ਕੋਰੋਨਾਵਾਇਰਸ: ਜੰਗਲੀ ਜੀਵਾਂ ਤੋਂ ਵਾਇਰਸ ਫੈਲਣ ਦੇ ਖ਼ਤਰੇ ਬਾਰੇ ਨਵੇਂ ਸਬੂਤ ਕੀ ਕਹਿੰਦੇ ਹਨ

    • ਲੇਖਕ, ਹੈਲਨ ਬ੍ਰਗਿਸ
    • ਰੋਲ, ਵਾਤਾਵਰਣ ਪੱਤਰਕਾਰ

ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਦੱਖਣੀ ਏਸ਼ੀਆ ਦੇ ਕਈ ਬਜ਼ਾਰਾਂ ਅਤੇ ਰੈਸਟੋਰੈਂਟਾਂ ਵਿੱਚ ਵੇਚੇ ਜਾਂਦੇ ਚੂਹਿਆਂ ਵਿੱਚ ਕਈ ਕਿਸਮ ਦੇ ਕੋਰੋਨਾਵਾਇਰਸ ਹੁੰਦਾ ਹੈ।

ਇਨ੍ਹਾਂ ਜੀਵਾਂ ਵਿੱਚ ਵਾਇਰਸ ਪ੍ਰੋਸੈਸਿੰਗ ਦੌਰਾਨ ਆ ਰਿਹਾ ਸੀ।

ਵਾਇਰਸ ਦੇ ਜਿਹੜੇ ਸਟਰੇਨ ਇਨ੍ਹਾਂ ਜੀਵਾਂ ਵਿੱਚ ਮਿਲੇ ਹਨ, ਉਹ ਕੋਵਿਡ-19 ਤੋਂ ਵੱਖਰੇ ਹਨ ਅਤੇ ਉਨ੍ਹਾਂ ਨੂੰ ਮਨੁੱਖੀ ਸਿਹਤ ਲਈ ਨੁਕਸਾਨਦੇਹ ਨਹੀਂ ਸਮਝਿਆ ਜਾ ਰਿਹਾ।

ਹਾਲਾਂਕਿ ਸਾਇੰਸਦਾਨ ਲੰਮੇ ਸਮੇਂ ਤੋਂ ਸੁਚੇਤ ਕਰਦੇ ਆ ਰਹੇ ਹਨ ਕਿ ਜੰਗਲੀ-ਜੀਵਾਂ ਦੇ ਕਾਰੋਬਾਰ ਤੋਂ ਲਾਗ (ਇਨਫ਼ੈਕਸ਼ਨ) ਫ਼ੈਲ ਸਕਦੀ ਹੈ।

ਅਮਰੀਕਾ ਅਤੇ ਵੀਅਤਨਾਮ ਵਿੱਚ ਕੰਮ ਕਰ ਰਹੇ ਸਾਇੰਸਦਾਨਾਂ ਦੀ ਟੀਮ ਦੇ ਮੁਤਾਬਕ, ਕਈ ਕਿਸਮ ਦੇ ਕੋਰੋਨਾਵਾਇਰਸਾਂ ਦੇ ਇਕੱਠੇ ਹੋਣ ਅਤੇ ਉਨ੍ਹਾਂ ਦਾ ਰੈਸਟੋਰੈਂਟਾਂ ਦੀ ਸਪਲਾਈਚੇਨ ਦੇ ਨਾਲੋ-ਨਾਲ ਹੋ ਰਿਹਾ ਵਾਧਾ, ਇਨ੍ਹਾਂ ਨੂੰ ਖਾ ਰਹੇ ਗਾਹਕਾਂ ਲਈ ਲਾਗ ਦਾ ਖ਼ਤਰਾ ਬਹੁਤ ਵਧਾ ਦਿੰਦਾ ਹੈ।

ਕੀ ਹੈ ਕੋਰੋਨਾਵਾਇਰਸ ਦਾ ਸਰੋਤ?

ਅਜੋਕੇ ਕੋਰੋਨਾਵਾਇਰਸ ਦਾ ਸਰੋਤ ਵੀ ਵਣ-ਜੀਵਾਂ ਦੇ ਕਾਰੋਬਾਰ ਵਿੱਚ ਹੀ ਮੰਨਿਆ ਜਾ ਰਿਹਾ ਹੈ।

ਹਾਲਾਂਕਿ ਪ੍ਰਜਾਤੀ ਦੀ ਪਛਾਣ ਨਹੀਂ ਹੋ ਸਕੀ ਪਰ ਧਾਰਣਾ ਹੈ ਕਿ ਵਾਇਰਸ ਚਮਗਾਦੜਾਂ ਤੋਂ ਮਨੁੱਖਾਂ ਵਿੱਚ ਆਇਆ ਅਤੇ ਫਿਰ ਲੋਕਾਂ ਵਿੱਚ ਫ਼ੈਲ ਗਿਆ।

ਹਾਲਾਂਕਿ ਨਵੀਆਂ ਲੱਭਤਾਂ, ਭਾਵੇਂ ਮੁਢਲੇ ਰੂਪ ਵਿੱਚ ਚੂਹਿਆਂ ਨਾਲ ਸੰਬੰਧਿਤ ਹਨ ਪਰ ਇਹ ਹੋਰ ਵਣ-ਜੀਵਾਂ ਉੱਪਰ ਵੀ ਲਾਗੂ ਹੁੰਦੀਆਂ ਹਨ। ਜਿਵੇਂ ਕਿ ਪੈਂਗੁਲਿਨਨ ਜਿਨ੍ਹਾਂ ਨੂੰ ਫੜ ਕੇ ਇਕੱਠੇ ਕਰ ਕੇ ਇੱਕ ਤੋਂ ਦੂਜੀ ਥਾਂ ਭੇਜਿਆ ਜਾਂਦਾ ਹੈ ਅਤੇ ਇੱਕ ਪਿੰਜਰੇ ਵਿੱਚ ਹੀ ਬਹੁਤ ਸਾਰੇ ਜੀਵਾਂ ਨੂੰ ਇਕੱਠਿਆਂ ਹੀ ਰੱਖਿਆ ਜਾਂਦਾ ਹੈ।

ਕੀ ਕਹਿੰਦੇ ਹਨ ਮਾਹਰ?

ਅਮਰੀਕਾ ਦੇ ਨਿਊ ਯਾਰਕ ਵਿੱਚ ਇੱਕ ਕੰਜ਼ਰਵੇਸ਼ਨ ਸੰਸਥਾ WCS ਨਾਲ ਸੰਬੰਧਿਤ ਸਾਰਾਹ ਔਲਸਨ ਨੇ ਦੱਸਿਆ,"ਹਾਲਾਂਕਿ ਇਹ ਵਾਇਰਸ ਖ਼ਤਰਨਾਕ ਨਹੀਂ ਹਨ ਪਰ ਇਸ ਤੋਂ ਇਹ ਜਾਣਕਾਰੀ ਜ਼ਰੂਰ ਮਿਲਦੀ ਹੈ ਕਿ ਅਜਿਹੀਆਂ ਹਾਲਤਾਂ ਵਿੱਚ ਵਾਇਰਸ ਕਿਵੇਂ ਵਧਦੇ-ਫ਼ੁਲਦੇ ਹਨ।"

ਵੀਅਤਨਾਮ ਵਿੱਚ ਚੂਹੇ ਆਮ ਖਾਧੇ ਜਾਂਦੇ ਹਨ। ਚੂਹਿਆਂ ਨੂੰ ਚੌਲਾਂ ਦੇ ਖੇਤਾਂ ਵਿੱਚੋਂ ਫੜ ਕੇ ਬਾਜ਼ਾਰਾਂ ਅਤੇ ਰੈਸਟੋਰੈਂਟਾਂ ਵਿੱਚ ਭੇਜਿਆ ਜਾਂਦਾ ਹੈ। ਜਿੱਥੇ ਉਨ੍ਹਾਂ ਨੂੰ ਵੱਢ ਕੇ ਤਾਜ਼ੇ ਮੀਟ ਵਜੋਂ ਵੇਚਿਆ ਜਾਂਦਾ ਹੈ। ਜੰਗਲਾਂ ਵਿੱਚ ਜੀਵ ਸੇਹ ਵਰਗੇ ਹੋਰ ਜੀਵਾਂ ਨਾਲ ਵੀ ਰਹਿੰਦੇ ਹਨ।

ਸਾਲ 2013 ਤੋਂ 2014 ਦਰਮਿਆਨ ਵੀਅਤਨਾਮ ਵਿੱਚ 70 ਵੱਖ-ਵੱਖ ਥਾਵਾਂ ਤੋਂ ਲਏ ਨਮੂਨਿਆਂ ਵਿੱਚ 6 ਤਰ੍ਹਾਂ ਦੇ ਕੋਰੋਨਾਵਾਇਰਸ ਪਾਏ ਗਏ ਹਨ। ਇਨ੍ਹਾਂ ਵਿੱਚੋਂ ਵਧੇਰੇ ਪੌਜ਼ਿਟਿਵ ਚੂਹੇ ਖੇਤਾਂ ਵਾਲੇ ਚੂਹੇ ਸਨ। ਜਿਵੇਂ-ਜਿਵੇਂ ਚੂਹੇ ਖੇਤ ਤੋਂ ਰੈਸਟੇਰੈਂਟ ਤੱਕ ਪਹੁੰਚੇ ਉਨ੍ਹਾਂ ਵਿੱਚ ਪੌਜ਼ਿਟਿਵ ਹੋਣ ਦੀ ਦਰ ਵਧਦੀ ਦੇਖੀ ਗਈ।

  • ਖੇਤ-6 ਫ਼ੀਸਦੀ
  • ਵਪਾਰੀ-21 ਫ਼ੀਸਦੀ
  • ਵੱਡੇ ਬਜ਼ਾਰ-32 ਫ਼ੀਸਦੀ
  • ਰੈਸਟੋਰੈਂਟਸ-56 ਫ਼ੀਸਦੀ

ਜਦਕਿ ਸਾਇੰਸਦਾਨਾਂ ਮੁਤਾਬਕ ਚੂਹਿਆਂ ਦੀ "ਕੁਦਰਤੀ" ਵਸੋਂ ਵਿੱਚ ਇਹ ਦਰ 0-2 ਫ਼ੀਸਦੀ ਹੀ ਹੁੰਦੀ ਹੈ।

ਇਸ ਅਧਿਐਨ ਵਿੱਚ ਵੀਅਤਨਾਮ ਦੇ ਪਸ਼ੂ ਸਿਹਤ ਮਾਹਿਰਾਂ ਨੂੰ ਵੀ ਸ਼ਾਮਲ ਸਨ। ਵੀਅਤਨਾਮ ਵਣ-ਜੀਵਾਂ ਨੂੰ ਖਾਣ ਉੱਪਰ ਪਾਬੰਦੀ ਲਾਉਣ ਦਾ ਵਿਚਾਰ ਕਰ ਰਿਹਾ ਹੈ।

ਕੰਜ਼ਰਵੇਸ਼ਨ ਮਾਹਰਾਂ ਮੁਤਾਬਕ ਕੋਰੋਨਾਵਾਇਰਸ ਮਹਾਮਾਰੀ ਵਣ-ਜੀਵਾਂ ਦੇ ਵਪਾਰ ਨੂੰ ਰੋਕਣ ਲਈ ਇੱਕ ਇਤਿਹਾਸਕ ਸਮਾਂ ਹੈ। ਜੀਵਾਂ ਦੀਆਂ ਮੰਡੀਆਂ ਮਹਾਮਾਰੀਆਂ ਦੇ ਟਾਈਮ ਬੰਬ ਸਾਬਤ ਹੋ ਸਕਦੀਆਂ ਹਨ। ਜਿੱਥੇ ਕਈ ਕਿਸ ਦੀਆਂ ਵਣ-ਪ੍ਰਜਾਤੀਆਂ ਇਕੱਠੀਆਂ ਹੁੰਦੀਆਂ ਹਨ।

ਚੀਨ ਨੇ ਵਣ-ਜੀਵਾਂ ਨੂੰ ਦੇ ਵਪਾਰ ਅਤੇ ਖਾਣ ਉੱਪਰ ਪਾਬੰਦੀ ਲਾ ਦਿੱਤੀ ਹੈ। ਫਿਰ ਵੀ ਕੁਝ ਕਮੀਆਂ ਹਾਲੇ ਬਰਕਰਾਰ ਹਨ। ਜਿਵੇਂ ਕਿ ਦਵਾਈਆਂ ਆਦਿ ਲਈ ਜੀਵਾਂ ਦੀ ਤਸਕਰੀ।

ਚੀਨ ਨੇ ਪੈਂਗੁਲਿਨ ਨਾਂਅ ਦੇ ਜੀਵ ਨੂੰ ਰਵਾਇਤੀ ਚੀਨੀ ਮੈਡੀਸਨ ਦੀ ਸੂਚੀ ਵਿੱਚੋਂ ਹਟਾ ਦਿੱਤਾ ਹੈ। ਪੈਂਗੁਲਿਨ ਦੇ ਸਕੇਲਾਂ ਵਿੱਚ ਔਸ਼ੁੱਧੀ ਗੁਣ ਮੰਨੇ ਜਾਂਦੇ ਹਨ ਅਤੇ ਮਾਸ ਨੂੰ ਇੱਕ ਕੀਮਤੀ ਖ਼ੁਰਾਕ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)