ਕਰਾਈਸਟਚਰਚ ਹਮਲਾਵਰ ਆਖਰੀ ਦਮ ਤੱਕ ਸਲਾਖਾਂ ’ਚ ਹੀ ਰਹੇਗਾ, ਜੱਜ ਨੇ ਕਿਹਾ, ‘ਤਾਉਮਰ ਜੇਲ੍ਹ ’ਚ ਰੱਖਣਾ ਵੀ ਘੱਟ’

ਨਿਊਜ਼ੀਲੈਂਡ ਦੀਆਂ ਮਸਜਿਦਾਂ 'ਤੇ ਮਾਰਚ 2019 ਵਿੱਚ ਹੋਏ ਅੰਨ੍ਹੇਵਾਹ ਗੋਲੀਆਂ ਚਲਾਉਣ ਵਾਲਾ ਬ੍ਰੇਂਟਨ ਟੈਰੰਟ ਤਾਂ ਉਮਰ ਜੇਲ੍ਹ ਵਿੱਚ ਰਹੇਗਾ।

ਬ੍ਰੇਂਟਨ ਟੈਰੰਟ ਨੂੰ ਆਖਰੀ ਦਮ ਤੱਕ ਸਲਾਖਾਂ ਪਿੱਛੇ ਰਹੇਗਾ। ਇਸ ਹਮਲੇ ਵਿੱਚ 51 ਲੋਕਾਂ ਦੀ ਮੌਤ ਹੋ ਗਈ ਸੀ।

ਬ੍ਰੇਂਟਨ ਟੈਰੰਟ ਇਹ ਸਜ਼ਾ ਪਾਉਣ ਵਾਲਾ ਨਿਊਜ਼ੀਲੈਂਡ ਦੇ ਇਤਿਹਾਸ ਦਾ ਪਹਿਲਾ ਵਿਅਕਤੀ ਹੈ।

ਇਸ ਤੋਂ ਪਹਿਲਾਂ ਅਦਾਲਤ ਨੇ ਉਸ ਨੂੰ 51 ਕਤਲਾਂ ਤੇ 40 ਜਣਿਆਂ ਦੇ ਕਤਲ ਦੀ ਕੋਸ਼ਿਸ਼ ਅਤੇ ਦਹਿਸ਼ਤਗਰਦੀ ਦੇ ਇੱਕ ਇਲਜ਼ਾਮ ਵਿੱਚ ਮੁਜਰਮ ਐਲਾਨ ਕੀਤਾ।

ਜੱਜ ਨੇ ਕਿਹਾ ਕਿ ਉਸ ਦੇ ਕੰਮ "ਅਣਮਨੁੱਖੀ" ਸਨ ਅਤੇ ਉਸ ਨੇ "ਕੋਈ ਦਇਆ ਨਹੀਂ ਦਿਖਾਈ।"

ਬੰਦੂਕਧਾਰੀ ਨੇ ਪਿਛਲੇ ਸਾਲ 15 ਮਾਰਚ ਨੂੰ ਦੋ ਮਸਜਿਦਾਂ ਉੱਪਰ ਗੋਲ਼ੀਆਂ ਚਲਾਈਆਂ ਸਨ।

ਜਸਟਿਸ ਮੈਂਡਰ ਨੇ ਕਿਹਾ,"ਤੁਹਾਡੇ ਜੁਰਮ ਇੰਨੇ ਮਾੜੇ ਹਨ ਕਿ ਜੇ ਤੁਹਾਨੂੰ ਮਰਨ ਤੱਕ ਵੀ ਜੇਲ੍ਹ ਵਿੱਚ ਰੱਖਿਆ ਜਾਵੇ, ਇਸ ਨਾਲ ਵੀ ਸਜ਼ਾ ਪੂਰੀ ਨਹੀਂ ਹੋਣੀ।"

ਬ੍ਰੇਂਟਨ ਟੈਰੰਟ ਨੇ ਆਪਣੇ ਵਕੀਲ ਰਾਹੀਂ ਕਿਹਾ ਕਿ ਉਹ ਸਰਕਾਰੀ ਪੱਖ ਦੀ ਬਿਨਾਂ ਪੈਰੋਲ ਦੇ ਉਮਰ ਕੈਦ ਦੀ ਅਰਜ਼ੀ ਦਾ ਵਿਰੋਧ ਨਹੀਂ ਕਰੇਗਾ। ਇਸ ਤੋਂ ਪਹਿਲਾਂ ਉਸ ਨੇ ਆਪਣੀ ਸਜ਼ਾ ਦੇ ਮੌਕੇ ਕੁਝ ਕਹਿਣ ਦੇ ਹੱਕ ਨੂੰ ਵੀ ਤਿਆਗ ਦਿੱਤਾ ਸੀ।

ਇਹ ਵੀ ਪੜ੍ਹੋ:

ਬ੍ਰੇਂਟਨ ਟੈਰੰਟ ਦੇ ਕਾਰੇ ਦਾ ਹੌਲਨਾਕ ਮੰਜ਼ਰ

ਪਹਿਲਾਂ ਉਸ ਨੇ ਅਲ ਨੂਰ ਮਸਜਿਦ ਵਿੱਚ ਮੌਜੂਦ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਇਆ। 30 ਤੋਂ ਵੀ ਘੱਟ ਸਕਿੰਟਾਂ ਵਿੱਚ ਉਹ ਆਪਣੀ ਕਾਰ ਵਿੱਚੋਂ ਦੂਜਾ ਹਥਿਆਰ ਚੁੱਕਣ ਲਈ ਮੁੜਿਆ ਅਤੇ ਫਿਰ ਮਸਜਿਦ ਵਿੱਚ ਮੁੜ ਦਾਖ਼ਲ ਹੋ ਕੇ ਇੱਕ ਵਾਰ ਫਿਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਸਾਰੇ ਕਾਰੇ ਦਾ ਉਸ ਨੇ ਆਪਣੇ ਹੈਲਮਟ ਉੱਪਰ ਲੱਗੇ ਕੈਮਰੇ ਰਾਹੀਂ ਫੇਸਬੁੱਕ ’ਤੇ ਲਾਈਵ ਵੀ ਕੀਤਾ ਜਿਸ ਨੇ ਪੂਰੀ ਦੁਨੀਆਂ ਵਿੱਚ ਸਦਮੇ ਦੀ ਲਹਿਰ ਫੈਲਾਅ ਦਿੱਤੀ ਸੀ।

ਫਿਰ ਉਹ ਕਾਰ ਰਾਹੀਂ ਲਾਈਨਵੁੱਡ ਇਸਲਾਮਿਕ ਸੈਂਟਰ ਗਿਆ ਜਿੱਥੇ ਉਸ ਨੇ ਦੋ ਜਣਿਆਂ ਦੇ ਅਤੇ ਖਿੜਕੀਆਂ ਤੇ ਗੋਲੀਆਂ ਚਲਾਈਆਂ।

ਇੰਨੇ ਵਿੱਚ ਇੱਕ ਵਿਅਕਤੀ ਮਸਜਿਦ ਵਿੱਚੋਂ ਬਾਹਰ ਆਇਆ ਅਤੇ ਉਸ ਨੇ ਹਮਲਾਵਰ ਦੀ ਇੱਕ ਸ਼ਾਟਗਨ ਚੁੱਕ ਕੇ ਉਸ ਦਾ ਪਿੱਛਾ ਕੀਤਾ ਤੇ ਭਜਾਇਆ।

ਇਸ ਤੋਂ ਬਾਅਦ ਦੋ ਪੁਲਿਸ ਵਾਲਿਆਂ ਨੇ ਉਸ ਨੂੰ ਪਿੱਛਾ ਕਰ ਕੇ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਯੋਜਨਾ ਹਮਲੇ ਤੋਂ ਬਾਅਦ ਮਸਜਿਦਾਂ ਨੂੰ ਅੱਗ ਲਾਉਣ ਦਾ ਸੀ।

ਇਸ ਹਫ਼ਤੇ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਉਸ ਦੇ ਇੱਕ ਹੋਰ ਮਸਜਿਦ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਦਾ ਪਤਾ ਲੱਗਿਆ ਪਰ ਉਸ ਤੋਂ ਪਹਿਲਾਂ ਹੀ ਉਸ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਬ੍ਰੇਂਟਨ ਟੈਰੰਟ ਦੇ ਕਾਰੇ ਮਗਰੋਂ ਨਿਊਜ਼ੀਲੈਂਡ ਵਿੱਚ ਅਸਲ੍ਹੇ ਸੰਬੰਧੀ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਇਆ ਗਿਆ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)