You’re viewing a text-only version of this website that uses less data. View the main version of the website including all images and videos.
ਬੈਰੂਤ ਵਿੱਚ ਤਬਾਹੀ ਕਰਨ ਵਾਲਾ ਅਮੋਨੀਅਮ ਨਾਈਟ੍ਰੇਟ ਭਾਰਤ ’ਚ ਕਿੱਥੇ ਸਟੋਰ ਹੈ
- ਲੇਖਕ, ਕ੍ਰਿਸਟੋਫ਼ਰ, ਸ਼ਰੂਤੀ ਤੇ ਜ਼ੁਲਫ਼ੀਕਾਰ
- ਰੋਲ, ਬੀਬੀਸੀ ਰਿਐਲਿਟੀ ਚੈੱਕ
ਬੈਰੂਤ ਵਿੱਚ ਅਮੋਨੀਅਮ ਨਾਈਟ੍ਰੇਟ ਕਾਰਨ ਹੋਏ ਧਮਾਕੇ ਨਾਲ ਹੋਏ ਨੁਕਸਾਨ ਨੇ ਵਿਸ਼ਵ ਭਰ ਵਿੱਚ ਅਮੋਨੀਅਮ ਨਾਈਟ੍ਰੇਟ ਦੇ ਭੰਡਾਰ ਬਾਰੇ ਚਿੰਤਾ ਪੈਦਾ ਕੀਤੀ ਹੈ।
ਰਸਾਇਣਕ ਖਾਦ ਦੇ ਤੌਰ 'ਤੇ ਜਾਂ ਫਿਰ ਮਾਈਨਿੰਗ ਲਈ ਧਮਾਕਾ ਕਰਨ ਲਈ ਇਸ ਰਸਾਇਣ ਦੀ ਵਿਸ਼ਵ ਭਰ ਵਿੱਚ ਵਿਆਪਕ ਵਰਤੋਂ ਕੀਤੀ ਜਾਂਦੀ ਹੈ।
ਪਰ ਇਸ ਨੂੰ ਕਿੱਥੇ ਅਤੇ ਕਿੰਨੇ ਸਮੇਂ ਲਈ ਰਖਿਆ ਕੀਤਾ ਜਾ ਸਕਦਾ ਹੈ, ਇਸ ਬਾਰੇ ਸਖ਼ਤ ਨਿਯਮ ਹਨ।
ਕਿਉਂਕਿ ਇਸ ਦੀ ਵਰਤੋਂ ਨਾਲ ਬੰਬ ਬਣਾਏ ਜਾ ਸਕਦੇ ਹਨ, ਇਸ ਲਈ ਇਸ ਨੂੰ ਸਟੋਰ ਕਰਨ ਵਾਲੀ ਜਗ੍ਹਾ ਨੂੰ ਗੁਪਤ ਰੱਖਿਆ ਜਾਂਦਾ ਹੈ।
ਭਾਰਤ
ਚੇਨੰਈ ਤੋਂ ਕਰੀਬ 20 ਕਿਲੋਮੀਟਰ ਦੀ ਦੂਰੀ ਉੱਤੇ ਅਤੇ ਰਹਾਇਸ਼ੀ ਖੇਤਰ ਤੋਂ ਮਹਿਜ਼ 700 ਮੀਟਰ ਦੇ ਫ਼ਰਕ 'ਤੇ 37 ਕਨਟੇਨਰਾਂ ਵਿੱਚ 740 ਟਨ ਅਮੋਨੀਅਮ ਨਾਈਟ੍ਰੇਟ ਦਾ ਭੰਡਾਰ ਪਿਆ ਹੋਇਆ ਹੈ।
ਇਹ ਵੀ ਪੜ੍ਹੋ:-
ਹਾਲਾਂਕਿ ਭਾਰਤ ਦੇ ਦੱਖਣੀ ਸੂਬੇ ਤਾਮਿਲਨਾਡੂ ਵੱਲੋਂ ਪਿਛਲੇ ਪੰਜ ਸਾਲਾਂ ਤੋਂ ਉਸ ਕੰਪਨੀ ਵਿਰੁੱਧ ਕਾਨੂੰਨੀ ਲੜਾਈ ਚੱਲ ਰਹੀ ਹੈ ਜਿਸ ਨੇ 2015 ਵਿੱਚ ਦੱਖਣੀ ਕੋਰੀਆ ਤੋਂ ਇਸ ਰਸਾਇਣ ਨੂੰ ਖੇਤੀ ਵਿੱਚ ਵਰਤੋਂ ਲਈ ਲੋੜੀਂਦਾ ਕਹਿ ਕੇ ਦਰਾਮਦ ਕੀਤਾ ਸੀ।
ਖਪਤਕਾਰਾਂ ਵੱਲੋਂ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਪੜਤਾਲ ਤੋਂ ਪਤਾ ਲੱਗਾ ਕਿ ਕੰਪਨੀ ਨੇ...
- ਇਸ ਨੂੰ ਇੱਕ ਅਵੈਧ ਲਾਇਸੈਂਸ ਜ਼ਰੀਏ ਪ੍ਰਾਪਤ ਕੀਤਾ ਸੀ
- ਮਾਈਨਿੰਗ ਨਾਲ ਜੁੜੀ ਕੰਪਨੀਂ ਵੱਲੋਂ ਇਸ ਨੂੰ 'ਅਣਪਛਾਤੇ ਪ੍ਰਾਈਵੇਟ ਵਿਅਕਤੀਆਂ' ਨੂੰ ਵੇਚਿਆ ਜਾਣਾ ਸੀ
2015 ਵਿੱਚ ਆਏ ਹੜ੍ਹਾਂ ਦੌਰਾਨ ਇੱਕ ਛੋਟਾ ਹਿੱਸਾ ਖ਼ਰਾਬ ਹੋਣ ਕਾਰਣ ਉਸ ਨੂੰ ਨਸ਼ਟ ਕਰ ਦਿੱਤਾ ਗਿਆ ਸੀ।
ਬਾਕੀ ਬਚਿਆ 697 ਟਨ ਹੁਣ ਗੁਆਂਢੀ ਰਾਜ ਤੇਲੰਗਾਨਾ ਨੂੰ ਨਿਲਾਮ ਕਰਕੇ ਭੇਜਿਆ ਗਿਆ ਹੈ।
ਯਮਨ
ਯੁੱਧ ਪ੍ਰਭਾਵਿਤ ਯਮਨ ਦੇ ਆਟਾਰਨੀ ਜਨਰਲ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ ਜਿਨ੍ਹਾਂ ਵਿੱਚ ਇਹ ਦੋਸ਼ ਲਗਾਇਆ ਗਿਆ ਸੀ ਕਿ ਅਮੋਨੀਅਮ ਨਾਈਟ੍ਰੇਟ ਦੇ ਭਰੇ 100 ਤੋਂ ਵੱਧ ਕਨਟੇਨਰ ਦੱਖਣੀ ਬੰਦਰਗਾਹ ਅਦੇਨ ਵਿੱਚ ਰੱਖੇ ਗਏ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰਸਾਇਣ ਤਿੰਨ ਸਾਲ ਪਹਿਲਾਂ ਯੂ ਐੱਨ ਦੀ ਹਮਾਇਤ ਪ੍ਰਾਪਤ ਫੋਰਸ ਵਲੋਂ ਸਾਉਦੀ ਦੀ ਅਗਵਾਈ ਵਿੱਚ ਜ਼ਬਤ ਕੀਤਾ ਗਿਆ ਸੀ।
ਆਦੇਨ ਦੇ ਗਵਰਨਰ ਤਾਰਿਕ ਸਲਾਮ ਨੇ ਕਿਹਾ ਕਿ, ਬੰਦਰਗਾਹ ਉੱਤੇ ਫੋਰਸਜ਼ ਇਸ ਖ਼ਤਰਨਾਕ ਕਾਰਗੋ ਨੂੰ ਸਟੋਰ ਕਰਨ ਲਈ ਜ਼ਿੰਮੇਵਾਰ ਹਨ, ਜਿਸ ਵਿੱਚ 130 ਸ਼ਿਪਿੰਗ ਕੰਨੇਟਨਰਾਂ ਵਿੱਚ ਅੰਦਾਜ਼ਨ 4900 ਟਨ ਅਮੋਨੀਅਮ ਨਾਈਟ੍ਰੇਟ ਰਖਿਆ ਕੀਤਾ ਗਿਆ ਹੈ।
ਪਰ ਸਰਕਾਰੀ ਸੰਸਥਾ ਯਮਨ ਗਲਫ਼ ਆਫ਼ ਆਦੇਨ ਪੋਰਟਸ ਕਾਰਪੋਰੇਸ਼ਨ ਅਨੁਸਾਰ, ਇਨ੍ਹਾਂ ਕੰਨਟੇਨਰਾਂ ਦੀ ਵਰਤੋਂ ਅਸਲ ਵਿੱਚ ਖੇਤੀ ਵਿੱਚ ਵਰਤੇ ਜਾਣ ਵਾਲੇ ਜੈਵਿਕ ਯੂਰੀਆ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਸੀ।
ਉਨ੍ਹਾਂ ਕਿਹਾ, ''ਇਹ ਨਾ ਤਾਂ ਫ਼ਟਣਯੋਗ ਹੈ ਅਤੇ ਨਾ ਹੀ ਰੇਡੀਓ ਐਕਟਿਵ ਹੈ।''
''ਅਤੇ ਨਾ ਹੀ ਇਸ ਨੂੰ ਸਟੋਰ ਕਰਨ 'ਤੇ ਕੋਈ ਪਾਬੰਧੀ ਹੈ।''
ਇਰਾਕ
ਇਰਾਕੀ ਸਰਕਾਰ ਨੇ ਬੰਦਰਗਾਹਾਂ ਅਤੇ ਹਵਾਈ ਅੱਡਿਆਂ 'ਤੇ ਖਤਰਨਾਕ ਪਦਾਰਥਾਂ ਦੀ ਤੁਰੰਤ ਸਮੀਖਿਆ ਦੇ ਹੁਕਮ ਦਿੱਤੇ ਅਤੇ ਪਤਾ ਲੱਗਿਆ ਕਿ ਬਗਦਾਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅਮੋਨੀਅਮ ਨਾਈਟ੍ਰੇਟ ਨੂੰ ਭੰਡਾਰ ਕੀਤਾ ਗਿਆ ਹੈ।
ਇੱਕ ਫੌਜੀ ਅਧਿਕਾਰੀ ਨੇ 9 ਅਗਸਤ ਨੂੰ ਟਵੀਟ ਕੀਤਾ ਸੀ ਕਿ, ਇਰਾਕੀ ਰੱਖਿਆ ਮੰਤਰਾਲੇ ਦੇ ਮਿਲਟਰੀ ਇੰਜੀਨੀਅਰਿੰਗ ਡਾਇਰੈਕਟੋਰੇਟ ਨੇ...ਬਗਦਾਦ ਹਵਾਈ ਅੱਡੇ 'ਤੇ ਏਅਰ ਕਾਰਗੋ ਸੈਕਸ਼ਨ ਤੋਂ ਖਤਰਨਾਕ ਸਮੱਗਰੀ ਨੂੰ ਬਹੁਤ ਹੀ ਸੁਰੱਖਿਅਤ ਤਰੀਕੇ ਨਾਲ ਉਸ ਦੀ ਮੰਜ਼ਿਲ, ਮਿਲਟਰੀ ਇੰਜੀਨਿਅਰਿੰਗ ਡਾਇਰੈਕਟੋਰੇਟ ਦੇ ਗੁਦਾਮ ਵਿਖੇ ਪਹੁੰਚਾ ਦਿੱਤਾ ਹੈ।
ਆਸਟਰੇਲੀਆ
ਬੈਰੂਤ ਵਿੱਚ ਧਮਾਕੇ ਤੋਂ ਪਹਿਲਾਂ ਹੀ ਨਿਊਕੈਸਲ ਅਤੇ ਨਿਊ ਸਾਊਥ ਵੇਲਜ਼ ਦੇ ਲੋਕ ਸ਼ਹਿਰ ਤੋਂ ਕਰੀਬ 3 ਕਿਲੋਮੀਟਰ ਦੂਰੀ 'ਤੇ ਇੱਕ ਵੇਅਰ ਹਾਊਸ ਵਿੱਚ ਵੱਡੀ ਪੱਧਰ 'ਤੇ ਪਈ ਅਮੋਨੀਅਮ ਨਾਈਟ੍ਰੇਟ ਦੇ ਤਾਦਾਦ ਨੂੰ ਘਟਾਉਣ ਜਾਂ ਫਿਰ ਕਿਤੇ ਹੋਰ ਰੱਖਣ ਦੀ ਮੰਗ ਕਰ ਰਹੇ ਸਨ।
ਪਰ ਮਾਈਨਿੰਗ ਇੰਡਸਟਰੀ ਨੂੰ ਵਿਸਫੋਟਕ ਸਮੱਗਰੀ ਸਪਲਾਈ ਕਰਨ ਵਾਲੀ ਕੰਪਨੀ ਓਰਿਕਾ ਨੇ ਕਿਹਾ ਕਿ, ਇਸ ਨੂੰ ਬਹੁਤ ਹੀ ਸੁਰੱਖਿਅਤ ਤਰੀਕੇ ਨਾਲ ਉਨ੍ਹਾਂ ਖੇਤਰਾਂ ਵਿੱਚ ਰੱਖਿਆ ਗਿਆ ਹੈ ਜਿਹੜੇ ਅੱਗ ਪ੍ਰਤੀਰੋਧਕ ਹਨ ਅਤੇ ਵਿਸ਼ੇਸ ਤੌਰ 'ਤੇ ਨਾ ਜਲਣਸ਼ੀਲ ਸਮੱਗਰੀ ਤੋਂ ਬਣਾਏ ਗਏ ਹਨ।
ਦੱਖਣੀ ਆਸਟਰੇਲੀਆ ਵਿੱਚ ਕੰਮ ਵਾਲੀਆਂ ਥਾਵਾਂ 'ਤੇ ਸੁਰੱਖਿਆ ਨਿਸ਼ਚਤ ਕਰਨ ਵਾਲੀ ਸੇਫ਼ਵਰਕ ਐਸ.ਏ. ਨੇ ਕਿਹਾ, "ਪੂਰੇ ਖੇਤਰ ਵਿੱਚ ਅਮੋਨੀਅਮ ਨਾਈਟ੍ਰੇਟ ਨਿਰਧਾਰਿਤ ਅਤੇ ਨਿਗਰਾਨੀ ਵਾਲੀਆਂ ਥਾਵਾਂ 'ਤੇ ਹੀ ਭੰਡਾਰ ਕੀਤਾ ਗਿਆ ਹੈ।''
ਯੂਕੇ ਦੀਆਂ ਬੰਦਰਗਾਹਾਂ
ਲਿੰਕਨਸ਼ਾਇਰ, ਏਮਿੰਨਗਨ ਅਤੇ ਹੰਬਰ ਖੇਤਰ ਵਿੱਚ ਕਈ ਬੰਦਰਗਾਹਾਂ 'ਤੇ ਜਿੱਥੇ ਅਮੋਨੀਅਮ ਨਾਈਟ੍ਰੇਟ ਨੂੰ ਭੰਡਾਰ ਕੀਤਾ ਗਿਆ ਹੈ ਦੀ ਜਾਂਚ ਸ਼ੁਰੂ ਕੀਤੀ ਗਈ ਹੈ।
ਐਸੋਸੀਏਟਿਡ ਬ੍ਰਿਟਿਸ਼ ਪੋਰਟਜ਼, ਜੋ ਕਿ ਇਨ੍ਹਾਂ ਥਾਵਾਂ ਲਈ ਚਲਾਉਂਦੀ ਹੈ ਨੇ ਕਿਹਾ ਕਿ ਯੂਕੇ ਦੀਆਂ ਬੰਦਰਗਾਹਾਂ ਨੂੰ ਸਖ਼ਤ ਨਿਯਮਾਂ ਦੀ ਪਾਲਣਾ ਕਰਦਿਆਂ ਅਜਿਹੇ ਪਦਾਰਥਾਂ ਨੂੰ ਸੁਰੱਖਿਅਤ ਤਰੀਕੇ ਨਾਲ ਭੰਡਾਰ ਕਰਨਾ ਅਤੇ ਸੰਭਾਲਣਾ ਪਵੇਗਾ।
ਇਸ ਦੌਰਾਨ ਪੋਰਟਮਾਊਥ ਦੀ ਬੰਦਰਗਾਹ, ਪੋਰਟਿਕੋ ਅਧਾਰਿਤ ਇੱਕ ਕੰਪਨੀ ਨੇ ਅਮੋਨੀਅਮ ਨਾਈਟ੍ਰੇਟ ਨੂੰ ਭੰਡਾਰ ਕਰਨ ਸੰਬੰਧੀ ਅਰਜ਼ੀ ਵਾਪਸ ਲੈਂਦਿਆ ਕਿਹਾ ਕਿ ਇਹ ਰਸਾਇਣ ਇਸ ਥਾਂ ਤੋਂ ਕਿਤੇ ਲਜਾਇਆ ਵੀ ਨਹੀਂ ਜਾਵੇਗਾ।
ਭਾਵੇਂ ਕੰਪਨੀ ਨੇ ਬੈਰੂਤ ਧਮਾਕੇ ਤੋਂ ਕੁਝ ਸਮਾਂ ਬਾਅਦ ਹੀ ਇਹ ਬਿਆਨ ਦਿੱਤਾ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਕਾਰਨ ਵਪਾਰ ਨਾਲ ਸੰਬੰਧਿਤ ਹਨ।
ਅੰਤਰਰਾਸ਼ਟਰੀ ਕਾਰਗੋ ਹੈਂਡਲਿੰਗ ਕੋਆਰਡੀਨੇਸ਼ਨ ਐਸੋਸੀਏਸ਼ਨ ਦੇ ਮੁਖੀ ਰਿਚਰਡ ਬਰੋ ਨੇ ਕਿਹਾ ਕਿ ਅਮੋਨੀਅਮ ਨਾਈਟ੍ਰੇਟ ਰੈਗੂਲੇਟੇਡ ਹੈ ਕਿਉਂਕਿ ਇਹ ਖ਼ਤਰਨਾਕ ਪਦਾਰਥਾਂ ਦੀ ਸ਼੍ਰੇਣੀ ਵਿੱਚ ਰਜਿਸਟਰਡ ਹੈ।
ਉਨ੍ਹਾਂ ਅੱਗੇ ਕਿਹਾ, "ਇਹ ਆਪਣੇ ਆਪ ਵਿੱਚ ਮੁਕਾਬਲਤਨ ਸੁਰੱਖਿਅਤ ਪਦਾਰਥ ਹੈ।"
"ਪਰ ਜਦੋਂ ਇਹ ਦੂਸ਼ਿਤ ਹੋ ਜਾਂਦਾ ਹੈ ਜਿਵੇਂ ਕਿ ਤੇਲ ਆਦਿ ਨਾਲ ਤਾਂ ਸਮੱਸਿਆ ਬਣ ਜਾਂਦਾ ਹੈ।''