ਮਾਨਸਾ ਵਿੱਚ 'ਅਣਖ ਲਈ ਕਤਲ' ਦਾ ਮਾਮਲਾ: 'ਉਸ 'ਤੇ ਪੈਟਰੋਲ ਪਾਇਆ ਤੇ ਫਿਰ ਬਾਂਹਵਾਂ ਤੇ ਮੂੰਹ ਬੰਨ੍ਹ ਦਿੱਤਾ'

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਲਈ

ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਇੱਕ ਨਾਬਾਗਲ ਜਸਪ੍ਰੀਤ ਸਿੰਘ ਦੇ ਕਤਲ ਕਰ ਦਿੱਤਾ ਗਿਆ।

ਜਸਪ੍ਰੀਤ ਦੇ ਪਰਿਵਾਰ ਵੱਲੋਂ ਪੁਲਿਸ ਨੂੰ ਲਿਖਾਏ ਗਏ ਬਿਆਨਾਂ ਮੁਤਾਬਕ ਇਹ ਅਣਖ ਖ਼ਾਤਰ ਕੀਤਾ ਗਿਆ ਕਤਲ ਹੈ।

ਜਸਪ੍ਰੀਤ ਦੀ ਮਾਂ ਬਿੰਦਰ ਕੌਰ ਨੇ ਕਿਹਾ, "ਉਸ ਉੱਤੇ ਪੈਟਰੋਲ ਪਾਇਆ, ਉਹਦੀਆਂ ਬਾਹਵਾਂ ਬੰਨ੍ਹੀਆਂ, ਫਿਰ ਮੂੰਹ ਬੰਨ ਦਿੱਤਾ। ਸਾਨੂੰ ਤਾਂ ਸਵੇਰੇ ਪਤਾ ਲੱਗਿਆ ਕਿ ਸਾਡੇ ਨਾਲ ਆਹ ਘਟਨਾ ਵਾਪਰ ਗਈ ਹੈ। ਉਸ ਦਾ ਤਾਂ ਕੋਈ ਕਸੂਰ ਵੀ ਨਹੀਂ ਸੀ।"

"ਇਸ ਤੋਂ ਪਹਿਲਾਂ ਵੀ ਉਹ ਸਾਡੇ 'ਤੇ ਹਮਲੇ ਕਰ ਚੁੱਕੇ ਹਨ। ਅਸੀਂ ਇਸ ਬਾਰੇ ਥਾਣੇ ਵੀ ਦਰਖਾਸਤਾਂ ਦਿੱਤੀਆਂ ਸਨ ਪਰ ਕੋਈ ਸੁਣਵਾਈ ਨਹੀਂ ਹੋਈ। ਹੁਣ ਵੀ ਸਾਨੂੰ ਧਮਕੀਆਂ ਮਿਲ ਰਹੀਆਂ ਹਨ।"

ਮੁਲਜ਼ਮਾਂ ਦੇ ਪਰਿਵਾਰ ਵਾਲਿਆਂ ਨੇ ਇੰਨਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋ-

ਦਰਅਸਲ ਮ੍ਰਿਤਕ ਜਸਪ੍ਰੀਤ ਸਿੰਘ ਦੇ ਵੱਡੇ ਭਰਾ ਨੇ ਮੁਹੱਲੇ ਦੀ ਹੀ ਇੱਕ ਕੁੜੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਇਹ ਪ੍ਰੇਮੀ ਜੋੜਾ ਕਿਸੇ ਹੋਰ ਸ਼ਹਿਰ ਰਹਿਣ ਰਿਹਾ ਸੀ।

ਇਸ ਪ੍ਰੇਮ ਵਿਆਹ ਦੇ ਤਿੰਨ ਸਾਲ ਬਾਅਦ ਕੁੜੀ ਦੇ ਭਰਾ ਵੱਲੋਂ ਕਥਿਤ ਤੌਰ 'ਤੇ ਆਪਣੇ ਸਾਥੀਆਂ ਨਾਲ ਮਿਲ ਕੇ ਜਸਪ੍ਰੀਤ ਦਾ ਕਤਲ ਕਰ ਦਿੱਤਾ ਗਿਆ।

ਪਰਿਵਾਰ ਨੂੰ ਘਟਨਾ ਦਾ ਪਤਾ ਅਗਲੇ ਦਿਨ ਲੱਗਿਆ ਜਦੋਂ ਲੋਕਾਂ ਨੇ ਜਸਪ੍ਰੀਤ ਦੀ ਲਾਸ਼ ਸੁੰਨੀ ਥਾਂ ਉੱਤੇ ਪਈ ਦੇਖੀ।

ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਨੇ ਤਿੰਨ ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੇ ਕੀ ਕਿਹਾ?

ਮਾਨਸਾ ਪੁਲਿਸ ਦੇ ਐੱਸਐੱਸਪੀ ਨਰਿੰਦਰ ਭਾਰਗਵ ਦਾ ਇਸ ਕੇਸ ਸਬੰਧੀ ਕਹਿਣਾ ਸੀ, "ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਖ਼ਿਲਾਫ਼ ਧਾਰਾ 302 ਅਧੀਨ ਕਤਲ ਦਾ ਮਾਮਲਾ ਦਰਜ ਕਰਕੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।"

"ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜਿੱਥੋਂ ਤੱਕ ਕਿਸੇ ਹੋਰ ਵਿਅਕਤੀ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਦਾ ਸਵਾਲ ਹੈ ਇਸ ਸਬੰਧੀ ਅੱਗੇ ਤਫ਼ਤੀਸ਼ ਕੀਤੀ ਜਾ ਰਹੀ ਹੈ। ਫ਼ਿਲਹਾਲ ਕੋਈ ਹੋਰ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।"

ਪੀੜਤ ਪਰਿਵਾਰ ਵੱਲੋਂ ਪਹਿਲਾਂ ਵੀ ਝਗੜਾ ਹੋਣ ਅਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਸਬੰਧੀ ਉਨ੍ਹਾਂ ਦਾ ਕਹਿਣਾ ਸੀ, "ਤੁਹਾਡੇ ਵੱਲੋਂ ਪੁੱਛੇ ਸਵਾਲ ਸਬੰਧੀ ਸਮਰੱਥ ਅਧਿਕਾਰੀ ਦੀ ਡਿਊਟੀ ਲਗਾ ਕੇ ਤਫ਼ਤੀਸ਼ ਕੀਤੀ ਗਈ ਹੈ।"

"ਇਸ ਤੋਂ ਪਹਿਲਾਂ ਜਸਪ੍ਰੀਤ ਦੇ ਪਰਿਵਾਰ ਵੱਲੋਂ ਕਦੇ ਵੀ ਉਕਤ ਮੁਲਜ਼ਮਾਂ ਖ਼ਿਲਾਫ਼ ਕੋਈ ਵੀ ਸ਼ਿਕਾਇਤ ਪੁਲਿਸ ਕੋਲ ਨਹੀਂ ਕੀਤੀ ਗਈ। ਭਵਿੱਖ ਵਿੱਚ ਵੀ ਜੇ ਇਸ ਸਬੰਧੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਵਿੱਚ ਜੇ ਕੋਈ ਅਧਿਕਾਰੀ ਕਾਰਵਾਈ ਨਾ ਕਰਨ ਦਾ ਦੋਸ਼ੀ ਪਾਇਆ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਅਸੀਂ ਉਸ ਸ਼ਿਕਾਇਤ ਦੀ ਭਰੋਸੇਯੋਗਤਾ ਦੀ ਵੀ ਜਾਂਚ ਕਰਾਂਗੇ।"

ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਜਸਪ੍ਰੀਤ

ਇਸ ਘਟਨਾ ਵਿੱਚ ਮਾਰੇ ਗਏ ਜਸਪ੍ਰੀਤ ਸਿੰਘ ਅਤੇ ਉਸ ਦੇ ਕਤਲ ਵਿੱਚ ਨਾਮਜ਼ਦ ਮੁਲਜ਼ਮ ਸਾਰੇ ਹੀ ਇੱਕੋ ਮੁਹੱਲੇ ਦੇ ਰਹਿਣ ਵਾਲੇ ਹਨ।

ਗਾਂਧੀ ਨਗਰ ਨਾਂ ਦਾ ਇਹ ਇਲਾਕਾ ਮਾਨਸਾ ਦੇ ਵਾਰਡ ਨੰ: 25 ਵਿੱਚ ਪੈਂਦਾ ਹੈ। ਮੁਹੱਲੇ ਵਿੱਚ ਜਾਂਦਿਆਂ ਹੀ ਜਿਸ ਨੌਜਵਾਨ ਨੂੰ ਘਰ ਪੁੱਛਿਆ ਉਹ ਜਸਪ੍ਰੀਤ ਦਾ ਵੱਡਾ ਭਰਾ ਹੀ ਸੀ। ਮਾਰੇ ਗਏ ਜਸਪ੍ਰੀਤ ਦੇ ਘਰ ਦੀ ਗਲੀ ਤਾਂ ਮਸਾਂ ਚਾਰ ਕੁ ਫੁੱਟ ਹੈ।

ਘਰ ਵਿੱਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਅਫ਼ਸੋਸ ਕਰਨ ਆਈਆਂ ਔਰਤਾਂ ਬੈਠੀਆਂ ਸਨ। ਪਰਿਵਾਰ ਦਾ ਸਦਮੇ ਵਿੱਚ ਹੋਣਾ ਕੋਈ ਅਣਕਿਆਸਿਆ ਨਹੀਂ ਹੈ।

ਜਸਪ੍ਰੀਤ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਜਸਪ੍ਰੀਤ ਦੀ ਮਾਂ ਬਿੰਦਰ ਕੌਰ ਦੱਸਦੀ ਹੈ, "ਮੇਰੇ ਵੱਡੇ ਮੁੰਡੇ ਨੇ ਗੁਆਂਢ ਦੀ ਕੁੜੀ ਨਾਲ ਹੀ ਤਿੰਨ ਸਾਲ ਪਹਿਲਾਂ ਭੱਜ ਕੇ ਵਿਆਹ ਕਰਵਾਇਆ ਸੀ। ਉਦੋਂ ਤੋਂ ਹੀ ਉਹ ਬੁਢਲਾਡੇ ਰਹਿ ਰਿਹਾ ਹੈ। ਤਿੰਨ ਸਾਲ ਬਾਅਦ ਉਨ੍ਹਾਂ ਨੇ ਉਸ ਦਾ ਬਦਲਾ ਮੇਰੇ ਛੋਟੇ ਮੁੰਡੇ ਨੂੰ ਮਾਰ ਕੇ ਲਿਆ ਹੈ।"

"ਮੇਰਾ ਇੱਕ ਪੁੱਤ ਤਾਂ ਚਲਾ ਗਿਆ ਹੁਣ ਮੈਨੂੰ ਦੂਜੇ ਦੋਵਾਂ ਦੀ ਫ਼ਿਕਰ ਹੈ। ਮੈਂ ਚਾਹੁੰਦੀ ਹਾਂ ਕਿ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਚੌਥੇ ਬੰਦੇ ਤੇ ਵੀ ਕਾਰਵਾਈ ਹੋਵੇ।"

ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਇੱਕ ਮੁਲਜ਼ਮ ਦਾ ਘਰ ਜਸਪ੍ਰੀਤ ਦੇ ਘਰ ਤੋਂ ਦੋ ਘਰਾਂ ਦੀ ਵਿੱਥ 'ਤੇ ਹੀ ਹੈ।

ਇੱਕ ਮੁਲਜ਼ਮ ਦੇ ਘਰ ਵਿੱਚ ਮੌਜੂਦ ਉਸ ਦੇ ਵੱਡੇ ਭਰਾ ਨੇ ਸਾਡੀ ਟੀਮ ਨਾਲ ਗੱਲ ਕਰਦਿਆਂ ਦੱਸਿਆ, "ਲੋਕ ਕਹਿੰਦੇ ਹਨ ਕਿ ਮੇਰਾ ਭਰਾ ਜਸਪ੍ਰੀਤ ਨੂੰ ਉੱਥੇ ਲੈ ਕੇ ਗਿਆ ਸੀ। ਮੈਂ ਤਾਂ ਘਰ ਨਹੀਂ ਸੀ। ਮੇਰਾ ਭਰਾ ਉੱਥੇ ਮੌਜੂਦ ਸੀ। ਉਨ੍ਹਾਂ ਮੇਰੇ ਭਰਾ ਨੂੰ ਧਮਕੀ ਦਿੱਤੀ ਕਿ ਜੇ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਵੀ ਮਾਰ ਦੇਣਗੇ। ਮੇਰਾ ਭਰਾ ਨਾਬਾਲਗ਼ ਹੈ ਉਹ ਡਰ ਗਿਆ।"

ਦੂਜੇ ਮੁਲਜ਼ਮ (ਨਾਬਾਲਗ) ਦਾ ਘਰ ਇਸੇ ਮੁਹੱਲੇ ਵਿੱਚ ਕੁਝ ਦੂਰੀ ਉੱਤੇ ਦੂਸਰੀ ਗਲੀ ਵਿੱਚ ਹੈ। ਉਸ ਦੇ ਘਰ ਦੀ ਹਾਲਤ ਵੀ ਜਸਪ੍ਰੀਤ ਦੇ ਘਰ ਵਰਗੀ ਹੀ ਹੈ। ਘਰ ਵਿੱਚ ਉਸ ਦੀ ਦਾਦੀ, ਮਾਂ ਅਤੇ ਛੋਟਾ ਭਰਾ ਮੌਜੂਦ ਸਨ।

ਸਾਡੇ ਉੱਥੇ ਪਹੁੰਚਣ ਉੱਤੇ ਆਂਢ-ਗੁਆਂਢ ਦੇ ਕੁਝ ਲੋਕ ਵੀ ਆ ਜਾਂਦੇ ਹਨ। ਮੁਲਜ਼ਮ ਦੀ ਦਾਦੀ ਦੱਸਦੀ ਹੈ, "ਇਨ੍ਹਾਂ ਦਾ ਮੁੰਡਾ ਮੇਰੀ ਪੋਤੀ ਨੂੰ ਲੈ ਗਿਆ ਸੀ। ਉਦੋਂ ਅਸੀਂ ਆਪਣਾ ਜ਼ੋਰ ਲਾਇਆ ਪਰ ਸਾਡੀ ਪੇਸ਼ ਨਹੀਂ ਗਈ। ਮੇਰਾ ਮੁੰਡਾ ਇਸੇ ਗ਼ਮ ਵਿੱਚ ਦੁਨੀਆ ਤੋਂ ਚਲਾ ਗਿਆ।"

'ਪਹਿਲਾਂ ਪਤਾ ਲੱਗ ਜਾਂਦਾ ਮੁੰਡੇ ਨੂੰ ਸਮਝਾ ਲੈਂਦੇ'

"ਉਹ ਉਦੋਂ ਛੋਟਾ ਸੀ। ਅਸੀਂ ਸੋਚ ਲਿਆ ਕਿ ਚਲੋ ਜੋ ਹੋਇਆ ਆਪਣੇ ਘਰੇ ਵੱਸਦੀ ਹੈ। ਹੁਣ ਮੇਰਾ ਪੋਤਾ 16 ਕੁ ਸਾਲ ਦਾ ਹੈ। ਜਸਪ੍ਰੀਤ ਨੇ ਉਸ ਨੂੰ ਕੋਈ ਮਿਹਣਾ ਮਾਰ ਦਿੱਤਾ, ਬੱਸ ਆਹ ਘਟਨਾ ਵਾਪਰ ਗਈ। ਸਾਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ।"

ਜਸਪ੍ਰੀਤ ਦੇ ਪਰਿਵਾਰ ਨੂੰ ਧਮਕੀਆਂ ਦੇਣ ਸਬੰਧੀ ਉਨ੍ਹਾਂ ਦਾ ਕਹਿਣਾ ਸੀ, "ਹੁਣ ਤਾਂ ਉਹ ਜੋ ਮਰਜ਼ੀ ਕਹੀ ਜਾਣ। ਸਾਡਾ ਤਾਂ ਉਨ੍ਹਾਂ ਨਾਲ ਕਦੇ ਝਗੜਾ ਨਹੀਂ ਹੋਇਆ। ਅਸੀਂ ਤਾਂ ਦੋਵੇਂ ਸੱਸ ਨੂੰਹ ਮਸਾਂ ਗੁਜ਼ਾਰਾ ਕਰਦੀਆਂ ਹਾਂ। ਜੇ ਪਹਿਲਾਂ ਪਤਾ ਲੱਗ ਜਾਂਦਾ ਮੁੰਡੇ ਨੂੰ ਸਮਝਾ ਲੈਂਦੇ ਕਿਤੇ ਹੋਰ ਰਹਿਣ ਲੱਗ ਜਾਂਦੇ।"

ਇਸ ਮਾਮਲੇ ਵਿੱਚ ਨਾਮਜ਼ਦ ਤੀਜਾ ਮੁਲਜ਼ਮ ਦੂਜੇ ਮੁਲਜ਼ਮ ਦੇ ਸ਼ਰੀਕੇ ਵਿੱਚੋਂ ਹੀ ਹੈ। ਉਸ ਦਾ ਘਰ ਵੀ ਨੇੜਲੀ ਗਲੀ ਵਿੱਚ ਮੁਹੱਲੇ ਵਿੱਚ ਹੀ ਹੈ।

ਇਹ ਵੀ ਪੜ੍ਹੋ-

ਉਸ ਦੀ ਮਾਤਾ ਕਹਿੰਦੀ ਹੈ, "ਜਿਹੜੀ ਕੁੜੀ ਨੇ ਇਨ੍ਹਾਂ ਦੇ ਮੁੰਡੇ ਨਾਲ ਵਿਆਹ ਕਰਵਾਇਆ ਉਹ ਮੇਰੀ ਭਾਣਜੀ ਦੀ ਕੁੜੀ ਸੀ। ਜਸਪ੍ਰੀਤ ਨੇ ਕੁੜੀ ਦੇ ਭਰਾ ਨੂੰ ਕੁੜੀ ਨੂੰ ਲੈ ਕੇ ਮਜ਼ਾਕ ਕਰ ਦਿੱਤਾ। ਉਸ ਤੋਂ ਬਾਅਦ ਆਹ ਕੁਝ ਵਾਪਰ ਗਿਆ। ਚੰਗਾ ਹੋ ਗਿਆ ਜਾਂ ਮਾੜਾ ਹੋ ਗਿਆ ਸਾਨੂੰ ਬੱਚਿਆਂ ਨੇ ਕੁਝ ਨਹੀਂ ਦੱਸਿਆ।"

"ਸਾਡੇ ਤਾਂ ਚਲੋ ਜੇਲ੍ਹ ਜਾਣਗੇ ਉਨ੍ਹਾਂ ਦਾ ਤਾਂ ਮਾਰਿਆ ਗਿਆ। ਸਾਨੂੰ ਉਨ੍ਹਾਂ ਨਾਲ ਵਾਪਰੀ ਦਾ ਵੀ ਪੂਰਾ ਦੁੱਖ ਹੈ। ਮੇਰੇ ਵੱਡੇ ਮੁੰਡੇ ਨੂੰ ਪੁਲਿਸ ਫੜ ਕੇ ਲੈ ਗਈ। ਹੁਣ ਮੇਰੇ ਪਤੀ ਨੂੰ ਵੀ ਲੈ ਗਏ। ਮੇਰੇ ਪਤੀ ਦਾ ਇਸ ਮਾਮਲੇ ਵਿੱਚ ਕੋਈ ਦੋਸ਼ ਨਹੀਂ ਹੈ। ਅਸੀਂ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਹਾਂ। ਅਸੀਂ ਕਿਉਂ ਬੱਚਿਆਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇਵਾਂਗੇ।"

'ਮੁਲਜ਼ਮਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ'

ਮਜ਼ਦੂਰ ਮੁਕਤੀ ਮੋਰਚਾ ਦੇ ਪੰਜਾਬ ਦੇ ਸੈਕਟਰੀ ਭਗਵੰਤ ਸਮਾਓ ਨੇ ਘਟਨਾ ਸਥਾਨ ਵਾਲੀ ਜਗ੍ਹਾ ਸਾਡੀ ਟੀਮ ਨੂੰ ਦਿਖਾਈ।

ਉਨ੍ਹਾਂ ਇਸ ਮਾਮਲੇ ਉੱਤੇ ਗੱਲ ਕਰਦਿਆਂ ਕਿਹਾ, "ਪੰਜਾਬ ਵਿੱਚ ਇਹ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਨਹੀਂ ਹੈ। ਪਰ ਪਹਿਲਾਂ ਜ਼ਿਆਦਾਤਰ ਪ੍ਰੇਮ ਵਿਆਹ ਕਰਵਾਉਣ ਵਾਲੇ ਮੁੰਡੇ ਕੁੜੀ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। ਇਹ ਨਿਵੇਕਲਾ ਮਾਮਲਾ ਹੈ ਜਿਸ ਵਿੱਚ ਮੁੰਡੇ ਦੇ ਭਰਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ।"

"ਇਸ ਮੁਹੱਲੇ ਵਿੱਚ ਜ਼ਿਆਦਾਤਰ ਮਜ਼ਦੂਰ ਹੀ ਰਹਿੰਦੇ ਹਨ। ਸਾਡਾ ਮਜ਼ਦੂਰ ਜਥੇਬੰਦੀ ਹੋਣ ਕਰਕੇ ਆਉਣ-ਜਾਣ ਰਹਿੰਦਾ ਹੈ। ਜਿਸ ਤਰ੍ਹਾਂ ਉਸ ਬੱਚੇ ਨੂੰ ਕਤਲ ਕੀਤਾ ਗਿਆ ਇਹ ਬਹੁਤ ਘਿਨਾਉਣਾ ਹੈ। ਮੁਲਜ਼ਮਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।"

ਪ੍ਰੇਮ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇ ਬਾਵਜੂਦ ਇਸ ਨੂੰ ਸਮਾਜਕ ਮਾਨਤਾ ਓਵੇਂ ਨਹੀਂ ਦਿੱਤੀ ਜਾ ਰਹੀ।

ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੇ ਰਿਟਾਇਰਡ ਪ੍ਰਿੰਸੀਪਲ ਡਾ. ਬੀਐੱਸ ਸਿੱਧੂ ਦਾ ਇਸ ਤਰ੍ਹਾਂ ਦੇ ਵਰਤਾਰਿਆਂ ਬਾਰੇ ਕਹਿਣਾ ਸੀ, "ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਦੇ ਨਾਂ ਥੱਲੇ ਬਹੁਤ ਸਾਰੇ ਵਿਚਾਰ ਟੈਬੂ ਦਾ ਰੂਪ ਲੈ ਜਾਂਦੇ ਹਨ। ਪ੍ਰੇਮ ਵਿਆਹ ਦਾ ਮਾਮਲਾ ਵੀ ਸਾਡੀ ਸੁਸਾਇਟੀ ਵਿੱਚ ਇੱਕ ਤਰ੍ਹਾਂ ਦਾ ਟੈਬੂ ਹੀ ਹੈ।"

"ਕਾਨੂੰਨੀ ਮਾਨਤਾ ਦੇ ਬਾਵਜੂਦ ਸਮਾਜਿਕ ਤੌਰ 'ਤੇ ਜੇ ਕੋਈ ਵਰਤਾਰਾ ਸਮੂਹਿਕ ਰੂਪ ਵਿੱਚ ਪ੍ਰਵਾਨਿਤ ਨਾ ਹੋਵੇ ਤਾਂ ਇਹ ਟੈਬੂ ਹੀ ਹੁੰਦਾ ਹੈ। ਅਜਿਹੇ ਮਾਮਲੇ ਵਿੱਚ ਵਿਅਕਤੀ ਨੂੰ ਇਹ ਲਗਦਾ ਹੈ ਕਿ ਉਹ ਇਸ ਤਰ੍ਹਾਂ ਕਰਕੇ ਠੀਕ ਕਰ ਰਿਹਾ ਹੈ ਕਿਉਂਕਿ ਉਹ ਟੈਬੂਜ਼ ਮੁਤਾਬਕ ਸੋਚ ਰਿਹਾ ਹੈ।"

ਉਹ ਕਹਿੰਦੇ ਹਨ, "ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਮੈਡੀਕਲੀ ਡਾਇਗਨੋਜ਼ ਕਰਨਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਇਹ ਸਮਾਜਿਕ ਵਿਕਾਰ ਹੈ। ਇਸ ਦਾ ਪਤਾ ਉਦੋਂ ਹੀ ਲਗਦਾ ਹੈ ਜਦੋਂ ਆਮ ਵਾਂਗ ਵਿਹਾਰ ਕਰ ਰਿਹਾ ਵਿਅਕਤੀ ਅਜਿਹੀ ਘਟਨਾ ਨੂੰ ਅੰਜਾਮ ਦੇ ਦਿੰਦਾ ਹੈ। ਹਾਲਾਂਕਿ ਮੈਡੀਕਲੀ ਇਹ ਆਮ ਵਿਵਹਾਰ ਨਹੀਂ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)