You’re viewing a text-only version of this website that uses less data. View the main version of the website including all images and videos.
ਤਹਿਰਾਨ ਜਹਾਜ਼ ਹਾਦਸੇ ਦੀ ਜ਼ਿੰਮੇਵਾਰੀ ਈਰਾਨੀ ਫ਼ੌਜ ਨੇ ਲਈ, ਕਿਹਾ ‘ਮਨੁੱਖੀ ਭੁੱਲ’ ਕਾਰਨ ਹੋਇਆ
ਈਰਾਨ ਦੇ ਟੀਵੀ ਚੈਨਲਾਂ ਮੁਤਾਬਕ ਈਰਾਨੀ ਫ਼ੌਜ ਨੇ ਕਿਹਾ ਹੈ ਕਿ ਉਸ ਨੇ "ਗੈਰ-ਇਰਾਦਤਨ" ਹੀ ਯੂਕਰੇਨ ਦੇ ਯਾਤਰੀ ਜਹਾਜ਼ ਨੂੰ ਡੇਗ ਦਿੱਤਾ
ਸ਼ਨਿੱਚਰਵਾਰ ਸਵੇਰੇ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਘਟਨਾ “ਮਨੁੱਖੀ ਭੁੱਲ” ਕਾਰਨ ਵਾਪਰੀ।
ਈਰਾਨ ਤੋਂ ਪਹਿਲਾਂ ਕਈ ਵਿਸ਼ਵ ਆਗੂਆਂ ਨੇ ਇਸ ਹਾਦਸੇ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਪਰ ਈਰਾਨ ਲਗਾਤਾਰ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦਾ ਰਿਹਾ ਸੀ।
ਅਮਰੀਕੀ ਮੀਡੀਆ ਵਿੱਚ ਵੀ ਚਰਚਾ ਹੋ ਰਹੀ ਸੀ ਕਿ ਸ਼ਾਇਦ ਈਰਾਨ ਨੇ ਇਸ ਜਹਾਜ਼ ਨੂੰ ਅਮਰੀਕਾ ਦਾ ਕੋਈ ਜੰਗੀ ਜਹਾਜ਼ ਸਮਝ ਲਿਆ ਸੀ।
ਇਹ ਵੀ ਪੜ੍ਹੋ:
ਯੂਕਰੇਨ ਏਅਰਲਾਈਨ ਦਾ ਯਾਤਰੀ ਜਹਾਜ਼ ਬੁੱਧਵਾਰ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਜਹਾਜ਼ ਵਿੱਚ ਸਵਾਰ ਕ੍ਰਿਊ ਸਮੇਤ ਸਾਰੀਆਂ 176 ਸਵਾਰੀਆਂ ਮਾਰੀਆਂ ਗਈਆਂ ਸਨ।
ਹਾਦਸੇ ਤੋਂ ਬਾਅਦ ਈਰਾਨ ਦੀ ਪ੍ਰਤੀਕਿਰਿਆ ਸੀ ਕਿ ਉਹ ਜਹਾਜ਼ ਦਾ ਬਲੈਕ ਬਾਕਸ ਅਮਰੀਕਾ ਜਾਂ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਦੇ ਹਵਾਲੇ ਨਹੀਂ ਕਰੇਗਾ।
ਹਾਲਾਂਕਿ ਈਰਾਨ ਦੇ ਵਿਦੇਸ਼ ਮੰਤਰੀ ਨੇ ਬੋਇੰਗ ਨੂੰ ਹਾਦਸੇ ਦੀ ਜਾਂਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ।
ਈਰਾਨ ਦੇ ਟੀਵੀ ਚੈਨਲਾਂ ਨੇ ਹਾਦਸੇ ਵਾਲੀ ਥਾਂ ਦੀ ਬੁਲਡੋਜ਼ਰਾਂ ਨਾਲ ਸਫ਼ਾਈ ਹੁੰਦੀ ਵੀ ਦਿਖਾਈ ਸੀ।
‘ਗ਼ਲਤੀ ਲਈ ਈਰਾਨ ਨੂੰ ਅਫ਼ਸੋਸ ਹੈ’
ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਟਵੀਟ ਵਿੱਚ ਕਿਹਾ, "ਮਨੁੱਖੀ ਭੁੱਲ ਕਾਰਨ ਯੂਕਰੇਨ ਦੇ ਯਾਤਰੀ ਜਹਾਜ਼ 'ਤੇ ਮਿਜ਼ਾਈਲ ਦਾਗੀ ਗਈ ਤੇ 176 ਬੇਕਸੂਰਾਂ ਦੀ ਜਾਨ ਚਲੀ ਗਈ। ਕਿੱਥੇ ਗ਼ਲਤੀ ਹੋਈ ਇਸ ਦੀ ਪੜਤਾਲ ਲਈ ਹਾਲੇ ਜਾਂਚ ਕੀਤੀ ਜਾਰੀ ਹੈ।“
“ਇਸ ਭਿਆਨਕ ਦੁਖਾਂਤ ਲਈ ਜੋ ਵੀ ਮੁਲਜ਼ਮ ਹੋਇਆ ਉਸ ਨੂੰ ਛੱਡਿਆ ਨਹੀਂ ਜਾਵੇਗਾ। ਇਸ ਤਾਬਹਕਾਰੀ ਗ਼ਲਤੀ ਲਈ ਇਸਲਾਮਿਕ ਰਿਪਬਲਿਕ ਆਫ਼ ਈਰਾਨ ਨੂੰ ਅਫ਼ਸੋਸ ਹੈ। ਪੀੜਤ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ।"
ਈਰਾਨ ਦੇ ਵਿਦੇਸ਼ ਮੰਤਰੀ ਜਾਵਦ ਜ਼ਰੀਫ਼ ਨੇ ਟਵੀਟ ਵਿੱਚ ਲਿਖਿਆ,"ਬਹੁਤ ਹੀ ਦੁੱਖ ਦੇਣ ਵਾਲਾ ਹੈਛ ਫ਼ੌਜ ਦੀ ਮੁਢਲੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਇਹ ਇੱਕ ਮਨੁੱਖੀ ਭੁੱਲ ਹੈ ਜੇ ਅਮਰੀਕਾ ਦੇ ਪੰਗਿਆਂ ਕਾਰਨ ਸੰਕਟ ਦੀ ਘੜੀ ਵਿੱਚ ਵਾਪਰੀ। ਅਸੀਂ ਇਸ ਲਈ ਮਾਫ਼ੀ ਮੰਗਦੇ ਹਾਂ ਤੇ ਲੋਕਾਂ ਨਾਲ ਸਾਡੀ ਹਮਦਰਦੀ ਹੈ।"
ਈਰਨ ਨੇ ਆਪਣੇ ਬਿਆਨ ਵਿੱਚ ਕੀ ਕਿਹਾ ਹੈ?
ਸ਼ਨਿਚਰਵਾਰ ਸਵੇਰੇ, ਈਰਾਨ ਦੇ ਟੀਵੀ ਚੈਨਲ ਤੇ ਉਸਦੀ ਫ਼ੌਜ ਦਾ ਇੱਕ ਬਿਆਨ ਨਸ਼ਰ ਕੀਤਾ ਗਿਆ।
ਬਿਆਨ ਵਿੱਚ ਕਿਹਾ ਗਿਆ ਕਿ ਜਹਾਜ਼ ਈਰਾਨ ਦੇ ਰੈਵਲੂਸ਼ਨਰੀ ਗਾਰਡ ਜੋ ਕਿ ਦੇਸ਼ ਦੀ ਇਸਲਾਮਿਕ ਪ੍ਰਣਾਲੀ ਦੀ ਰੱਖਿਆ ਲਈ ਬਣਾਈ ਗਈ ਹੈ, ਦੇ ਟਿਕਾਣੇ ਦੇ ਨਜ਼ਦੀਕ ਉੱਡ ਰਿਹਾ ਸੀ।
ਬਿਆਨ ਵਿੱਚ ਕਿਹਾ ਗਿਆ ਕਿ, ਅਮਰੀਕਾ ਤੇ ਈਰਾਨ ਦੇ ਵਧੇ ਤਣਾਆ ਕਾਰਨ ਈਰਾਨ ਦੀ ਮਿਲਟਰੀ, "ਹਾਈ ਅਲਰਟ 'ਤੇ" ਸੀ। "ਅਜਿਹੀ ਸਥਿਤੀ ਵਿੱਚ, ਮਨੁੱਖੀ ਗਲਤੀ ਕਾਰਨ ਤੇ ਗੈਰ-ਇਰਦਾਤਨ ਤਰੀਕੇ ਨਾਲ, ਜਹਾਜ਼ ਤੇ ਨਿਸ਼ਾਨਾ ਲੱਗਿਆ।"
ਬਿਆਨ ਵਿੱਚ ਫ਼ੌਜ ਨੇ ਇਸ ਭੁੱਲ ਲਈ ਮਾਫ਼ੀ ਮੰਗੀ ਹੈ ਤੇ ਕਿਹਾ ਹੈ ਕਿ ਭਵਿੱਖ ਵਿੱਚ ਅਜਿਹੀਆਂ ਗਲਤੀਆਂ ਨਾ ਹੋਣ ਇਸ ਲਈ ਉਹ ਆਪਣੀ ਪ੍ਰਣਾਲੀ ਨੂੰ ਅੱਪਗ੍ਰੇਡ ਕਰਨਗੇ।
ਈਰਨ ਦੇ ਸਿਵਲ ਏਵੀਏਸ਼ਨ ਔਰਗਨਾਈਜ਼ੇਸ਼ਨ ਦੇ ਮੁਖੀ ਅਲੀ ਆਬਦੇਜ਼ਦੇਹ ਨੇ ਦੱਸਿਆ, "ਇੱਕ ਗੱ ਜੇ ਸਾਨੂੰ ਸਪਸ਼ਟ ਹੈ ਤੇ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜਹਾਜ਼ ਨੂੰ ਕਿਸੇ ਮਿਜ਼ਾਈਲ ਨੇ ਨਹੀਂ ਡੇਗਿਆ।"
ਈਰਾਨ ਦੀ ਫ਼ੌਜ ਤੋਂ ਭੁੱਲ ਹੋਈ ਕਿਵੇਂ?
ਈਰਾਨੀ ਫ਼ੌਜ ਨੇ ਕਿਹਾ ਹੈ ਕਿ ਜਹਾਜ਼ ਈਰਾਨ ਦੇ ਰੈਵਲੂਸ਼ਨਰੀ ਗਾਰਡ ਜੋ ਕਿ ਦੇਸ਼ ਦੀ ਇਸਲਾਮਿਕ ਪ੍ਰਣਾਲੀ ਦੀ ਰੱਖਿਆ ਲਈ ਬਣਾਈ ਗਈ ਹੈ, ਦੇ ਟਿਕਾਣੇ ਵੱਲ ਮੁੜਿਆ ਸੀ।
ਈਰਾਨ ਦੀ ਫ਼ੌਜ ਨੇ ਕਿਹਾ, ਜਹਾਜ਼ ਰੈਵਲੂਸ਼ਨਰੀ ਗਾਰਡ ਕੋਰ ਦੇ ਅੱਡੇ ਦੇ ਨਜ਼ਦੀਕ ਆ ਗਿਆ ਸੀ। ਉਸ ਸਥਿਤੀ ਵਿੱਚ ਮਨੁੱਖੀ ਭੁੱਲ ਹੋ ਤੇ ਜਹਾਜ਼ ਡੇਗ ਲਿਆ ਗਿਆ।"
ਰੈਵਲੂਸ਼ਨਰੀ ਗਾਰਡ ਨੇ ਆਪਣੇ ਬਿਆਨ ਵਿੱਚ ਕਿਹਾ, "ਇਸ ਵਿੱਚ ਜਿਸ ਦੀ ਵੀ ਗ਼ਲਤੀ ਹੋਈ ਉਸ ਤੇ ਕਾਨੂੰਨੀ ਕਾਰਵਾਈ ਹੋਵੇਗੀ। ਫ਼ੌਜ ਸਾਰੇ ਹਥਿਆਰਬੰਦ ਫ਼ੌਜਾਂ ਦੇ ਕੰਮਕਾਜ ਵਿੱਚ ਵਿਆਪਕ ਸੁਧਾਰ ਕਰੇਗੀ ਤਾਂ ਜੋ ਮੁੜ ਅਜਿਹੀ ਗ਼ਲਤੀ ਨਾ ਹੋਵੇ।"
ਈਰਾਨ ਦੀ ਫ਼ੌਜ ਨੇ ਆਪਣੇ ਬਿਆਨ ਵਿੱਚ ਕਿਹਾ, "ਇਰਾਕ ਵਿੱਚ ਅਮਰੀਕੀ ਫ਼ੌਜੀ ਅਡਿਆਂ ਤੇ ਮਿਜ਼ਾਈਲ ਹਮਲੇ ਤੋਂ ਬਾਅਦ ਅਮਰੀਕੀ ਫ਼ੌਜ ਦੇ ਜਹਾਜ਼ ਈਰਾਨ ਦੀ ਹੱਦ ਦੇ ਚਾਰੇ ਪਾਸੇ ਉੱਡਣ ਲੱਗੇ ਸਨ। ਅਜਿਹੇ ਵਿੱਚ ਈਰਾਨ ਦੀ ਫ਼ੌਜ ਨੇ ਏਰੀਅਲ ਤੇ ਫ਼ੌਜੀ ਅੱਡੇ ਵੱਲ ਆਉਂਦਾ ਜਹਾਜ਼ ਦੇਖਿਆ। ਈਰਾਨ ਦੀਆਂ ਕਈ ਰੱਖਿਆ ਪ੍ਰਣਾਲੀਆਂ ਵਿੱਚ ਗਤੀਵਿਧੀਆਂ ਵਧ ਗਈਆਂ।"
"ਅਜਿਹੇ ਵਿੱਚ ਯੂਕਰੇਨੀਅਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਉਡਾਣ 752 ਨੇ ਤਹਿਰਾਨ ਦੇ ਇਮਾਮ ਖੁਮੈਨੀ ਹਵਾਈ ਅੱਡੇ ਤੋਂ ਉਡਾਣ ਭਰੀ। ਉਡਾਣ ਭਰਨ ਤੋਂ ਬਾਅਦ ਉਹ ਆਈਆਰਜੀਸੀ ਫ਼ੌਜੀ ਸੈਂਟਰ ਦੇ ਕੋਲ ਆ ਗਈ। ਇਸੇ ਸਥਿਤੀ ਵਿੱਚ ਗ਼ਲਤੀ ਨਾਲ ਜਹਾਜ਼ ਨੂੰ ਮਾਰਿਆ ਗਿਆ। ਇਸ ਭੁੱਲ ਕਾਰਨ ਕਈ ਈਰਾਨੀਆਂ ਸਮੇਤ ਵਿਦੇਸ਼ੀ ਨਾਗਰਿਕਾਂ ਦੀ ਜਾਨ ਗਈ।
ਅਸਲ ਵਿੱਚ ਈਰਾਨ ਤੇ ਇਸ ਹਾਦਸੇ ਦੀ ਜਿੰਮੇਵਾਰੀ ਕਬੂਲਣ ਦਾ ਦਬਾਅ ਲਗਾਤਾਰ ਵਧ ਰਿਹਾ ਸੀ।
ਅਮਰੀਕਾ ਕੈਨੇਡ ਸਮੇਤ ਕਈ ਦੇਸ਼ਾਂ ਨੇ ਇਤਲਾਹਾਂ ਦੇ ਹਵਾਲੇ ਨਾਲ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਹਾਦਸੇ ਪਿੱਛੇ ਈਰਾਨ ਦਾ ਹੱਥ ਹੈ ਭਾਵੇਂ ਗੈਰਇਰਦਤਨ ਹੀ ਹੋਵੇ।
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ