ਇੱਕ ਅਰਬਪਤੀ ਚੰਨ ’ਤੇ ਲਿਜਾਣ ਲਈ ਜੀਵਨ ਸਾਥੀ ਲੱਭ ਰਿਹਾ ਹੈ... ਵਾਕਈ!

ਜਪਾਨ ਦਾ ਇੱਕ ਅਰਬਪਤੀ ਆਦਮੀ ਆਪਣੇ ਲਈ ਜੀਵਨ ਸਾਥੀ ਭਾਲ ਰਿਹਾ ਹੈ ਜੋ ਉਸ ਨਾਲ ਚੰਨ ਦੇ ਦੁਆਲੇ ਯਾਤਰਾ 'ਤੇ ਜਾ ਸਕੇ!

ਫੈਸ਼ਨ ਦੀ ਦੁਨੀਆਂ ਵਿੱਚ ਮਸ਼ਹੂਰ, 44 ਸਾਲਾਂ ਦੇ ਯੂਸਾਕੋ ਮੇਜ਼ਾਵਾ ਸਪੇਸ-ਐੱਕਸ ਦੀ ਪਹਿਲੀ ਵਾਰ ਹੋਣ ਵਾਲੀ ਨਿੱਜੀ ਚੰਨ ਯਾਤਰਾ 'ਤੇ ਜਾ ਰਹੇ ਹਨ।

ਪਲਾਨ ਹੈ ਕਿ ਉਹ ਚੰਨ 'ਤੇ ਜਾਣ ਵਾਲੇ ਪਹਿਲੇ ਆਮ ਨਾਗਰਿਕ ਬਣਨਗੇ। ਸਟਾਰਸ਼ਿਪ ਨਾਂ ਦੇ ਰਾਕਟ 'ਤੇ 2023 ਵਿੱਚ ਹੋਣ ਵਾਲਾ ਇਹ ਮਿਸ਼ਨ 1972 ਤੋਂ ਬਾਅਦ ਹੁਣ ਪਹਿਲੀ ਵਾਰ ਮਨੁੱਖ ਨੂੰ ਚੰਨ ਦੇ ਦੁਆਲੇ ਦੀ ਯਾਤਰਾ 'ਤੇ ਲੈ ਕੇ ਜਾ ਰਿਹਾ ਹੈ।

ਉਦਯੋਗਪਤੀ ਮੇਜ਼ਾਵਾ ਦਾ ਹਾਲ ਹੀ ਵਿੱਚ 27 ਸਾਲਾਂ ਦੀ ਅਦਾਕਾਰਾ ਆਯਾਮ ਗੋਰਕੀ ਨਾਲ ਬ੍ਰੇਕ-ਅਪ ਹੋਇਆ ਹੈ। ਆਨਲਾਈਨ ਕੀਤੀ ਅਪੀਲ ਵਿੱਚ ਮੇਜ਼ਾਵਾ ਕਹਿੰਦੇ ਹਨ ਕਿ ਉਹ ਆਪਣਾ ਅਨੁਭਵ ਕਿਸੇ 'ਖਾਸ' ਔਰਤ ਨਾਲ ਸਾਂਝਾ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ:

ਮੇਜ਼ਾਵਾ ਨੇ ਆਪਣੀ ਵੈਬਸਾਈਟ 'ਤੇ ਔਰਤਾਂ ਨੂੰ 'ਮੈਚ-ਮੇਕਿੰਗ' ਲਈ ਐਪਲਾਈ ਕਰਨ ਲਈ ਕਿਹਾ ਹੈ, "ਜਿਸ ਤਰ੍ਹਾਂ ਇਕੱਲਾਪਨ ਤੇ ਖਾਲੀਪਨ ਹੌਲੀ-ਹੌਲੀ ਮੇਰੇ 'ਤੇ ਹਾਵੀ ਹੋ ਰਿਹਾ ਹੈ, ਮੈਂ ਇੱਕ ਚੀਜ਼ ਬਾਰੇ ਲਗਾਤਾਰ ਸੋਚਦਾ ਹਾਂ, ਉਹ ਹੈ ਇੱਕ ਔਰਤ ਨੂੰ ਲਗਾਤਾਰ ਪਿਆਰ ਕਰਨ ਬਾਰੇ।"

"ਮੈਂ ਜੀਵਨ ਸਾਥੀ ਲੱਭਣਾ ਚਾਹੁੰਦਾ ਹਾਂ ਤੇ ਉਸ ਨਾਲ ਪੁਲਾੜ ’ਚ ਜਾ ਕੇ ਆਪਣੇ ਪਿਆਰ ਅਤੇ ਵਿਸ਼ਵ ਸ਼ਾਂਤੀ ਬਾਰੇ ਸਭ ਨੂੰ ਦੱਸਣਾ ਚਾਹੁੰਦਾ ਹਾਂ।"

ਜੀਵਨ ਸਾਥੀ ਦੀ ਖੋਜ

ਮੇਜ਼ਾਵਾ ਨੇ ਕੁਝ ਸ਼ਰਤਾਂ ਤੇ ਐਪਲੀਕੇਸ਼ਨ ਪਾਉਣ ਦੀ ਵਿਧੀ ਦਾ ਤਿੰਨ ਮਹੀਨਿਆਂ ਦਾ ਵੇਰਵਾ ਦਿੱਤਾ ਹੈ।

ਜੋ ਔਰਤਾਂ ਸਿੰਗਲ ਹਨ ਤੇ ਉਨ੍ਹਾਂ ਦੀ 20 ਸਾਲਾਂ ਤੋਂ ਜ਼ਿਆਦਾ ਉਮਰ ਹੈ, ਸਕਾਰਾਤਮਕ ਹਨ ਤੇ ਪੁਲਾੜ ਵਿੱਚ ਜਾਣ ਲਈ ਉਤਸੁਕ ਹਨ, ਉਹ ਇਸ ਲਈ ਐਪਲਾਈ ਕਰ ਸਕਦੀਆਂ ਹਨ।

ਆਖਰੀ ਤਰੀਕ 17 ਜਨਵਰੀ ਹੈ ਤੇ ਮੇਜ਼ਾਵਾ ਫੈਸਲਾ ਮਾਰਚ ਦੇ ਅੰਤ ਵਿੱਚ ਲੈਣਗੇ।

ਡਰਮ ਵਜਾਉਣ ਵਾਲੇ ਦੇ ਰੂਪ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਮੇਜ਼ਾਵਾ ਨੇ ਇੱਕ ਦਿਲਚਸਪ ਫਾਰਮ ਤਿਆਰ ਕੀਤਾ ਹੈ।

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮੇਜ਼ਾਵਾ ਨੇ 10 ਕਰੋੜ ਯੈਨ (6.25 ਕਰੋੜ ਭਾਰਤੀ ਰੁਪਏ) 100 ਲੋਕਾਂ ਵਿੱਚ ਵੰਡਣ ਦਾ ਵਾਅਦਾ ਕੀਤਾ ਸੀ। ਇਹ ਉਹ ਲੋਕ ਹੋਣਗੇ ਜਿਨ੍ਹਾਂ ਨੇ ਮੇਜ਼ਾਵਾ ਦਾ ਇੱਕ ਟਵੀਟ ਸ਼ੇਅਰ ਕੀਤਾ ਸੀ। "ਹਿੱਸਾ ਲੈਣ ਲਈ, ਤੁਸੀਂ ਸਿਰਫ਼ ਮੈਨੂੰ ਫੋਲੋ ਕਰਨਾ ਹੈ ਅਤੇ ਇਹ ਟਵੀਟ ਸ਼ੇਅਰ ਕਰਨਾ ਹੈ।"

ਆਨਲਾਈਨ ਕੱਪੜੇ ਵੇਚਣ ਦੀ ਕੰਪਨੀ, ਜ਼ੋਜ਼ੋ, ਸ਼ੁਰੂ ਕਰਨ ਵਾਲੇ ਮੇਜ਼ਾਵਾ ਬਾਰੇ ਅੰਦਾਜ਼ਾ ਹੈ ਕਿ ਉਹ ਕਰੀਬ 300 ਕਰੋੜ ਡਾਲਰ (212 ਅਰਬ ਭਾਰਤੀ ਰੁਪਏ) ਦੇ ਮਾਲਕ ਹਨ ਤੇ ਆਪਣੀ ਦੌਲਤ ਦਾ ਵੱਡਾ ਹਿੱਸਾ ਉਹ ਕਲਾ 'ਤੇ ਖਰਚਦੇ ਹਨ।

ਉਹ ਪਿਛਲੇ ਸਾਲ ਉਸ ਵੇਲੇ ਦੁਨੀਆਂ ਭਰ ਵਿੱਚ ਮਸ਼ਹੂਰ ਹੋ ਗਏ ਜਦੋਂ ਉਹ ਚੰਨ 'ਤੇ ਜਾਣ ਵਾਲੇ ਪਹਿਲੇ ਆਮ ਯਾਤਰੀ ਵਜੋਂ ਚੁਣੇ ਗਏ। ਉਹ ਈਲੋਨ ਮਸਕ ਦੀ ਸਪੇਸ-ਐੱਕਸ ਨਾਂ ਦੀ ਕੰਪਨੀ ਦੁਆਰਾ ਚੰਨ 'ਤੇ ਜਾਣਗੇ।

ਮੇਜ਼ਾਵਾ ਨੇ ਚੰਨ 'ਤੇ ਜਾਣ ਲਈ ਟਿਕਟ ਵੀ ਖਰੀਦੀ ਹੈ ਤੇ ਇਸ ਦੀ ਕੀਮਤ ਦਾ ਅਜੇ ਪਤਾ ਨਹੀਂ ਲੱਗਿਆ। ਪਰ ਮਸਕ ਦੇ ਮੁਤਾਬਕ ਉਨ੍ਹਾਂ ਨੇ 'ਬਹੁਤ ਪੈਸੇ' ਦਿੱਤੇ ਹਨ।

ਮੇਜ਼ਾਵਾ ਕਹਿੰਦੇ ਹਨ ਕਿ ਉਹ ਆਪਣੇ ਨਾਲ ਕਈ ਕਲਾਕਾਰਾਂ ਨੂੰ ਵੀ ਲੈ ਕੇ ਜਾਣ ਦੀ ਸੋਚ ਰਹੇ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)