You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ: ਮਾਂ ਬਾਪ ਨੂੰ ਹਲਾਕ ਕਰਨ ਵਾਲੇ 2 ਤਾਲੀਬਾਨ ਨੂੰ ਇਸ ਕੁੜੀ ਨੇ ਮਾਰ ਦਿੱਤਾ
ਅਫ਼ਗਾਨਿਸਤਾਨ ਵਿੱਚ ਇੱਕ ਕੁੜੀ ਨੇ ਪਿਛਲੇ ਹਫ਼ਤੇ ਆਪਣੇ ਮਾਪਿਆਂ ਦੀ ਹੱਤਿਆ ਕਰਨ ਵਾਲੇ ਦੋ ਤਾਲਿਬਾਨ ਅੱਤਵਾਦੀਆਂ ਨੂੰ ਮਾਰ ਦਿੱਤਾ।
ਸੋਸ਼ਲ ਮੀਡੀਆ 'ਤੇ ਲੜਕੀ ਵਲੋਂ ਕੀਤੇ ਵਾਰਦਾਤ ਦੀ ਕੁਝ ਲੋਕ 'ਪ੍ਰਸ਼ੰਸਾ' ਕਰ ਰਹੇ ਹਨ। ਇਹ ਘਟਨਾ ਅਫ਼ਗਾਨਿਸਤਾਨ ਦੇ ਗ਼ੋਰ ਪ੍ਰਾਂਤ ਦੇ ਗਰਿਵੇ ਪਿੰਡ ਵਿਚ 17 ਜੁਲਾਈ ਦੀ ਰਾਤ ਦੀ ਹੈ।
ਸਥਾਨਕ ਅਧਿਕਾਰੀਆਂ ਨੇ ਦੱਸਿਆ, 'ਕੁੜੀ ਨੇ ਆਪਣੇ ਘਰ ਵਿਚ ਰੱਖੀ ਏਕੇ-47 ਰਾਈਫ਼ਲ ਨਾਲ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ ਕਈਆਂ ਨੂੰ ਜ਼ਖ਼ਮੀ ਕਰ ਦਿੱਤਾ'।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ, 'ਕੁੜੀ ਦੇ ਪਿਤਾ ਸਰਕਾਰ ਦੇ ਸਮਰਥਕ ਸਨ ਅਤੇ ਪਿੰਡ ਦੀ ਮੁਖੀ ਸੀ। ਇਸ ਤੋਂ ਨਾਰਾਜ਼ ਤਾਲਿਬਾਨ ਅੱਤਵਾਦੀ ਗਰਿਨੇ ਪਿੰਡ ਵਿਚ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ'।
ਸਥਾਨਕ ਪੁਲਿਸ ਮੁਖੀ ਹਬੀਬੁਰਰਹਿਮਾਨ ਮਾਲਿਕਜ਼ਾਦਾ ਨੇ ਨਿਊਜ਼ ਏਜੰਸੀ ਏਐਫ਼ਪੀ ਨੂੰ ਦੱਸਿਆ ਕਿ ਅੱਤਵਾਦੀਆਂ ਨੇ ਕੁੜੀ ਦੇ ਪਿਤਾ ਨੂੰ ਘਰੋਂ ਬਾਹਰ ਖਿੱਚਿਆ ਅਤੇ ਜਦੋਂ ਉਸਦੀ ਮਾਂ ਨੇ ਵਿਰੋਧ ਕੀਤਾ ਤਾਂ ਦੋਵਾਂ ਦੀ ਨੂੰ ਹਲਾਕ ਕਰ ਦਿੱਤਾ।
ਅਧਿਕਾਰੀ ਨੇ ਦੱਸਿਆ, "ਇਸ ਤੋਂ ਬਾਅਦ, ਘਰ ਦੇ ਅੰਦਰ ਮੌਜੂਦ ਕੁੜੀ ਨੇ ਘਰ ਦੇ ਅੰਦਰ ਰੱਖੀ ਏਕੇ-47 ਰਾਈਫਲ ਚੁੱਕੀ ਅਤੇ ਉਸਦੇ ਮਾਪਿਆਂ ਨੂੰ ਮਾਰਨ ਵਾਲੇ ਤਾਲੀਬਾਨੀਆਂ ਨੂੰ ਮਾਰ ਦਿੱਤਾ ਅਤੇ ਫਿਰ ਕੁਝ ਹੋਰਾਂ ਨੂੰ ਜ਼ਖਮੀ ਕਰ ਦਿੱਤਾ।"
ਲੜਕੀ ਦੀ ਉਮਰ 14 ਤੋਂ 16 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਉਸ ਦੇ ਹੱਥਾਂ ਵਿਚ ਏਕੇ-47 ਦੀ ਇਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਹੈ।
ਇਸ ਘਟਨਾ ਤੋਂ ਬਾਅਦ, ਤਾਲਿਬਾਨ ਦੇ ਹੋਰ ਬਹੁਤ ਸਾਰੇ ਕਾਰਕੁਨ ਆਏ ਅਤੇ ਕੁੜੀ ਦੇ ਘਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਕੁਝ ਪਿੰਡ ਵਾਸੀਆਂ ਅਤੇ ਸਰਕਾਰ ਪੱਖੀ ਹਥਿਆਰਬੰਦ ਸਮੂਹਾਂ ਨੇ ਉਨ੍ਹਾਂ ਨੂੰ ਸੰਘਰਸ਼ ਤੋਂ ਬਾਅਦ ਪਿੱਛੇ ਹਟਣ ਲਈ ਮਜਬੂਰ ਕੀਤਾ।
ਸੂਬੇ ਦੇ ਰਾਜਪਾਲ ਦੇ ਇਕ ਬੁਲਾਰੇ ਨੇ ਏਐਫਪੀ ਨੂੰ ਦੱਸਿਆ ਕਿ ਅਫ਼ਗਾਨ ਸੁਰੱਖਿਆ ਬਲ ਕੁੜੀ ਅਤੇ ਉਸ ਦੇ ਛੋਟੇ ਭਰਾ ਨੂੰ ਆਪਣੀ ਹਿਫਾਜ਼ਤ ਵਿਚ ਲੈ ਕੇ ਕਿਸੇ ਹੋਰ ਜਗ੍ਹਾ ਲੈ ਗਏ ਹਨ।
'ਕੁੜੀ ਦੀ ਤਾਰੀਫ਼'
ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕੁੜੀ ਦੀ ਪ੍ਰਸ਼ੰਸਾ ਹੋ ਰਹੀ ਹੈ। ਨਜੀਬਾ ਰਹਿਮੀ ਨਾਮ ਦੀ ਇਕ ਯੂਜ਼ਰ ਨੇ ਫੇਸਬੁੱਕ 'ਤੇ ਲਿਖਿਆ - "ਉਸ ਦੀ ਹਿੰਮਤ ਨੂੰ ਸਲਾਮ।"
ਇਕ ਹੋਰ ਯੂਜ਼ਰ ਮੁਹੰਮਦ ਸਾਲੇਹ ਨੇ ਫੇਸਬੁਕ 'ਤੇ ਲਿਖਿਆ - "ਅਸੀਂ ਜਾਣਦੇ ਹਾਂ, ਕੋਈ ਵੀ ਮਾਪਿਆਂ ਦੀ ਜਗ੍ਹਾ ਨਹੀਂ ਲੈ ਸਕਦਾ, ਪਰ ਜੋ ਬਦਲਾ ਤੁਸੀਂ ਲਿਆ ਹੈ, ਉਹ ਤੁਹਾਨੂੰ ਥੋੜੀ ਸ਼ਾਂਤੀ ਜ਼ਰੂਰ ਦੇਵੇਗਾ।"
ਮੀਡੀਆ ਰਿਪੋਰਟਾਂ ਦੇ ਅਨੁਸਾਰ ਗ਼ੋਰ ਅਫ਼ਗਾਨਿਸਤਾਨ ਦੇ ਸਭ ਤੋਂ ਵਿਕਸਤ ਪ੍ਰਾਂਤਾਂ ਵਿੱਚੋਂ ਇੱਕ ਹੈ।ਤਾਲਿਬਾਨ ਨੇ ਫਰਵਰੀ ਵਿਚ ਅਮਰੀਕਾ ਨਾਲ ਇਕ ਸ਼ਾਂਤੀ ਸਮਝੌਤੇ 'ਤੇ ਹਸਤਾਖ਼ਰ ਕੀਤੇ ਸਨ।
ਪਰ ਉਸ ਦਾ ਇਕ ਵੱਡਾ ਗੁੱਟ ਅਫ਼ਗਾਨਿਸਤਾਨ ਦੀ ਸਰਕਾਰ ਨੂੰ ਖ਼ਤਮ ਕਰਨਾ ਚਾਹੁੰਦਾ ਹੈ।
ਇਹ ਵੀਡੀਓ ਵੀ ਦੇਖੋ