ਬੈਰੂਤ ਧਮਾਕਾ: ਲਿਬਨਾਨ ਦੀ ਸਮੁੱਚੀ ਸਰਕਾਰ ਨੂੰ ਕਿਉਂ ਦੇਣਾ ਪਿਆ ਅਸਤੀਫ਼ਾ

ਲਿਬਨਾਨ ਦੀ ਰਾਜਧਾਨੀ ਵਿਚ ਹੋਏ ਧਮਾਕੇ ਤੋਂ ਬਾਅਦ ਲੋਕਾਂ ਦੇ ਵਧਦੇ ਗੁੱਸੇ ਦੇ ਮੱਦੇਨਜ਼ਰ ਮੁਲਕ ਦੀ ਸਮੁੱਚੀ ਸਰਕਾਰ ਨੇ ਅਸਤੀਫ਼ਾ ਦੇ ਦਿੱਤਾ ਹੈ। ਬੀਤੇ ਮੰਗਲਵਾਰ ਨੂੰ ਹੋਏ ਧਮਾਕੇ ਵਿਚ 200 ਲੋਕਾਂ ਦੀ ਜਾਨ ਗਈ ਹੈ।

ਸੋਮਵਾਰ ਸ਼ਾਮ ਨੂੰ ਲਿਬਨਾਨ ਦੇ ਨੈਸ਼ਨਲ ਟੀਵੀ ਚੈਨਲ ਉੱਤੇ ਪ੍ਰਧਾਨ ਮੰਤਰੀ ਹਸਨ ਦਿਆਬ ਨੇ ਅਸਤੀਫ਼ੇ ਦਾ ਐਲਾਨ ਕੀਤਾ।

ਦੇਸ ਵਿਚ ਬਹੁਤ ਸਾਰੇ ਲੋਕ ਮੁਲਕ ਦੇ ਆਗੂਆਂ ਉੱਤੇ ਅਣਗਹਿਲੀ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾ ਰਹੇ ਹਨ।

ਧਮਾਕਿਆਂ ਖ਼ਿਲਾਫ਼ ਗੁੱਸੇ ਵਿਚ ਆਏ ਲੋਕ ਸੜ੍ਹਕਾਂ ਉੱਤੇ ਮੁਜ਼ਾਹਰੇ ਕਰ ਰਹੇ ਹਨ।

ਰਾਸ਼ਟਰਪਤੀ ਨੇ ਕਿਹਾ ਸੀ ਕਿ ਇਹ ਧਮਾਕਾ ਬੰਦਰਗਾਹ ਉੱਤੇ ਕਈ ਸਾਲਾਂ ਤੋਂ ਅਣਸੁਰੱਖਿਅਤ ਪਏ 2750 ਟਨ ਅਮੋਨੀਅਮ ਨਾਈਟ੍ਰੇਟ ਕਾਰਨ ਹੋਇਆ ਹੈ।

ਇਹ ਵੀ ਪੜ੍ਹੋ:

2 ਲੱਖ ਲੋਕ ਬੇਘਰ

ਅਸ ਮਰਸਾਦ ਨਿਊਜ਼ ਵੈੱਬਸਾਈਟ ਨੇ ਬੈਰੂਤ ਦੇ ਗਵਰਨਰ ਮਾਰਵਾਨ ਐਬੂਦ ਦੇ ਹਵਾਲੇ ਨਾਲ ਲਿਖਿਆ ਹੈ ਕਿ ਸੋਮਵਾਰ ਤੱਕ 220 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਸੀ ਅਤੇ 110 ਅਜੇ ਵੀ ਲਾਪਤਾ ਹਨ।

ਇੱਕ ਟੀਵੀ ਚੈਨਲ ਨੂੰ ਉਨ੍ਹਾਂ ਦੱਸਿਆ ਕਿ ਲਾਪਤਾ ਲੋਕਾਂ ਵਿਚ ਜ਼ਿਆਦਾਤਰ ਲਾਪਤਾ ਲੋਕ ਵਿਦੇਸ਼ੀ ਵਰਕਰ ਜਾਂ ਟਰੱਕ ਡਰਾਇਵਰ ਹਨ।

ਬੈਰੂਤ ਬੰਬ ਧਮਾਕੇ ਦਾ ਪ੍ਰਭਾਵਿਤ ਖੇਤਰ ਕਈ ਕਿਲੋਮੀਟਰ ਵਿਚ ਫੈਲਿਆ ਹੋਇਆ ਹੈ ਅਤੇ 2 ਲੱਖ ਲੋਕ ਬੇਘਰ ਹਨ ਜਾਂ ਟੁੱਟੇ ਹੋਈਆਂ ਬਾਰੀਆਂ ਤੇ ਦਰਵਾਜ਼ਿਆਂ ਵਾਲੇ ਘਰਾਂ ਵਿਚ ਰਹਿ ਰਹੇ ਹਨ।

ਸਰਕਾਰ ਨੂੰ ਕਿਉਂ ਦੇਣਾ ਪਿਆ ਅਸਤੀਫ਼ਾ

ਲਿਬਨਾਨ ਵਿਚ ਅਸਥਿਰਤਾ ਦਾ ਮਾਮਲਾ ਕਾਫ਼ੀ ਪੁਰਾਣਾ ਹੈ, ਪਰ 2019 ਦੇ ਆਖਰ ਵਿਚ ਸਰਕਾਰ ਵਲੋਂ ਵੱਟਐਪਕਾਲ ਉੱਤੇ ਟੈਕਸ ਲਾਉਣ ਦੇ ਫੈਸਲੇ ਕਾਰਨ ਕਾਫ਼ੀ ਰੋਸ ਮੁਜ਼ਾਹਰੇ ਹੋਏ । ਲਿਬਨਾਨ ਆਰਥਿਕ ਮੰਦਵਾੜੇ ਵਿਚੋਂ ਲੰਘ ਰਿਹਾ ਹੈ ਅਤੇ ਸਰਕਾਰ ਉੱਤੇ ਭ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮ ਲੱਗਦੇ ਰਹੇ ਹਨ।

ਕੋਰੋਨਵਾਇਰਸ ਮਹਾਮਾਰੀ ਕਾਰਨ ਰੋਸ ਮੁਜ਼ਾਹਰੇ ਤਾਂ ਰੁਕ ਗਏ ਪਏ ਮੁਲਕ ਦੀ ਵਿੱਤੀ ਹਾਲਤ ਹੋਰ ਮਾੜੀ ਹੋ ਗਈ। ਪਿਛਲੇ ਹਫ਼ਤੇ ਹੋਏ ਬੰਬ ਧਮਾਕੇ ਨੂੰ ਸਰਕਾਰ ਦੀ ਅਣਗਿਹਲੀ ਤੇ ਭ੍ਰਿਸ਼ਟਾਚਾਰ ਦਾ ਸਿਖ਼ਰ ਸਮਝਿਆ ਜਾ ਰਿਹਾ ਹੈ।

ਇਸ ਲਈ ਸਰਕਾਰ ਦੀ ਧਮਾਕੇ ਦੇ ਕਰਵਾਈ ਜਾ ਰਹੀ ਜਾਂਚ ਉਨ੍ਹਾਂ ਲੋਕਾਂ ਲਈ ਸੰਤੁਸ਼ਟੀਜਨਕ ਨਹੀਂ ਹੈ , ਜਿੰਨ੍ਹਾਂ ਨੇ ਆਪਣੇ ਸਕੇ ਸਬੰਧੀ ਧਮਾਕੇ ਵਿਚ ਗੁਆ ਦਿੱਤੇ ਹਨ ਅਤੇ ਜਿਨ੍ਹਾਂ ਦਾ ਸਿਆਸੀ ਲੀਡਰਸ਼ਿਪ ਉੱਤੇ ਭਰੋਸਾ ਨਹੀਂ ਰਿਹਾ ਹੈ। ਸਰਕਾਰ ਦੇ ਰਸਮੀ ਐਲਾਨ ਤੋਂ ਪਹਿਲਾਂ ਹੀ ਕਈ ਮੰਤਰੀਆਂ ਨੇ ਅਸਤੀਫ਼ੇ ਦੀ ਪੇਸ਼ਕਸ਼ ਕਰ ਦਿੱਤੀ ਸੀ।

ਪਰ ਇਸ ਦਾ ਅਰਥ ਇਹ ਵੀ ਨਹੀਂ ਹੈ ਕਿ ਸਰਕਾਰ ਦੇ ਅਸਤੀਫ਼ੇ ਨਾਲ ਲੋਕਾਂ ਦਾ ਗੁੱਸਾ ਸ਼ਾਂਤ ਹੋ ਜਾਵੇਗਾ। ਪਿਛਲੇ ਸਾਲ ਮੁਜ਼ਾਹਰਿਆਂ ਕਾਰਨ ਹੋਂਦ ਵਿਚ ਆਈ ਸਰਕਾਰ ਨੂੰ ਹੁਣ ਲੋਕਾਂ ਦੇ ਗੁੱਸੇ ਕਾਰਨ ਸੱਤਾ ਛੱਡਣੀ ਪੈ ਰਹੀ ਹੈ।

ਹਰੀਰੀ ਮਾਮਲਾ ਕੀ ਹੈ

ਚਾਰੇ ਸ਼ੱਕੀ ਸ਼ੀਆ ਮੁਸਲਮਾਨ ਹਨ ਅਤੇ ਇਨ੍ਹਾਂ ਖ਼ਿਲਾਫ਼ ਅਦਾਲਤੀ ਸੁਣਵਾਈ ਨੀਦਰਲੈਂਡ ਵਿਚ ਹੋਈ ਹੈ।

ਹਰੀਰੀ ਨੂੰ ਜਦੋਂ ਕਾਰ ਬੰਬ ਧਮਾਕੇ ਵਿਚ 14 ਫਰਵਰੀ 2005 ਦੌਰਾਨ ਮਾਰਿਆ ਗਿਆ ਸੀ ਤਾਂ ਉਸ ਨਾਲ 21 ਜਣੇ ਹੋਰ ਵੀ ਮਾਰੇ ਗਏ ਸਨ।

ਹਰੀਰੀ ਲਿਬਨਾਨ ਦੇ ਮੁੱਖ ਸੁੰਨੀ ਆਗੂ ਸਨ ਅਤੇ ਕਤਲ ਤੋਂ ਪਹਿਲਾਂ ਉਹ ਵਿਰੋਧੀ ਧਿਰ ਨਾਲ ਆ ਗਏ ਸਨ। ਉਨ੍ਹਾਂ ਲਿਬਨਾਨ ਤੋਂ ਸੀਰੀਆਈ ਫੌਜ ਹਟਾਉਣ ਦੀ ਮੰਗ ਦਾ ਸਮਰਥਨ ਕੀਤਾ ਸੀ, ਜੋ ਲਿਬਨਾਨ ਵਿਚ 1976 ਦੀ ਘਰੇਲੂ ਜੰਗ ਤੋਂ ਬਾਅਦ ਦੀ ਤੈਨਾਤ ਹੈ।

ਹਰੀਰੀ ਦੇ ਕਤਲ ਤੋਂ ਬਾਅਦ ਲਿਬਨਾਨ ਵਿਚ ਸੀਰੀਆ ਖ਼ਿਲਾਫ਼ ਵੱਡੇ ਰੋਸ ਮੁਜ਼ਾਹਰੇ ਹੋਏ ਸਨ। ਇਸ ਲਈ ਤਾਕਤਵਾਰ ਗੁਆਂਢੀ ਮੁਲਕ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ।

ਹਮਲੇ ਤੋਂ ਬਾਅਦ ਸਰਕਾਰ ਨੂੰ ਅਸਤੀਫ਼ਾ ਦੇਣਾ ਪਿਆ ਸੀ ਤੇ ਕੁਝ ਸਮੇਂ ਲਈ ਸੀਰੀਆ ਨੇ ਫੌਜ ਵੀ ਵਾਪਸ ਬੁਲਾ ਲਈ ਸੀ।

ਲਿਬਨਾਨ ਦੇ ਸਾਬਕਾ ਪ੍ਰਧਾਨ ਮੰਤਰੀ ਰਫ਼ੀਕ ਹਰੀਰੀ ਦਾ 2005 ਵਿਚ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਸ਼ੁੱਕਰਵਾਰ ਨੂੰ ਯੂਐਨਓ ਦੇ ਟ੍ਰਿਬਿਊਨਲ ਨੇ ਫੈਸਲਾ ਸੁਣਾਉਣਾ ਸੀ।

ਇਸ ਮਾਮਲੇ ਵਿਚ ਇਰਾਨ ਦਾ ਸਮਰਥਨ ਹਾਸਲ ਹਿਜ਼ਬੁੱਲ੍ਹਾ ਗਰੁੱਪ ਦੇ ਚਾਰ ਸ਼ੱਕੀ ਵਿਅਕਤੀ ਮੁਲਜ਼ਮ ਹਨ, ਭਾਵੇਂ ਕਿ ਹਿਜ਼ਬੁੱਲ੍ਹਾ ਇਸ ਹਮਲੇ ਤੋਂ ਇਨਕਾਰ ਕਰਦਾ ਰਿਹਾ ਹੈ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)