾਤ ਨੂੰ ਕਿਸ ਨੇ ਉਸਾਰਿਆ?

ਆਫ ਦਾ ਰਿਕਾਰਡ ਪ੍ਰਵਾਸੀਆਂ ਵਿੱਚ ਇਹ ਮੁੱਦਾ ਕਦੇ ਨਾ ਖ਼ਤਮ ਹੋਣ ਵਾਲੀ ਬਹਿਸ ਹੈ। ਔਨ ਦਾ ਰਿਕਾਰਡ ਇਸ 'ਤੇ ਕੋਈ ਵੀ ਬੋਲਣ ਦੀ ਹਿਮਾਕਤ ਨਹੀਂ ਕਰਦਾ ਤਾਂ ਜੋ ਉਸ ਨੂੰ ਪ੍ਰਸ਼ਾਸਨ ਦੇ ਗੁੱਸੇ ਦਾ ਸਾਹਮਣਾ ਨਾ ਕਰਨਾ ਪੈ ਜਾਵੇ।

ਜੇਕਰ ਇਹ ਸਵਾਲ ਤੁਸੀਂ ਇੱਥੇ ਰਹਿਣ ਵਾਲੇ ਭਾਰਤੀਆਂ ਅਤੇ ਦੱਖਣੀ ਏਸ਼ੀਆ ਦੇ ਲੋਕਾਂ ਨੂੰ ਪੁੱਛੋਗੇ ਤਾਂ ਉਹ ਇਹੀ ਕਹਿਣਗੇ ਕਿ ਇਹ ਅਸੀਂ ਕੀਤਾ ਹੈ।

ਜੇਕਰ ਤੁਸੀਂ ਸਥਾਨਕ ਅਰਬਵਾਸੀਆਂ ਨੂੰ ਪੁੱਛੋਗੇ ਤਾਂ ਉਹ ਦਾਅਵਾ ਕਰਨਗੇ ਕਿ ਇਹ ਉਨ੍ਹਾਂ ਦੇ ਆਗੂ ਸਨ, ਜਿਨ੍ਹਾਂ ਦੀ ਦੂਰਦ੍ਰਿਸ਼ਟੀ ਨੇ ਰੇਤ ਦੇ ਢੇਰਾਂ ਨੂੰ ਇੱਕ ਚਮਕਦਾਰ ਮਹਾਂ ਨਗਰ 'ਚ ਤਬਦੀਲ ਕਰ ਦਿੱਤਾ ਅਤੇ ਹੁਣ ਜਿੱਥੇ ਵੱਖ ਵੱਖ ਦੇਸਾਂ ਦੇ ਲੋਕ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਹਨ।

ਜੇਕਰ ਇਹ ਹੀ ਸਵਾਲ ਤੁਸੀਂ ਇੱਥੇ ਰਹਿੰਦੇ ਬਹੁਰਾਸ਼ਟਰੀ ਖਰਬਾਂਪਤੀ ਸਰੇਣੀ 'ਚ ਸ਼ਾਮਲ ਲੋਕਾਂ (ਜਿੰਨ੍ਹਾਂ ਵਿੱਚ ਭਾਰਤੀ ਵੀ ਸ਼ਾਮਲ ਹਨ) ਨੂੰ ਪੁੱਛੋਗੇ ਤਾਂ ਉਹ ਕਹਿ ਸਕਦੇ ਹਨ ਕਿ ਇਹ ਉਨ੍ਹਾਂ ਲੋਕਾਂ ਕਰਕੇ ਹੈ ਕਿ ਜਿਨ੍ਹਾਂ ਨੇ ਇਸ ਬਿਹਤਰੀਨ ਢਾਂਚੇ ਨੂੰ ਖੜ੍ਹਾ ਕਰਨ 'ਚ ਆਪਣਾ ਕਾਫ਼ੀ ਸਮਾਂ ਦਿੱਤਾ ਹੈ।

ਇਹ ਉਨ੍ਹਾਂ ਕਰਕੇ ਹੈ ਜਿਨ੍ਹਾਂ ਨੇ ਇਮਾਰਤਾਂ, ਫਲਾਈਓਵਰਾਂ, ਸੜਕਾਂ, ਪੁੱਲਾਂ ਅਤੇ ਮੈਟਰੋ ਬਣਾਉਣ ਲਈ ਪੈਸਾ ਮੁਹੱਈਆ ਕਰਵਾਇਆ।

ਜੇਕਰ ਉਹ ਵੱਡਾ ਨਿਵੇਸ਼ ਨਾ ਕਰਦੇ ਤਾਂ ਇੱਥੇ ਕਾਰੋਬਾਰ ਇੰਨਾ ਸੁਖਾਲਾ ਅਤੇ ਬੁਰਜ ਖ਼ਲੀਫ਼ਾ ਵਰਗੀਆਂ ਅਸਮਾਨੀ ਇਮਾਰਤਾਂ ਦਾ ਨਜ਼ਾਰਾ ਸ਼ਾਇਦ ਨਾ ਹੁੰਦਾ।

ਸ਼ੇਖ਼ ਜ਼ਾਇਦ ਬਿਨ ਸੁਲਤਾਨ ਦੀ ਭੂਮਿਕਾ

ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸੰਯੁਕਤ ਅਰਬ ਅਮੀਰਾਤ ਵਜੋਂ ਜਾਣੇ ਜਾਂਦੇ ਦੁਬਈ ਅਤੇ ਹੋਰ ਛੋਟੀਆਂ ਰਿਆਸਤਾਂ ਨੂੰ ਉਨ੍ਹਾਂ ਦੇ ਸੰਥਾਪਕ ਸ਼ੇਖ਼ ਜ਼ਾਇਦ ਬਿਨ ਸੁਲਤਾਨ ਅਲ ਨਾਹਿਆਨ ਨੇ ਆਧੁਨਿਕ ਕੇਂਦਰਾਂ 'ਚ ਬਦਲ ਦਿੱਤਾ।

ਉਨ੍ਹਾਂ ਦੀ 2004 ਵਿੱਚ ਮੌਤ ਹੋ ਗਈ ਸੀ। ਇਨ੍ਹਾਂ ਨੂੰ ਵਿਸ਼ਵ ਪੱਧਰ ਦੇ ਸੁਪਨਦਰਸ਼ੀ ਮੰਨਿਆ ਜਾਂਦਾ ਸੀ।

ਜਦੋਂ ਯੂਏਈ ਨੂੰ ਬ੍ਰਿਟਿਸ਼ ਹਕੂਮਤ ਤੋਂ ਅਜ਼ਾਦੀ ਮਿਲੀ ਤਾਂ ਇਹ ਬਹੁਤ ਪੱਛੜਿਆ ਹੋਇਆ ਸੀ ਪਰ ਉਨ੍ਹਾਂ ਨੇ ਕੁਝ ਹੀ ਦਹਾਕਿਆਂ ਵਿੱਚ ਇਸ ਥਾਂ ਨੂੰ ਹੋਰਨਾਂ ਅਰਬ ਮੁਲਕਾਂ ਲਈ ਈਰਖਾ ਦਾ ਕਾਰਨ ਬਣਾ ਦਿੱਤਾ।

ਪਰ ਸ਼ਾਇਦ ਉਹ ਇਹ ਸਭ ਇਕੱਲੇ ਨਹੀਂ ਕਰ ਸਕਦੇ ਸੀ, ਜੇਕਰ ਉੱਥੇ ਢਾਂਚੇ ਦੇ ਵਿਕਾਸ ਲਈ ਖਰਬਾਂ ਡਾਲਰ ਨਿਵੇਸ਼ ਨਾ ਕੀਤੇ ਜਾਂਦੇ।

ਕੁਝ ਸਾਲਾ ਦੌਰਾਨ ਦੁਬਈ 'ਚ ਅਰਬ ਦੇ ਵੱਖ-ਵੱਖ ਮੁਲਕਾਂ ਤੋਂ ਵੱਡਾ ਨਿਵੇਸ਼ ਹੋਇਆ ਹੈ ਪਰ ਮੁੱਖ ਤੌਰ 'ਤੇ ਬ੍ਰਿਟੇਨ, ਫਰਾਂਸ ਅਤੇ ਬਾਅਦ ਵਿੱਚ ਭਾਰਤ ਨੇ ਵੀ ਨਿਵੇਸ਼ ਕੀਤਾ।

ਵੱਖ ਵੱਖ ਦੇਸਾਂ ਨੇ ਲਿਆ ਜੋਖ਼ਮ

ਮਿਸਾਲ ਵਜੋਂ ਦੁਬਈ 'ਚ ਕੁਝ ਸਾਲਾਂ 'ਚ ਸਿਰਫ਼ ਰੀਅਲ ਇਸਟੇਟ ਸੈਕਟਰ ਵਿੱਚ 90 ਅਰਬ ਡਾਲਰ ਦਾ ਨਿਵੇਸ਼ ਹੋਇਆ। ਇਨ੍ਹਾਂ ਵਿਚੋਂ ਜ਼ਿਆਦਾਤਰ ਕੁੱਲ ਪ੍ਰਾਪਰਟੀ ਵਿੱਚ 12 ਫੀਸਦ ਦੀ ਹਿੱਸੇਦਾਰੀ ਵਾਲੇ ਭਾਰਤੀਆਂ ਸਣੇ ਪ੍ਰਵਾਸੀ ਮੁਲਕ ਸਨ।

ਦੁਬਈ ਅਤੇ ਅਰਬ ਅਮੀਰਾਤ ਨੂੰ ਖੜ੍ਹਾ ਕਰਨ ਦਾ ਦਾਅਵਾ ਕਰਨ ਵਾਲੇ ਅਮੀਰ ਅਰਬੀ, ਪੱਛਮੀ ਲੋਕਾਂ ਅਤੇ ਭਾਰਤੀ ਵੀ ਸੱਚੇ ਹੋ ਸਕਦੇ ਹਨ ਕਿਉਂਕਿ ਜਦੋਂ ਉਹ ਆਪਣੇ ਵੱਡੇ ਕਾਰੋਬਾਰਾਂ ਨੂੰ ਕਾਇਮ ਕਰ ਰਹੇ ਸਨ ਤਾਂ ਉਨ੍ਹਾਂ ਨੇ ਸੱਚਮੁੱਚ ਇੱਕ ਜੋਖ਼ਮ ਲਿਆ ਸੀ।

ਉਨ੍ਹਾਂ ਨੂੰ ਕਿਵੇਂ ਪਤਾ ਸੀ ਕਿ ਇਹ ਜੋਖ਼ਮ ਲੈਣ ਲਾਇਕ ਹੈ। ਲਾਭ ਮਿਲਣ ਤੋਂ ਬਾਅਦ ਤਾਂ ਹਰ ਕੋਈ ਇਹ ਕਹਿ ਸਕਦਾ ਸੀ ਕਿ ਉਹ ਜਾਣਦਾ ਸੀ ਕਿ ਇਹ ਸਫ਼ਲ ਰਹੇਗਾ ਪਰ ਉਸ ਵੇਲੇ ਸਿੰਗਾਪੁਰ ਅਤੇ ਸ਼ੰਘਾਈ ਦੇ ਬਰਾਬਰ ਦੁਬਈ ਨੂੰ ਵਿਸ਼ਵ ਦੇ ਇੱਕ ਆਲਮੀ ਵਪਾਰਕ ਹੱਬ ਬਣਾਉਣ ਦੀ ਸਮਰੱਥਾ ਵਜੋਂ ਦੇਖਣਾ ਸੱਚਮੁੱਚ ਜੋਖ਼ਮ ਸੀ।

ਭਾਰਤੀਆਂ ਦਾ ਲੱਗਿਆ ਖ਼ੂਨ-ਪਸੀਨਾ

ਇੱਕ ਦਲੀਲ ਅਜਿਹੀ ਹੈ ਜੋ ਬਹਿਸ 'ਤੇ ਭਾਰੂ ਹੈ ਕਿ ਦੁਬਈ ਨੂੰ ਭਾਰਤੀਆਂ ਅਤੇ ਦੱਖਣੀ ਏਸ਼ੀਆਈ ਲੋਕਾਂ ਨੇ ਬਣਾਇਆ ਹੈ। ਦੁਬਈ ਦੇ ਅਸਲ ਹੀਰੋ ਉਹ ਹਨ ਜਿਨ੍ਹਾਂ ਨੇ ਆਪਣੇ ਖ਼ੂਨ ਪਸੀਨੇ ਨਾਲ ਅਸਮਾਨੀ ਲੱਗਦੇ ਗੁੰਬਦ ਬਣਾਏ ਹਨ।

ਉਨ੍ਹਾਂ ਨੇ ਤਪਦੇ ਸੂਰਜ ਹੇਠਾਂ ਪਾਰਕਾਂ ਬਣਾਈਆਂ, ਆਪਣੀ ਚਮੜੀ ਸਾੜ੍ਹੀ ਤੇ ਸਰੀਰ ਭੰਨਿਆਂ ਤਾਂ ਜੋ ਫਲਾਈਓਵਰ ਤੇ ਮੈਟਰੋ ਸਮੇਂ 'ਤੇ ਬਣ ਸਕਣ।

ਉਹ ਜ਼ਿਆਦਾਤਰ ਕਣਕਵੰਨੇ ਲੋਕ ਭਾਰਤੀ, ਬੰਗਲਾਦੇਸ਼ੀ ਅਤੇ ਪਾਕਿਤਾਨੀ ਹਨ। ਇਹ ਅਜੇ ਵੀ ਇੱਥੇ ਅੰਤਾਂ ਦੀ ਗਰਮੀ 'ਚ ਮਿਹਨਤ ਕਰ ਰਹੇ ਹਨ।

ਭਾਰਤ ਤੋਂ ਵੱਡੀ ਗਿਣਤੀ 'ਚ ਲੋਕ ਉੱਥੇ ਕੰਮ ਕਰ ਰਹੇ ਹਨ। ਤੁਸੀਂ ਅੱਜ ਵੀ ਉਨ੍ਹਾਂ ਨੂੰ ਉਹੀ ਬਿਨਾਂ ਸ਼ਿਕਾਇਤ ਸਖ਼ਤ ਮਿਹਨਤ ਕਰਦਿਆਂ ਦੇਖ ਸਕਦੇ ਹੋ ਜੋ ਸ਼ੁਰੂਆਤੀ ਦਿਨਾਂ 'ਚ ਕਰਦੇ ਸਨ।

ਅੱਜ ਸੰਯੁਕਤ ਅਰਬ ਅਮੀਰਾਤ, ਇਸ ਤੋਂ ਵੱਧ ਦੁਬਈ ਨੇ ਆਪਣੀ ਰੇਤ ਦਫ਼ਨ ਕਰ ਦਿੱਤੀ ਹੈ। ਇਸ ਦੀਆਂ ਅਸਮਾਨੀ ਇਮਾਰਤਾਂ ਰੇਤ ਦੇ ਮੈਦਾਨਾਂ 'ਚੋਂ ਵਿਕਸਿਤ ਹੋਈਆਂ ਹਨ।

ਸ਼ਾਇਦ ਉਹ ਅਣਗੌਲੇ ਭਾਰਤੀਆਂ ਦੀ ਸਖ਼ਤ ਮਿਹਨਤ ਦੀ ਗਵਾਹੀ ਹੈ, ਜੋ ਆਪਣੇ ਪਰਿਵਾਰ ਅਤੇ ਦੇਸ ਛੱਡ ਕੇ ਕਿਸੇ ਦੂਜੇ ਮੁਲਕ ਨੂੰ ਬਣਾ ਰਹੇ ਸਨ।

ਪਰ ਕੁਝ ਸਿਆਣੇ ਲੋਕ ਮੰਨਦੇ ਹਨ ਕਿ ਆਧੁਨਿਕ ਦੁਬਈ ਨੂੰ ਬਣਾਉਣਾ ਇੱਕ ਟੀਮ ਦਾ ਕੰਮ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)