ਸਿੱਖ ਟੈਕਸੀ ਡਰਾਇਵਰ ਦੀ ਪਾਕਿਸਤਾਨੀ ਕ੍ਰਿਕਟਰਾਂ ਨਾਲ ਤਸਵੀਰ ਕਿਉਂ ਹੋ ਰਹੀ ਵਾਇਰਲ - Social

ਆਸਟ੍ਰੇਲੀਆ ਦੌਰੇ ਉੱਤੇ ਗਈ ਪਾਕਿਸਤਾਨ ਕ੍ਰਿਕਟ ਟੀਮ ਭਾਵੇਂ ਪਹਿਲੇ ਹੀ ਮੈਚ ਵਿਚ ਮੇਜ਼ਬਾਨ ਟੀਮ ਤੋਂ ਹਾਰਨ ਕਾਰਨ ਦਰਸ਼ਕਾਂ ਦੇ ਦਿਲ ਨਹੀਂ ਜਿੱਤ ਸਕੀ।

ਪਰ ਪਾਕਿਸਤਾਨੀ ਟੀਮ ਦੇ ਪੰਜ ਖਿਡਾਰੀਆਂ ਵਲੋਂ ਭਾਰਤੀ ਮੂਲ ਦੇ ਇੱਕ ਸਿੱਖ ਟੈਕਸੀ ਡਰਾਇਵਰ ਨੂੰ ਕਰਵਾਏ ਡਿਨਰ ਦੀ ਦਿਲ ਟੁੰਬਵੀਂ ਕਹਾਣੀ ਦੇ ਸ਼ੋਸ਼ਲ ਮੀਡੀਆ ਉੱਤੇ ਆਉਣ ਕਾਰਨ ਇਨ੍ਹਾਂ ਨੂੰ ਵਾਹਵਾ ਦਾਦ ਮਿਲ ਰਹੀ ਹੈ।

ਅਸਲ ਵਿਚ ਸਿੱਖ ਟੈਕਸੀ ਡਰਾਇਵਰ ਨੇ ਪਾਕਿਸਤਾਨੀ ਖਿਡਾਰੀਆਂ ਤੋਂ ਕਿਰਾਇਆ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਇਨ੍ਹਾਂ ਨੇ ਵੀ ਉਸ ਨੂੰ ਪੂਰਾ ਮਾਣ ਤਾਣ ਦਿੰਦਿਆਂ ਨਾਲ ਬਿਠਾ ਕੇ ਖਾਣਾ ਖੁਆਇਆ ਤੇ ਇਸ ਨਾਲ ਆਪਣੀ ਤਸਵੀਰ ਨੂੰ ਵੀ ਟਵਿੱਟਰ ਉੱਤੇ ਸਾਂਝਾ ਕੀਤਾ।

ਇਹ ਤਸਵੀਰ ਅੱਗੇ ਕ੍ਰਿਕਟ ਨਾਲ ਜੁੜੀਆਂ ਹਸਤੀਆਂ ਅਤੇ ਮੀਡੀਆ ਅਦਾਰਿਆਂ ਦੇ ਟਵਿੱਟਰ ਹੈਂਡਲ ਰਾਹੀ ਵਾਇਰਲ ਹੋ ਰਹੀ ਹੈ।

ਨਸ਼ੀਮ ਸ਼ਾਹ ਨੇ ਲਿਖਿਆ'ਸਿੰਘ ਸਾਹਿਬ'

"ਸਿੰਘ ਸਾਹਿਬ ਕਾਰ ਡਾਰਾਈਵਰ ਹਨ ਅਤੇ ਅਸੀਂ ਉਨ੍ਹਾਂ ਨਾਲ ਸਫ਼ਰ ਕੀਤਾ ਅਤੇ ਉਨ੍ਹਾਂ ਨੇ ਸਾਡੇ ਤੋਂ ਪੈਸੇ ਨਹੀਂ ਲਏ। ਫਿਰ ਅਸੀਂ ਸਰਦਾਰ ਜੀ ਦੇ ਨਾਲ ਡਿਨਰ ਕੀਤਾ। ਇਹ ਵੀ ਭਾਰਤੀ ਹਨ..."

ਇਹ ਸ਼ਬਦ ਲਿਖੇ ਹਨ, ਪਾਕਿਸਤਾਨੀ ਕ੍ਰਿਕਟ ਖਿਡਾਰੀ ਨਸੀਮ ਸ਼ਾਹ ਨੇ। ਇਸ ਦੇ ਨਾਲ ਹੀ ਉਨ੍ਹਾਂ ਨੇ ਫੇਸਬੁੱਕ ਉੱਤੇ ਦੋ ਤਸਵੀਰਾਂ ਵੀ ਪੋਸਟ ਕੀਤੀਆਂ, ਆਪਣੇ ਸਾਥੀ ਕ੍ਰਿਕਟ ਖਿਡਾਰੀਆਂ ਅਤੇ ਸਿੱਖ ਟੈਕਸੀ ਡਰਾਈਵਰ ਦੇ ਨਾਲ।

ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਸ ਦੀ ਖੂਬ ਸ਼ਲਾਘਾ ਹੋਣ ਲੱਗੀ ਤੇ ਨਾਲ ਹੀ ਲੋਕ ਆਪਣੇ ਤਜਰਬੇ ਵੀ ਸਾਂਝੇ ਕਰਨ ਲੱਗੇ।

ਦੁਨੀਆਂ ਇੰਨੀ ਖ਼ਰਾਬ ਨਹੀਂ

ਰਾਹੁਲ ਚਤੁਰਵੇਦੀ ਨੇ ਫੇਸਬੁੱਕ ਉੱਤੇ ਲਿਖਿਆ, "ਦੇਖੋ ਦੁਨੀਆਂ ਇੰਨੀ ਵੀ ਖ਼ਰਾਬ ਨਹੀਂ ਹੈ। ਅਸੀਂ ਇੱਕ ਦੂਜੇ ਪ੍ਰਤੀ ਚੰਗੇ ਹੋ ਸਕਦੇ ਹਾਂ।"

ਦੀਦਾਰ ਹੁਸੈਨ ਨੇ ਫੇਸਬੁੱਕ ਉੱਤੇ ਲਿਖਿਆ, "ਮੈਂ ਭਾਰਤ ਦਾ ਰਹਿਣਾ ਵਾਲਾ ਹਾਂ ਅਤੇ ਪਿਛਲੇ ਸਾਲ ਮੈਂ ਸ਼ਾਰਜਾਹ ਹਵਾਈ ਅੱਡੇ ਤੋਂ ਕੁਵੈਤ ਤੱਕ ਦਾ ਸਫ਼ਰ ਕਰ ਰਿਹਾ ਸੀ ਤਾਂ ਇੱਕ ਸ਼ਖ਼ਸ ਨੂੰ ਮਿਲਿਆ। ਉਸ ਨੇ ਮੇਰੀ ਬਹੁਤ ਮਦਦ ਕੀਤੀ।

ਮੈਂ ਜਦੋਂ ਉਸ ਨੂੰ ਪੁੱਛਿਆ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਤਾਂ ਉਸ ਨੇ ਕਿਹਾ ਪਾਕਿਸਤਾਨ। ਮੈਨੂੰ ਲੱਗਦਾ ਹੈ ਕਿ ਉਹ ਬੇਹੱਦ ਵਧੀਆ ਇਨਸਾਨ ਹੈ, ਜਿਸ ਨੂੰ ਮੈਂ ਮਿਲਿਆ।"

ਦਿਲ ਨੂੰ ਟੁੰਬਣ ਵਾਲੀ ਕਹਾਣੀ

ਇਸੇ ਕਹਾਣੀ ਦਾ ਜ਼ਿਕਰ ਕੂਮੈਂਟੇਟਰ ਐਲੀਸਨ ਮਿਸ਼ੈੱਲ ਨੇ ਮਿਸ਼ੈਲ ਜੋਹਨਸਨ ਨੇ ਵੀ ਟਵੀਟ ਕਰਕੇ ਕੀਤਾ। ਏਬੀਸੀ ਗਰੈਂਡਸਟੈਂਡ ਨਾਲ ਕੰਮ ਕਰਨ ਵਾਲੀ ਮਿਸ਼ੈੱਲ ਨੇ ਲਿਖਿਆ , 'ਭਾਰਤੀ ਟੈਕਸੀ ਡਰਾਇਵਰ ਅਤੇ 5 ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਦੀ ਦਿਲ ਨੂੰ ਟੁੰਬਣ ਵਾਲੀ ਕਹਾਣੀ'

ਮਿਸ਼ੈੱਲ ਦੇ ਟਵੀਟ ਦੇ ਜਵਾਬ ਵਿਚ ਸ਼ਿਵਮ ਚੌਧਰੀ ਨਾਂ ਦੇ ਟਵਿੱਟਰ ਹੈਂਡਲਰ ਨੇ ਲਿਖਿਆ ਹੈ,' ਵਾਹ ਇਸ ਕਹਾਣੀ ਨੇ ਮੈਨੂੰ ਭਾਵੁਕ ਕਰ ਦਿੱਤਾ , 'ਮੈਂ ਭਾਰਤ ਅਤੇ ਪਾਕਿਸਤਾਨ ਦੋਵਾਂ ਪਾਸੇ ਦੇ ਲੋਕਾਂ ਨੂੰ ਦੇਖਦਾ ਹਾਂ, ਇਹ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਪਰ ਸਾਡੀਆਂ ਸਰਕਾਰਾਂ...... ਇਹ ਮੇਰੇ ਇਸ ਬਹੁਤ ਚੰਗਾ ਸੰਕੇਤ ਹੈ, ਭਾਰਤ ਤੋਂ ਬਹੁਤ ਸਾਰਾ ਪਿਆਰ'

ਆਕਾਸ਼ ਗੁਪਤਾ ਨੇ ਟਵੀਟ ਕੀਤਾ, "ਜੇ ਮੈਂ ਵੀ ਟੈਕਸੀ ਡਰਾਈਵਰ ਹੁੰਦਾ ਤਾਂ ਅਜਿਹਾ ਹੀ ਕਰਦਾ। ਭਾਵੇਂ ਸਾਡੇ ਵਿਚਾਲੇ ਜਿੰਨੇ ਮਰਜ਼ੀ ਫ਼ਰਕ ਹੋਣ। ਅਸੀਂ ਇੱਕੋ ਧਰਤੀ 'ਤੇ ਜੰਮੇ ਲੋਕ ਹਾਂ। ਮੈਂ ਭਾਰਤੀ ਡਰਾਈਵਰ ਤੇ ਪਾਕਿਸਤਾਨੀ ਖਿਡਾਰੀਆਂ ਦੋਹਾਂ ਦੇ ਹੀ ਰਵੱਈਏ ਤੋਂ ਬਹੁਤ ਖੁਸ਼ ਹਾਂ।"

ਸ਼ਾਹਿਦ ਐਨ ਨੇ ਟਵੀਟ ਕੀਤਾ, "ਪਾਕਿਸਤਾਨ ਤੋਂ ਬਹੁਤ ਸਾਰਾ ਪਿਆਰ।"

ਫ਼ੈਸਲ ਇਕਬਾਲ ਨੇ ਟਵੀਟ ਕੀਤਾ, "ਸਾਡੇ ਮੁੰਡਿਆ ਮੇ ਬਹੁਤ ਵਧੀਆ ਕੰਮ ਕੀਤਾ।"

ਪਾਕਿਸਤਾਨੀ ਕ੍ਰਿਕਟ ਸ਼ਾਹਿਦ ਐੱਨ ਦੇ ਟਵੀਟ ਨੂੰ ਈਐੱਸਪੀਐੱਨ ਕ੍ਰਿਕ ਇਨਫ਼ੋ ਨਾਂ ਦੇ ਟਵਿੱਟਰ ਹੈਂਡਲ ਤੋਂ ਵੀ ਰੀਵੀਟ ਕੀਤਾ ਗਿਆ।

ਮਤਭੇਦਾਂ ਨੂੰ ਇੱਕ ਪਾਸੇ ਰੱਖ ਦਿਓ

ਇਸ ਟਵੀਟ ਉੱਤੇ ਯਸ ਨਾਲ ਦੇ ਟਵਿੱਟਰ ਹੈਂਡਲਰ ਨੇ ਲਿਖਿਆ ਹੈ ਕਿ ਇਸ ਮਾਮਲੇ ਉੱਤੇ ਵੀ ਕੁਝ ਭਾਰਤੀ ਤੇ ਪਾਕਿਸਤਾਨੀ ਬੰਦੇ ਆਪਸ ਵਿਚ ਖਹਿਬੜੀ ਜਾਂਦੇ ਹਨ, ਯਸ਼ ਤੋਂ ਬਾਅਦ ਰਨਜੀਕਾਂਤ ਮਿਸ਼ਰਾ ਨੇ ਲਿਖਿਆ ਕਿ ਆਪਣੇ ਮਤਭੇਦਾਂ ਨੂੰ ਇੱਕ ਪਾਸੇ ਰੱਖ ਦਿਓ, ਇਹ ਸ਼ੁੱਧ ਸੁਨਹਿਰੀ ਮਾਮਲਾ ਹੈ।

ਰਿਜ਼ਾਵ ਨਾਂ ਦੇ ਇੱਕ ਟਵਿੱਟਰ ਹੈਂਡਲਰ ਨੇ ਆਸ ਪ੍ਰਗਟਾਈ ਕਿ ਉਹ ਜਦੋਂ ਕਿਸੇ ਭਾਰਤੀ ਨੂੰ ਮਿਲੇਗਾ ਤਾਂ ਉਸ ਨੂੰ ਭਰਾਵਾਂ ਵਰਗਾ ਪਿਆਰ ਮਿਲੇਗਾ।ਜਿਵੇਂ ਉਹ ਉਨ੍ਹਾਂ ਨੂੰ ਮਿਲਣ ਉੱਤੇ ਆਪਣੀ ਭਾਵਨਾ ਪ੍ਰਗਟਾਏਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)