You’re viewing a text-only version of this website that uses less data. View the main version of the website including all images and videos.
ਲੱਖਾਂ ਏਕੜ ਜੰਗਲ, ਕਰੋੜਾਂ ਜਾਨਵਰ: ਆਸਮਾਨ ਲਾਲ ਕਰਦੀ ਆਸਟਰੇਲੀਆ ਦੀ ਅੱਗ ਇੰਨੀ ਭਿਆਨਕ ਕਿਵੇਂ ਬਣ ਗਈ
ਆਸਟਰੇਲੀਆ ਦੇ ਜੰਗਲਾਂ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਜਲ ਰਹੀ ਅੱਗ ਨੇ 80 ਕਰੋੜ ਜਾਨਵਰਾਂ ਨੂੰ ਭਸਮ ਕਰ ਦਿੱਤਾ ਹੈ।
ਅੱਗ ਦੀ ਭਿਆਨਕਤਾ ਦਾ ਅੰਦਾਜ਼ਾ ਤਾਂ ਇਸ ਗੱਲ ਨਾਲ ਵੀ ਲਾਇਆ ਜਾ ਸਕਦਾ ਹੈ ਕਿ ਹੁਣ ਤੱਕ 1 ਲੱਖ ਵਰਗ ਕਿਲੋਮੀਟਰ ਦਾ ਖੇਤਰ ਤਬਾਹ ਹੋ ਚੁੱਕਾ ਹੈ।
ਸਮਝਣ ਲਈ ਇਸ ਤਰ੍ਹਾਂ ਸੋਚੋ: ਪ੍ਰਭਾਵਿਤ ਖੇਤਰ ਭਾਰਤੀ ਪੰਜਾਬ ਦੇ ਕੁਲ ਖੇਤਰ ਤੋਂ ਦੁੱਗਣਾ ਹੋ ਗਿਆ ਹੈ। ਨੀਦਰਲੈਂਡ ਦਾ ਕੁੱਲ ਰਕਬਾ ਹੀ ਇਸ ਤੋਂ ਘੱਟ ਹੈ।
ਹੁਣ ਤੱਕ 1, 800 ਤੋਂ ਜ਼ਿਆਦਾ ਘਰ ਤਬਾਹ ਹੋ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਸੰਖਿਆ ਘੱਟੋ-ਘੱਟ 25 ਦੱਸੀ ਜਾ ਰਹੀ ਹੈ।
ਮਾਰੇ ਗਏ ਜਾਨਵਰਾਂ ਦੀ ਗਿਣਤੀ ਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ ਕਿ ਭਾਰਤ ਵਿੱਚ ਦੁੱਧ ਦੇਣ ਵਾਲੇ, ਮਾਸ ਤੇ ਆਂਡਿਆਂ ਲਈ ਪਾਲੇ ਜਾਂਦੇ ਅਤੇ ਮਾਲ ਢੋਣ ਵਾਲੇ ਸਾਰੇ ਜਾਨਵਰਾਂ ਦੀ ਗਿਣਤੀ ਵੀ ਇਸ ਤੋਂ ਅੱਧੀ ਹੈ।
ਸਵਾਲ ਇਹ ਹੈ ਕਿ ਇਸ ਵਾਰ ਆਸਟਰੇਲੀਆ ਦੇ ਜੰਗਲਾਂ ਦੀ ਅੱਗ ਨੇ ਇੰਨਾ ਭਿਆਨਕ ਰੂਪ ਕਿਵੇਂ ਲੈ ਲਿਆ।
ਇਹ ਵੀ ਪੜ੍ਹੋ:
ਇੱਥੇ ਅੱਗ ਤਾਂ ਕੋਈ ਨਵੀਂ ਗੱਲ ਨਹੀਂ ਪਰ ਵਧਦੇ ਤਾਪਮਾਨ ਅਤੇ ਸੋਕੇ ਨੇ ਇਸ ਨੂੰ ਹੋਰ ਭੜਕਾਇਆ ਹੈ।
ਕਈ ਇਲਾਕਿਆਂ ਵਿੱਚ ਤਾਂ ਤਾਪਮਾਨ 50 ਡਿਗਰੀ ਸੈਲਸੀਅਸ ਨੇੜੇ ਪਹੁੰਚ ਚੁੱਕਾ ਹੈ ਅਤੇ ਅਜਿਹੇ ਵਿੱਚ ਸੁੱਕੇ ਜੰਗਲਾਂ (ਬੁਸ਼) ਦਾ ਅੱਗ ਫੜਨਾ ਸੁਭਾਵਿਕ ਹੈ।
ਖ਼ਾਸ ਗੱਲ ਇਹ ਹੈ ਕਿ 2019 ਦੌਰਾਨ ਜੋ ਤਾਪਮਾਨ ਵਧਿਆ ਹੈ ਉਸ ਕਰਕੇ ਇਸ ਅੱਗ ਨੇ ਇੰਨਾ ਵੱਡਾ ਰੂਪ ਲਿਆ ਹੈ।
ਹਾਲ ਇਹ ਹੈ ਕਿ ਅੱਗ ਬੁਝਣ ਦੀ ਬਜਾਇ ਹੁਣ ਮੁੜ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ — ਦੋ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬੇ — ਵਿੱਚ ਗਰਮ ਹਵਾਵਾਂ ਚੱਲਣ ਦਾ ਖ਼ਤਰਾ ਮੰਡਰਾ ਰਿਹਾ ਹੈ।
ਜਿਨ੍ਹਾਂ ਇਲਾਕਿਆਂ ਵਿੱਚ ਅੱਗ ਬੁਝ ਵੀ ਗਈ ਹੈ ਉਨ੍ਹਾਂ ਵਿੱਚ ਹੁਣ ਇਸ ਨਾਲ ਜੁੜੀਆਂ ਸਮੱਸਿਆਵਾਂ ਗੰਭੀਰ ਹੋ ਗਈਆਂ ਹਨ, ਮਸਲਨ ਪਾਣੀ ਦੀ ਕਮੀ ਅਤੇ ਹਵਾ ਵਿੱਚ ਪ੍ਰਦੂਸ਼ਣ।
ਪਾਣੀ ਦੀ ਕਮੀ ਦਾ ਅਸਰ ਮਨੁੱਖ ਅਤੇ ਜਾਨਵਰਾਂ ਵਿਚਾਲੇ ਸੰਘਰਸ਼ ਵਜੋਂ ਨਜ਼ਰ ਆ ਰਿਹਾ ਹੈ।
ਦੱਖਣੀ ਆਸਟਰੇਲੀਆ ਵਿੱਚ ਹਜ਼ਾਰਾਂ ਊਠ ਹਲਾਕ ਕੀਤੇ ਜਾ ਰਹੇ ਹਨ ਕਿਉਂਕਿ ਇਹ ਪਾਣੀ ਦੀ ਭਾਲ ਵਿੱਚ ਭੂਤਰ ਗਏ ਹਨ ਅਤੇ ਕਸਬਿਆਂ ਵਿੱਚ ਵੜ ਕੇ ਹਮਲੇ ਕਰ ਰਹੇ ਹਨ।
ਜਿਹੜੇ ਜਾਨਵਰ ਇਸ ਅੱਗ ਤੋਂ ਬੱਚ ਨਿਕਲੇ ਹਨ ਉਨ੍ਹਾਂ ਲਈ ਵੀ ਅਜੇ ਖ਼ਤਰਾ ਮੁੱਕਿਆ ਨਹੀਂ। ਹੁਣ ਉਨ੍ਹਾਂ ਦੀ ਖ਼ੁਰਾਕ, ਜਿਵੇਂ ਕਿ ਝਾੜੀਆਂ ਅਤੇ ਹੋਰ ਪੌਦੇ, ਮਾਤਰਾ ਵਿੱਚ ਇੰਨੇ ਘੱਟ ਹੋ ਗਏ ਹਨ ਕਿ ਜਾਨਵਰਾਂ ਲਈ ਖਾਧ ਪਦਾਰਥ ਖ਼ਾਸ ਤੌਰ 'ਤੇ ਮੰਗਵਾਉਣੇ ਪੈ ਸਕਦੇ ਹਨ।
ਕਾਰਨ ਕੀ?
ਅੱਗ ਲੱਗਣ ਨੂੰ ਲੈ ਕੇ ਕਈ ਤਰ੍ਹਾਂ ਦੀ ਬਹਿਸ ਚੱਲ ਰਹੀ ਹੈ। ਵਿਗਿਆਨੀ ਇਮਰਾਨ ਅਹਿਮਦ ਨਾਲ ਬੀਬੀਸੀ ਨੇ ਗੱਲ ਕੀਤੀ ਤਾਂ ਉਨ੍ਹਾਂ ਨੇ ਮੌਸਮੀ ਤਬਦੀਲੀ (Climate Change) ਨੂੰ ਇਸ ਦਾ ਸਭ ਤੋਂ ਵੱਡਾ ਕਾਰਨ ਮੰਨਿਆ।
ਅੱਗ ਤਾਂ ਪਹਿਲਾਂ ਵੀ ਲਗਦੀ ਹੈ ਪਰ ਇਸ ਵਾਰ ਇੰਨੀ ਭਿਆਨਕ ਕਿਉਂ ਹੈ?
ਦਰਅਸਲ ਆਸਟਰੇਲੀਆ ਵਿੱਚ ਇੰਡੀਅਨ ਨੀਨੋ (Indian Nino) ਨਾਂ ਦੇ ਮੌਸਮ ਦੇ ਹਾਲਾਤ ਬਣੇ ਹੋਏ ਨੇ ਜਿਸ ਕਰਕੇ ਤਾਪਮਾਨ ਕਾਫ਼ੀ ਵੱਧ ਚੁੱਕਿਆ ਹੈ।
ਇਸ ਵੇਲੇ ਆਸਟਰੇਲੀਆ ’ਚ ਗਰਮੀ ਦਾ ਮੌਸਮ ਹੈ ਅਤੇ ਇਸ ਤੋਂ ਪਿਛਲੇ 3 ਸਾਲਾਂ ਦੀਆਂ ਸਰਦੀਆਂ ’ਚ ਉਨਾਂ ਮੀਂਹ ਨਹੀਂ ਪਿਆ ਜਿੰਨੇ ਦੀ ਉਮੀਦ ਸੀ।
ਪਿਛਲੇ 100 ਸਾਲਾਂ ’ਚ ਆਸਟਰੇਲੀਆ ਦਾ ਤਾਪਮਾਨ 1 ਡਿਗਰੀ ਵਧਿਆ ਹੈ ਜੋ ਸੁਣਨ ’ਚ ਘੱਟ ਲਗਦਾ ਹੈ ਪਰ ਮੌਸਮੀ ਤਬਦੀਲੀਆਂ ਲਈ ਵੱਡਾ ਯੋਗਦਾਨ ਪਾਉਂਦਾ ਹੈ।
ਇੱਕ ਡਿਗਰੀ ਤਾਪਮਾਨ ਦੇ ਵਧਣ ਨੂੰ ਇਸ ਤਰ੍ਹਾਂ ਸਮਝੋ ਕਿ ਜੇ ਪੰਜਾਬ ਦਾ ਔਸਤ ਤਾਪਮਾਨ ਦੋ ਡਿਗਰੀ ਵਧ ਗਿਆ ਤਾਂ ਝੋਨੇ ਦਾ ਝਾੜ 9 ਫ਼ੀਸਦੀ ਘੱਟ ਜਾਵੇਗਾ ਅਤੇ ਕਣਕ ਦਾ 23 ਫ਼ੀਸਦੀ।
ਜੇ ਫਿਰ ਵੀ ਇਹ ਵਾਧਾ ਨਾ ਰੁਕਿਆ ਤੇ 3 ਡੀਗਰੀ ਤੱਕ ਪਹੁੰਚ ਗਿਆ ਤਾਂ ਕਣਕ ਦਾ ਝਾੜ 33 ਫ਼ੀਸਦੀ ਤੱਕ ਘੱਟ ਜਾਵੇਗਾ।
ਦਸੰਬਰ ਦੇ ਅੰਤ ਵਿੱਚ ਤਾਂ ਕਰੀਬ ਹਰ ਸੂਬੇ ਵਿੱਚ ਤਾਪਮਾਨ 40 ਡਿਗਰੀ ਟੱਪ ਗਿਆ ਸੀ। ਇਨ੍ਹਾਂ ਵਿੱਚ ਆਮ ਤੌਰ 'ਤੇ ਠੰਢਾ ਰਹਿਣ ਵਾਲਾ ਤਸਮਾਨੀਆ ਰਾਜ ਵੀ ਸ਼ਾਮਲ ਸੀ।
ਗਰਮ ਹਵਾਵਾਂ ਪਿੱਛੇ ਮੌਸਮੀ ਕਾਰਨ ਇਹ ਹੈ ਕਿ ਹਿੰਦ ਮਹਾਂਸਾਗਰ 'ਚ ਇਸ ਵੇਲੇ ਅਜਿਹੀ ਸਥਿਤੀ ਹੈ ਕਿ ਸਮੁੰਦਰ ਦੇ ਪੱਛਮੀ ਹਿੱਸੇ ਦੇ ਤਲ ਤਾਂ ਗਰਮ ਹੈ ਪਰ ਪੂਰਬੀ ਪਾਸੇ ਇਸੇ ਸਮੁੰਦਰ ਦੀ ਤਲ ਠੰਢਾ ਹੈ।
ਵਿਗਿਆਨੀ ਕਹਿੰਦੇ ਹਨ ਕਿ ਖ਼ਤਰਾ ਅਜੇ ਅਗਾਂਹ ਲਈ ਵੀ ਬਣਿਆ ਹੋਇਆ ਹੈ।
ਇਸ ਵਿਚਾਲੇ ਇਹ ਤਸਵੀਰਾਂ ਕੁਝ ਉਮੀਦ ਜਗਾਉਂਦੀਆਂ ਹਨ:
ਆਸਟਰੇਲੀਆ ਦੀ ਅੱਗ ਦਾ ਧੂੰਆਂ ਨਿਊਜ਼ੀਲੈਂਡ ਪਹੁੰਚ ਗਿਆ ਹੈ ਤੇ ਗਲੇਸ਼ੀਅਰਾਂ ’ਤੇ ਪੀਲੀ ਪਰਤ ਬਣਨੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਧੂੰਆਂ ਹਜ਼ਾਰਾਂ ਕਿਲੋਮੀਟਰ ਦੂਰ ਦੱਖਣੀ ਅਮਰੀਕਾ ਤੱਕ ਵੀ ਪਹੁੰਚ ਗਿਆ ਹੈ।
ਸਮਾਜਿਕ ਦੇ ਨਾਲ-ਨਾਲ ਇਸ ਅੱਗ ਦਾ ਆਸਟਰੇਲੀਆ ਦੀ ਆਰਥਿਕਤਾ ’ਤੇ ਵੀ ਪਵੇਗਾ।
ਇਹ ਵੀ ਪੜ੍ਹੋ:
ਵੀਡੀਓ: ਪੰਜਾਬ ਵਿੱਚ ਸਾੜੀ ਜਾਂਦੀ ਪਰਾਲੀ ਵੀ ਬੇਜ਼ੁਬਾਨਾਂ ਤੇ ਘੱਟ ਕਹਿਰ ਨਹੀਂ ਢਾਹੁੰਦੀ
ਵੀਡੀਓ: ਆਸਟਰੇਲੀਆਂ ਦੀ ਅੱਗ ਇਸ ਵਾਰ ਇੰਨੀ ਭਿਆਨਕ ਕਿਵੇਂ ਹੋ ਗਈ
ਵੀਡੀਓ: ਐਮੇਜ਼ੋਨ ਦੇ ਜੰਗਲਾਂ ਵਿੱਚ ਕੀ ਵਾਪਰਿਆ ਸੀ
ਵੀਡੀਓ: ਬਦਲਦਾ ਵਾਤਾਵਰਣ ਸਿਆਸੀ ਮੁੱਦਾ ਕਿਉਂ ਨਹੀਂ ਬਣਦਾ