ਕੋਕਾ ਕਿਸਾਨ ਤੋਂ ਰਾਸ਼ਟਰਪਤੀ ਬਣਨ ਵਾਲੇ ਈਵੋ ਮੋਰਾਲੈਸ ਸੰਕਟ 'ਚ ਕਿਉਂ

ਮੈਕਸਿਕੋ ਨੇ ਬੋਲੀਵੀਆ ਦੇ ਸਾਬਕਾ ਰਾਸ਼ਟਰਪਤੀ ਈਵੋ ਮੋਰਾਲੈਸ ਨੂੰ ਸ਼ਰਨ ਦੇਣ ਦਾ ਐਲਾਨ ਕੀਤਾ ਹੈ। ਮੋਰਾਲੈਸ ਬੋਲੀਵੀਆ ਤੋਂ ਮੈਕਸੀਕੋ ਲਈ ਰਵਾਨਾ ਹੋ ਗਏ ਹਨ।

ਈਵੋ ਮੋਰਾਲੈਸ ਨੇ ਕਿਹਾ ਕਿ ਬੋਲੀਵੀਆ ਨੂੰ ਛੱਡਣਾ ਉਨ੍ਹਾਂ ਲਈ ਬਹੁਤ ਦੁਖਦਾਈ ਹੈ ਅਤੇ ਉਨ੍ਹਾਂ ਨੇ ਵਧੇਰੇ ਤਾਕਤ ਅਤੇ ਊਰਜਾ ਦੇ ਨਾਲ ਵਾਪਿਸ ਪਰਤਣ ਦੀ ਸਹੁੰ ਖਾਧੀ ਹੈ।

ਮੈਕਸਿਕੋ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਫ਼ੈਸਲਾ ਮੋਰਾਲਸ ਵੱਲੋਂ ਬੇਨਤੀ ਕਰਨ ਤੋਂ ਬਾਅਦ ''ਮਨੁੱਖੀ ਕਾਰਨਾਂ'' ਕਰਕੇ ਲਿਆ ਹੈ।

ਬੋਲੀਵੀਆ ਵਿੱਚ ਲਗਾਤਾਰ ਕਈ ਹਫ਼ਤੇ ਤੱਕ ਪ੍ਰਦਰਸ਼ਨ ਚੱਲਣ ਤੋਂ ਬਾਅਦ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਹੈ।

ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ''ਕਾਲੀਆਂ ਸ਼ਕਤੀਆਂ'' ਦਾ ਵਿਰੋਧ ਕਰਨ ਲਈ ਕਿਹਾ ਸੀ ਜਿਨ੍ਹਾਂ ਕਾਰਨ ਉਨ੍ਹਾਂ ਨੂੰ ਆਪਣਾ ਅਹੁਦਾ ਛੱਡਣਾ ਪਿਆ।

ਉਨ੍ਹਾਂ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਨਾਲ ਕਰੀਬ 20 ਲੋਕ ਜ਼ਖ਼ਮੀ ਹੋ ਗਏ।

ਆਰਮੀ ਮੁਖੀ ਵੱਲੋਂ ਜਨਤਕ ਤੌਰ 'ਤੇ ਉਨ੍ਹਾਂ ਨੂੰ ਆਪਣਾ ਅਹੁਦਾ ਛੱਡਣ ਲਈ ਕਿਹਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਅਸਤੀਫ਼ਾ ਦਿੱਤਾ।

ਇਹ ਵੀ ਪੜ੍ਹੋ:

ਮੈਕਸਿਕੋ ਨੇ ਕੀ ਕਿਹਾ

ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਇਬਰਾਰਡ ਨੇ ਪ੍ਰੈੱਸ ਕਾਨਫਰੰਸ ਕਰਕੇ ਇਵੋ ਮੋਰਾਲੈਸ ਨੂੰ ਸ਼ਰਨ ਦੇਣ ਦਾ ਐਲਾਨ ਕੀਤਾ।

ਉਨ੍ਹਾਂ ਨੇ ਕਿਹਾ, "ਇਵੋ ਮੋਰਾਲੈਸ ਨੇ ਫੋਨ ਕਰਕੇ ਸਾਡੇ ਦੇਸ ਵਿੱਚ ਸਿਆਸੀ ਸ਼ਰਨ ਮੰਗੀ ਹੈ।''

ਮੈਕਸੀਕੋ ਵਿੱਚ ਖੱਬੇ ਪੱਖੀ ਸਰਕਾਰ ਹੈ ਅਤੇ ਉਨ੍ਹਾਂ ਨੇ ਮੋਰਾਲੈਸ ਨੂੰ ਆਪਣਾ ਸਮਰਥਨ ਦਿੱਤਾ ਹੈ।

ਕੀ ਹੈ ਸੰਕਟ

ਈਵੋ ਮੋਰਾਲੈਸ ਵੱਲੋਂ ਚੌਥੀ ਵਾਰ ਕਾਰਜਕਾਲ ਹਾਸਲ ਕਰਨ ਤੋਂ ਬਾਅਦ ਉੱਥੇ ਲਗਾਤਾਰ ਵਿਰੋਧ ਪ੍ਰਦਰਸ਼ਨ ਜਾਰੀ ਹਨ। ਉਨ੍ਹਾਂ 'ਤੇ ਚੋਣ ਨਤੀਜਿਆਂ ਵਿੱਚ ਗੜਬੜੀ ਕਰਨ ਦੇ ਇਲਜ਼ਾਮ ਲੱਗੇ ਹਨ।

20 ਅਕਤੂਬਰ ਤੋਂ ਹੀ ਬੋਲੀਵੀਆ ਵਿੱਚ ਪ੍ਰਦਰਸ਼ਨ ਜਾਰੀ ਹੈ ਜਿਸ ਵਿੱਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਲਗਾਤਾਰ ਫੌਜ ਵੱਲੋਂ ਦਬਾਅ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ।

ਸੀਨੇਟ ਦੀ ਡਿਪਟੀ ਮੁਖੀ ਨੇ ਕਿਹਾ ਜਦੋਂ ਤੱਕ ਚੋਣਾਂ ਨਹੀਂ ਹੁੰਦੀਆਂ ਉਹ ਅੰਤਰਿਮ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਗੇ।

ਕੌਣ ਹਨ ਈਵੋ ਮੋਰਾਲੈਸ

ਮੋਰਾਲੈਸ ਇੱਕ ਸਾਬਕਾ ਕੋਕਾ ਕਿਸਾਨ ਹਨ, ਜਿਨ੍ਹਾਂ ਨੇ ਪਹਿਲੀ ਵਾਰ 2006 ਵਿੱਚ ਚੋਣ ਜਿੱਤੀ। ਗ਼ਰੀਬੀ ਨਾਲ ਲੜ ਰਹੀ ਬੋਲੀਵੀਆ ਦੀ ਅਰਥਵਿਵਸਥਾ ਵਿੱਚ ਸੁਧਾਰ ਲਿਆਉਣ ਕਾਰਨ ਉਨ੍ਹਾਂ ਦੀ ਕਾਫ਼ੀ ਤਾਰੀਫ਼ ਵੀ ਹੋਈ ਹੈ।

ਬੋਲੀਵੀਆ ਦੇ ਛੋਟੇ ਜਿਹੇ ਪਿੰਡ ਇਸਾਲਵੀ ਵਿੱਚ ਜੰਮੇ ਈਵੋ ਮੋਰਾਲੈਸ ਨੇ ਆਪਣਾ ਸਿਆਸੀ ਕਰੀਅਰ ਕੋਕਾ ਦੀ ਖੇਤੀ ਕਰਨ ਵਾਲਿਆਂ ਦਾ ਲੀਡਰ ਬਣ ਕੇ ਸ਼ੁਰੂ ਕੀਤਾ।

38 ਸਾਲ ਤੱਕ ਉਨ੍ਹਾਂ ਨੇ ਕੋਕਾ ਦੀ ਖੇਤੀ ਕਰਨ ਵਾਲੀ ਯੂਨੀਅਨ ਦੀ ਅਗਵਾਈ ਕੀਤੀ। ਉਨ੍ਹਾਂ ਨੇ ਲਗਾਤਾਰ ਕੋਕਾ ਕਿਸਾਨਾਂ ਦੇ ਹੱਕਾਂ, ਕੋਕਾ ਦੀ ਖੇਤੀ ਨੂੰ ਕਾਨੂੰਨੀ ਬਣਾਈ ਰੱਖਣ ਲਈ ਵੀ ਲੜਾਈ ਲੜੀ।

ਕੋਕਾ ਕੋਕੀਨ ਦੀ ਕੱਚੀ ਸਮੱਗਰੀ ਹੁੰਦੀ ਹੈ। ਐਂਡਸ ਵਿੱਚ ਇਸ ਨੂੰ ਹਜ਼ਾਰਾਂ ਸਾਲਾਂ ਤੋਂ ਧਾਰਮਿਕ ਉਦੇਸ਼ਾਂ ਅਤੇ ਬਿਮਾਰੀ ਨਾਲ ਨਜਿੱਠਣ ਲਈ ਵਰਤਿਆ ਜਾਂਦਾ ਰਿਹਾ ਹੈ।

ਇਹ ਵੀ ਪੜ੍ਹੋ:

ਪਹਿਲੀ ਵਾਰ ਉਨ੍ਹਾਂ ਨੇ 2002 ਵਿੱਚ ਰਾਸ਼ਟਰਪਤੀ ਦੀ ਚੋਣ ਲੜੀ ਸੀ ਪਰ ਇਸ ਵਿੱਚ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਦੂਜੀ ਵਾਰ 2006 ਵਿੱਚ ਉਨ੍ਹਾਂ ਨੂੰ ਸਫਲਤਾ ਹਾਸਲ ਹੋਈ।

ਉਹ 13 ਸਾਲ ਅਤੇ 9 ਮਹੀਨੇ ਤੱਕ ਸੱਤਾ ਵਿੱਚ ਰਹੇ। 2005 ਦੀਆਂ ਚੋਣਾਂ ਵਿੱਚ ਉਨ੍ਹਾਂ ਨੇ 54 ਫ਼ੀਸਦ ਵੋਟ ਹਾਸਲ ਕੀਤੇ।

2009 ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ 64 ਫ਼ੀਸਦ ਵੋਟਾਂ ਹਾਸਲ ਹੋਈਆਂ। 2014 ਦੀਆਂ ਚੋਣਾਂ ਵਿੱਚ ਉਨ੍ਹਾਂ ਨੇ 61 ਫ਼ੀਸਦ ਵੋਟਾਂ ਹਾਸਲ ਕੀਤੀਆਂ।

ਬੋਲੀਵੀਆ ਦੇ ਮੂਲ ਨਿਵਾਸੀ ਈਵੋ ਮੋਰਾਲੈਸ ਲੈਟਿਨ ਅਮਰੀਕਾ ਵਿੱਚ ਲੰਬੇ ਸਮਾਂ ਤੱਕ ਸੱਤਾ ਵਿੱਚ ਰਹਿਣ ਵਾਲੇ ਲੀਡਰਾਂ ਵਿੱਚੋਂ ਇੱਕ ਹਨ।

ਅਮਰੀਕਾ ਦੇ ਨਾਲ ਉਨ੍ਹਾਂ ਦੇ ਸਬੰਧ ਉਨ੍ਹਾਂ ਦੇ ਰਾਸ਼ਟਰਪਤੀ ਰਹਿੰਦੇ ਹੀ ਖ਼ਰਾਬ ਹੋ ਗਏ ਸਨ।

ਈਵੋ ਮੋਰਾਲੈਸ ਖੱਬੇ ਪੱਖੀ ਲੀਡਰਾਂ ਦੇ ''ਪਿੰਕ ਟਾਈਡ'' ਦਾ ਵੀ ਹਿੱਸਾ ਸਨ ਜੋ 2000 ਦੀ ਸ਼ੁਰੂਆਤ ਵਿੱਚ ਦੱਖਣੀ ਅਫਰੀਕਾ 'ਚ ਸੱਤਾ ਵਿੱਚ ਆਏ ਸਨ। ਇਨ੍ਹਾਂ ਵਿੱਚ ਜ਼ਿਆਦਾਤਰ ਲੀਡਰਾਂ ਨੇ ਕੰਜ਼ਰਵੇਟਿਵ ਸਰਕਾਰਾਂ ਬਣਾਈਆਂ ਹਨ।

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)