You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਸੰਕਟ 'ਚ ਇਹ ਸ਼ਖਸ ਕਿਵੇਂ ਬਣਿਆ ਅਰਬਪਤੀ
ਹੋ ਸਕਦਾ ਹੈ ਕਿ ਕੁਝ ਹਫ਼ਤੇ ਪਹਿਲਾਂ ਤੱਕ ਤੁਸੀਂ ਇਨ੍ਹਾਂ ਦਾ ਨਾਂਅ ਵੀ ਨਾ ਸੁਣਿਆ ਹੋਵੇ ਜਾਂ ਸੰਭਵ ਹੈ ਹਾਲੇ ਵੀ ਨਾ ਸੁਣਿਆ ਹੋਵੇ।
ਹਾਲਾਂਕਿ ਲੌਕਡਾਊਨ ਦੌਰਾਨ ਉਨ੍ਹਾਂ ਕਰ ਕੇ ਤੁਸੀਂ ਆਪਣੇ ਦੋਸਤ ਜਾਂ ਸਹਿ ਕਰਮੀਆਂ ਨਾਲ ਗੱਲ ਜ਼ਰੂਰ ਕੀਤੀ ਹੋਵੇਗੀ।
ਵੀਡੀਓ ਕਾਨਫ਼ਰੰਸਿੰਗ ਕੰਪਨੀ ਜ਼ੂਮ ਦੇ ਮੋਢੀ ਐਰਿਕ ਯੂਆਨ ਜ਼ਿੰਦਗੀ ਵਿੱਚ ਪਹਿਲੀ ਵਾਰ ਫੋਰਬਸ ਮੈਗਜ਼ੀਨ ਦੀ ਅਰਬਪਤੀਆਂ ਵਾਲੀ ਲਿਸਟ ਵਿੱਚ ਆ ਗਏ ਹਨ।
ਫੋਰਬਸ ਮੁਤਾਬਕ ਉਨ੍ਹਾਂ ਦੀ ਜਾਇਦਾਦ 7.8 ਅਰਬ ਡਾਲਰ ਹੈ।
ਉਨ੍ਹਾਂ ਦੇ ਪਿਤਾ ਇੱਕ ਮਾਈਨਿੰਗ ਇੰਜੀਨੀਅਰ ਸਨ। ਉਨ੍ਹਾਂ ਦਾ ਜਨਮ ਚੀਨ ਵਿੱਚ ਹੋਇਆ।
ਉੱਥੋਂ ਹੀ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਫਿਰ ਨੌਕਰੀ ਲਈ ਜਪਾਨ ਅਤੇ ਫਿਰ ਅਖ਼ੀਰ ਵਿੱਚ ਅਮਰੀਕਾ ਆ ਕੇ ਵਸ ਗਏ।
- ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
- ਕੋਰੋਨਾਵਾਇਰਸ : ਕਿਵੇਂ ਕਰਦਾ ਹੈ ਹਮਲਾ ਤੇ ਸਰੀਰ 'ਚ ਕੀ ਆਉਂਦੇ ਨੇ ਬਦਲਾਅ
- ਕੋਰੋਨਾਵਾਇਰਸ ਗਲੋਬਲ ਹਾਲਾਤ : ਚੀਨ, ਯੂਰਪ ਤੇ ਅਮਰੀਕਾ ਤੋਂ ਬਾਅਦ ਅਗਲਾ ਕਿਹੜਾ ਸ਼ਿਕਾਰ
- ਕੋਰੋਨਾਵਾਇਰਸ ਦੇ ਲੱਛਣ ਤੇ ਬਚਾਅ: ਸ਼ੰਕਾਵਾਂ ਦਾ ਨਿਵਾਰਣ ਕਰਨ ਵਾਲੇ 13 ਸਵਾਲਾਂ ਦੇ ਜਵਾਬ
- ਕੋਰੋਨਾਵਾਇਰਸ ਟਿਪਸ: WHO ਦੀਆਂ ਖਾਣ-ਪੀਣ ਬਾਰੇ 5 ਹਦਾਇਤਾਂ
ਅਮਰੀਕਾ ਦੀ ਸਿਲੀਕੌਨ ਵੈਲੀ ਵਿੱਚ ਆਉਣਾ
ਉਨ੍ਹਾਂ ਲਈ ਇਹ ਸਫ਼ਰ ਸੌਖਾ ਨਹੀਂ ਰਿਹਾ। ਉਹ ਬਿਲ ਗੇਟਸ ਤੋਂ ਪ੍ਰਭਾਵਿਤ ਸਨ ਤੇ ਦੁਨੀਆਂ ਦੇ ਸਭ ਤੋਂ ਅਮੀਰ ਦੇਸ਼ ਵਿੱਚ ਪਹੁੰਚਣਾ ਚਾਹੁੰਦੇ ਸਨ।
ਨੱਬੇ ਦੇ ਦਹਾਕੇ ਵਿੱਚ ਉਹ ਉੱਥੇ ਹੀ ਕੈਲੀਫੋਰਨੀਆਂ ਵਿੱਚ ਵੱਧ-ਫੁੱਲ ਰਹੀਆਂ ਟੈਕਨੌਲੋਜੀ ਕੰਪਨੀਆਂ ਦੀ ਲਹਿਰ ਵਿੱਚ ਸ਼ਾਮਲ ਹੋ ਗਏ।
ਅਮਰੀਕਾ ਵਿੱਚ ਰਹਿਣ ਤੇ ਕੰਮ ਕਰਨ ਦੀ ਆਗਿਆ ਮਿਲਣ ਤੋਂ ਪਹਿਲਾਂ ਉਨ੍ਹਾਂ ਦਾ ਵੀਜ਼ਾ 8 ਵਾਰ ਰੱਦ ਹੋ ਚੁੱਕਿਆ ਸੀ।
ਆਖ਼ਰ ਸਾਲ 1997 ਵਿੱਚ ਉਨ੍ਹਾਂ ਨੂੰ 27 ਸਾਲਾਂ ਦੀ ਉਮਰ ਵਿੱਚ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਉਹ ਅਮਰੀਕਾ ਦੀ ਸਿਲੀਕੌਨ ਵੈਲੀ ਪਹੁੰਚ ਗਏ।
ਵੀਡੀਓ ਕਾਨਫਰੰਸਿੰਗ ਐਪ
ਉਨ੍ਹਾਂ ਦਾ ਅੰਗਰੇਜ਼ੀ ਵਿੱਚ ਹੱਥ ਤੰਗ ਸੀ ਪਰ ਆਪਣੇ ਲਈ ਢੁਕਵੀ ਥਾਂ ਉਨ੍ਹਾਂ ਨੇ ਜਲਦੀ ਹੀ ਲਭ ਲਈ।
ਇੱਕ ਦਹਾਕੇ ਤੱਕ ਉਨ੍ਹਾਂ ਨੇ ‘ਵੈਬਐਕਸ’ ਕੰਪਨੀ ਵਿੱਚ ਨੌਕਰੀ ਕੀਤੀ। ਜਿਸ ਨੂੰ ਬਾਅਦ ਵਿੱਚ ਇੱਕ ਹੋਰ ਵੱਡੀ ਕੰਪਨੀ ‘ਸਿਸਕੋ ਸਿਸਟਮਜ਼’ ਨੇ ਖ਼ਰੀਦ ਲਿਆ।
ਹੁਣ ਐਰਿਕ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਬਣ ਗਏ।
- ਉਹ 5 ਦਵਾਈਆਂ ਜਿਨ੍ਹਾਂ ਦੇ ਮਨੁੱਖੀ ਟ੍ਰਾਇਲ ਸ਼ੁਰੂ ਹੋ ਚੁੱਕੇ ਹਨ ਤੇ ਕੀ ਹਨ ਇਸ ਬਾਰੇ ਚੁਣੌਤੀਆਂ
- ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
- ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
- ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ 'ਬਹੁਤ ਵਧੀਆ' ਹਨ
- ਕੋਰੋਨਾਵਾਇਰਸ ਨਾਲ ਪੀੜਤ ਹੋਣ 'ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
ਸਾਲ 2011 ਵਿੱਚ ਉਨ੍ਹਾਂ ਨੇ ਆਪਣਾ ਸੀਨੀਅਰਾਂ ਨੂੰ ਇੱਕ ਅਜਿਹੀ ਵੀਡੀਓ ਕਾਨਫਰੰਸਿੰਗ ਐਪ ਵਿਕਸਤ ਕਰਨ ਦਾ ਆਈਡੀਆ ਦਿੱਤਾ ਜੋ ਮੋਬਾਈਲ, ਲੈਪਟੌਪ,ਟੈਬਲੇਟ, ਡੈਸਕਟੌਪ ਹਰ ਉਪਕਰਣ ’ਤੇ ਕੰਮ ਕਰ ਸਕਦੀ ਹੋਵੇ।
ਸਿਸਕੋ ਵਾਲੇ ਇਸ ਲਈ ਮੰਨੇ ਨਹੀਂ ਅਤੇ ਐਰਿਕ ਨੇ ਜ਼ੂਮ ਕੰਪਨੀ ਸ਼ੁਰੂ ਕਰਨ ਲਈ ਨੌਕਰੀ ਛੱਡ ਦਿੱਤੀ।
ਆਈਡੀਆ ਆਇਆ ਕਿਵੇ?
ਇੱਕ ਔਨਲਾਈਨ ਪਬਲਿਸ਼ਿੰਗ ਪਲੇਟਫਾਰਮ ‘ਮਡੀਅਮ’ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਐਰਿਕ ਨੇ ਦੱਸਿਆ, "ਜਦੋਂ ਮੈਂ ਪਹਿਲੀ ਵਾਰ ਜ਼ੂਮ ਦੀ ਕਲਪਨਾ ਕੀਤੀ ਤਾਂ ਮੈਂ ਚੀਨ ਵਿੱਚ ਇਕ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਆਪਣੀ ਗਰਲਫਰੈਂਡ ਨੂੰ ਮਿਲਣ ਲਈ ਮੈਨੂੰ ਅਕਸਰ 10 ਘੰਟੇ ਰੇਲ ਦਾ ਸਫ਼ਰ ਕਰਨਾ ਪੈਂਦਾ ਸੀ। ਹੁਣ ਉਹ ਮੇਰੀ ਪਤਨੀ ਹੈ।"
“ਮੈਨੂੰ ਇਸ ਤਰ੍ਹਾਂ ਸਫ਼ਰ ਕਰਨਾ ਬਿਲਕੁਲ ਪਸੰਦ ਨਹੀਂ ਸੀ। ਮੈਂ ਸੋਚਿਆ ਕਰਦਾ ਸੀ ਸੀ ਕਿ ਕੋਈ ਅਜਿਹਾ ਤਰੀਕਾ ਹੋਵੇ ਕਿ ਮੈਂ ਬਿਨਾਂ ਕਿਸੇ ਸਫ਼ਰ ਦੇ ਆਪਣੀ ਗਰਲਫਰੈਂਡ ਨੂੰ ਮਿਲ ਸਕਾਂ। ਇਹ ਉਹੀ ਸੁਫ਼ਨਾ ਸੀ ਜਿਨ੍ਹਾਂ ਉੱਪਰ ਜ਼ੂਮ ਦੀ ਨੀਂਹ ਰੱਖੀ ਗਈ।”
ਇਸ ਕੰਮ ਲਈ ਵੱਡੀ ਚੁਣੌਤੀ ਸੀ ਪੈਸਾ ਇੱਕਠਾ ਕਰਨਾ। ਸਿਸਕੋ ਛੱਡਣ ਤੋਂ ਬਾਅਦ ਆਪਣੇ ਪ੍ਰੋਜੈਕਟ ਵਿੱਚ ਭਰੋਸਾ ਰੱਖਣ ਵਾਲੇ ਲੋਕ ਲੱਭਣਾ ਬਹੁਤ ਮੁਸ਼ਕਲ ਕੰਮ ਸੀ।
ਜ਼ਿਆਦਾਤਰ ਪੈਸਾ ਲਗਾਉਣ ਵਾਲਿਆਂ ਦੀ ਰਾਇ ਸੀ ਕਿ ਇਸ ਤਰ੍ਹਾਂ ਦੇ ਬਿਜ਼ਨਸ ਵਿੱਚ ਹੁਣ ਬਹੁਤੀ ਗੁੰਜਾਇਸ਼ ਨਹੀਂ ਬਚੀ ਹੈ। ਇਸ ਤੋਂ ਇਲਾਵਾ ਨਵੇਂ ਲੋਕਾਂ ਲਈ ਇਸ ਖੇਤਰ ਵਿੱਚ ਹੁਣ ਥਾਂ ਨਹੀਂ ਹੈ।
ਬਿਜ਼ਨਸ ਦੀ ਟਾਈਮਿੰਗ
'ਫਾਇਨਾਂਸ਼ੀਅਲ ਟਾਈਮਜ਼' ਅਖ਼ਬਾਰ ਦੇ ਅਨੁਸਾਰ ਐਰਿਕ ਨੇ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਤੋਂ ਪੈਸਾ ਉਧਾਰ ਲਿਆ।
ਆਪਣੇ ਬਿਜ਼ਨਸ ਦੀ ਟਾਈਮਿੰਗ ਬਾਰੇ ਉਨ੍ਹਾਂ ਨੇ ਅਖ਼ਬਾਰ ਨੂੰ ਦੱਸਿਆ, "ਜੇ ਤੁਸੀਂ ਕੋਈ ਬਿਜ਼ਨਸ ਸ਼ੁਰੂ ਕਰਦੇ ਹੋ ਤਾਂ ਇਸ ਦੀ ਟਾਈਮਿੰਗ ਬਹੁਤ ਅਹਿਮ ਹੁੰਦੀ ਹੈ। ਸਮਾਰਟਫ਼ੋਨ ਅਤੇ ਕਲਾਊਡ ਸਟੋਰੇਜ ਕੰਪਨੀਆਂ ਦੇ ਵਿਸਥਾਰ ਨੇ ਜ਼ੂਮ ਵਰਗੇ ਉਤਪਾਦ ਲਈ ਢੁਕਵੇਂ ਹਾਲਾਤ ਪੈਦਾ ਕਰ ਦਿੱਤੇ ਸਨ।"
ਉਨ੍ਹਾਂ ਨੇ ਫੋਰਬਸ ਨੂੰ ਦੱਸਿਆ, "ਇੱਥੋਂ ਤੱਕ ਕਿ ਮੇਰੀ ਪਤਨੀ ਨੂੰ ਵੀ ਭਰੋਸਾ ਨਹੀਂ ਸੀ ਪਰ ਮੈਂ ਕਿਹਾਕਿ ਇਹ ਇੱਕ ਲੰਬਾ ਅਤੇ ਮੁਸ਼ਕਲ ਸਫ਼ਰ ਹੈ। ਮੈਨੂੰ ਇਸ ਦਾ ਅੰਦਾਜ਼ਾ ਹੈ। ਜੇ ਮੈਂ ਇਸ ਦੀ ਕੋਸ਼ਿਸ਼ ਨਾ ਕੀਤੀ ਤਾਂ ਮੈਨੂੰ ਪਛਤਾਵਾ ਹੋਵੇਗਾ।"
ਇਸ ਤਰ੍ਹਾਂ ਆਪਣੀ ਪਿਆਰੀ ਨੂੰ ਜਲਦੀ ਤੇ ਬਿਨਾਂ ਸਫ਼ਰ ਦੇ ਮਿਲਣ ਦੀ ਇੱਛਾ ਨੇ ਅਜਿਹੇ ਵਿਚਾਰ ਨੂੰ ਜਨਮ ਦਿੱਤਾ ਜਿਸ ਨੇ ਅੱਜ ਐਰਿਕ ਨੂੰ ਬੁਲੰਦੀਆਂ ਉੱਪਰ ਪਹੁੰਚਾ ਦਿੱਤਾ ਹੈ।
ਮਹਾਂਮਾਰੀ ਦੌਰਾਨ ਕਾਰੋਬਾਰ ਵਿੱਚ ਵਾਧਾ
ਪਿਛਲੇ ਸਾਲ ਨੈਸਡੈਕ ਸੂਚੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਜ਼ੂਮ ਲਗਾਤਾਰ ਵਿਕਾਸ ਕਰ ਰਹੀ ਸੀ। ਉੱਥੇ ਉਹ ਕਲਾਊਡ ਸਾਫ਼ਟਵੇਅਰ ਕੈਟਗਰੀ ਵਿੱਚ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲੀਆਂ ਕੰਪਨੀਆਂ ਵਿੱਚੋਂ ਇੱਕ ਕੰਪਨੀ ਸੀ।
ਪਿਛਲੇ ਸਾਲ ਜਦੋਂ ਇਹ ਖੇਤਰ ਸੰਘਰਸ਼ ਕਰ ਰਿਹਾ ਸੀ ਉਸ ਸਮੇਂ ਵੀ ਜ਼ੂਮ ਠੀਕ ਚੱਲ ਰਹੀ ਸੀ। ਦਸੰਬਰ ਤੱਕ ਸਭ ਸਧਾਰਣ ਚਲਦਾ ਰਿਹਾ। ਅਚਾਨਕ ਚੀਜ਼ਾਂ ਨੇ ਰੁੱਖ ਬਦਲਿਆ। ਕੋਰੋਨਾਵਵਾਇਰਸ ਆ ਗਿਆ।
ਜਦੋਂ ਦੁਨੀਆਂ ਦੇ ਸ਼ੇਅਰ ਬਾਜ਼ਾਰ ਡਿੱਗ ਰਹੇ ਸੀ ਤਾਂ ਜ਼ੂਮ ਦੇ ਸ਼ੇਅਰ 14 ਫ਼ੀਸਦੀ ਦੀ ਦਰ ਨਾਲ ਵਧ ਰਹੇ ਸਨ।
ਦਸੰਬਰ ਤੱਕ ਰੋਜ਼ਾਨਾ 1 ਕਰੋੜ ਯੂਜ਼ਰ ਜ਼ੂਮ ਤੇ ਆਉਂਦੇ ਸਨ, ਮਾਰਚ ਤੱਕ ਇਹ ਗਿਣਤੀ 20 ਕਰੋੜ ਹੋ ਗਈ। ਕੰਪਨੀ ਦੇ ਆਪਣੇ ਆਂਕੜਿਆਂ ਮੁਤਾਬਕ ਅਪ੍ਰੈਲ ਵਿੱਚ ਇਹ ਗਿਣਤੀ ਵਧ ਕੇ 30 ਕਰੋੜ ਹੋ ਗਈ।
ਇੱਕ ਅੰਦਾਜ਼ੇ ਮੁਤਾਬਕ ਪਿਛਲੇ 4 ਮਹੀਨਿਆਂ ਵਿੱਚ ਐਰਿਕ ਦੀ ਹੈਸੀਅਤ ਚਾਰ ਅਰਬ ਡਾਲਰ ਵਧ ਗਈ ਹੈ। ਇਸ ਦੀ ਵਜ੍ਹਾ ਹੈ ਕਿ ਦੁਨੀਆਂ ਵਿੱਚ ਲੌਕਡਾਊਨ ਲਾਗੂ ਹੈ ਅਤੇ ਲੋਕਾਂ ਨੂੰ ਆਪਸ ਵਿੱਚ ਗੱਲ ਕਰਨ ਲਈ ਕੋਈ ਪਲੇਟਫਾਰਮ ਚਾਹੀਦਾ ਸੀ। ਜੋ ਜ਼ੂਮ ਨੇ ਦੇ ਦਿੱਤਾ।
ਜ਼ੂਮ ਐਪ ਵਰਤੋਂ ਕਰਨ ਵਿੱਚ ਆਸਾਨ ਹੈ...
ਲੌਕਡਾਊਨ ਦੇ ਦੌਰਾਨ ਕਾਰੋਬਾਰੀ ਬੈਠਕਾਂ ਜਾਂ ਕਿਸੇ ਵੀ ਕਿਸਮ ਦੀ ਵੀਡੀਓ ਗੱਲਬਾਤ ਲਈ ਸਕਾਈਪ ਅਤੇ ਗੂਗਲ ਹੈਂਗਆਊਟ ਵਰਗੇ ਪਲੇਟਫਾਰਮ ਪਹਿਲਾਂ ਤੋਂ ਮੌਜੂਦ ਸਨ। ਅਜਿਹੇ ਵਿੱਚ ਐਰਿਕ ਨੇ ਆਪਣੀ ਖੇਡ ਕਿਵੇਂ ਜਮਾਈ?
ਟੈਕਨੌਲੋਜੀ ਦੇ ਮਾਹਰ ਮੰਨਦੇ ਹਿ ਕਿ ਇਸ ਦੀ ਇੱਕ ਵਜ੍ਹਾ ਜ਼ੂਮ ਨੂੰ ਵਰਤਣ ਵਿਚਲੀ ਸੌਖ ਹੈ। ਆਪਣੇ ਆਪ ਨੂੰ ਰਜਿਸਟਰ ਕਰਨ ਦੀ ਕੋਈ ਲੋੜ ਨਹੀਂ। ਇੱਕ ਕਾਲ ਵਿੱਚ 100 ਲੋਕ ਇਕੱਠੇ ਜੁੜ ਸਕਦੇ ਹਨ ਉਹ ਵੀ ਮੁਫ਼ਤ
ਇਹ ਦੋਧਾਰੀ ਤਲਵਾਰ ਸਾਬਤ ਹੋ ਰਿਹਾ ਹੈ। ਇਸ ਸੌਖ ਨੇ ਹੀ ਐਪ ਨੂੰ ਡੇਟਾ ਸੁਰੱਖਿਆ ਅਤੇ ਨਿਜਤਾ ਦੇ ਲਿਹਾਜ਼ ਤੋਂ ਅਸੁਰੱਖਿਅਤ ਬਣਾ ਦਿੱਤਾ।
ਭਰੋਸੇ ਦਾ ਸਵਾਲ
ਜ਼ੂਮ ਦੀ ਕਲਪਨਾ ਇੱਕ ਕਾਰੋਬਾਰੀ ਐਪਲੀਕੇਸ਼ਨ ਵਜੋਂ ਕੀਤੀ ਗਈ ਸੀ ਪਰ ਲੌਕਡਾਊਨ ਵਿੱਚ ਲਗਭਗ ਹਰ ਕੋਈ ਇਸ ਦੀ ਵਰਤੋਂ ਕਰ ਰਿਹਾ ਹੈ।
ਕੰਪਨੀ ਉੱਪਰ ਹੈਕਿੰਗ ਦੇ ਹਮਲੇ ਵਧ ਗਏ ਹਨ ਤੇ ਦੁਨੀਆਂ ਨੂੰ ਇਹ ਗੱਲ ਪਤਾ ਵੀ ਲੱਗ ਗਿਆ ਹੈ।
ਅਜਿਹੀਆਂ ਰਿਪੋਰਟਾਂ ਆਈਆ ਹਨ ਕਿ ਵੀਡੀਓ ਕਾਨਫਰੰਸਿੰਗ ਦੌਰਾਨ ਹੈਕਰਾਂ ਨੇ ਘੁਸਪੈਠ ਕਰ ਲਈ ਅਤੇ ਇਤਰਾਜ਼ਯੋਗ ਕਾਮੁਕ ਸਮੱਗਰੀ ਪ੍ਰਕਾਸ਼ਿਤ ਕਰ ਦਿੱਤੀ। ਇਸ ਨੂੰ ਜ਼ੂਮਬਾਂਬਿੰਗ ਜਾਂ ਜ਼ੂਮ ਬੰਬਾਰੀ ਕਿਹਾ ਜਾਂਦਾ ਹੈ।
ਇਹ ਵੀ ਸਾਹਮਣੇ ਆਇਆ ਹੈ ਕਿ ਮੀਟਿੰਗ ਨੂੰ ਰਿਕਾਰਡ ਕਰਨਾ ਵੀ ਮਹਿਫ਼ੂਜ਼ ਨਹੀਂ ਹੈ ਕਿਉਂਕਿ ਦੂਜੇ ਲੋਕ ਬਿਨਾਂ ਅਗਾਊਂ ਪ੍ਰਵਾਨਗੀ ਦੇ ਇਸ ਤੱਕ ਪਹੁੰਚ ਸਕਦੇ ਹਨ।
ਨਿਊ ਯਾਰਕ ਦੇ ਅਟੌਰਨੀ ਜਰਨਲ ਨੇ ਜ਼ੂਮ ਤੋਂ ਪੁੱਛਿਆ ਹੈ ਕਿ ਕੀ ਕੰਪਨੀ ਨੇ ਵਾਧੂ ਸੁਰੱਖਿਆ ਮਾਪਦੰਡ ਲਾਗੂ ਕੀਤੇ ਹਨ। ਸੰਸਦ, ਮੰਤਰੀ, ਕੰਪਨੀਆਂ ਦੇ ਨਿਰਦੇਸ਼ ਅਤੇ ਜ਼ੂਨ ਦੇ ਹੋਰ ਕਲਾਈਂਟ ਹੁਣ ਭਰੋਸੇ ਉੱਪਰ ਸਵਾਲ ਖੜ੍ਹੇ ਕਰ ਰਹੇ ਹਨ।
"ਮੈਂ ਬੇਹੱਦ ਸ਼ਰਮਿੰਦਾ ਹਾਂ..."
ਐਰਿਕ ਯੂਆਨ ਦਾ ਕਹਿਣਾ ਹੈ ਕਿ ਜ਼ੂਮ ਦੀਆਂ ਸੇਵਾਵਾਂ ਕੰਪਨੀਆਂ ਦੇ ਹਿਸਾਬ ਨਾਲ ਤਿਆਰ ਕੀਤੀਆਂ ਗਈਆਂ ਸਨ ਅਤੇ ਇੰਨੀ ਵੱਡੀ ਗਿਣਤੀ ਵਿੱਚ ਵਰਤਣ ਵਾਲਿਆਂ ਦੇ ਆ ਜਾਣ ਦੀ ਕੋਈ ਤਿਆਰੀ ਨਹੀਂ ਕੀਤੀ ਗਈ ਸੀ।
ਨਿੱਜਤਾ ਅਤੇ ਸੁਰੱਖਿਆ ਬਾਰੇ ਸਵਾਲਾਂ ਬਾਰੇ ਉਨ੍ਹਾਂ ਨੇ ਮੰਨਿਆ ਕਿ ਉਹ ਉਮੀਦਾਂ ਤੇ ਖਰੇ ਨਹੀਂ ਉਤਰੇ।
ਇਸ ਸਮੱਸਿਆ ਦੇ ਹੱਲ ਲਈ ਚੁੱਕੇ ਗਏ ਕਦਮਾਂ ਦਾ ਐਲਾਨ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਮੈਂ ਬੇਹੱਦ ਸ਼ਰਮਿੰਦਾ ਹਾਂ..."
ਬ੍ਰਿਟੇਨ ਦੇ ਸਾਈਬਰ ਸੁਰੱਖਿਆ ਸਲਾਹਕਾਰ ਗ੍ਰਾਹਮ ਕਲੂਲੇ ਦਾ ਕਹਿਣਾ ਹੈ," ਲੰਘੇ ਹਫ਼ਤਿਆਂ ਵਿੱਚ ਕੰਪਨੀ ਦੀ ਕਾਫ਼ੀ ਜਾਂਚ-ਪੜਤਾਲ ਹੋਈ ਹੈ। ਰਿਸਰਚਰਾਂ ਨੇ ਉਨ੍ਹਾਂ ਦੇ ਕੋਡਸ ਦੀ ਜਾਂਚ-ਪਰਖ ਕੀਤੀ ਹੈ। ਇਸ ਵਿੱਚ ਗੰਭੀਰ ਕਮੀਆਂ ਪਾਈਆਂ ਗਈਆਂ ਹਨ। ਹਾਲਾਂਕਿ ਕੰਪਨੀ ਨੇ ਸਾਫ਼ਟਵੇਅਰ ਅਪਡੇਟ ਜਾਰੀ ਕੀਤੇ ਹਨ ਅਤੇ ਦੂਜੇ ਸੁਰੱਖਿਆ ਉਪਾਇ ਵੀ ਕੀਤੇ ਜਾ ਰਹੇ ਹਨ।"
"ਜ਼ੂਮ ਯਕੀਨਨ ਉਹ ਪਲੇਟਫਾਰਮ ਨਹੀਂ ਹੈ ਜਿਸ ਉੱਪਰ ਵੱਡੇ ਸਿਆਸਤਦਾਨ ਸੰਵੇਦਨਸ਼ੀਲ ਮਸਲਿਆਂ ਬਾਰੇ ਚਰਚਾ ਕਰਨ। ਲੇਕਿਨ ਜ਼ਿਆਦਾਤਰ ਲੋਕਾਂ ਲਈ ਇਹ ਕੋਈ ਬੁਰਾ ਵਿਕਲਪ ਨਹੀਂ ਹੈ।"
ਲੰਘੇ ਹਫ਼ਤਿਆਂ ਵਿੱਚ ਦੂਜੀਆਂ ਕੰਪਨੀਆਂ ਨੇ ਵੀ ਆਪਣੀ ਰਣਨੀਤੀ ਬਦਲੀ ਹੈ। ਕੁਝ ਦਿਨ ਪਹਿਲਾਣ ਫੇਸਬੁੱਖ ਨੇ ਮਸੈਂਜਰ ਰੂਮ ਦਾ ਫੀਚਰ ਜਾਰੀ ਕੀਤਾ ਹੈ। ਜਿਸ ਉੱਪਰ 50 ਜਣੇ ਬਿਨਾਂ ਕਿਸੇ ਸਮੇਂ ਦੀ ਬੰਦਿਸ਼ ਦੇ ਵਰਚੂਅਲ ਬੈਠਕ ਕਰ ਸਕਦੇ ਹਨ।
ਲੇਕਿਨ ਹਾਲੇ ਇਹ ਤਸਵੀਰ ਸਾਫ਼ ਨਹੀਂ ਹੈ ਕਿ ਜ਼ੂਮ ਨੇ ਜੋ ਸਫ਼ਲਤਾ ਹਾਸਲ ਕੀਤੀ ਹੈ ਉਹ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਕਿੰਨਾ ਕੁ ਕਾਇਮ ਰੱਖ ਸਕੇਗੀ।
ਇਹ ਵੀ ਵੇਖੋ: