You’re viewing a text-only version of this website that uses less data. View the main version of the website including all images and videos.
ਗਾਂ-ਮੱਝ ਦੇ ਦੁੱਧ ਦੀ ਥਾਂ ਅਨਾਜ ’ਚੋਂ ਕੱਢਿਆ ਦੁੱਧ ਇਸ ਤਰ੍ਹਾਂ ਲਾਹੇਵੰਦ
- ਲੇਖਕ, ਕੇਲੀ ਓਆਕੇਸ
- ਰੋਲ, ਬੀਬੀਸੀ ਪੱਤਰਕਾਰ
ਦੁੱਧ ਨੂੰ ਇਨਸਾਨਾਂ ਲਈ ਇੱਕ ਪੋਸ਼ਕ ਅਤੇ ਸੰਤੁਲਿਤ ਆਹਾਰ ਮੰਨਿਆ ਜਾਂਦਾ ਹੈ।
ਪਰ ਹੁਣ ਲੋਕ ਗਾਂ, ਮੱਝ, ਬੱਕਰੀ ਦੇ ਦੁੱਧ ਦੀ ਥਾਂ ਅਨਾਜ ਵਿੱਚੋਂ ਕੱਢੇ ਗਏ ਦੁੱਧ ਜਿਵੇਂ, ਸੋਇਆਬੀਨ ਦਾ ਦੁੱਧ, ਨਾਰੀਅਲ ਦਾ ਦੁੱਧ, ਜੌਂ ਦਾ ਦੁੱਧ ਜਾਂ ਭੰਗ ਦੇ ਦੁੱਧ ਵੱਲ ਵਧ ਰਹੇ ਹਨ।
ਇਨ੍ਹਾਂ ਨੂੰ ਪੌਦਿਆਂ 'ਚੋਂ ਕੱਢਿਆ ਜਾਣਾ ਵਾਲ ਦੁੱਧ ਕਹਿੰਦੇ ਹਨ। ਇੱਕ ਦੌਰ ਸੀ ਜਦੋਂ ਇਸ ਤਰ੍ਹਾਂ ਦੇ ਦੁੱਧ ਨੂੰ ਕੋਈ ਪੁੱਛਦਾ ਤੱਕ ਨਹੀਂ ਸੀ।
ਪਰ ਹੁਣ ਵੇਗਨ ਲੋਕਾਂ ਦੀ ਇੱਕ ਵੱਡੀ ਆਬਾਦੀ ਹੋ ਗਈ ਹੈ, ਜੋ ਦੁੱਧ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੌਦਿਆਂ ਤੋਂ ਨਿਕਲੇ ਦੁੱਧ ਨਾਲ ਪੂਰਾ ਕਰਦੇ ਹਨ। ਇਸ ਲਈ ਪੌਦਿਆਂ ਤੋਂ ਨਿਕਲਣ ਵਾਲਾ ਹਰ ਤਰ੍ਹਾਂ ਦਾ ਦੁੱਧ ਹੁਣ ਬਾਜ਼ਾਰ ਵਿੱਚ ਮੌਜੂਦ ਹੈ।
ਹੁਣ ਤੋਂ ਪਹਿਲਾਂ ਵੀ ਕੁਝ ਲੋਕ ਡੇਅਰੀ ਦੁੱਧ ਦੀ ਥਾਂ ਬਦਾਮ ਦਾ ਦੁੱਧ ਪੀਣਾ ਪਸੰਦ ਕਰਦੇ ਸਨ। ਬਹੁਤ ਸਾਰੇ ਲੋਕ ਜਾਨਵਰਾਂ ਦੇ ਅਧਿਕਾਰਾਂ ਲਈ ਅਜਿਹਾ ਕਰਦੇ ਹਨ, ਜਦਕਿ ਬਹੁਤ ਸਾਰੇ ਲੋਕ ਦੁੱਧ ਵਿੱਚ ਮੌਜੂਦ ਸ਼ੂਗਰ ਲੈਕੋਜ਼ ਨਹੀਂ ਪਚਾ ਸਕਦੇ ਤਾਂ ਕਰਕੇ ਇਨ੍ਹਾਂ ਨੂੰ ਬਦਲ ਵਜੋਂ ਚੁਣਦੇ ਹਨ।
ਪਰ ਹੁਣ ਵਧਦੇ ਵਾਤਾਵਰਨ ਸੰਕਟ ਕਾਰਨ ਇੱਕ ਵੱਡੀ ਆਬਾਦੀ ਅਜਿਹਾ ਕਰ ਰਹੀ ਹੈ।
ਇਹ ਵੀ ਪੜ੍ਹੋ-
ਕੀ ਸੱਚਮੁੱਚ ਇਸ ਨਾਲ ਵਾਤਾਵਰਨ ਦਾ ਭਲਾ ਹੋਵੇਗਾ ਅਤੇ ਕੀ ਇਸ ਤਰ੍ਹਾਂ ਦੇ ਦੁੱਧ 'ਚ ਡੇਅਰੀ ਦੁੱਧ ਨਾਲ ਮਿਲਣ ਵਾਲੇ ਸਾਰੇ ਪੋਸ਼ਕ ਤੱਤ ਮੌਜੂਦ ਹਨ?
ਕਾਰਬਨ ਨਿਕਾਸੀ
ਓਕਸਫੋਰਡ ਯੂਨੀਵਰਸਿਟੀ 'ਚ ਖੋਜਕਾਰ ਜੋਸੈਫ ਪੂਰ ਨੇ ਅਨਾਜ ਵਾਲੇ ਦੁੱਧ 'ਤੇ 2018 ਵਿੱਚ ਇੱਕ ਖੋਜ ਪ੍ਰਕਾਸ਼ਿਤ ਕੀਤੀ ਸੀ।
ਇਸ ਖੋਜ ਵਿੱਚ ਸਿੱਟਾ ਨਿਕਲਿਆ ਸੀ ਕਿ ਨਾਨ ਡੇਅਰੀ ਮਿਲਕ ਯਾਨਿ ਅਨਾਜ ਵਾਲਾ ਦੁੱਧ ਗਾਂ ਦੇ ਦੁੱਧ ਨਾਲੋਂ ਵਧੇਰੇ ਲਾਹੇਵੰਦ ਹੈ।
ਗਾਂ ਦਾ ਦੁੱਧ ਹਾਸਿਲ ਕਰਨ ਲਈ ਵੱਡੇ ਪੱਧਰ 'ਤੇ ਜ਼ਮੀਨ ਅਤੇ ਚਾਰੇ ਦਾ ਇੰਤਜ਼ਾਮ ਕਰਨਾ ਪੈਂਦਾ ਹੈ। ਗਾਂ ਦਾ ਦੁੱਧ ਹਾਸਿਲ ਕਰਨ ਵਿੱਚ ਕਾਫੀ ਮਾਤਰਾ ਵਿੱਚ ਕਾਰਬਨ ਦੀ ਨਿਕਾਸੀ ਹੁੰਦੀ ਹੈ, ਜੋ ਵਾਤਾਵਰਨ ਲਈ ਖ਼ਤਰਨਾਕ ਹੈ।
ਜੇਕਰ ਗੱਲ ਕੀਤੀ ਜਾਵੇ ਕਾਰਬਨ ਨਿਕਾਸੀ ਦੀ ਤਾਂ ਜੌਂ, ਸੋਇਆ, ਬਦਾਮ, ਚੌਲਾਂ ਤੋਂ ਨਿਕਲਣ ਵਾਲਾ ਦੁੱਧ ਤਿਆਰ ਕਰਨ ਵਿੱਚ ਡੇਅਰੀ ਦੇ ਦੁੱਧ ਦੇ ਮੁਕਾਬਲੇ ਇੱਕ ਤਿਹਾਈ ਤੋਂ ਵੀ ਘੱਟ ਕਾਰਬਨ ਦੀ ਨਿਕਾਸੀ ਹੁੰਦੀ ਹੈ।
ਜਿਵੇਂ, ਜੌਂ ਦੇ ਪੌਦੇ ਤੋਂ ਇੱਕ ਲੀਟਰ ਦੁੱਧ ਕੱਢਣ ਲਈ ਜਿੰਨੀ ਜੌਂ ਬੀਜੀ ਜਾਂਦੀ ਹੈ, ਉਸ ਵਿਚੋਂ ਸਿਰਫ਼ 0.9 ਕਿਲੋ ਗ੍ਰਾਮ ਕਾਰਬਨ ਵਾਤਾਵਰਨ ਵਿੱਚ ਮਿਲਦੀ ਹੈ। ਚੌਲਾਂ ਤੋਂ 1.2 ਗ੍ਰਾਮ, ਜਦਕਿ ਸੋਇਆ 'ਚੋਂ ਇੱਕ ਕਿਲੋਗ੍ਰਾਮ ਕਾਰਬਨ ਦੀ ਨਿਕਾਸੀ ਹੁੰਦੀ ਹੈ।
ਉੱਥੇ ਹੀ ਡੇਅਰੀ ਵਾਲਾ ਦੁੱਧ ਪੈਦਾ ਕਰਨ ਲਈ 3.2 ਕਿਲੋਗ੍ਰਾਮ ਕਾਰਬਨ ਦੀ ਨਿਕਾਸੀ ਹੁੰਦੀ ਹੈ।
ਡੇਅਰੀ ਦੇ ਦੁੱਧ ਦੇ ਮੁਕਾਬਲੇ ਪੌਦਿਆਂ ਤੋਂ ਦੁੱਧ ਕੱਢਣ ਵਿੱਚ ਪਾਣੀ ਦੀ ਖ਼ਪਤ ਵੀ ਘੱਟ ਹੁੰਦੀ ਹੈ। ਮਿਸਾਲ ਵਜੋਂ ਬਦਾਮ ਨੂੰ ਸਭ ਤੋਂ ਵੱਧ ਪਾਣੀ ਦੀ ਦਰਕਾਰ ਹੁੰਦੀ ਹੈ। ਇੱਕ ਲੀਟਰ ਬਦਾਮ ਦਾ ਦੁੱਧ ਕੱਢਣ ਲਈ 371 ਲੀਟਰ ਪਾਣੀ ਦੀ ਲੋੜ ਹੁੰਦੀ ਹੈ।
ਜਦਕਿ ਡੇਅਰੀ ਦਾ ਇੱਕ ਲੀਟਰ ਦੁੱਧ ਕੱਢਣ ਲਈ 628 ਲੀਟਰ ਪਾਣੀ ਦੀ ਲੋੜ ਹੁੰਦੀ ਹੈ।
ਓਰਗੈਨਿਕ ਜਾਂ ਜੈਵਿਕ ਖੇਤੀ
ਜੇਕਰ ਤੁਸੀਂ ਇਹ ਫ਼ੈਸਲਾ ਕਰ ਲਿਆ ਹੈ ਕਿ ਤੁਸੀਂ ਪੌਦਿਆਂ ਤੋਂ ਨਿਕਲਣ ਵਾਲਾ ਦੁੱਧ ਹੀ ਪੀਣਾ ਹੈ ਤਾਂ ਫਿਰ, ਤੁਹਾਨੂੰ ਇਹ ਵੀ ਤੈਅ ਕਰਨਾ ਪਵੇਗਾ ਕਿ ਤੁਸੀਂ ਓਰਗੈਨਿਕ ਖੇਤੀ ਤੋਂ ਨਿਕਲਣ ਵਾਲਾ ਦੁੱਧ ਪੀਓਗੇ ਜਾਂ ਫਿਰ ਰਵਾਇਤੀ ਢੰਗ ਨਾਲ ਕੀਤੀ ਗਈ ਖੇਤੀ ਵੱਲ ਜਾਓਗੇ।
ਓਰਗੈਨਿਕ ਜਾਂ ਜੈਵਿਕ ਖੇਤੀ ਵਿੱਚ ਕੀਟਨਾਸ਼ਕਾਂ ਅਤੇ ਰਸਾਇਣਾਂ ਦਾ ਇਸਤੇਮਾਲ ਨਹੀਂ ਹੁੰਦਾ ਹੈ। ਜੇਕਰ ਹੁੰਦਾ ਵੀ ਹੈ ਤਾਂ ਬਹੁਤ ਘੱਟ। ਅਜਿਹੀ ਖੇਤੀ ਵਾਤਾਵਰਨ ਅਤੇ ਸਿਹਤ ਦੋਵਾਂ ਲਈ ਫਾਇਦੇਮੰਦ ਹੈ।
ਪਰ ਨਵੀਂ ਖੋਜ ਦੱਸਦੀ ਹੈ ਕਿ ਜੈਵਿਕ ਖੇਤੀ ਦਾ ਵਾਤਾਵਰਨ 'ਤੇ ਕੁਝ ਖ਼ਾਸ ਅਸਰ ਨਹੀਂ ਪੈਂਦਾ। ਦਰਅਸਲ ਜੈਵਿਕ ਖੇਤੀ ਲਈ ਵਧੇਰੇ ਜ਼ਮੀਨ ਦੀ ਲੋੜ ਹੁੰਦੀ ਹੈ।
ਰਵਾਇਤੀ ਖੇਤੀ ਵਿੱਚ ਇੱਕ ਕਾਰਟਨ ਸੋਇਆ ਪੈਦਾ ਕਰਨ ਲਈ ਜਿੰਨੀ ਜ਼ਮੀਨ ਦੀ ਲੋੜ ਹੁੰਦੀ ਹੈ, ਜੈਵਿਕ ਖੇਤੀ ਲਈ ਉਸ ਤੋਂ ਦੁਗਣੀ ਜ਼ਮੀਨ ਚਾਹੀਦੀ ਹੁੰਦੀ ਹੈ।
ਲਗਾਤਾਰ ਵਧਦੀ ਮੰਗ ਪੂਰੀ ਕਰਨ ਲਈ ਮਹਿਜ਼ ਜੈਵਿਕ ਖੇਤੀ 'ਤੇ ਨਿਰਭਰ ਨਹੀਂ ਰਿਹਾ ਜਾ ਸਕਦਾ।
ਵੈਸੇ ਵੀ ਜੇਕਰ ਜੈਵਿਕ ਖੇਤੀ ਤੋਂ ਕਾਰਬਨ ਨਿਕਾਸੀ ਘੱਟ ਹੋਵੇਗੀ ਤਾਂ ਦੂਜੇ ਖਾਦ ਪਦਾਰਥ ਪੈਦਾ ਕਰਨ ਲਈ ਕਿਤੇ ਹੋਰ ਜੰਗਲ ਸਾਫ਼ ਕਰ ਕੇ ਖੇਤ ਤਿਆਰ ਕੀਤੇ ਜਾਣਗੇ।
ਅਜਿਹੇ ਵਿੱਚ ਜੰਗਲ ਵਿੱਚ ਕਾਰਬਨ ਦਾ ਜਿੰਨਾ ਸਟਾਕ ਹੋਵੇਗਾ ਉਹ ਖ਼ਤਮ ਹੋ ਜਾਵੇਗਾ ਅਤੇ ਗੱਲ ਫਿਰ ਉੱਥੇ ਹੀ ਆ ਜਾਵੇਗੀ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਰਵਾਇਤੀ ਖੇਤੀ ਦੇ ਮੁਕਾਬਲੇ ਜੈਵਿਕ ਖੇਤੀ ਵਿੱਚ ਮਿੱਟੀ ਵਿੱਚ ਕਾਰਬਨ ਵਧੇਰੇ ਜਮਾਂ ਹੁੰਦੀ ਹੈ, ਜੋ ਫ਼ਸਲ ਦੀ ਗੁਣਵੱਤਾ ਲਈ ਜ਼ਰੂਰੀ ਹੈ।
ਖ਼ਰਾਬ ਮੌਸਮ ਵਿੱਚ ਵੀ ਮਿੱਟੀ ਜਾਂ ਇਹੀ ਕਾਰਬਨ ਉਸ ਨੂੰ ਤਬਾਹ ਹੋਣ ਤੋਂ ਬਚਾ ਲੈਂਦੀ ਹੈ।
ਹੋ ਸਕਦਾ ਹੈ ਕਿ ਵਰਤਮਾਨ ਸਮੇਂ ਵਿੱਚ ਜੈਵਿਕ ਖੇਤੀ ਨਾਲ ਉਤਪਾਦਨ ਨਾ ਹੋਵੇ, ਪਰ ਭਵਿੱਖ ਵਿੱਚ ਜਦੋਂ ਮਿੱਟੀ ਦੀ ਗੁਣਵੱਤਾ ਚੰਗੀ ਹੋ ਜਾਵੇਗੀ ਸ਼ਾਇਦ ਜੈਵਿਕ ਖੇਤੀ ਵੀ ਰਵਾਇਤੀ ਖੇਤੀ ਵਾਂਗ ਹੀ ਉਪਜ ਹੋ ਜਾਵੇਗੀ।
ਇਹ ਵੀ ਪੜ੍ਹੋ-
ਕੈਲਸ਼ੀਅਮ ਅਤੇ ਪ੍ਰੋਟੀਨ
ਦੁੱਧ ਨਾਲ ਦੋ ਪੋਸ਼ਕ ਤੱਤ ਸਭ ਤੋਂ ਵੱਧ ਮਾਤਰਾ ਵਿੱਚ ਮਿਲਦੇ ਹਨ, ਕੈਲਸ਼ੀਅਮ ਅਤੇ ਪ੍ਰੋਟੀਨ।
ਜੇਕਰ ਤੁਸੀਂ ਦੁੱਧ ਦੀ ਵਰਤੋਂ ਸਿਰਫ਼ ਚਾਹ, ਕਾਫੀ ਲਈ ਕਰਦੇ ਹੋ ਤਾਂ ਤੁਸੀਂ ਦੁੱਧ ਦੇ ਕਿਸੇ ਵੀ ਬਦਲ 'ਤੇ ਵਿਚਾਰ ਕਰ ਸਕਦੇ ਹੋ।
ਪਰ ਜੇਕਰ ਦੁੱਧ ਤੁਹਾਡੇ ਜਾਂ ਤੁਹਾਡੇ ਬੱਚੇ ਲਈ ਖ਼ੁਰਾਕ ਦਾ ਅਹਿਮ ਹਿੱਸਾ ਹੈ ਤਾਂ ਫਿਰ ਸੰਜੀਦਗੀ ਨਾਲ ਸੋਚਣਾ ਪਵੇਗਾ।
ਪ੍ਰੋਟੀਨ ਦੇ ਮਾਮਲੇ ਵਿੱਚ ਸਿਰਫ਼ ਸੋਇਆ ਦੁੱਧ 'ਚ ਹੀ ਡੇਅਰੀ ਦੁੱਧ ਜਿੰਨਾ ਪ੍ਰੋਟੀਨ ਮਿਲਦਾ ਹੈ। 100 ਮਿਲੀਲੀਟਰ ਸੋਇਆ ਦੁੱਧ ਵਿੱਚ 3.4 ਗ੍ਰਾਮ ਪ੍ਰੋਟੀਨ ਹੁੰਦਾ ਹੈ।
ਜਦਕਿ ਗਾਂ ਦੇ 100 ਮਿਲੀਲੀਟਰ ਦੁੱਧ ਵਿੱਚ ਵਿੱਚ 3.5 ਗ੍ਰਾਮ ਪ੍ਰੋਟੀਨ ਹੁੰਦਾ ਹੈ। ਉੱਥੇ ਹੀ ਬਦਾਮ, ਚੌਲ, ਨਾਰੀਅਲ ਆਦਿ ਦੇ ਦੁੱਧ ਵਿੱਚ ਸੋਇਆ ਦੁੱਧ ਦੇ ਮੁਕਾਬਲੇ ਕਾਫੀ ਘੱਟ ਪ੍ਰੋਟੀਨ ਮਿਲਦਾ ਹੈ।
ਹੇਜ਼ਲਨਟ, ਭੰਗ ਅਤੇ ਜੌਂ ਦੇ ਦੁੱਧ ਵਿੱਚ ਵੀ ਸੋਇਆ ਜਿੰਨਾ ਤਾਂ ਨਹੀਂ ਪਰ ਕਰੀਬ-ਕਰੀਬ ਓਨਾਂ ਹੀ ਪ੍ਰੋਟੀਨ ਹੁੰਦਾ ਹੈ। ਜਾਣਕਾਰ ਵੀ ਡੇਅਰੀ ਦੁੱਧ ਦੀ ਥਾਂ ਸੋਇਆ ਮਿਲਕ ਦੀ ਸਲਾਹ ਦਿੰਦੇ ਹਨ।
ਫੈਟ ਰਹਿਤ ਦੁੱਧ
ਪੌਦਿਆਂ ਤੋਂ ਨਿਕਲਣ ਵਾਲੇ ਦੁੱਧ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਵਿੱਚ ਵਸਾ ਦੀ ਮਾਤਰਾ ਲਗਭਗ ਨਾਂ ਦੇ ਬਰਾਬਰ ਹੁੰਦੀ ਹੈ।
ਸਿਰਫ਼ ਨਾਰੀਅਲ ਦੇ ਦੁੱਧ ਵਿੱਚ ਫੈਟ ਜ਼ਿਆਦਾ ਹੁੰਦਾ ਹੈ। ਹਾਲਾਂਕਿ ਵਸਾ ਮੁਕਤ ਦੁੱਧ ਛੋਟੇ ਬੱਚਿਆਂ ਲਈ ਉਚਿਤ ਨਹੀਂ ਹੈ।
ਬਰਤਾਨੀਆਂ ਵਿੱਚ ਤਾਂ ਦੋ ਸਾਲ ਤੱਕ ਬੱਚਿਆਂ ਨੂੰ ਗਾਂ ਜਾਂ ਮੱਝ ਦਾ ਦੁੱਧ ਦੇਣ ਹੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ 5 ਸਾਲ ਦੀ ਉਮਰ ਤੱਕ ਸੈਮੀ-ਸਕਿਮਡ (ਕਰੀਮ ਕੱਢਿਆ ਹੋਇਆ) ਦੁੱਧ ਦੇਣ ਲਈ ਕਿਹਾ ਜਾਂਦਾ ਹੈ।
ਬਹਿਰਹਾਲ, ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਦੁੱਧ ਕਿਹੜਾ ਪੀਂਦੇ ਹੋ ਪਰ ਸੱਚਾਈ ਇਹੀ ਹੈ ਕਿ ਵਾਤਾਵਰਨ ਦੀ ਭਲਾਈ ਲਈ ਪੌਦਿਆਂ 'ਚੋਂ ਨਿਕਲਣ ਵਾਲਾ ਦੁੱਧ, ਡੇਅਰੀ ਮਿਲਕ ਦੇ ਮੁਕਾਬਲੇ ਬਿਹਤਰ ਬਦਲ ਹੈ।
ਵੈਸੇ ਤੁਹਾਨੂੰ ਤੰਦਰੁਸਤ ਰਹਿਣ ਲਈ ਇਕੱਲਾ ਦੁੱਧ ਹੀ ਕਾਫੀ ਨਹੀਂ ਹੈ, ਇਸ ਲਈ ਤੁਹਾਨੂੰ ਸੰਤੁਲਿਤ ਆਹਾਰ ਲੈਣਾ ਵੀ ਲਾਜ਼ਮੀ ਹੈ।
ਇਹ ਵੀ ਪੜ੍ਹੋ-
ਇਹ ਵੀ ਦੇਖੋ