ਔਰਤਾਂ ’ਤੇ ਹੁੰਦੀ ਹਿੰਸਾ ਖ਼ਿਲਾਫ ਦੁਨੀਆਂ ਭਰ ਵਿੱਚ ਹੋਏ ਮੁਜ਼ਾਹਰੇ - ਤਸਵੀਰਾਂ

ਦੁਨੀਆਂ ਭਰ ਵਿੱਚ ਲੋਕ ਔਰਤਾਂ ਖ਼ਿਲਾਫ਼ ਹਿੰਸਾ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਉੱਤਰੇ।

ਮੈਕਸਿਕੋ, ਇਟਲੀ, ਤੁਰਕੀ ਤੇ ਸੂਡਾਨ ਸਮੇਤ ਕਈ ਦੇਸ਼ਾਂ ਵਿੱਚ ਮੁਜ਼ਾਹਰੇ ਹੋਏ।

ਇਹ ਮੁਜ਼ਾਹਰੇ ਸੋਮਵਾਰ ਨੂੰ ਔਰਤਾਂ ਖ਼ਿਲਾਫ਼ ਹਿੰਸਾ ਨੂੰ ਰੋਕਣ ਬਾਰੇ ਕੌਮਾਂਤਰੀ ਦਿਹਾੜੇ ਦੇ ਸੰਬੰਧ ਵਿੱਚ ਰੱਖੇ ਗਏ।

ਸਾਲ 2017 ਵਿੱਚ ਦੁਨੀਆਂ ਭਰ ਵਿੱਚ 87,000 ਕੁੜੀਆਂ ਤੇ ਔਰਤਾਂ ਦੇ ਕਤਲ ਹੋਏ।

ਸੰਯੁਕਤ ਰਾਸ਼ਟਰ ਮੁਤਾਬਕ ਕੁੜੀਆਂ ਤੇ ਔਰਤਾਂ ਖ਼ਿਲਾਫ਼ ਹਿੰਸਾ ਦੁਨੀਆਂ ਵਿੱਚ ਮਨੁੱਖੀ ਹੱਕਾਂ ਦੀ ਸਭ ਤੋਂ ਆਮ ਹੋਣ ਵਾਲੀ ਉਲੰਘਣਾ ਹੈ। ਇਨ੍ਹਾਂ ਵਿੱਚੋਂ ਬਹੁਗਿਣਤੀ ਮਾਮਲੇ ਸ਼ਰਮ ਤੇ ਸਮਾਜਿਕ ਤੰਗ ਨਜ਼ਰੀਏ ਕਾਰਨ ਰਿਪੋਰਟ ਨਹੀਂ ਕੀਤੇ ਜਾਂਦੇ।

ਇਹ ਵੀ ਪੜ੍ਹੋ:

ਮੈਕਸੀਕੋ ਸ਼ਹਿਰ ਵਿੱਚ ਮੁਜ਼ਾਹਰਾਕਾਰੀਆਂ ਨੇ ਪ੍ਰਸਾਸ਼ਨ ਤੋਂ ਅਜਿਹੀ ਹਿੰਸਾ ਨੂੰ ਰੋਕਣ ਲਈ ਵਧੇਰੇ ਕਦਮ ਚੁੱਕਣ ਦੀ ਮੰਗ ਕੀਤੀ ਤੇ ਰੋਸ ਮਾਰਚ ਕੱਢਿਆ।

ਬਾਅਦ ਵਿੱਚ ਕੁਝ ਔਰਤ ਕਾਰਕੁਨਾਂ ਦਾ ਪੁਲਿਸ ਨਾਲ ਟਕਰਾਅ ਵੀ ਹੋ ਗਿਆ।

ਇਸ ਤੋਂ ਇਲਾਵਾ ਲੈਟਿਨ ਅਮਰੀਕਾ ਵਿੱਚ ਵੀ ਅਜਿਹੇ ਮੁਜਾਹਰੇ ਕੀਤੇ ਗਏ। ਸੰਯੁਕਤ ਰਾਸ਼ਟਰ ਮੁਤਾਬਕ ਉੱਥੇ ਹਰ ਰੋਜ਼ 12 ਔਰਤਾਂ ਦਾ ਔਰਤ ਹੋਣ ਕਾਰਨ ਕਤਲ (ਫੈਮੀਸਾਈਡ) ਹੁੰਦਾ ਹੈ।

ਚਿਲੀ ਵਿੱਚ ਮੁਜਾਹਰਾਕਾਰੀ ਆਪਣੇ ਮੂੰਹ ਤੇ ਲਾਲ ਪੰਜਿਆਂ ਦੇ ਨਿਸ਼ਾਨ ਬਣਾ ਕੇ ਜਲੂਸ ਵਿੱਚ ਸ਼ਾਮਲ ਹੋਏ।

ਅਰਜਨਟੀਨਾ ਵਿੱਚ ਵੀ ਔਰਤਾਂ ਨੇ ਆਪਣੇ ਮੂੰਹ 'ਤੇ ਪੰਜਿਆਂ ਦੀ ਛਾਪ ਲਾ ਕੇ ਮੁਜਾਹਰੇ ਕੀਤੇ ਅਤੇ ਦੇਸ਼ ਦੀ ਸੰਸਦ ਸਾਹਮਣੇ ਜਲੂਸ ਕੱਢਿਆ।

ਉਰੂਗੇ ਵਿੱਚ ਔਰਤਾਂ ਮਰਦ ਕਾਲੇ ਪਹਿਰਾਵੇ ਪਾ ਕੇ ਮੁਜਾਹਰਿਆਂ ਵਿੱਚ ਸ਼ਰੀਕ ਹੋਏ।

ਮੁਜਾਹਰਾਕਾਰੀਆਂ ਨੇ ਕਤਲ ਕੀਤੀਆਂ ਗਈਆਂ ਔਰਤਾਂ ਦੀ ਯਾਦ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਖਿਡੌਣੇ ਰੱਸੀਆਂ ਨਾਲ ਲਮਕਾਏ।

ਫੈਮੀਸਾਈਡ ਖਿਲਾਫ਼ ਮੁਜਾਹਰਾ ਕਰਨ ਲਈ ਪਨਾਮਾ ਸ਼ਹਿਰ ਵਿੱਚ ਔਰਤਾਂ ਨੇ ਲਾਸ਼ਾਂ ਵਾਂਗ ਕੱਪੜਾ ਲੈ ਕੇ ਅਤੇ ਸੜਕ 'ਤੇ ਪੈ ਕੇ ਮੁਜ਼ਾਹਰਾ ਕੀਤਾ।

ਯੂਰਪ ਦੇ ਵੀ ਕਈ ਦੇਸ਼ਾਂ ਵਿੱਚ ਔਰਤਾਂ ਤੇ ਹੁੰਦੀ ਹਿੰਸਾ ਦੇ ਖ਼ਿਲਾਫ਼ ਮੁਜ਼ਾਹਰੇ ਕੱਢੇ ਗਏ।

ਫਰਾਂਸ ਦੇ ਸ਼ਹਿਰ ਨਾਂਟੇਜ਼ ਵਿੱਚ ਸੋਮਵਾਰ ਨੂੰ ਔਰਤਾਂ ਇੱਕਠੀਆਂ ਹੋਈਆਂ। ਉਨ੍ਹਾਂ ਨੇ ਆਪਣੇ ਹੱਥ ਤੇ ਸਟੌਪ ਤੇ 138 ਲਿਖਿਆ ਹੋਇਆ ਸੀ। ਫਰਾਂਸ ਵਿੱਚ ਇਸ ਸਾਲ ਦੌਰਾਨ 138 ਔਰਤਾਂ ਨੂੰ ਉਨ੍ਹਾਂ ਦੇ ਪੁਰਾਣੇ ਜਾਂ ਮੌਜੂਦਾ ਸਾਥੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

ਸਪੇਨ ਦੇ ਸ਼ਹਿਰਾਂ ਵਿੱਚ ਵੀ ਹਜ਼ਾਰਾਂ ਲੋਕਾਂ ਨੇ ਇਸ ਪ੍ਰਸੰਗ ਵਿੱਚ ਮੁਜ਼ਾਹਰੇ ਕੀਤੇ। ਸਾਲ 2019 ਦੇ ਮੁੱਢ ਤੋਂ ਹੁਣ ਤੱਕ 54 ਔਰਤਾਂ ਨੂੰ ਉਨ੍ਹਾਂ ਦੇ ਮਾਪਿਆਂ ਜਾਂ ਪੁਰਸ਼ ਸਾਥੀਆਂ ਵੱਲੋਂ ਕਤਲ ਕੀਤੇ ਜਾਣ ਦੇ ਮਾਮਲੇ ਦਰਜ ਕੀਤੇ ਗਏ।

ਤੁਰਕੀ ਦੇ ਸ਼ਹਿਰ ਇਸਤੰਬੁਲ ਵਿੱਚ ਵੀ ਕੁਝ ਲੋਕਾਂ ਦੇ ਦੰਗਾ ਵਿਰੋਧੀ ਪੁਲਿਸ ਨਾਲ ਝੜਪਾਂ ਹੋਣ ਦੀਆਂ ਖ਼ਬਰਾਂ ਹਨ।

ਇਸਤੰਬੁਲ ਦੇ ਗਰੁੱਪ 'ਵੀ ਵਿੱਲ ਸਟੌਪ ਫੈਮੀਸਾਈਡ' ਮੁਤਾਬਕ ਤੁਰਕੀ ਵਿੱਚ ਇਸ ਸਾਲ ਹੁਣ ਤੱਕ 300 ਔਰਤਾਂ ਦੇ ਕਤਲ ਕੀਤੇ ਜਾ ਚੁੱਕੇ ਹਨ।

ਬਰਸਲਸ ਵਿੱਚ ਫੈਮੀਸਾਈਡ ਦੀਆਂ ਪੀੜਤਾਂ ਨੂੰ ਦਰਸਾਉਣ ਲਈ ਸੜਕ 'ਤੇ ਲਾਲ ਰੰਗ ਦੇ ਬੂਟ ਰੱਖੇ ਗਏ।

ਸੂਡਾਨ ਵਿੱਚ ਵੀ ਔਰਤਾਂ ਇਸ ਵਿਸ਼ਵ ਵਿਆਪੀ ਲਹਿਰ ਦਾ ਹਿੱਸਾ ਬਣੀਆਂ। ਉਨ੍ਹਾਂ ਨੇ "ਅਜ਼ਾਦੀ, ਸ਼ਾਂਤੀ, ਨਿਆਂ" ਦੇ ਨਾਅਰੇ ਲਗਾਏ।

ਸਾਰੀਆਂ ਤਸਵੀਰਾਂ ਕਾਪੀ ਰਾਈਟ ਹੱਕਾਂ ਦੇ ਅਧੀਨ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)